'ਭਾਰਤ ਦੇ ਮਿਲਕਮੈਨ' ਵਰਗੀਜ਼ ਇਸ ਲਈ ਮੁੜ ਚਰਚਾ ਵਿੱਚ

ਵਰਗ਼ੀਜ਼ ਕੁਰੀਅਨ
ਤਸਵੀਰ ਕੈਪਸ਼ਨ,

ਕੇਰਲਾ ਵਿਚ ਜਨਮੇ ਕੁਰੀਅਨ ਨੂੰ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ ਬਣਾਉਣ ਲਈ ਜਾਣਿਆ ਜਾਂਦਾ ਹੈ

ਜੇਕਰ ਉਹ ਅੱਜ ਜਿਊਂਦੇ ਹੁੰਦੇ ਤਾਂ 97 ਸਾਲਾਂ ਦੇ ਹੁੰਦੇ। ਪਰ ਭਾਰਤ ਵਿਚ ਚਿੱਟੀ ਕ੍ਰਾਂਤੀ ਦੇ ਪਿਤਾਮਾ ਮੰਨੇ ਜਾਂਦੇ ਵਰਗ਼ੀਜ਼ ਕੁਰੀਅਨ ਦਾ ਨਾਂ ਮੌਤ ਦੇ ਛੇ ਸਾਲ ਬਾਅਦ ਇੱਕ ਵਾਰ ਫੇਰ ਚਰਚਾ ਵਿਚ ਹੈ।

ਦਰਅਸਲ ਗੁਜਰਾਤ 'ਚ ਨਰਿੰਦਰ ਮੋਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਭਾਜਪਾ ਆਗੂ ਦਿਲੀਪ ਸੰਘਾਨੀ ਨੇ ਬੀਤੇ ਦਿਨੀਂ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਇਹ ਬਿਆਨ ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਗੁਜਰਾਤ ਦੇ ਅਮਰੇਲੀ ਵਿਚ ਇੱਕ ਪ੍ਰੋਗਰਾਮ ਦੌਰਾਨ ਦਿੱਤਾ।

ਇੰਡੀਅਨ ਐਕਸਪ੍ਰੈਸ ਅਖ਼ਬਾਰ ਨੇ ਦਿਲੀਪ ਸੰਘਾਨੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਵਰਗ਼ੀਜ਼ ਕੁਰੀਅਨ ਨੇ ਅਮੂਲ ਦੇ ਪੈਸਿਆਂ ਨਾਲ ਗੁਜਰਾਤ ਦੇ ਡਾਂਗ ਜ਼ਿਲ੍ਹੇ ਵਿੱਚ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਲਈ ਫੰਡ ਮੁਹੱਈਆ ਕਰਵਾਇਆ ਸੀ।

ਹਾਲਾਂਕਿ ਬੀਬੀਸੀ ਪੱਤਰਕਾਰ ਅਨੰਤ ਪ੍ਰਕਾਸ਼ ਨਾਲ ਗੱਲਬਾਤ ਦੌਰਾਨ ਦਿਲੀਪ ਸੰਘਾਨੀ ਨੇ ਕਿਹਾ ਕਿ ਅਮਰੇਲੀ ਦੀ ਅਮਰ ਡੇਅਰੀ ਦੇ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਦਿਲੀਪ ਸੰਘਾਨੀ ਮੁਤਾਬਕ, "ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ। ਉਨ੍ਹਾਂ ਦੀ ਸਮਰੱਥਾ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ।''

"ਪਰ ਗੁਜਰਾਤ ਦੇ ਡਾਂਗ ਜ਼ਿਲ੍ਹੇ ਦੇ ਉਤਪਾਦਕ ਜਦੋਂ ਸ਼ਬਰੀਧਾਮ ਲਈ ਦਾਨ ਵਾਸਤੇ ਉਨ੍ਹਾਂ ਕੋਲੋਂ ਪੈਸੇ ਮੰਗਣ ਗਏ ਤਾਂ ਉਨ੍ਹਾਂ ਨੇ ਇਹ ਆਖਦੇ ਹੋਏ ਇਨਕਾਰ ਕਰ ਦਿੱਤਾ ਕਿ ਉਹ ਇਸ ਵਿਚ ਵਿਸ਼ਵਾਸ ਨਹੀਂ ਰੱਖਦੇ ਪਰ ਉਸੇ ਸਮੇਂ ਦੌਰਾਨ ਉਨ੍ਹਾਂ ਨੇ ਆਪਣੇ ਕਾਰਜਕਾਲ ਵਿਚ ਈਸਾਈ ਸੰਸਥਾਵਾਂ ਨੂੰ ਚੰਦਾ ਦਿੱਤਾ ਹੈ।"

ਭਾਜਪਾ ਦੇ ਆਗੂ ਆਪਣੇ ਇਸ ਬਿਆਨ 'ਤੇ ਬਰਕਰਾਰ ਹਨ। ਹਾਲਾਂਕਿ ਅਮੂਲ ਵੱਲੋਂ ਦਿਲੀਪ ਸੰਘਾਨੀ ਦੇ ਬਿਆਨ 'ਤੇ ਅਜੇ ਤੱਕ ਕੋਈ ਵੀ ਅਧਿਕਾਰਤ ਪ੍ਰਤੀਕਰਮ ਨਹੀਂ ਆਇਆ ਹੈ, ਜਿਸ ਦੀ ਉਡੀਕ ਕੀਤੀ ਜਾ ਰਹੀ ਹੈ।

ਵਰਗ਼ੀਜ਼ ਕੁਰੀਅਨ ਕੌਣ ਸਨ?

ਕੇਰਲਾ ਵਿਚ ਜਨਮੇ ਕੁਰੀਅਨ ਨੂੰ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ ਬਣਾਉਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਗੁਜਰਾਤ ਦੇ ਆਨੰਦ ਵਿਚ ਸਹਿਕਾਰੀ ਡੇਅਰੀ ਵਿਕਾਸ ਦੇ ਇੱਕ ਸਫ਼ਲ ਮਾਡਲ ਦੀ ਸਥਾਪਨਾ ਕੀਤੀ ਸੀ।

ਸਾਲ 1973 ਵਿਚ ਉਨ੍ਹਾਂ ਨੇ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀਸੀਐਮਐਮਐਫ) ਦੀ ਸਥਾਪਨਾ ਕੀਤੀ ਅਤੇ 34 ਸਾਲਾਂ ਤੱਕ ਇਸਦੇ ਚੇਅਰਮੈਨ ਵੀ ਰਹੇ। ਜੀਸੀਐਮਐਮਐਫ ਹੀ ਉਹ ਸੰਸਥਾ ਹੈ ਜੋ ਅਮੂਲ ਦੇ ਨਾਂ ਹੇਠ ਡੇਅਰੀ ਉਤਪਾਦ ਬਣਾਉਂਦੀ ਹੈ।

ਇਸ ਸੰਸਥਾ ਨੂੰ 11 ਹਜ਼ਾਰ ਤੋਂ ਵੀ ਵੱਧ ਪਿੰਡਾਂ ਦੇ 20 ਲੱਖ ਦੇ ਕਰੀਬ ਕਿਸਾਨਾਂ ਦੀ ਮੈਂਬਰਸ਼ਿਪ ਹਾਸਿਲ ਹੈ। ਸੰਸਥਾ ਨੇ ਕੋਆਪਰੇਟਿਵ ਖੇਤਰ ਵਿਚ ਦੁੱਧ ਅਤੇ ਹੋਰ ਉਤਪਾਦਾਂ ਨੂੰ ਲੈ ਕੇ ਇਤਿਹਾਸ ਸਿਰਜਿਆ ਹੈ।

ਤਸਵੀਰ ਕੈਪਸ਼ਨ,

1973 ਵਿਚ ਉਨ੍ਹਾਂ ਨੇ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੀ ਸਥਾਪਨਾ ਕੀਤੀ ਸੀ

ਕੁਰੀਅਨ ਦੇ ਜੀਵਨਕਾਲ ਦੌਰਾਨ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਹੈ। ਸਾਲ 1965 ਵਿਚ ਉਨ੍ਹਾਂ ਨੂੰ ਰੇਮਨ ਮੈਗਸੈਸੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਵਰਗ਼ੀਜ਼ ਕੁਰੀਅਨ ਆਨੰਦ ਦੇ ਇੰਸਟੀਟਿਊਟ ਆਫ਼ ਰੂਰਲ ਮੈਨੇਜਮੈਂਟ (ਆਈਆਰਐਮਏ) ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਕੁਰੀਅਨ ਨੂੰ 'ਭਾਰਤ ਦਾ ਮਿਲਕਮੈਨ' ਵੀ ਆਖਿਆ ਜਾਂਦਾ ਹੈ।

ਭਾਰਤ ਵਿਚ ਇੱਕ ਅਜਿਹਾ ਵੀ ਦੌਰ ਸੀ ਜਦੋਂ ਦੇਸ਼ ਵਿਚ ਦੁੱਧ ਦੀ ਕਮੀ ਹੋ ਗਈ ਸੀ। ਕੁਰੀਅਨ ਦੀ ਅਗਵਾਈ ਹੇਠ ਭਾਰਤ ਨੂੰ ਦੁੱਧ ਦੇ ਉਤਪਾਦਨ ਲਈ ਸਵੈ-ਨਿਰਭਰ ਬਨਉਣ ਵਾਸਤੇ ਕੰਮ ਸ਼ੁਰੂ ਹੋਇਆ।

ਕਿਹਾ ਜਾਂਦਾ ਹੈ ਕਿ 1990 ਦੇ ਦਹਾਕੇ ਤੱਕ ਪਹੁੰਚਦੇ-ਪਹੁੰਚਦੇ ਭਾਰਤ ਨੇ ਦੁੱਧ ਉਤਪਾਦਨ ਵਿਚ ਅਮਰੀਕਾ ਨੂੰ ਵੀ ਪਿੱਛੇ ਛੱਡ ਦਿੱਤਾ ਸੀ।

ਚੰਦੇ ਦਾ ਵਿਵਾਦ

ਈਸਾਈ ਸੰਸਥਾਵਾਂ ਨੂੰ ਫੰਡ ਦੇਣ ਦੇ ਮੁੱਦੇ ਨੂੰ ਲੈਕੇ ਭਾਜਪਾ ਆਗੂ ਨੇ ਵਰਗ਼ੀਜ਼ ਕੁਰੀਅਨ ਦੇ ਇਰਾਦਿਆਂ' 'ਤੇ ਸਵਾਲ ਖੜ੍ਹਾ ਕੀਤਾ ਹੈ।ਹਾਲਾਂਕਿ ਕਿਸੇ ਨੂੰ ਪੈਸੇ ਦਾਨ ਕਰਨਾ ਇੱਕ ਸੰਸਥਾ ਦੇ ਵਿਸ਼ੇਸ਼ ਅਧਿਕਾਰਾਂ ਦਾ ਮੁੱਦਾ ਹੁੰਦਾ ਹੈ।

ਇਸ ਸਵਾਲ 'ਤੇ ਦਿਲੀਪ ਸੰਘਾਨੀ ਆਖਦੇ ਹਨ, "ਹਿੰਦੂ ਭਾਈਚਾਰੇ ਦੀ ਸੰਸਥਾ ਸ਼ਬਰੀ ਧਾਮ ਮਨਾ ਰਹੀ ਸੀ ਪਰ ਵਰਗ਼ੀਜ਼ ਕੁਰੀਅਨ ਨੇ ਕਿਹਾ ਕਿ ਉਹ ਇਸ ਵਿਚ ਵਿਸ਼ਵਾਸ ਨਹੀਂ ਰੱਖਦੇ।''

''ਉਨ੍ਹਾਂ ਨੂੰ ਕਿਸੇ ਨੂੰ ਵੀ ਦਾਨ ਨਹੀਂ ਦੇਣਾ ਚਾਹੀਦਾ ਸੀ। ਇੱਕ ਨੂੰ ਦਾਨ ਦਿੱਤਾ ਜਾਵੇ ਅਤੇ ਇੱਕ ਨੂੰ ਨਾ ਦਿੱਤਾ ਜਾਵੇ, ਅਜਿਹਾ ਨਹੀਂ ਹੋ ਸਕਦਾ। ਇਹ ਸਭ ਗੱਲਾਂ ਰਿਕਾਰਡ ਵਿਚ ਹਨ।"

ਮੰਤਰੀ ਰਹਿੰਦੇ ਹੋਏ ਇਸ ਮੁੱਦੇ 'ਤੇ ਉਨ੍ਹਾਂ ਨੇ ਕੀ ਕੀਤਾ?

ਇਸ ਸਵਾਲ 'ਤੇ ਦਿਲੀਪ ਸੰਘਾਨੀ ਨੇ ਕਿਹਾ, "ਅਸੀਂ ਇਸਦੀ ਜਾਂਚ ਕਰਵਾਈ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਸ਼ਬਰੀ ਧਾਮ ਵਾਸਤੇ ਦਾਨ ਦੇਣ ਲਈ ਮਨ੍ਹਾਂ ਕਰ ਦਿੱਤਾ ਸੀ ਪਰ ਈਸਾਈ ਭਾਈਚਾਰੇ ਨੂੰ ਚੰਦਾ ਦਿੱਤਾ ਸੀ।''

''ਹਾਲਾਂਕਿ ਇਸ ਵਿਚ ਸਰਕਾਰ ਕੁਝ ਨਹੀਂ ਕਰ ਸਕਦੀ, ਪਰ ਇਹ ਗੱਲ ਕਿਸੇ ਦੀ ਮਾਨਸਿਕਤਾ ਨੂੰ ਜ਼ਰੂਰ ਦਰਸਾਉਂਦੀ ਹੈ।"

ਇਤਿਹਾਸਕ ਅਸਤੀਫ਼ਾ

ਭਾਜਪਾ ਆਗੂ ਦਾ ਇਹ ਵੀ ਕਹਿਣਾ ਹੈ ਕਿ ਵਰਗ਼ੀਜ਼ ਕੁਰੀਅਨ 15 ਸਾਲ ਤੱਕ ਗਲਤ ਤਰੀਕੇ ਨਾਲ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਪ੍ਰਧਾਨ ਬਣੇ ਰਹੇ।

2006 ਵਿਚ ਆਪਣੇ ਵਿਰੁੱਧ ਹਾਲਾਤ ਬਣਨ ਕਾਰਨ ਕੁਰੀਅਨ ਨੂੰ ਅਮੂਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।

ਉਸ ਸਮੇਂ ਕੁਰੀਅਨ ਨੇ ਬੀਬੀਸੀ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੀ ਮੈਂਬਰ ਸਹਿਕਾਰੀ ਕਮੇਟੀਆਂ ਦਾ ਭਰੋਸਾ ਗੁਆਉਣ ਤੋਂ ਬਾਅਦ ਇਹ ਅਸਤੀਫ਼ਾ ਦਿੱਤਾ ਹੈ।

ਵਰਗ਼ੀਜ਼ ਕੁਰੀਅਨ ਦੇ ਖਿਲਾਫ਼ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਵਿਚ ਇਕ ਗੈਰ-ਭਰੋਸੇਯੋਗ ਮਤਾ ਪੇਸ਼ ਕੀਤਾ ਗਿਆ ਸੀ।

ਇਸਦੇ ਨਾਲ ਹੀ ਸੰਸਥਾ ਦੇ ਪ੍ਰਧਾਨ ਦੇ ਅਹੁਦੇ ਵਾਸਤੇ ਚੋਣ ਲੜਨ ਲਈ ਭਰਿਆ ਗਿਆ ਉਨ੍ਹਾਂ ਦਾ ਨਾਮਜ਼ਦਗੀ ਫਾਰਮ ਵੀ ਰਿਟਰਨਿੰਗ ਅਫ਼ਸਰ ਦੁਆਰਾ ਰੱਦ ਕਰ ਦਿੱਤਾ ਗਿਆ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਦਿਲਚਸਪ ਲੱਗ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)