ਪੰਜਾਬ ਦੀ ਸ਼ਗਨ ਸਕੀਮ ਤਹਿਤ ਵਿਆਹੀਆਂ ਕੁੜੀਆਂ ਨੂੰ 9 ਮਹੀਨਿਆਂ ਤੋਂ ਨਹੀਂ ਮਿਲੀ ਰਕਮ - 5 ਅਹਿਮ ਖਬਰਾਂ

ਵਿਆਹ, ਸ਼ਗਨ Image copyright Getty Images/AFP

ਦਿ ਟ੍ਰਿਬਿਊਨ ਮੁਤਾਬਕ ਸਰਕਾਰ ਬਣਨ ਦੇ ਚਾਰ ਮਹੀਨੇ ਬਾਅਦ ਹੀ ਕਾਂਗਰਸ ਨੇ ਆਸ਼ੀਰਦਵਾਦ ਸਕੀਮ ਤਹਿਤ ਸ਼ਗਨ ਵਿੱਚ ਵਾਧਾ ਕਰਦਿਆਂ ਇਹ ਰਕਮ 15,000 ਤੋਂ 20,000 ਰੁਪਏ ਕਰ ਦਿੱਤੀ ਸੀ। ਪਰ ਪਿਛਲੇ 9 ਮਹੀਨਿਆਂ ਦੌਰਾਨ ਜਿਨ੍ਹਾਂ ਕੁੜੀਆਂ ਦੇ ਵਿਆਹ ਹੋਏ ਹਨ ਉਹ ਸ਼ਗਨ ਦੀ ਉਡੀਕ ਕਰ ਰਹੀਆਂ ਹਨ।

ਇਸ ਸਕੀਮ ਦੇ ਤਹਿਤ ਸੂਬਾ ਸਰਕਾਰ ਐਸਸੀ/ਬੀਸੀ ਜਾਂ ਫਿਰ ਵਿੱਤੀ ਤੌਰ 'ਤੇ ਕਮਜ਼ੋਰ ਵਰਗ ਦੀਆਂ ਕੁੜੀਆਂ ਨੂੰ ਪੈਸੇ ਦਿੰਦੀ ਹੈ।

ਪੈਸੇ ਸਿੱਧਾ ਕੁੜੀ ਜਾਂ ਉਸ ਦੇ ਪਰਿਵਾਰ ਦੇ ਖਾਤੇ ਵਿੱਚ ਪਹੁੰਚਾਏ ਜਾਂਦੇ ਹਨ। ਮੁਕਤਸਰ ਦੇ ਜ਼ਿਲ੍ਹਾ ਭਲਾਈ ਅਫਸਰ ਜਗਮੋਹਨ ਸਿੰਘ ਦਾ ਕਹਿਣਾ ਹੈ, "ਮੁਕਤਸਰ ਵਿੱਚ 1700 ਕੁੜੀਆਂ ਸ਼ਗਨ ਦੀ ਉਡੀਕ ਕਰ ਰਹੀਆਂ ਹਨ। ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਹਾਲਾਤ ਇਹੀ ਹਨ। ਹਰੇਕ ਮਹੀਨੇ ਦੇ ਪਹਿਲੇ ਹਫ਼ਤੇ ਅਸੀਂ ਮੁੱਖ ਦਫ਼ਤਰ ਵਿੱਚ ਉਨ੍ਹਾਂ ਕੁੜੀਆਂ ਦੀ ਸੂਚੀ ਭੇਜਦੇ ਹਾਂ ਜੋ ਇਸ ਸਕੀਮ ਦੇ ਤਹਿਤ ਹੱਕਦਾਰ ਹਨ।"

ਇਹ ਵੀ ਪੜ੍ਹੋ:

ਰਾਜੋਆਣਾ ਦੀ ਰਿਹਾਈ ਅਗਲੇ ਸਾਲ ਤੱਕ ਯਕੀਨੀ ਬਣਾਉਣ ਦੇ ਨਿਰਦੇਸ਼

ਪੰਜਾਬੀ ਟ੍ਰਿਬਿਊਨ ਮੁਤਾਬਕ ਅਕਾਲ ਤਖ਼ਤ ਨੇ ਸੋਮਵਾਰ ਨੂੰ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਅਗਲੇ ਸਾਲ ਤੱਕ ਯਕੀਨੀ ਬਣਾਏ।

Image copyright Getty Images

ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਅਗਲੇ ਸਾਲ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ।

ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੇਅੰਤ ਸਿੰਘ ਹੱਤਿਆ ਕਾਂਡ 'ਚ ਸ਼ਜਾ-ਏ-ਮੌਤ ਹਾਸਲ ਰਾਜੋਆਣਾ ਦੀ ਰਹਿਮ ਪਟੀਸ਼ਨ ਪਿਛਲੇ ਸੱਤ ਸਾਲਾਂ ਤੋਂ ਰਾਸ਼ਟਰਪਤੀ ਕੋਲ ਬਕਾਇਆ ਪਈ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜ਼ੋਰਦਾਰ ਹੰਭਲਾ ਮਾਰੇ ਤਾਂ ਜੋ ਰਾਸ਼ਟਰਪਤੀ ਕੋਲ ਪਈ ਅਪੀਲ ਦੇ ਹਾਂ-ਪੱਖੀ ਨਤੀਜੇ ਨਿਕਲਣ ਅਤੇ ਰਾਜੋਆਣਾ ਰਿਹਾਅ ਹੋ ਜਾਣ।

ਵੈੱਬ ਚੈੱਕ-ਇਨ ਫੀਸ ਹੋਏਗੀ ਰਿਵੀਊ

ਦਿ ਇੰਡੀਅਨ ਐਕਸਪ੍ਰੈਸ ਅਨੁਸਾਰ ਉਡਾਣਾਂ ਵੱਲੋਂ ਵੈੱਬ ਚੈੱਕ-ਇਨ ਦੌਰਾਨ ਲਈ ਜਾਂਦੀ ਫੀਸ ਨੂੰ ਹਵਾਬਾਜ਼ੀ ਮੰਤਰਾਲੇ ਰਿਵੀਊ ਕਰੇਗਾ।

ਇੱਕ ਟਵੀਟ ਰਾਹੀਂ ਮੰਤਰਾਲੇ ਨੇ ਕਿਹਾ, "ਕਈ ਉਡਾਣਾਂ ਸਾਰੀਆਂ ਸੀਟਾਂ ਦੇ ਵੈੱਬ ਚੈੱਕ-ਇਨ ਲਈ ਫੀਸ ਲਾ ਰਹੀਆਂ ਹਨ। ਅਸੀਂ ਇਹ ਚੈੱਕ ਕਰਾਂਗੇ ਕਿ ਇਹ ਨਿਯਮਾਂ ਦੇ ਅਧੀਨ ਹੈ ਜਾਂ ਨਹੀਂ।"

Image copyright Getty Images

ਭਾਰਤ ਦੀ ਸਭ ਤੋਂ ਵੱਡੀ ਹਵਾਈ ਸੇਵਾ ਇੰਡੀਗੋ ਨੇ ਇੱਕ ਗਾਹਕ ਨੂੰ ਟਵੀਟ ਕਰਕੇ ਕਿਹਾ, "ਸਾਡੀ ਰਿਵਾਈਜ਼ਡ ਨੀਤੀ ਦੇ ਤਹਿਤ ਵੈੱਬ ਚੈੱਕ-ਇਨ ਲਈ ਸਾਰੀਆਂ ਸੀਟਾਂ ਲਈ ਹੀ ਫੀਸ ਲੱਗੇਗੀ। ਮੁਫ਼ਤ ਸੇਵਾ ਲਈ ਤੁਸੀਂ ਹਵਾਈ-ਅੱਡੇ 'ਤੇ ਚੈੱਕ-ਇਨ ਕਰ ਸਕਦੇ ਹੋ। ਸੀਟਾਂ ਮੌਜੂਦਗੀ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ।"

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਨਵੇਂ ਨਿਯਮ 14 ਨਵੰਬਰ ਤੋਂ ਲਾਗੂ ਹਨ। ਇਸ ਤੋਂ ਪਹਿਲਾਂ ਇੰਡੀਗੋ ਵਿੱਚ ਕੁਝ ਹੀ ਸੀਟਾਂ ਲਈ ਵੈੱਬ ਚੈੱਕ-ਇਨ ਦੌਰਾਨ ਫੀਸ ਦੇਣੀ ਪੈਂਦੀ ਸੀ ਜਿਵੇਂ ਕਿ ਖਿੜਕੀ ਵਾਲੀ ਸੀਟ ਲਈ ਜਾਂ ਫਿਰ ਜ਼ਿਆਦਾ ਖੁੱਲ੍ਹੀ ਸੀਟ ਵਾਸਤੇ।

ਸੁਨੀਲ ਅਰੋੜਾ ਹੋਣਗੇ ਨਵੇਂ ਮੁੱਖ ਚੋਣ ਅਧਿਕਾਰੀ

ਦਿ ਇੰਡੀਅਨ ਐਕਸਪ੍ਰੈਸ ਅਨੁਸਾਰ ਸੁਨੀਲ ਅਰੋੜਾ 2 ਦਿਸੰਬਰ ਨੂੰ ਮੌਜੂਦਾ ਮੁੱਖ ਚੋਣ ਅਧਿਕਾਰੀ ਓਪੀ ਰਾਵਤ ਦੀ ਥਾਂ ਲੈਣਗੇ ਜੋ ਕਿ 1 ਦਿਸੰਬਰ ਨੂੰ ਰਿਟਾਇਰ ਹੋਣ ਵਾਲੇ ਹਨ।

ਸੁਨੀਲ ਅਰੋੜਾ 1980 ਬੈਚ ਦੇ ਰਾਜਸਥਾਨ ਕੈਡਰ ਦੇ ਆਈਏਐਸ ਅਧਿਕਾਰੀ ਹਨ ਅਤੇ ਕਈ ਅਹਿਮ ਵਿਭਾਗਾਂ ਵਿੱਚ ਰਹਿ ਚੁੱਕੇ ਹਨ। ਇਸ ਵਿੱਚ ਸਕਿੱਲ ਡੈਵਲੈਪਮੈਂਟ ਸੈਕਰੇਟਰੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਹਿਮ ਅਹੁਦੇ ਵੀ ਸ਼ਾਮਿਲ ਹਨ।

Image copyright AFP

ਅਰੋੜਾ ਵਿੱਤ, ਕੱਪੜਾ ਅਤੇ ਨੀਤੀ ਆਯੋਗ ਵਿੱਚ ਵੀ ਸੇਵਾ ਨਿਭਾ ਚੁੱਕੇ ਹਨ। ਉਹ ਇੰਡੀਅਨ ਏਅਰਲਾਈਂਸ ਦੇ ਸੀਐੱਮਡੀ ਅਹੁਦੇ 'ਤੇ ਵੀ ਪੰਜ ਸਾਲ ਰਹੇ ਹਨ।

ਮੰਨਿਆ ਜਾਂਦਾ ਹੈ ਕਿ ਸੁਨੀਲ ਅਰੋੜਾ ਰਾਜਸਥਾਨ ਦੀ ਮੌਜੂਦਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਭਰੋਸੇਮੰਦ ਹਨ।

ਉਹ ਸਾਲ 2005 ਤੋਂ 2009 ਵਿਚਾਲੇ ਰਾਜੇ ਦੇ ਮੁੱਖ ਸਕੱਤਰ ਵੀ ਰਹਿ ਚੁੱਕੇ ਹਨ।

ਟਰੰਪ ਨੇ ਮੈਕਸੀਕੋ ਨੂੰ ਕਿਹਾ ਕਿ ਪਰਵਾਸੀਆਂ ਨੂੰ ਵਾਪਸ ਭੇਜੋ

ਹਿੰਦੁਸਤਾਨ ਟਾਈਮਜ਼ ਮੁਤਾਬਕ ਪਰਵਾਸੀਆਂ 'ਤੇ ਅੱਥਰੂ ਗੈਸ ਦੇ ਗੋਲੇ ਛੱਡਣ ਤੋਂ ਇੱਕ ਦਿਨ ਬਾਅਦ ਅਮੀਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਮੈਕਸੀਕੋ ਬਾਰਡਰ ਨੂੰ ਪੱਕੇ ਤੌਰ ਉੱਤੇ ਹੀ ਬੰਦ ਕਰ ਦੇਣਗੇ।

Image copyright Getty Images

ਟਰੰਪ ਨੇ ਟੀਵਟ ਕਰਕੇ ਕਿਹਾ, "ਮੈਕਸੀਕੋ ਨੂੰ ਚਾਹੀਦਾ ਹੈ ਕਿ ਉਹ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ ਵਾਪਸ ਭੇਜ ਦੇਵੇ, ਇਨ੍ਹਾਂ ਵਿੱਚੋਂ ਕਾਫ਼ੀ ਅਪਰਾਧੀ ਹਨ। ਇਹ ਚਾਹੇ ਜਹਾਜ ਰਾਹੀਂ ਕਰੋ, ਬੱਸ ਰਾਹੀਂ ਜਾਂ ਫਿਰ ਕਿਸੇ ਵੀ ਤਰ੍ਹਾਂ ਪਰ ਇਹ ਪਰਵਾਸੀ ਅਮਰੀਕਾ ਦਾਖਲ ਨਹੀਂ ਹੋਣੇ ਚਾਹੀਦੇ। ਜੇ ਲੋੜ ਪਈ ਤਾਂ ਅਸੀਂ ਪੱਕੇ ਤੌਰ 'ਤੇ ਸਰਹੱਦ ਸੀਲ ਕਰ ਦੇਵਾਂਗੇ।"

ਅਮਰੀਕਾ ਵਾਲੇ ਪਾਸੇ ਏਜੰਟਾਂ ਨੇ 42 ਪਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜੋ ਕਿ ਸਰਹੱਦ ਪਾਰ ਕਰਕੇ ਆਏ ਸਨ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)