ਅਯੁੱਧਿਆ: ‘ਹੁਣ ਹਿੰਦੂ ਜਾਗ ਗਿਆ, ਕਦੇ ਵੀ ਸ਼ੁਰੂ ਹੋਵੇਗਾ ਮੰਦਰ ਦਾ ਨਿਰਮਾਣ’- ਗਰਾਊਂਡ ਰਿਪੋਰਟ

ਬੱਸਾਂ ਵਿਚਾਲੇ ਲੋਕਾਂ ਦੀ ਗਿਣਤੀ ਭਾਵੇਂ ਘੱਟ ਰਹੀ ਹੋਵੇ ਪਰ ਉਨ੍ਹਾਂ ਦੇ ਨਾਅਰਿਆਂ ਦੀ ਗੂੰਜ ਜ਼ਬਰਦਸਤ ਸੀ Image copyright BBC/ JITENDRA TRIPATHI
ਫੋਟੋ ਕੈਪਸ਼ਨ ਬੱਸਾਂ ਵਿਚਾਲੇ ਲੋਕਾਂ ਦੀ ਗਿਣਤੀ ਭਾਵੇਂ ਘੱਟ ਰਹੀ ਹੋਵੇ ਪਰ ਉਨ੍ਹਾਂ ਦੇ ਨਾਅਰਿਆਂ ਦੀ ਗੂੰਜ ਜ਼ਬਰਦਸਤ ਸੀ

ਸ਼ਨੀਵਾਰ ਨੂੰ ਸਖ਼ਤ ਸੁਰੱਖਿਆ ਵਿੱਚ ਅਯੁਧਿਆ ਦੀਆਂ ਸੜਕਾਂ 'ਤੇ ਐਤਵਾਰ ਸਵੇਰ ਤੋਂ ਹੀ 'ਜੈ ਸ਼੍ਰੀਰਾਮ', 'ਮੰਦਿਰ ਵਹੀਂ ਬਨਾਏਂਗੇ' ਵਰਗੇ ਨਾਰਿਆਂ ਦੀ ਗੂੰਜ ਸੁਣਾਈ ਦੇਣ ਲੱਗੀ।

ਇੱਕ ਦਿਨ ਪਹਿਲਾਂ ਤੱਕ ਸ਼ਾਂਤ ਦਿਖ ਰਹੇ ਇਸ ਛੋਟੇ ਪਰ ਮਸ਼ਹੂਰ ਸ਼ਹਿਰ ਵਿੱਚ ਸਰਗਰਮੀ ਅਚਾਨਕ ਵਧੀ ਅਤੇ ਭੀੜ ਦਾ ਅੰਦਾਜ਼ਾ ਲਾਉਣ ਵਾਲਿਆਂ ਦੇ ਅੰਕੜੇ ਇੱਕ ਵਾਰ ਫਿਰ ਗਲਤ ਸਾਬਿਤ ਹੁੰਦੇ ਦਿਖਣ ਲੱਗੇ।

ਧਰਮ ਸਭਾ ਦਾ ਪ੍ਰੋਗਰਾਮ ਵੱਡੀ ਭਗਤਮਾਲਾ ਦੇ ਬਾਗ ਵਿੱਚ ਰੱਖਿਆ ਗਿਆ ਸੀ ਜਿਸ ਦੇ ਦੋ ਕਾਰਨ ਸਨ - ਇੱਕ ਤਾਂ ਇਹ ਸ਼ਹਿਰ ਤੋਂ ਥੋੜ੍ਹਾ ਬਾਹਰ ਸੀ ਦੂਜਾ ਵਿਸ਼ਵ ਹਿੰਦੂ ਪਰਿਸ਼ਦ ਨੇ ਭਗਤਾਂ ਦੀ ਜਿੰਨੀ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਅਨੁਮਾਨ ਲਾਇਆ ਸੀ ਉਸ ਦੇ ਲਈ ਉੰਨੇ ਵੱਡੇ ਕੰਪਲੈਕਸ ਦੀ ਲੋੜ ਸੀ।

ਇਹ ਵੀ ਪੜ੍ਹੋ:

ਪ੍ਰੋਗਰਾਮ ਦੀ ਸ਼ੁਰੂਆਤ 11 ਵਜੇ ਤੋਂ ਹੋਣੀ ਸੀ ਪਰ ਸੰਤਾਂ ਤੇ ਲੋਕਾਂ ਦਾ ਇਕੱਠ ਸਵੇਰ ਤੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ, ਵੱਡੇ ਮੰਚ 'ਤੇ ਸੌ ਤੋਂ ਵੀ ਵੱਧ ਸੰਤ ਬਿਰਾਜਮਾਨ ਸਨ ਜਿਨ੍ਹਾਂ ਵਿੱਚ ਨ੍ਰਿਤਯਗੋਪਾਲ ਦਾਸ, ਰਾਮ ਭਦਰਾਚਾਰਿਆ, ਰਾਮਨੁਚਾਰਿਆ ਵਰਗੇ ਕਈ ਵੱਡੇ ਨਾਂ ਵੀ ਸ਼ਾਮਿਲ ਸਨ।

ਪ੍ਰੋਗਰਾਮ ਦੀ ਥਾਂ ਵੱਲ ਜਾਣ ਵਾਲੀਆਂ ਸੜਕਾਂ 'ਤੇ ਭੀੜ ਜਮ੍ਹਾ ਹੋਣ ਕਰਕੇ ਕਈ ਥਾਵਾਂ 'ਤੇ ਜ਼ਬਰਦਸਤ ਜਾਮ ਲੱਗਿਆ, ਹਾਲਾਂਕਿ ਲੋਕਾਂ ਨੂੰ ਰੋਕਣ ਲਈ ਥਾਂ-ਥਾਂ ਬੈਰੀਕੇਡਿੰਗ ਕੀਤੀ ਗਈ ਸੀ ਪਰ ਸੜਕਾਂ ਤੇ ਲੋਕਾਂ ਦੀ ਭੀੜ ਦੇ ਨਾਲ ਗੱਡੀਆਂ ਵੀ ਹੌਲੀ ਰਫ਼ਤਾਰ ਨਾਲ ਚੱਲਦੀਆਂ ਮਿਲੀਆਂ।

Image copyright BBC/JITENDRA TRIPATHI
ਫੋਟੋ ਕੈਪਸ਼ਨ ਧਰਮ ਸਭਾ ਦਾ ਆਯੋਜਨ ਵੀਐੱਚਪੀ ਵੱਲੋਂ ਕੀਤਾ ਗਿਆ ਸੀ ਪਰ ਇਸ ਵਿੱਚ ਸੰਘ ਪਰਿਵਾਰ ਦਾ ਪੂਰਾ ਸਹਿਯੋਗ ਸੀ

ਧਰਮ ਸਭਾ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਵੀ ਪਹੁੰਚੇ ਸਨ। ਉਹ ਕਈ ਥਾਂਵਾਂ 'ਤੇ ਭੀੜ ਨਾਲ ਜਾਂ ਲੰਚ ਪੈਕਟ ਲੈਣ ਲਈ ਜੱਦੋਜਹਿਦ ਕਰਦੇ ਹੋਏ ਵੀ ਦਿਖੇ।

ਸ਼ਿਵਸੇਨਾ ਨੇਤਾ ਉੱਧਵ ਠਾਕਰੇ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਧਰਮ ਸਭਾ ਵਾਲੀ ਥਾਂ ਤੱਕ ਪਹੁੰਚਣ ਵਿੱਚ ਘੱਟੋ-ਘੱਟ ਦੋ ਘੰਟੇ ਲੱਗ ਗਏ।

ਇਹ ਦੂਰੀ ਕਰੀਬ ਪੰਜ ਕਿਲੋਮੀਟਰ ਸੀ। ਉੱਧਵ ਠਾਕਰੇ ਦੀ ਪੱਤਰਕਾਰ ਮਿਲਣੀ ਲਖਨਊ-ਫੈਜ਼ਾਬਾਦ ਹਾਈਵੇ 'ਤੇ ਸਥਿੱਤ ਇੱਕ ਹੋਟਲ ਵਿੱਚ ਸੀ।

ਇਸ ਹਾਈਵੇ 'ਤੇ ਲਗਤਾਰ ਉਹ ਬੱਸਾਂ ਦੌੜ ਰਹੀਆਂ ਸਨ ਜਿਨ੍ਹਾਂ ਵਿੱਚ ਬੈਠ ਕੇ ਲੋਕ ਧਰਮ ਸਭਾ ਵੱਲ ਜਾ ਰਹੇ ਸਨ।

ਬੱਸਾਂ ਵਿਚਾਲੇ ਲੋਕਾਂ ਦੀ ਗਿਣਤੀ ਭਾਵੇਂ ਘੱਟ ਰਹੀ ਹੋਵੇ ਪਰ ਉਨ੍ਹਾਂ ਦੇ ਨਾਅਰਿਆਂ ਦੀ ਗੂੰਜ ਜ਼ਬਰਦਸਤ ਸੀ ਅਤੇ ਮੀਡੀਆ ਵਾਲਿਆਂ ਨੂੰ ਦੇਖ ਕੇ ਨਾਰਿਆਂ ਦੀ ਆਵਾਜ਼ ਅਤੇ ਭਗਤਾਂ ਦੀ ਊਰਜਾ ਵਿੱਚ ਅਚਾਨਕ ਹੀ ਵਾਧਾ ਦੇਖਿਆ ਗਿਆ।

ਸੰਘ ਦਾ ਸਹਿਯੋਗ ਸੀ

ਧਰਮ ਸਭਾ ਵਾਲੀ ਥਾਂ ਤੱਕ ਪਹੁੰਚਣ ਦੇ ਬਾਅਦ ਵੀ ਅੰਦਰ ਵੜ੍ਹਨ ਵਿੱਚ ਲੋਕਾਂ ਨੂੰ ਜਮ ਕੇ ਸੰਘਰਸ਼ ਕਰਨਾ ਪੈ ਰਿਹਾ ਸੀ। ਕਾਰਨ ਇਹ ਸੀ ਕਿ ਲੋਕ ਅੰਦਰ ਵੀ ਜਾ ਰਹੇ ਸਨ ਅਤੇ ਬਾਹਰ ਵੀ ਆ ਰਹੇ ਸਨ।

ਬਾਹਰ ਆਉਣ ਵਾਲਿਆਂ ਵਿੱਚੋਂ ਕੁਝ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸੰਤਾਂ ਦੀ ਗੱਲ ਸੁਣ ਲਈ, ਜਦਕਿ ਕੁਝ ਲੋਕ ਗੁੱਸੇ ਵਿੱਚ ਚਲੇ ਆ ਰਹੇ ਸਨ ਕਿ ਉਹ ਅੰਦਰ ਤੱਕ ਜਾ ਹੀ ਨਹੀਂ ਪਾਏ, ਇਸ ਲਈ ਪਰਤ ਰਹੇ ਹਨ।

Image copyright SAMIRATMAJ MISHRA/BBC

ਧਰਮ ਸਭਾ ਦਾ ਆਯੋਜਨ ਵੀਐੱਚਪੀ ਵੱਲੋਂ ਕੀਤਾ ਗਿਆ ਸੀ ਪਰ ਇਸ ਵਿੱਚ ਸੰਘ ਪਰਿਵਾਰ ਦਾ ਪੂਰਾ ਸਹਿਯੋਗ ਸੀ। ਮੰਚ ਤੋਂ ਇਸ ਬਾਰੇ ਐਲਾਨ ਵੀ ਕੀਤਾ ਗਿਆ ਸੀ।

ਭਾਰਤੀ ਜਨਤਾ ਪਾਰਟੀ ਨੇ ਧਰਮ ਸਭ ਤੋਂ ਦੂਰੀ ਜ਼ਰੂਰ ਬਣਾ ਕੇ ਰੱਖੀ ਹੋਈ ਸੀ ਪਰ ਭਾਜਪਾ ਦੇ ਕਈ ਨੇਤਾਵਾਂ ਅਤੇ ਵਿਧਾਇਕਾਂ ਦੇ ਹੋਰਡਿੰਗਸ ਦੱਸ ਰਹੇ ਸਨ ਕਿ ਭਾਜਪਾ ਆਗੂਆਂ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ ਹੈ।

ਭੀੜ ਵਿੱਚ ਨਾਲ ਚੱਲ ਰਹੇ ਬਹਰਾਇਚ ਤੋਂ ਆਏ ਇੱਕ ਸੱਜਣ ਪੁੱਛਣ ਲੱਗੇ ਕਿ ਤੁਹਾਡੇ ਹਿਸਾਬ ਨਾਲ ਕਿੰਨੇ ਲੋਕ ਆਏ ਹੋਏ ਹਨ?

ਜਦੋਂ ਮੈਂ ਦੱਸਿਆ ਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤਾਂ ਉਨ੍ਹਾਂ ਕਿਹਾ ਕਿ 'ਲੋਕਾਂ ਦੀ ਗਿਣਤੀ ਲੱਖਾਂ ਵਿੱਚ' ਹੈ।

ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਬਾਰੇ ਵੱਖ-ਵੱਖ ਜਾਣਕਾਰੀ ਮਿਲੀ।

ਅਯੁਧਿਆ ਦੇ ਸਥਨਾਕ ਪੱਤਰਕਾਰ ਅਤੇ ਪ੍ਰੈੱਸ ਕਲੱਬ ਦੇ ਪ੍ਰਧਾਨ ਮਹਿੰਦਰ ਤ੍ਰਿਪਾਠੀ ਅਨੁਸਾਰ ਇਹ ਗਿਣਤੀ ਵੱਧ ਤੋਂ ਵੱਧ ਇੱਕ ਲੱਖ ਸੀ। ਉਹ ਹਾਲਾਤ ਅੰਦਰ ਬਿਲਕੁੱਲ ਨਹੀਂ ਸਨ। ਮੰਚ ਨੇੜੇ ਹੀ ਭੀੜ ਵਰਗਾ ਮਾਹੌਲ ਦਿਖ ਰਿਹਾ ਸੀ।

ਬਾਕੀ ਕੁਰਸੀਆਂ ਵੀ ਖਾਲੀਆਂ ਸਨ ਅਤੇ ਥਾਂ ਤਾਂ ਖਾਲ੍ਹੀ ਸੀ ਹੀ। ਇਹ ਹਾਲ ਦੁਪਹਿਰ ਕਰੀਬ ਇੱਕ ਵਜੇ ਦਾ ਸੀ ਅਤੇ ਪ੍ਰੋਗਰਾਮ ਦੀ ਸਮਾਪਤੀ ਯਾਨੀ ਢਾਈ ਵਜੇ ਦੇ ਆਲੇ - ਦੁਆਲੇ ਖਾਲੀ ਹੋ ਚੁੱਕਾ ਸੀ।

ਤਾਂ ਭਾਜਪਾ 'ਤੇ ਵਿਸ਼ਵਾਸ ਕਰੀਏ!

ਮੰਚ ਤੋਂ ਸੰਤਾਂ ਦੀ ਗਰਜਨਾ ਉਸੀ ਉਰਜਾ ਅਤੇ ਭਾਸ਼ਾ ਨਾਲ ਰੰਗੀ ਹੋਈ ਸੀ ਜਿਸ ਦੀ ਉਮੀਦ ਸੀ ਅਤੇ ਸ਼ਾਇਦ ਲੋੜ ਵੀ ਰਹੀ ਹੋਵੇ।

"ਰਾਮ ਮੰਦਰ ਹੁਣ ਬਣਾ ਕੇ ਰਹਾਂਗੇ, ਰਾਮ ਮੰਦਰ ਦੇ ਬਣਨ ਵਿੱਚ ਹੁਣ ਤੱਕ ਰੁਕਾਵਟਾਂ ਪੈਦਾ ਕੀਤੀਆਂ ਜਾ ਰਹੀਆਂ ਸਨ, ਹੁਣ ਅਜਿਹਾ ਕਰਨ ਵਾਲਿਆਂ ਦੀ ਸਰਕਾਰ ਨਹੀਂ ਹੈ, ਰਾਮ ਲਲਾ ਨੂੰ ਅਸੀਂ ਟੈਂਟ ਵਿੱਚ ਨਹੀਂ ਰਹਿਣ ਦੇਵਾਂਗੇ, ਹਿੰਦੂ ਹੁਣ ਜਾਗ ਚੁੱਕਾ ਹੈ।''

Image copyright Getty Images
ਫੋਟੋ ਕੈਪਸ਼ਨ ਧਰਮ ਸਭਾ ਕਰਕੇ ਗੱਡੀਆਂ ਦਾ ਵੱਡਾ ਜਾਮ ਲੱਗਿਆ ਹੋਇਆ ਸੀ

ਅਜਿਹੀਆਂ ਗੱਲਾਂ ਤਕਰੀਬਨ ਸਾਰਿਆਂ ਸੰਤਾਂ ਦੇ ਭਾਸ਼ਣਾਂ ਦੇ ਸਾਰ ਵਜੋਂ ਦੱਸੀਆਂ ਜਾ ਸਕਦੀਆਂ ਹਨ।

ਹਰਿਦੁਆਰ ਤੋਂ ਆਏ ਸੰਤ ਰਾਮਾਨੁਜਾਚਾਰਿਆ ਕੁਝ ਵੱਧ ਬੋਲਦੇ ਨਜ਼ਰ ਦਿਖਾਈ ਦਿੱਤੇ। ਉਨ੍ਹਾਂ ਨੇ ਸਿੱਧੇ ਤੌਰ 'ਤੇ ਕਿਸੇ ਕਪਿਲ ਸਿੱਬਲ ਤੇ ਕਿਸੇ ਰਾਜੀਵ ਧਵਨ ਦਾ ਜ਼ਿਕਰ ਕੀਤਾ। ਉਨ੍ਹਾਂ ਅਨੁਸਾਰ ਇਹ ਦੋਵੇਂ ਹਸਤੀਆਂ ਮੰਦਰ ਨਿਰਮਾਣ ਵਿੱਚ ਰੁਕਾਵਟ ਪੈਦਾ ਕਰ ਰਹੀਆਂ ਹਨ।

ਉਨ੍ਹਾਂ ਨੇ ਧਰਮ ਸਭਾ ਵਿੱਚ ਪਹੁੰਚੇ ਲੋਕਾਂ ਨੂੰ ਸਿੱਧੇ ਤੌਰ 'ਤੇ ਵਿਸ਼ਵਾਸ ਦਿਵਾਇਆ ਕਿ ਇਹ ਕੰਮ ਮੌਜੂਦਾ ਸਰਕਾਰ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੀ ਮੁਮਕਿਨ ਹੈ ਇਸ ਲਈ ਉਨ੍ਹਾਂ ਦੇ ਹੱਥਾਂ ਨੂੰ ਮਜ਼ਬੂਤ ਕੀਤਾ ਜਾਵੇ।

ਤੁਲਸੀ ਪੀਠਾਧੀਵੇਸ਼ਵਰ ਚਿਤਰਕੁੱਟ ਦੇ ਸੰਤ ਰਾਮਭਦਰਾਚਾਰਿਆ ਦਾ ਕਹਿਣਾ ਸੀ ਭਾਜਪਾ 'ਤੇ ਵਿਸ਼ਵਾਸ ਕਰੋ ਭਾਜਪਾ ਬਣਾਵੇਗੀ ਮੰਦਰ, ਅਤੇ ਧੋਖੇ ਵਿੱਚ ਨਾ ਰਹਿਣਾ, ਚੋਣਾਂ ਤੋਂ ਬਾਅਦ ਭਾਜਪਾ ਮੰਦਰ 'ਤੇ ਜ਼ਰੂਰ ਪਹਿਲ ਕਰੇਗੀ।

ਅਜਿਹੇ ਜੋਸ਼ੀਲੇ ਭਾਸ਼ਣਾਂ ਵਿਚਾਲੇ ਭੀੜ 'ਚੋਂ 'ਬੇਨਤੀ ਨਹੀਂ ਹੁਣ ਜੰਗ ਹੋਵੇਗੀ' ਵਰਗੇ ਨਾਅਰੇ ਵੀ ਲੱਗ ਰਹੇ ਸਨ।

Image copyright SAMIRATMAJ MISHRA/BBC
ਫੋਟੋ ਕੈਪਸ਼ਨ ਧਰਮ ਸਭਾ ਵਿੱਚ ਪਹੁੰਚੇ ਲੋਕਾਂ ਨੂੰ ਸਿੱਧੇ ਤੌਰ 'ਤੇ ਵਿਸ਼ਵਾਸ ਦਿਵਾਇਆ ਮੰਦਰ ਦਾ ਕੰਮ ਮੌਜੂਦਾ ਸਰਕਾਰ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੀ ਮੁਮਕਿਨ ਹੈ

ਉੱਥੇ ਹੀ ਮੰਚ ਤੋਂ ਮੌਜੂਦ ਕਈ ਸੰਤ ਅਜਿਹੇ ਨਾਅਰਿਆਂ ਨੂੰ ਦੁਹਰਾਉਣ ਦੀ ਅਪੀਲ ਵੀ ਕਰ ਰਹੇ ਸਨ। ਤਮਾਮ ਨੌਜਵਾਨਾਂ ਦੀ ਟੋਲੀ ਇਸ ਤਰ੍ਹਾਂ ਦੇ ਬੈਨਰ ਅਤੇ ਤਖ਼ਤੀਆਂ ਲੈ ਕੇ ਉੱਥੇ ਪਹੁੰਚੀ ਹੋਈ ਸੀ।

ਪਰ ਮੀਡੀਆ ਦੇ ਕੈਮਰਿਆਂ ਦੇ ਨੇੜੇ ਮੌਜੂਦ ਦਰਜਨਾਂ ਨੌਜਵਾਨ ਇਸ ਮੁੱਦੇ 'ਤੇ ਸਿਆਸਤ ਕਰਨ ਵਾਲਿਆਂ ਨੂੰ ਵੀ ਕੋਸ ਰਹੇ ਸਨ ਅਤੇ ਅਜਿਹੇ ਨਾਅਰੇ ਲਗਾ ਰਹੇ ਸਨ ਜੋ ਸ਼ਾਇਦ ਮੰਚ ਤੇ ਬੈਠੇ ਲੋਕਾਂ ਤੱਕ ਵੀ ਪਹੁੰਚੇ।

ਮੰਚ ਤੋਂ ਕਿਸੇ ਸੰਤ ਨੇ ਸਾਫ ਤੌਰ 'ਤੇ ਕਹਿ ਦਿੱਤਾ ਕਿ ਇਹ ਸਾਰੇ ਲੋਕ ਕਿਸੇ ਦੇ 'ਦਲਾਲ' ਲੱਗ ਰਹੇ ਹਨ ਜੋ ਪ੍ਰੋਗਰਾਮ ਵਿੱਚ ਰੁਕਾਵਟ ਪੈਦਾ ਕਰਨ ਲਈ ਆਏ ਹਨ।

ਪ੍ਰੋਗਰਾਮ ਤੋਂ ਬਾਅਦ ਲੋਕਾਂ ਨੂੰ ਰਾਮ ਮੰਦਰ ਨਿਰਮਾਣ ਵਿੱਚ ਸਹਿਯੋਗ ਕਰਨ ਦੀ ਸਹੁੰ ਵੀ ਚੁੱਕਾਈ ਗਈ।

ਸਹੁੰ ਚੁੱਕਣ ਤੱਕ ਉੰਝ ਤਾਂ ਭੀੜ ਘੱਟ ਹੋ ਚੁੱਕੀ ਸੀ ਪਰ ਸਹੁੰ ਦੇ ਵਿਚਾਲੇ ਇਹ ਵੀ ਸ਼ਾਮਿਲ ਸੀ ਕਿ 'ਵੀਐੱਚਪੀ ਅਤੇ ਸੰਘ ਨੇ ਹੁਣ ਤੱਕ ਇਸ ਦਿਸ਼ਾ ਵਿੱਚ ਸਾਰਥਕ ਕਾਰਜ ਕੀਤਾ ਗਿਆ ਹੈ. ਅੱਗੇ ਵੀ ਕਰੇਗੀ, ਅਜਿਹਾ ਸਾਨੂੰ ਵਿਸ਼ਵਾਸ ਹੈ ਅਤੇ ਉਸ ਨੂੰ ਸਾਡੀ ਪੂਰੀ ਹਮਾਇਤ ਹੈ'।

ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਆਏ ਕੁਝ ਲੋਕਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਮੰਦਰ ਲਈ ਮਾਹੌਲ ਬਣਾਉਣ ਦੇ ਮਕਸਦ ਨਾਲ ਸੱਦਿਆ ਗਿਆ ਸੀ।

ਬਸਤੀ ਤੋਂ ਆਏ ਇੱਕ ਨੌਜਵਾਨ ਦਾ ਕਹਿਣਾ ਸੀ ਕਿ ਧਰਮ ਸਭਾ ਇਸ ਲਈ ਸੱਦੀ ਗਈ ਸੀ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਹਿੰਦੂ ਕਿਤੇ ਸੌਂ ਤਾਂ ਨਹੀਂ ਗਏ ਹਨ।

ਇਹ ਪੁੱਛਣ 'ਤੇ ਕਿ ਮੰਦਰ ਨਿਰਮਾਣ ਬਾਰੇ ਸੰਤਾਂ ਨੇ ਕੀ ਕਿਹਾ, ਤਾਂ ਉਸ ਨੌਜਵਾਨ ਅਨੁਸਾਰ ਹੁਣ ਪਤਾ ਲੱਗ ਗਿਆ ਕਿ ਹਿੰਦੂ ਜਾਗ ਗਿਆ ਹੈ, ਹੁਣ ਕਦੇ ਵੀ ਮੰਦਰ ਨਿਰਮਾਣ ਸ਼ੁਰੂ ਹੋ ਜਾਵੇਗਾ।

ਇਨ੍ਹਾਂ ਨੌਜਵਾਨਾਂ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦੇ ਜੋਸ਼ ਅੱਗੇ ਸੁਪਰੀਮ ਕੋਰਟ, ਸੰਵਿਧਾਨ, ਬਿਲ ਵਰਗੀਆਂ ਚੀਜ਼ਾਂ ਛੋਟੀਆਂ ਲਗ ਰਹੀਆਂ ਸਨ।

ਉਨ੍ਹਾਂ ਨੂੰ ਉਮੀਦ ਸੀ ਕਿ ਮੰਦਰ ਨਿਰਮਾਣ ਜਲਦ ਹੀ ਸ਼ੁਰੂ ਹੋਵੇਗਾ, ਉਦੋਂ ਤੱਕ ਬਾਰਾਬੰਕੀ ਤੋਂ ਆਏ ਅਤੇ ਇੱਕ ਇੰਟਰ ਕਾਲਜ ਵਿੱਚ ਪੜ੍ਹਨ ਵਾਲੇ ਵਿਅਕਤੀ ਨੇ ਉਨ੍ਹਾਂ ਨੂੰ ਰੋਕਿਆ ਤੇ ਕਿਹਾ, ਹੁਣ ਨਹੀਂ, ਇਹ 11 ਦਸੰਬਰ ਦੀ ਧਰਮ ਸੰਸਦ ਵਿੱਚ ਤੈਅ ਹੋਵੇਗਾ।

ਹੱਸਦੇ ਹੋਏ ਨੌਜਵਾਨਾਂ ਨੇ ਕਿਹਾ, 'ਯਾਨੀ ਫਿਰ ਤਾਰੀਖ ਮਿਲ ਗਈ।'

ਫਿਲਹਾਲ ਕਰੀਬ ਢਾਈ ਕਿਲੋਮੀਟਰ ਤੱਕ ਪੈਦਲ ਚੱਲਣ ਤੋਂ ਬਾਅਦ ਹੁਣ ਅਯੁਧਿਆ ਸ਼ਹਿਰ ਵਿਚਾਲੇ ਪਹੁੰਚੇ ਅਤੇ ਇੱਕ ਚਾਹ ਦੀ ਦੁਕਾਨ 'ਤੇ ਬੈਠੇ।

ਠੀਕ ਉਸੇ ਵਕਤ 81 ਸਾਲ ਦੇ ਇੱਕ ਬਜ਼ੁਰਗ ਜੋ ਗੋਰਖਪੁਰ ਤੋਂ ਆਏ ਸਨ। ਇਸੇ ਮਕਸਦ ਨਾਲ ਤੋਂ ਦੁਕਾਨ 'ਤੇ ਬੈਠ ਗਏ। ਗੱਲਬਾਤ ਵਿੱਚ ਉਨ੍ਹਾਂ ਨੇ ਚਿੰਤਾ ਜਤਾਈ ਕਿ ਮੰਦਰ ਹੁਣ ਤੱਕ ਨਹੀਂ ਬਣ ਸਕਿਆ।

ਪਰ ਕੀ ਇਸ ਧਰਮ ਸੰਸਦ ਤੋਂ ਬਾਅਦ ਮੰਦਰ ਦਾ ਰਸਤਾ ਸਾਫ ਹੋਵੇਗਾ, ਇਸ ਸਵਾਲ ਦੇ ਸੰਖੇਪ ਜਵਾਬ ਵਿੱਚ ਉਹ ਕਾਫ ਕੁਝ ਕਹਿ ਗਏ>

ਉਨ੍ਹਾਂ ਕਿਹਾ, "ਹੋਏ ਹੈ ਸੋਇ ਜੋ ਰਾਮ ਰਚ ਰਾਖਾ'', ਭਾਵ ਸਭ ਕੁਝ ਹੋਣਾ ਰਾਮ ਦੀ ਮਰਜ਼ੀ ਨਾਲ ਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)