ਅਯੁੱਧਿਆ ਰਾਮ ਮੰਦਿਰ: ਨਾ ਸੀ ਭੀੜ, ਨਾ ਨਵੇਂ ਮੁੱਦੇ ਤੇ ਨਾਅਰੇ ਵੀ ਹਾਈਜੈੱਕ ਹੋਏ - ਨਜ਼ਰੀਆ

ਊਧਵ ਠਾਕਰੇ Image copyright UDDHAV THACKERAY/FACEBOOK
ਫੋਟੋ ਕੈਪਸ਼ਨ ਊਧਵ ਠਾਕਰੇ ਦੀ ਸਭਾ ਲੋਕਾਂ ਨੂੰ ਵੀਐਚਪੀ ਦੀ ਸਭਾ ਤੋਂ ਵੱਧ ਰਾਸ ਆਈ

ਅਯੁੱਧਿਆ ਵਿੱਚ ਰਾਮ ਮੰਦਿਰ ਬਣਾਉਣ ਦੀ ਮੰਗ ਨੂੰ ਲੈ ਕੇ ਐਤਵਾਰ ਨੂੰ ਹੋਇਆ ਵਿਸ਼ਵ ਹਿੰਦੂ ਪਰਿਸ਼ਦ (ਵੀਐਚਪੀ) ਦਾ ਸ਼ਕਤੀ ਪ੍ਰਦਰਸ਼ਨ ਇੱਕ ਫੁਸਫੁਸਾਏ ਪਟਾਕੇ ਵਰਗਾ ਨਿਕਲਿਆ।

ਵੀਐੱਚਪੀ ਦੇ ਦਾਅਵੇ ਮੁਤਾਬਕ ਨਾ ਹੀ ਦੋ ਲੱਖ ਲੋਕਾਂ ਦੀ ਭੀੜ ਇਕੱਠੀ ਹੋਈ ਅਤੇ ਨਾ ਹੀ ਉਹ ਭਾਜਪਾ ਨੂੰ ਇਸ ਹਿੰਦੂ ਵਿਧਾਨ ਸਭਾ ਖੇਤਰ 'ਚ ਕੋਈ ਨਵਾਂ ਸੰਦੇਸ਼ ਦੇ ਸਕੇ।

ਵੀਐੱਚਪੀ-ਭਾਜਪਾ ਲਈ ਇਸ ਤੋਂ ਵੱਧ ਮਾੜਾ ਇਹ ਹੋਇਆ ਕਿ ਉਨ੍ਹਾਂ ਦੇ ਮੁਕਾਬਲੇ ਵਾਲੀ ਪਾਰਟੀ ਸ਼ਿਵ ਸੈਨਾ ਉੱਥੇ ਆ ਗਈ।

ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਇੱਕ ਦਿਨ ਪਹਿਲਾਂ ਆ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਜਦਕਿ ਉਨ੍ਹਾਂ ਦੇ ਸਮਰਥਕ ਵੀਐਚਪੀ ਦੇ 50,000 ਸਮਰਥਕਾਂ ਦੇ 10 ਫੀਸਦ ਹੀ ਸਨ।

ਇਹ ਵੀ ਪੜ੍ਹੋ:

ਵੀਐਚਪੀ ਦਾ ਪੁਰਾਣਾ ਨਾਅਰਾ, 'ਰਾਮ ਲਲਾ ਹਮ ਆਏ ਹੈਂ, ਮੰਦਿਰ ਯਹੀਂ ਬਨਾਏਂਗੇ' ਨੂੰ ਛੱਡ ਕੇ ਲੋਕਾਂ ਦੀਆਂ ਜ਼ਬਾਨਾਂ ਤੋਂ ਨਾਅਰਾ 'ਹਰ ਹਿੰਦੂ ਕੀ ਯੇਹੀ ਪੁਕਾਰ, ਪਹਿਲੇ ਮੰਦਿਰ, ਫਿਰ ਸਰਕਾਰ' ਵੱਧ ਸੁਣਾਈ ਦਿੱਤਾ।

ਅਯੁੱਧਿਆ ਵਿੱਚ ਊਧਵ ਠਾਕਰੇ ਨੇ ਭਾਜਪਾ ਨੂੰ ਰਾਮ ਮੰਦਿਰ ਦੇ ਨਿਰਮਾਣ ਦੀ ਤਾਰੀਖ ਦੱਸਣ ਦੀ ਚੇਤਾਵਨੀ ਵੀ ਦਿੱਤੀ। ਵੀਐੱਚਪੀ ਨੂੰ ਸੁਣਨ ਲਈ ਆਏ ਲੋਕਾਂ ਨੂੰ ਊਧਵ ਦੀ ਇਹ ਚੇਤਾਵਨੀ ਚੰਗੀ ਲੱਗੀ।

ਊਧਵ ਠਾਕਰੇ ਨੇ ਨਰਿੰਦਰ ਮੋਦੀ ਉੱਪਰ ਅਸਿੱਧੇ ਤੌਰ 'ਤੇ ਵਰ੍ਹਦਿਆਂ ਕਿਹਾ, ''ਕੇਵਲ 56 ਇੰਚ ਦੀ ਛਾਤੀ ਕਾਫੀ ਨਹੀਂ ਹੈ, ਉਸ ਦੇ ਅੰਦਰ ਇੱਕ ਦਿਲ ਵੀ ਹੋਣਾ ਚਾਹੀਦਾ ਹੈ ਜਿਸ ਵਿੱਚ ਇੱਕ ਮਰਦ ਰਹਿੰਦਾ ਹੋਵੇ।''

ਕੁਝ ਠੋਸ ਨਹੀਂ ਆਇਆ

ਇਸ ਤੋਂ ਪਹਿਲਾਂ 2010 ਵਿੱਚ ਇਲਾਹਾਬਾਦ ਹਾਈ ਕੋਰਟ ਨੇ ਵਿਵਾਦਿਤ ਜ਼ਮੀਨ ਨੂੰ ਤਿੰਨ ਹਿੱਸਿਆਂ ਵਿੱਚ ਵੰਡਣ ਦਾ ਫੈਸਲਾ ਦਿੱਤਾ ਸੀ, ਦੋ ਹਿੱਸੇ ਮੰਦਿਰ ਦੇ ਅਤੇ ਇੱਕ ਮਸਜਿਦ ਦਾ। ਦੋਵੇਂ ਪੱਖ ਇਸ ਦੇ ਖਿਲਾਫ ਸੁਪਰੀਮ ਕੋਰਟ ਚਲੇ ਗਏ ਸਨ।

ਵੀਐਚਪੀ ਨੇ ਇਸ ਸਭਾ ਲਈ ਕਈ ਥਾਵਾਂ ਤੋਂ ਸਾਧੂ ਸੰਤ ਬੁਲਾਏ ਸਨ। ਇਸ ਵਿੱਚ ਲੱਖਾਂ ਲੋਕਾਂ ਦੇ ਆਉਣ ਦੀ ਉਮੀਦ ਸੀ। ਪਰ ਇਸ ਨੂੰ ਤੈਅ ਸਮੇਂ ਤੋਂ ਇੱਕ ਘੰਟਾ ਪਹਿਲਾਂ ਹੀ ਖਤਮ ਕਰਨਾ ਪਿਆ ਕਿਉਂਕਿ ਸਮਰਥਕ ਸਭਾ ਛੱਡ ਕੇ ਜਾਣ ਲੱਗ ਪਏ ਸਨ।

ਇਹ ਸਾਫ਼ ਹੋ ਗਿਆ ਸੀ ਕਿ ਨਾ ਸਾਧੂ ਸੰਤ ਤੇ ਨਾ ਆਰਐੱਸਐੱਸ, ਵੀਐਚਪੀ ਤੇ ਹੋਰ ਹਿੰਦੂਤਵ ਸੰਗਠਨਾਂ ਕੋਲ ਕਹਿਣ ਲਈ ਕੁਝ ਨਵਾਂ ਹੈ। ਉਨ੍ਹਾਂ ਫਿਰ ਤੋਂ ਮੰਦਿਰ ਬਣਾਉਣ ਲਈ ਕਾਨੂੰਨ ਬਣਾਉਣ ਦੀ ਮੰਗ 'ਤੇ ਜ਼ੋਰ ਦਿੱਤਾ।

Image copyright BBC/JITENDRA TRIPATHI
ਫੋਟੋ ਕੈਪਸ਼ਨ ਆਰਐੱਸਐੱਸ, ਵੀਐਚਪੀ ਨੇ ਫਿਰ ਤੋਂ ਮੰਦਿਰ ਬਣਾਉਣ ਲਈ ਕਾਨੂੰਨ ਬਣਾਉਣ ਦੀ ਮੰਗ 'ਤੇ ਜ਼ੋਰ ਦਿੱਤਾ

ਮੋਦੀ ਲਈ ਨਰਮੀ

ਵੀਐਚਪੀ, ਆਰਐੱਸਐੱਸ ਦੇ ਨਾਲ ਸਾਧੂ ਸੰਤਾਂ ਨੇ ਦੁਹਰਾਇਆ ਕਿ ਮੰਦਿਰ ਬਣਾਉਣ ਲਈ ਪੂਰੀ ਜ਼ਮੀਨ ਮਿਲਣੀ ਚਾਹੀਦੀ ਹੈ।

ਅਹਿਮ ਗੱਲ ਇਹ ਹੈ ਕਿ ਅਯੁੱਧਿਆ ਵਿੱਚ ਸਭ ਤੋਂ ਸਨਮਾਨਿਤ ਮੰਨੇ ਜਾਣ ਵਾਲੇ ਰਾਮ ਜਨਮ ਭੂਮੀ ਨਿਆਸ ਦੇ ਮੁਖੀ ਮਹੰਤ ਨ੍ਰਿਤਿਆ ਗੋਪਾਲ ਦਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਨਰਮ ਰਹੇ।

ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ, ''ਮੋਦੀ ਜੀ ਨੂੰ ਚਾਹੀਦਾ ਹੈ ਕਿ ਜਨਤਾ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਜਲਦ ਤੋਂ ਜਲਦ ਸ਼੍ਰੀ ਰਾਮ ਜਨਮਭੂਮੀ 'ਤੇ ਮੰਦਿਰ ਦੇ ਨਿਰਮਾਣ ਦਾ ਰਾਹ ਪੱਕਾ ਕਰਨ।''

ਇਹ ਵੀ ਪੜ੍ਹੋ:

ਇੱਕ ਹੋਰ ਸੰਤ ਸਵਾਮੀ ਹੰਸ ਦੇਵਾਚਾਰੀਆ ਨੇ ਵੀ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ''ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅੱਛੇ ਦਿਨ ਆ ਗਏ ਹਨ। ਇੱਕ ਗੱਲ ਦੱਸੋ ਕਿ ਜੇ ਕੇਂਦਰ ਜਾਂ ਸੂਬੇ ਵਿੱਚ ਕੋਈ ਹੋਰ ਸਰਕਾਰ ਹੁੰਦੀ, ਤਾਂ ਅਸੀਂ ਇੱਥੇ ਆ ਸਕਦੇ ਸੀ? ਅਸੀਂ ਸਾਰੇ ਜੇਲ੍ਹ ਵਿੱਚ ਹੁੰਦੇ, ਇਸ ਤੋਂ ਪਤਾ ਲਗਦਾ ਹੈ ਕਿ ਅੱਛੇ ਦਿਨ ਆ ਗਏ ਹਨ।''

ਇਹ ਸਾਫ ਸੀ ਕਿ ਧਰਮ ਸਭਾ ਤੋਂ ਦੂਰੀ ਬਣਾਈ ਰੱਖਣ ਦੀਆਂ ਭਾਜਪਾ ਦੀਆਂ ਤਮਾਮ ਬਣਾਵਟੀ ਕੋਸ਼ਿਸ਼ਾਂ ਦੇ ਬਾਵਜੂਦ ਪਾਰਟੀ ਅਤੇ ਉਸਦੇ ਹਿੰਦੂਤਵਵਾਦੀਆਂ ਵਿਚਾਲੇ ਮਜ਼ਬੂਤ ਗਠਜੋੜ ਸੀ।

ਇਹ ਸਾਫ ਸੀ ਕਿ ਪ੍ਰੋਗਰਾਮ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕੇਂਦਰ ਸਰਕਾਰ, ਦੋਹਾਂ ਦੀ ਸਹਿਮਤੀ ਮਿਲੀ ਹੋਈ ਸੀ।

ਊਧਵ ਠਾਕਰੇ 'ਤੇ ਸਵਾਲ

ਇਸ ਰੈਲੀ ਨਾਲ ਮੋਦੀ ਨੂੰ ਨਿਸ਼ਾਨੇ 'ਤੇ ਲੈਣ ਦਾ ਸ਼ਿਵ ਸੈਨਾ ਦਾ ਮਕਸਦ ਪੂਰਾ ਹੋਇਆ। ਇੱਥੋਂ ਤੱਕ, ਊਧਵ ਠਾਕਰੇ ਨੇ ਉਨ੍ਹਾਂ ਨੂੰ ਕੁੰਭਕਰਨ ਕਿਹਾ ਜੋ ਪਿਛਲੇ ਸਾਢੇ ਚਾਰ ਸਾਲਾਂ ਤੋਂ ਸੌਂ ਰਿਹਾ ਹੈ।

ਪਰ ਠਾਕਰੇ ਦੇ ਆਲੋਚਕ ਮੰਨਦੇ ਹਨ ਕਿ ਇਹੀ ਸਵਾਲ ਠਾਕਰੇ ਤੋਂ ਵੀ ਪੁੱਛਿਆ ਜਾਣਾ ਚਾਹੀਦਾ ਹੈ। ਇੱਕ ਆਲੋਚਕ ਨੇ ਕਿਹਾ, ''ਜੇ ਠਾਕਰੇ ਨਰਿੰਦਰ ਮੋਦੀ 'ਤੇ ਸੁੱਤੇ ਰਹਿਣ ਦਾ ਇਲਜ਼ਾਮ ਲਗਾਉਂਦੇ ਹਨ ਤਾਂ ਇੰਨੇ ਸਾਲਾਂ ਤੋਂ ਉਹ ਖੁਦ ਕੀ ਕਰ ਰਹੇ ਸੀ?''

ਹਾਲਾਂਕਿ ਇਹ ਵੀ ਸੱਚ ਹੈ ਕਿ ਭਾਜਪਾ ਤੇ ਸ਼ਿਵ ਸੈਨਾ, ਦੋਵੇਂ ਹੀ ਰਾਮ ਮੰਦਿਰ ਦਾ ਮਾਮਲਾ ਚੋਣਾਂ ਤੋਂ ਪਹਿਲਾਂ ਚੁੱਕ ਰਹੇ ਹਨ।

Image copyright TWITTER/SHIVSENA
ਫੋਟੋ ਕੈਪਸ਼ਨ ਰੈਲੀ ਦਾ ਮਕਸਦ ਸੀ ਮੋਦੀ ਨੂੰ ਨਿਸ਼ਾਨੇ 'ਤੇ ਲੈਣਾ ਤੇ ਉਹ ਸਫਲ ਵੀ ਹੋਇਆ

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਕਿਸੇ ਨੇ ਵੀ ਸੁਪਰੀਮ ਕੋਰਟ ਤੋਂ ਇਸ ਮਾਮਲੇ 'ਤੇ ਜਲਦ ਸੁਣਵਾਈ ਕਰਨ ਦੀ ਅਪੀਲ ਨਹੀਂ ਕੀਤੀ ਸੀ।

ਕਈ ਲੋਕਾਂ ਦਾ ਮੰਨਣਾ ਹੈ ਕਿ ਵੀਐਚਪੀ ਦੀ ਧਰਮ ਸਭਾ ਦਾ ਮਕਸਦ ਸਿਰਫ ਹਿੰਦੂਤਵਵਾਦੀ ਤਾਕਤਾਂ ਦੀ ਸੰਤੁਸ਼ਟੀ ਨਹੀਂ ਬਲਕਿ ਸੁਪਰੀਮ ਕੋਰਟ ਨੂੰ ਇਹ ਸੰਦੇਸ਼ ਦੇਣਾ ਸੀ ਕਿ ਮੰਦਰ ਲਈ ਹਿੰਦੂ ਬੇਚੈਨ ਹੋ ਰਹੇ ਹਨ।

ਇਹੀ ਕਾਰਨ ਹੈ ਕਿ ਕਈ ਹਿੰਦੂ ਸੰਗਠਨ ਬਾਬਰੀ ਮਸਜਿਦ ਵਰਗੇ ਹਾਲਾਤ ਦੁਹਰਾਉਣ ਦੀ ਚੇਤਾਵਨੀ ਦੇ ਰਹੇ ਹਨ।

ਕਿੱਥੋਂ ਸ਼ੁਰੂ ਹੋਈ ਸੀ ਗੱਲ?

ਇਹ ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਨੂੰ ਪਹਿਲ ਦੇਣ ਤੋਂ ਮਨ੍ਹਾਂ ਕੀਤਾ।

ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਅਯੁੱਧਿਆ ਦੌਰੇ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਵਿਸ਼ਵ ਹਿੰਦੂ ਪਰਿਸ਼ਦ ਨੇ ਵੀ ਇੱਥੇ ਇੱਕ ਵੱਡੇ ਪ੍ਰੇਗਰਾਮ ਦਾ ਐਲਾਨ ਕਰ ਦਿੱਤਾ।

ਹਾਲਾਂਕਿ, ਯੂਪੀ ਸਰਕਾਰ ਨੇ ਠਾਕਰੇ ਨੂੰ ਸਭਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਪਰ ਫੇਰ ਵੀ ਇਹੀ ਉਮੀਦ ਕੀਤੀ ਜਾ ਰਹੀ ਸੀ ਕਿ ਵੀਐਚਪੀ ਦਾ ਪ੍ਰੋਗਰਾਮ ਠਾਕਰੇ ਦੇ ਪ੍ਰੋਗਰਾਮ ਨੂੰ ਮੱਠਾ ਕਰ ਦੇਵੇਗਾ।

ਇਹ ਵੀ ਪੜ੍ਹੋ:

ਠਾਕਰੇ ਨੂੰ ਹਿੰਦੂ ਸੰਸਥਾ ਲਕਸ਼ਮਨ ਕਿਲਾ ਦੇ ਅੰਦਰ ਛੋਟੀਆਂ ਬੈਠਕਾਂ ਕੀਤੀਆਂ, ਜਿੱਥੇ ਉਹ ਕੁਝ ਸੰਤਾਂ ਨੂੰ ਮਿਲੇ ਤੇ ਸ਼ਿਵ ਸੈਨਾ ਦੇ ਕਾਰਕੁਨਾਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਸਰਿਯੂ ਨਦੀ ਦੇ ਕੰਢੇ 'ਤੇ ਆਰਤੀ ਕੀਤੀ ਅਤੇ ਰਾਮ ਜਨਮਭੂਮੀ ਦੇ ਦਰਸ਼ਨ ਕੀਤੇ। ਪਰ ਸ਼ਾਮ ਹੁੰਦੇ - ਹੁੰਦੇ ਸ਼ਿਵ ਸੈਨਾ ਮੁਖੀ ਦਾ ਸਿਆਸੀ ਏਜੰਡਾ ਕਾਮਯਾਬ ਹੋ ਗਿਆ ਅਤੇ ਉਹ ਵੀਐੱਚਪੀ ਭਾਜਪਾ 'ਤੇ ਭਾਰੀ ਪੈ ਗਏ।

ਜਿੱਥੇ ਤੱਕ ਮੰਦਿਰ ਦਾ ਸਵਾਲ ਹੈ ਤਾਂ ਦੋਹਾਂ ਦੇ ਹੱਥ ਖਾਲੀ ਰਹੇ ਅਤੇ ਸਾਫ ਤੌਰ 'ਤੇ ਉਹ ਜਿਵੇਂ ਆਏ ਸੀ ਉਵੇਂ ਹੀ ਚਲੇ ਗਏ।

ਇਹ ਵੀਡੀਓਜ਼ ਵੀ ਤੁਹਾਨੂੰ ਦਿਲਚਸਪ ਲੱਗ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)