ਪਾਕਿਸਤਾਨ ਬਾਰੇ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਦੀਆਂ ਵੱਖਰੀਆਂ ਸੁਰਾਂ 'ਤੇ ਸੋਸ਼ਲ ਮੀਡੀਆ

ਕੈਪਟਨ ਅਮਰਿੰਦਰ ਸਿੰਘ, ਨਵੋਜਤ ਸਿੰਘ ਸਿੱਧੂ Image copyright Getty Images
ਫੋਟੋ ਕੈਪਸ਼ਨ ਨਵਜੋਤ ਸਿੰਘ ਸਿਧੂ ਜਾਣਗੇ ਪਾਕਿਸਤਾਨ, ਕੈਪਟਨ ਨੇ ਠੁਕਰਾਇਆ ਸੱਦਾ (ਫ਼ਾਈਲ ਫੋਟੋ)

ਲਾਹੌਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਰਤਾਰਪੁਰ ਸਾਹਿਬ ਦਾ ਲਾਂਘਾ ਅਨੰਤ ਸੰਭਾਵਨਾਵਾਂ ਦਾ ਪ੍ਰਤੀਕ ਹੈ, ਇਹ ਦੁਸ਼ਮਣੀਆਂ ਮਿਟਾਏਗਾ ਅਤੇ ਲੋਕਾਂ ਦੇ ਆਪਸੀ ਸੰਪਕਰ ਦਾ ਆਧਾਰ ਬਣੇਗਾ।

ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਦੇ ਕੌਰੀਡੋਰ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਲਾਹੌਰ ਪਹੁੰਚੇ ਹਨ। ਸਿੱਧੂ ਨੇ ਕਿਹਾ ਕਿ ਧਰਮ ਜੋੜਦਾ ਹੈ, ਕਦੇ ਤੋੜਦਾ ਨਹੀਂ , ਧਰਮ ਨੂੰ ਸਿਆਸੀ ਚਸ਼ਮਿਆਂ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਅਤੇ ਨਾ ਹੀ ਅੱਤਵਾਦ ਨਾਲ ਜੋੜਨਾ ਚਾਹੀਦਾ ਹੈ।

ਪਾਕਿਸਤਾਨ ਵਿਚ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਲਾਂਘੇ ਲਈ ਡੇਰਾ ਬਾਬਾ ਨਾਨਕ ਵਿਚ ਭਾਰਤ ਵੱਲੋਂ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ ਜਦਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਮ ਖਾਨ 28 ਨਵੰਬਰ ਨੂੰ ਨੀਂਹ ਪੱਥਰ ਰੱਖਣਗੇ।

ਇਹ ਵੀ ਪੜ੍ਹੋ:

ਪਾਕਿਸਤਾਨ ਸਰਕਾਰ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਸੱਦਾ ਪੱਤਰ ਭੇਜਿਆ ਸੀ।

ਸੁਸ਼ਮਾ ਸਵਰਾਜ ਨੇ ਚੋਣ ਮਸ਼ਰੂਫ਼ੀਅਤ ਅਤੇ ਕੈਪਟਨ ਨੇ ਹਿੰਸਾ ਨੂੰ ਅਧਾਰ ਬਣਾ ਕੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ, ਪਰ ਜਦੋਂ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਜਾਣਗੇ ਤੇ ਉੱਥੇ ਪਹੁੰਚ ਵੀ ਗਏ । ਇਸ ਮਾਮਲੇ ਉੱਤੇ ਕੈਪਟਨ ਤੇ ਸਿੱਧੂ ਦੀਆਂ ਵੱਖੋ-ਵੱਖੋਰੀਆਂ ਸੁਰਾਂ ਉੱਤੇ ਸਵਾਲ ਸੋਸ਼ਲ ਮੀਡੀਆ ਤੇ ਸਿਆਸੀ ਹਲਕਿਆ ਵਿਚ ਸਵਾਲ ਉੱਠ ਰਹੇ ਹਨ।

ਕੈਪਟਨ ਨੇ ਕੀ ਕਿਹਾ

ਸਿੱਧੂ ਦੇ ਪਾਕਿਸਤਾਨ ਦੌਰੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪ੍ਰਤੀਕਰਮ ਦਿੰਦਿਆ ਕਿਹਾ ਕਿ ਉਨ੍ਹਾਂ ਸਿੱਧੂ ਨੂੰ ਆਪਣੇ ਦੌਰੇ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਸੀ,ਪਰ ਉਹ ਕਿਸੇ ਨੂੰ ਨਿੱਜੀ ਦੌਰੇ ਉੱਤੇ ਜਾਣ ਤੋਂ ਨਹੀਂ ਰੋਕ ਸਕਦੇ।

ਕੈਪਟਨ ਨੇ ਪ੍ਰੈਸ ਬਿਆਨ ਬਿਆਨ ਵਿਚ ਕਿਹਾ, 'ਸਿੱਧੂ ਮੱਧ ਪ੍ਰਦੇਸ਼ ਚੋਣ ਪ੍ਰਚਾਰ ਉੱਤੇ ਸੀ ਅਤੇ ਜਦੋਂ ਮੈਂ ਉਸਨੂੰ ਪਾਕਿਸਤਾਨ ਦੌਰੇ ਬਾਰੇ ਮੁੜ ਸੋਚਣ ਲਈ ਕਿਹਾ ਸੀ, ਪਰ ਸਿੱਧੂ ਨੇ ਕਿਹਾ ਸੀ ਉਹ ਇਸ ਦਾ ਵਾਅਦਾ ਕਰ ਚੁੱਕੇ ਹਨ। ਜਦੋਂ ਮੈਂ ਉਸ ਨੂੰ ਆਪਣੇ ਸਟੈਂਡ ਬਾਰੇ ਦੱਸਿਆ ਤਾਂ ਸਿੱਧੂ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਦੌਰਾ ਹੈ।'

ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਸਬੰਧੀ ਲਏ ਗਏ ਫ਼ੈਸਲੇ ਬਾਰੇ ਕਿਹਾ ਸੀ ਕਿ 'ਸਿੱਧੂ ਦਾ ਆਪਣਾ ਸੋਚਣ ਦਾ ਤਰੀਕਾ ਹੈ'।

ਇਹ ਵੀ ਪੜ੍ਹੋ :

ਖ਼ੁਦ ਦੇ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਜਾਣ ਬਾਰੇ ਉਨ੍ਹਾਂ ਕਿਹਾ, ''ਇੱਕ ਫੌਜੀ ਹੋਣ ਦੇ ਨਾਤੇ ਮੈਂ ਬੇਕਸੂਰ ਭਾਰਤੀਆਂ ਦੀਆਂ ਹੁੰਦੀਆਂ ਮੌਤਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਅਜਿਹੇ ਹਾਲਾਤ ਵਿੱਚ ਮੈਂ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਜਾਣਾ ਸਹੀ ਨਹੀਂ ਸਮਝਿਆ।''

ਦੱਸ ਦਈਏ ਕਿ ਪਾਕਿਸਤਾਨ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਕੱਲ੍ਹ (28 ਨਵੰਬਰ) ਪਾਕਿਸਤਾਨ 'ਚ ਹੋਣ ਵਾਲੇ ਨੀਂਹ ਪੱਥਰ ਸਮਾਗਮ ਲਈ ਸੱਦਾ ਭੇਜਿਆ ਗਿਆ ਸੀ।

ਪੰਜਾਬ ਦੇ ਮੁੱਖ ਮੰਤਰੀ ਦੇ ਪਾਕਿਸਤਾਨ ਜਾਣ ਦੇ ਸੱਦੇ ਨੂੰ ਠੁਕਰਾਉਣ ਅਤੇ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਦੇ ਫ਼ੈਸਲੇ ਤੋਂ ਬਾਅਦ ਟਵਿੱਟਰ ਯੂਜ਼ਰਜ਼ ਦੇ ਵਿਚਾਰ ਕਿਸ ਤਰ੍ਹਾਂ ਦੇ ਹਨ, ਆਓ ਜਾਣਦੇ ਹਾਂ...

Image copyright Getty Images
ਫੋਟੋ ਕੈਪਸ਼ਨ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਾਬਾ ਨਾਨਕ ਵਿਖੇ ਪਾਕ ਫ਼ੌਜ ਮੁਖੀ ਨੂੰ ਵੰਗਾਰਿਆ ਸੀ (ਫ਼ਾਈਲ ਫੋਟੋ)

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ 'ਚ ਲਿਖਿਆ, ''ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਰਤਾਰਪੁਰ ਲਾਂਘਾ ਬਣਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਾ ਹਾਂ ਪਰ ਜਦੋਂ ਤੱਕ ਪਾਕਿਸਤਾਨ ਭਾਰਤ ਦੇ ਪ੍ਰਤੀ ਹਿੰਸਾ ਨਹੀਂ ਰੋਕਦਾ, ਮੈਂ ਉਧਰ ਨਹੀਂ ਜਾਵਾਂਗਾ।''

ਕਰਤਾਰਪੁਰ ਲਾਂਘੇ ਬਾਰੇ ਨਵਜੋਤ ਸਿੰਘ ਸਿੱਧੂ ਨੇ ਕਈ ਟਵੀਟ ਕੀਤੇ ਹਨ, ਪਕਿਸਤਾਨ ਜਾਂਦੇ ਵਕਤ ਸਿੱਧੂ ਉਨ੍ਹਾਂ ਇੱਕ ਵੀਡੀਓ ਸ਼ੇਅਰ ਕੀਤਾ । ਜਿਸ ਵਿਚ ਉਹ ਕਿਹ ਰਹੇ ਹਨ ਕਿ ਦੋਵਾਂ ਦੇਸ਼ਾਂ ਵਿਚ ਖੂਨ ਖ਼ਰਾਬਾ ਬੰਦ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਬਾਬਾ ਨਾਨਕ ਨੇ ਚਾਰ ਕਿਲੋਮੀਟਰ ਦਾ ਰਸਤਾ ਬਣਾਇਆ ਹੈ ਜੋ ਅਮਨ ਤੇ ਸਾਂਤੀ ਵੱਲ ਖੁੱਲਦਾ ਹੈ। ਇਹ ਸ਼ੁਰੂਆਤ ਭਾਰਤ ਅਤੇ ਪਾਕਿਸਤਾਨ ਦੋਵਾਂ ਲਈ ਤਰੱਕੀ ਅਤੇ ਖ਼ੁਸ਼ਹਾਲੀ ਦਾ ਸਬੱਬ ਬਣੇਗਾ। ਇਹੀ ਸੁਨੇਹਾ ਦੇਣ ਉਹ ਪਾਕਿਸਤਾਨ ਆਏ ਹਨ।

ਫੋਟੋ ਕੈਪਸ਼ਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਦੋਸਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸੱਦਾ ਕਬੂਲ ਕੀਤਾ ਹੈ ਅਤੇ ਉਹ ਕੱਲ੍ਹ ਜਾਣਗੇ ਪਾਕਿਸਤਾਨ

ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਹਾਲਾਂਕਿ ਡੇਰਾ ਬਾਬਾ ਨਾਨਕ ਵਿਖੇ ਹੋਏ ਨੀਂਹ ਪੱਥਰ ਸਮਾਗਮ 'ਚ ਨਹੀਂ ਗਏ ਸਨ। ਪਰ ਅਰਦਾਸ ਕਰਨ ਲਈ ਦੂਰਬੀਨ ਰਾਹੀਂ ਉਨ੍ਹਾਂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨ ਕੀਤੇ ਅਤੇ ਆਪਣੇ ਪ੍ਰੋਗਰਾਮ ਤਹਿਤ ਵਾਪਿਸ ਮੁੜ ਗਏ।

ਇਸ ਟਵੀਟ ਨਾਲ ਉਨ੍ਹਾਂ ਆਪਣੇ ਭਾਸ਼ਣ ਦੀ ਵੀਡੀਓ ਵੀ ਸਾਂਝੀ ਕੀਤੀ ਅਤੇ ਇਸ 'ਤੇ ਟਵੀਟ ਕਰਦਿਆਂ ਕਈ ਲੋਕਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ।

ਪ੍ਰੋ. ਵੀਆਰ ਸੇਠੀ ਨਾਂ ਦੇ ਟਵਿੱਟਰ ਯੂਜ਼ਰ ਨੇ ਲਿਖਿਆ, ''ਆਪ ਜੀ ਨੇ ਸਾਬਿਤ ਕਰ ਦਿੱਤਾ ਕਿ ਤੁਸੀਂ ਕੈਪਟਨ ਵੀ ਹੋ ਅਤੇ ਇੱਕ ਮਹਾਰਾਜਾ ਵੀ ਹੋ ਜੀ।''

ਦਿਵਿਆ ਅਰੋੜਾ ਨੇ ਲਿਖਿਆ, ''ਸਰ ਤੁਸੀਂ ਕਾਂਗਰਸ ਛੱਡ ਭਾਜਪਾ 'ਚ ਆ ਜਾਓ।''

ਜੋਬੀ ਰੰਧਾਵਾ ਨਾਂ ਦੇ ਟਵਿੱਟਰ ਹੈਂਡਲਰ ਨੇ ਲਿਖਿਆ, ''ਚੰਗੇ ਸਮੇਂ 'ਤੇ ਗਲਤ ਬਿਆਨਬਾਜ਼ੀ''

ਆਤਿਫ਼ ਖ਼ਾਨ ਲਿਖਦੇ ਹਨ, ''ਸਰ, ਇਸ ਲਹਿਜ਼ੇ 'ਚ ਗੱਲ ਕਰਨ ਦਾ ਸਮਾਂ ਨਹੀਂ ਹੈ, ਦਹਿਸ਼ਤਗਰਦੀ ਦੀ ਲੜਾਈ ਵਿੱਚ ਦੁਨੀਆਂ 'ਚ ਸਭ ਤੋਂ ਵੱਧ ਪਾਕਿਸਤਾਨ ਨੇ ਝੱਲਿਆ ਹੈ। ਤੁਸੀਂ ਭਾਰਤ ਦੀ ਗੱਲ ਕਰਦੇ ਹੋ ,ਜੋ ਪਾਕਿਸਤਾਨ ਦਾ ਇੱਕ ਫੀਸਦੀ ਵੀ ਦਹਿਸ਼ਤ ਨਹੀਂ ਝੱਲਦਾ।''

ਵਕਾਰ ਅਫ਼ਜ਼ਲ ਲਿਖਦੇ ਹਨ, ''ਜਨਾਬ ਪਾਕਿਸਤਾਨ ਵਿੱਚ ਵੀ ਪੰਜਾਬ ਵੱਸਦਾ ਹੈ, ਤੁਸੀਂ ਆ ਜਾਓ ਤੁਹਾਡਾ ਧੰਨਵਾਦ ਕਰਦੇ ਹਾਂ।''

ਕ੍ਰਿਸ਼ਨ ਕਾਂਤ ਨੇ ਲਿਖਿਆ, ''ਕੈਪਟਨ ਸਾਹਬ ਜੀ, ਇਹ ਗੱਲ ਯਾਦ ਰੱਖੋ - ਸ਼ੈਰੀ 'ਤੇ ਵਿਸ਼ਵਾਸ ਨਾ ਕਰੋ, ਤੁਸੀਂ ਉਨ੍ਹਾਂ ਦੇ ਸਭ ਤੋਂ ਟੌਪ ਸਿਆਸੀ ਦੁਸ਼ਮਣ ਹੋ।''

ਉਨ੍ਹਾਂ ਆਪਣੇ ਟਵਿੱਟਰ ਹੈਂਡਲ ਤੋਂ ਕਈ ਟਵੀਟ ਕੀਤੇ ਅਤੇ ਇਨ੍ਹਾਂ ਟਵੀਟ 'ਤੇ ਕਈ ਟਵਿੱਟਰ ਹੈਂਡਲਰਜ਼ ਨੇ ਵੀ ਆਪਣੇ ਵਿਚਾਰ ਰੱਖੇ।

ਹਾਜੀ ਸਾਹਿਬ ਨਾਂ ਦੇ ਟਵਿੱਟਰ ਯੂਜ਼ਰ ਨੇ ਲਿਖਿਆ, ''ਕਸ਼ਮੀਰ ਦਾ ਮਸਲਾ ਸੁਲਝਾਏ ਬਗੈਰ ਭਾਰਤ-ਪਾਕਿਸਤਾਨ ਵਿਚਾਲੇ ਸ਼ਾਂਤੀ ਸੰਭਵ ਨਹੀਂ ਹੈ।''

ਆਯੂਬ ਖ਼ਾਲਿਦ ਨੇ ਲਿਖਿਆ, ''ਇਸ ਪਹਿਲ ਤੋਂ ਬਾਅਦ ਮੇਰਾ ਸੁਝਾਅ ਹੈ ਕਿ ਦੋਹਾਂ ਪਾਸੇ ਕਸ਼ਮੀਰ ਦੀਆਂ ਸਰਹੱਦਾਂ ਨੂੰ ਖੋਲ੍ਹ ਦਿੱਤਾ ਜਾਵੇ।''

ਲੱਖੀ ਮਾਨਵ ਲਿਖਦੇ ਹਨ, ''ਕੋਈ ਕੁਝ ਵੀ ਕਹੇ, ਦੁਨੀਆਂ ਜਾਣਦੀ ਹੈ ਕਿ ਸਿੱਧੂ ਜੀ ਨੇ ਸਭ ਤੋਂ ਪਹਿਲਾਂ ਆ ਕੇ ਦੱਸਿਆ ਕਿ ਕਰਤਾਰਪੁਰ ਲਾਂਘਾ ਖੁੱਲ੍ਹ ਸਕਦਾ ਹੈ ਜੇ ਸਰਕਾਰ ਚਿੱਠੀ ਭੇਜੇ, ਆਪਸੀ ਮਤਭੇਦ ਆਪਣੀ ਥਾਂ ਹਨ ਪਰ ਸ਼ੁਕਰ ਹੈ ਕਰਤਾਰ ਦਾ ਤੇ ਸਰਕਾਰ ਦਾ, ਅਤੇ ਸਿੱਧੂ ਭਾਅ ਜੀ ਦਾ, ਸਾਡਾ ਵਿਛੋੜਾ ਮੁੱਕ ਗਿਆ।''

ਪ੍ਰੇਮ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਲਿਖਿਆ, ''ਕਰਤਾਰਪੁਰ ਕੌਰੀਡੋਰ ਦਾ ਕ੍ਰੈਡਿਟ ਅਸੀਂ ਤੁਹਾਨੂੰ ਦਿੰਦੇ ਹਾਂ, ਪਹਿਲ ਦਲੇਰੀ ਨਾਲ ਤੁਸੀਂ ਹੀ ਕੀਤੀ ਹੈ।''

ਇਜਾਜ਼ ਮਸੀਦ ਲਿਖਦੇ ਹਨ, ''ਇਹ ਦੋਵਾਂ ਮੁਲਕਾਂ ਵੱਲੋਂ ਇੱਕ ਵੱਡਾ ਕਦਮ ਹੈ, ਹਰ ਕਿਸੇ ਨੂੰ ਆਪਣਾ ਹੱਕ ਮਿਲਣਾ ਚਾਹੀਦਾ ਹੈ।''

ਇਹ ਵੀਡੀਓਜ਼ ਵੀ ਤੁਹਾਨੂੰ ਦਿਲਚਸਪ ਲੱਗ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)