ਸੈਕਸ ਬਾਰੇ ਆਪਣੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕ

  • ਸਿੰਧੂਵਾਸਿਨੀ
  • ਬੀਬੀਸੀ ਪੱਤਰਕਾਰ
ਸੈਕਸ ਐਜੁਕੇਸ਼ਨ

ਤਸਵੀਰ ਸਰੋਤ, Getty Images

''ਬੱਚਿਓ, ਅੱਜ ਸਾਡੀ *** ਐਜੂਕੇਸ਼ਨ ਦੀ ਕਲਾਸ ਹੈ। ਇਹ ਕਹਿੰਦੇ ਹੋਏ ਟੀਚਰ ਡਸਟਰ ਚੁੱਕਦਾ ਹੈ ਤੇ ਬਲੈਕ ਬੋਰਡ 'ਤੇ ਲਿਖਿਆ ਸ਼ਬਦ 'ਸੈਕਸ' ਮਿਟਾ ਦਿੰਦਾ ਹੈ। ਰਹਿ ਜਾਂਦਾ ਹੈ ਸਿਰਫ...ਐਜੂਕੇਸ਼ਨ।

ਬਲੈਕ ਬੋਰਡ 'ਤੇ ਮਰਦ ਅਤੇ ਔਰਤ ਦੀਆਂ ਤਸਵੀਰਾਂ ਬਣੀਆਂ ਹੋਇਆਂ ਹਨ ਅਤੇ ਉਨ੍ਹਾਂ ਦੇ ਗੁਪਤ ਅੰਗਾਂ ਦੀ ਥਾਂ ਖਾਲੀ ਡੱਬਾ ਬਣਾਇਆ ਹੋਇਆ ਹੈ।

ਇਹ ਸਭ ਕੁਝ 'ਈਸਟ ਇੰਡੀਆ ਕਾਮੇਡੀ' ਦੇ ਵੀਡੀਓ ਵਿੱਚ ਵਿਖਾਇਆ ਗਿਆ ਹੈ। ਵੀਡੀਓ ਮਜ਼ਾਕ ਮਜ਼ਾਕ ਵਿੱਚ ਭਾਰਤ ਦੀ ਸੈਕਸ ਐਜੂਕੇਸ਼ਨ ਵਿਵਸਥਾ 'ਤੇ ਮਿਹਣਾ ਮਾਰਦਾ ਹੈ।

ਅਜਿਹੇ ਹੋਰ ਵੀ ਕਈ ਉਦਾਹਰਣ ਹਨ ਜਿਵੇਂ, ਬੱਚੇ ਦਾ ਸਵਾਲ- ਮੰਮੀ, ਬੱਚੇ ਕਿੱਥੋਂ ਆਉਂਦੇ ਹਨ?

ਜਵਾਬ- ਬੇਟਾ, ਆਸਮਾਨ ਤੋਂ ਇੱਕ ਸੁੰਦਰ ਜਿਹੀ ਪਰੀ ਆਉਂਦੀ ਹੈ ਅਤੇ ਬੱਚਿਆਂ ਨੂੰ ਮੰਮੀ ਕੋਲ ਰੱਖ ਕੇ ਚਲੀ ਜਾਂਦੀ ਹੈ।

ਇਹ ਵੀ ਪੜ੍ਹੋ:

ਸਵਾਲ: ਡੈਡੀ, ਉਹ ਹੀਰੋਇਨ ਪ੍ਰੈਗਨੈਂਟ ਕਿਵੇਂ ਹੋ ਗਈ?

ਜਵਾਬ: ਬੇਟਾ, ਹੀਰੋ ਨੇ ਹੀਰੋਇਨ ਨੂੰ ਕਿੱਸ ਕੀਤਾ, ਇਸ ਲਈ ਉਹ ਪ੍ਰੈਗਨੈਂਟ ਹੋ ਗਈ।

ਭਾਰਤੀ ਘਰਾਂ ਵਿੱਚ ਅਜਿਹੀ ਗੱਲਬਾਤ ਆਮ ਹੈ। ਪਰ ਇਸ ਆਮ ਗੱਲਬਾਤ ਦਾ ਨਤੀਜਾ ਬੇਹੱਦ ਖਤਰਨਾਕ ਹੋ ਸਕਦਾ ਹੈ। ਡਾਕਟਰ ਸ਼ਾਰਦਾ ਵਿਨੋਦ ਕੁੱਟੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਇਸ ਬਾਰੇ ਦੱਸਿਆ।

ਤਸਵੀਰ ਸਰੋਤ, Dr. SV Kutty/Facebook

ਫੇਸਬੁੱਕ ਪੋਸਟ ਵਿੱਚ ਲਿਖਿਆ ਸੀ, ''ਅੱਜ ਮੇਰੇ ਕੋਲ 17 ਸਾਲਾਂ ਦੀ ਇੱਕ ਕੁੜੀ ਆਈ ਜੋ ਬੇਹੱਦ ਗਰੀਬ ਪਰਿਵਾਰ ਤੋਂ ਸੀ। ਉਸਨੇ ਮੈਨੂੰ ਦੱਸਿਆ ਕਿ ਬੁਆਏਫਰੈਂਡ ਨਾਲ ਸੈਕਸ ਕਰਨ ਤੋਂ ਬਾਅਦ ਉਸਨੇ ਗਰਭ ਨਿਰੋਧਕ ਦਵਾਈ ਲਈ ਹੈ। ਉਹ ਮੇਰੇ ਅੱਗੇ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ।''

''ਉਹ ਵਾਰ ਵਾਰ ਕਹਿ ਰਹੀ ਸੀ ਕਿ ਦੋਬਾਰਾ ਇਹ ਗਲਤੀ ਨਹੀਂ ਕਰੇਗੀ। ਮੈਂ ਉਸਨੂੰ ਸਮਝਾਇਆ ਕਿ ਇਸ ਵਿੱਚ ਕੁਝ ਗਲਤ ਨਹੀਂ ਹੈ ਅਤੇ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਗੱਲਬਾਤ ਕਰਦਿਆਂ ਪਤਾ ਲੱਗਿਆ ਕਿ ਉਸਨੂੰ ਸੈਕਸ ਬਾਰੇ ਕੁਝ ਪਤਾ ਹੀ ਨਹੀਂ ਸੀ।''

''ਉਸਨੂੰ ਇਹ ਵੀ ਨਹੀਂ ਪਤਾ ਸੀ ਕਿ ਮਰਦ ਦਾ ਗੁਪਤ ਅੰਗ ਕਿਹੋ ਜਿਹਾ ਦਿੱਸਦਾ ਹੈ। ਮੈਂ ਉਸਨੂੰ ਤਸਵੀਰਾਂ ਨਾਲ ਸਮਝਾਇਆ ਕਿ ਸੈਕਸ ਕਿਵੇਂ ਕੀਤਾ ਜਾਂਦਾ ਹੈ। ਅਸਲ 'ਚ ਉਸ ਕੁੜੀ ਨੇ ਸੈਕਸ ਕੀਤਾ ਹੀ ਨਹੀਂ ਸੀ, ਉਸਨੇ ਸਿਰਫ ਆਪਣੇ ਬੁਆਇਫਰੈਂਡ ਨੂੰ ਕਿੱਸ ਕੀਤਾ ਸੀ।''

''ਸਾਡੇ ਇੱਥੇ ਸੈਕਸ ਐਜੁਕੇਸ਼ਨ ਦੀ ਹਾਲਤ ਇੰਨੀ ਮਾੜੀ ਹੈ ਕਿ ਉਸਨੂੰ ਲੱਗਿਆ ਕਿ ਉਹ ਪ੍ਰੈਗਨੈਂਟ ਹੋ ਜਾਵੇਗੀ।''

ਡਾ. ਸ਼ਾਰਦਾ ਦੀ ਇਸ ਪੋਸਟ ਨੂੰ 1500 ਤੋਂ ਵੱਧ ਲੋਕਾਂ ਨੇ ਸ਼ੇਅਰ ਕੀਤਾ।

ਤਸਵੀਰ ਸਰੋਤ, iStock

ਤਸਵੀਰ ਕੈਪਸ਼ਨ,

ਵਿਆਹੇ ਹੋਏ ਲੋਕ ਵੀ ਸੈਕਸ ਬਾਰੇ ਗੱਲ ਕਰਨ ਤੋਂ ਝਿਝਕਦੇ ਹਨ

ਡਾ. ਸ਼ਾਰਦਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਵਿਆਹੇ ਹੋਏ ਮਰੀਜ਼ ਵੀ ਸੈਕਸ ਬਾਰੇ ਖੁਲ੍ਹ ਕੇ ਗੱਲ ਨਹੀਂ ਕਰਦੇ।

ਉਨ੍ਹਾਂ ਇੱਕ ਕਿੱਸਾ ਦੱਸਿਆ, ''ਮੈਂ ਭਾਰਤ ਦੇ ਸਭ ਤੋਂ ਸਿੱਖਿਅਤ ਸੂਬੇ ਕੇਰਲ ਤੋਂ ਹਾਂ, ਉੱਥੇ ਵੀ ਸਾਨੂੰ ਰਿਪ੍ਰੋਡਕਟਿਵ ਸਿਸਟਮ ਬਾਰੇ ਨਹੀਂ ਪੜ੍ਹਾਇਆ ਗਿਆ। ਇੰਨਾ ਹੀ ਨਹੀਂ, ਜਦ ਪ੍ਰੈਗਨੈਂਸੀ ਬਾਰੇ ਦੱਸਣ ਦੀ ਵਾਰੀ ਆਈ ਤਾਂ ਮੁੰਡੇ ਕੁੜੀਆਂ ਨੂੰ ਵੱਖ ਵੱਖ ਕਮਰਿਆਂ 'ਚ ਲਿਜਾਇਆ ਗਿਆ।''

ਯਾਨੀ ਕਿ ਸੈਕਸ ਅਤੇ ਪ੍ਰੈਗਨੈਂਸੀ ਬਾਰੇ ਮੁੰਡੇ ਕੁੜੀਆਂ ਨਾਲ ਇਕੱਠੇ ਗੱਲ ਤੱਕ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ, ''ਜੋ ਦੋ ਸਮੂਹ ਸੈਕਸ ਦੀ ਪ੍ਰਕਿਰਿਆ ਦਾ ਅਹਿਮ ਹਿੱਸਾ ਹੁੰਦੇ ਹਨ, ਉਨ੍ਹਾਂ ਨੂੰ ਵੱਖ ਵੱਖ ਲਿਜਾ ਕੇ ਇਸ ਦੀ ਸਿੱਖਿਆ ਦਿੱਤੀ ਜਾ ਰਹੀ ਹੈ।''

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ, ''ਮੇਰੀ ਉਮਰ 30 ਸਾਲ ਤੋਂ ਵੱਧ ਹੈ ਅਤੇ ਮੇਰੀ ਮਾਂ ਅੱਜ ਵੀ ਮੇਰੀ ਸੈਕਸ ਲਾਈਫ ਨੂੰ ਕੰਟ੍ਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਮੇਰਾ ਵਿਆਹ ਨਹੀਂ ਹੋਇਆ ਹੈ ਤੇ ਇਸ ਕਰਕੇ ਸੈਕਸ ਨੂੰ ਨੈਤਿਕਤਾ ਨਾਲ ਜੋੜ ਕੇ ਵੇਖਿਆ ਜਾਂਦਾ ਹੈ।''

''ਯਾਨੀ ਕਿ ਸੈਕਸ ਬਾਰੇ ਗੱਲ ਸਿਰਫ ਵਿਆਹ ਤੋਂ ਬਾਅਦ, ਬੰਦ ਕਮਰੇ ਵਿੱਚ ਬੱਤੀ ਬੁਝਾਉਣ ਤੋਂ ਬਾਅਦ ਹੀ ਕੀਤੀ ਜਾਵੇਗੀ। ਇਸੇ ਕਰਕੇ ਅਧਿਆਪਕ ਵੀ ਸਕੂਲ ਵਿੱਚ ਬੱਚਿਆਂ ਨੂੰ ਸਹੀ ਅਤੇ ਵਿਸਥਾਰ ਵਿੱਚ ਜਾਣਕਾਰੀ ਦੇਣ ਤੋਂ ਝਿਝਕਦੇ ਹਨ।''

''ਕਿਉਂਕਿ ਉਹ ਵੀ ਚੀਜ਼ਾਂ ਨੂੰ ਉਸੇ ਚਸ਼ਮੇ ਤੋਂ ਵੇਖਦੇ ਹਨ ਜਿਸ ਚਸ਼ਮੇ ਤੋਂ ਬਾਕੀ ਲੋਕ ਵੇਖਦੇ ਹਨ।''

ਸੈਕਸ ਐਜੂਕੇਸ਼ਨ: ਤਜਰਬੇ ਤੇ ਖਾਮੀਆਂ

ਜੇਐੱਨਯੂ ਦੀ ਰਿਸਰਚ ਸਕੌਲਰ ਰਿਸ਼ਿਜਾ ਸਿੰਘ ਨੇ ਇਸ ਬਾਰੇ ਆਪਣਾ ਤਜਰਬਾ ਦੱਸਿਆ। ਉਨ੍ਹਾਂ ਕਿਹਾ, ''ਸੈਕਸ ਬਾਰੇ ਮੈਨੂੰ ਪਹਿਲੀ ਜਾਣਕਾਰੀ ਸਕੂਲ ਤੋਂ ਨਹੀਂ ਮਿਲੀ। ਜਿੱਥੇ ਤੱਕ ਮੈਨੂੰ ਯਾਦ ਹੈ ਮੈਂ ਸੈਕਸ ਬਾਰੇ ਮੈਗਜ਼ੀਨਜ਼ ਵਿੱਚ ਪੜ੍ਹਿਆ ਸੀ।''

''ਉਸ ਤੋਂ ਬਾਅਦ ਅੱਠਵੀਂ ਜਾਂ ਨੌਵੀਂ ਜਮਾਤ ਵਿੱਚ ਮੇਰੀ ਇੱਕ ਦੋਸਤ ਨੇ ਮੈਨੂੰ ਦੱਸਿਆ ਕਿ ਸੈਕਸ ਕਿਵੇਂ ਕੀਤਾ ਜਾਂਦਾ ਹੈ। ਸਕੂਲ ਵਿੱਚ ਦਸਵੀਂ ਜਮਾਤ 'ਚ ਬਾਇਓਲੌਜੀ ਦੀ ਕਲਾਸ ਵਿੱਚ ਇਹ ਪੜ੍ਹਾਇਆ ਗਿਆ ਸੀ। ਕਿਤਾਬਾਂ ਵਿੱਚ ਸੈਕਸ ਬਾਰੇ ਬਹੁਤ ਔਖੀ ਤੇ ਤਕਨੀਕੀ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ।''

''ਬੱਸ ਰੱਟਾ ਮਾਰ ਲਵੋ ਤੇ ਪਰੀਖਿਆ ਵਿੱਚ ਕੁਝ ਸਵਾਲਾਂ ਦੇ ਜਵਾਬ ਲਿਖ ਦੇਵੋ, ਜਿਵੇਂ ਅਸਲ ਜ਼ਿੰਦਗੀ ਵਿੱਚ ਤੁਹਾਡਾ ਇਸ ਨਾਲ ਪਾਲਾ ਪੈਣ ਹੀ ਨਹੀਂ ਵਾਲਾ।''

ਤਸਵੀਰ ਸਰੋਤ, Getty Images

''ਇਸ ਦੇ ਪਿੱਛੇ ਦੀ ਵਜ੍ਹਾ ਹੈ ਸਾਡਾ ਸਮਾਜਕ ਤੇ ਸੰਸਕ੍ਰਿਤਕ ਢਾਂਚਾ। ਘਰਾਂ ਵਿੱਚ ਮਾਪੇ ਅਜਿਹਾ ਵਤੀਰਾ ਕਰਦੇ ਹਨ ਜਿਵੇਂ ਉਨ੍ਹਾਂ ਦੇ ਬੱਚੇ ਆਮ ਇਨਸਾਨ ਨਹੀਂ ਹਨ ਤੇ ਉਨ੍ਹਾਂ 'ਚ ਕੋਈ ਸੈਕਸ਼ੁਅਲ ਭਾਵਨਾਵਾਂ ਨਹੀਂ ਹਨ। ਸੈਕਸ ਛੱਡ, ਅਸੀਂ ਤਾਂ ਆਪਣੇ ਘਰਾਂ ਵਿੱਚ ਮਾਹਵਾਰੀ ਤੱਕ ਬਾਰੇ ਗੱਲ ਨਹੀਂ ਕਰਦੇ।''

''ਫੇਰ ਇੱਕ ਦਿਨ ਅਚਾਨਕ ਕਿਸੇ ਅਜਨਬੀ ਨਾਲ ਮਾਪੇ ਵਿਆਹ ਕਰਾ ਦਿੰਦੇ ਹਨ ਅਤੇ ਉਮੀਦ ਕਰਦੇ ਹਨ ਕਿ ਅਗਲੇ ਸਾਲ ਹੀ ਪੋਤੇ ਪੋਤੀਆਂ ਮਿਲ ਜਾਣ।''

''ਕੀ ਅਸੀਂ ਕਦੇ ਸੋਚਦੇ ਹਾਂ ਕਿ ਸਾਡੇ ਬੱਚਿਆਂ ਨੂੰ ਸੈਕਸ ਬਾਰੇ ਜਾਣਕਾਰੀ ਕਿਵੇਂ ਮਿਲੇਗੀ, ਜੇ ਮਿਲੇਗੀ ਵੀ ਤਾਂ ਕੀ ਉਹ ਜਾਣਕਾਰੀ ਸਹੀ ਹੋਵੇਗੀ?''

'ਸੈਕਸ ਬਾਰੇ ਦੱਸਣ ਨਾਲ ਬੱਚੇ ਸੁਰੱਖਿਅਤ ਰਹਿਣਗੇ'

ਦੀਪਤੀ ਬੱਚਿਆਂ ਲਈ ਕੰਮ ਕਰਨ ਵਾਲੀ ਸੰਸਥਾ 'ਪਰਵਰਿਸ਼' ਦੇ ਸੈਕਸ਼ੁਅਲ ਲਿਟਰੇਸੀ ਪ੍ਰੋਗਰਾਮ 'ਆਓ ਬਾਤ ਕਰੇਂ' ਦੀ ਪ੍ਰੋਜੈਕਟ ਹੈੱਡ ਹਨ, ਉਨ੍ਹਾਂ ਦੀ ਟੀਮ ਬੱਚਿਆਂ ਨੂੰ ਸੈਕਸ ਐਜੂਕੇਸ਼ਨ ਦਿੰਦੀ ਹੈ।

ਦੀਪਤੀ ਨੇ ਦੱਸਿਆ, ''ਰਿਪ੍ਰੋਡਕਸ਼ਨ ਸਿਸਟਮ ਤੇ ਮਾਹਵਾਰੀ ਬਾਰੇ ਕਿਤਾਬਾਂ ਵਿੱਚ ਸੱਤਵੀਂ ਅੱਠਵੀਂ ਜਮਾਤ 'ਚ ਦੱਸਿਆ ਜਾਂਦਾ ਹੈ ਜਦਕਿ ਅਸਲ 'ਚ ਇਸ ਉਮਰ ਤੱਕ ਦੇ ਬੱਚੇ ਬਹੁਤ ਸਾਰੀਆਂ ਚੀਜ਼ਾਂ ਵੇਖ ਚੁੱਕੇ ਹੁੰਦੇ ਹਨ, ਬਹੁਤ ਸਾਰੀਆਂ ਚੀਜ਼ਾਂ ਤੋਂ ਗੁਜ਼ਰ ਚੁੱਕੇ ਹੁੰਦੇ ਹਨ।''

ਉਨ੍ਹਾਂ ਅੱਗੇ ਕਿਹਾ, ''ਅਸੀਂ ਦੋਵੇਂ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਜਾਂਦੇ ਹਾਂ ਅਤੇ ਸਮਾਜ ਦੇ ਹਰ ਤਬਕੇ ਤੋਂ ਆਉਣ ਵਾਲੇ ਬੱਚਿਆਂ ਦੇ ਮਨਾਂ 'ਚ ਸੈਕਸ ਨੂੰ ਲੈ ਕੇ ਅਣਗਿਣਤ ਸਵਾਲ ਹੁੰਦੇ ਹਨ।''

ਇਹ ਵੀਡੀਓ ਵੀ ਵੇਖ ਸਕਦੇ ਹੋ:

ਵੀਡੀਓ ਕੈਪਸ਼ਨ,

ਕੋਈ ਮੁੰਡੇ ਤੋਂ ਕੁੜੀ ਜਾਂ ਫ਼ਿਰ ਕੁੜੀ ਤੋਂ ਮੁੰਡਾ ਕਿਵੇਂ ਬਣਦਾ ਹੈ?

''ਉਨ੍ਹਾਂ ਨੂੰ ਆਪਣੀ ਸੁਰੱਖਿਆ ਬਾਰੇ ਨਹੀਂ ਪਤਾ, ਸਹਿਮਤੀ ਬਾਰੇ ਨਹੀਂ ਪਤਾ, ਸਮਲਿੰਗਤਾ ਬਾਰੇ ਨਹੀਂ ਪਤਾ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਕੁੜੀਆਂ ਵਾਂਗ ਹੀ ਮੁੰਡੇ ਵੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ।''

ਵੱਡਿਆਂ ਨੂੰ ਅਜਿਹਾ ਲੱਗਦਾ ਹੈ ਕਿ ਜੇ ਬੱਚਿਆਂ ਨੂੰ ਸੈਕਸ ਬਾਰੇ ਸਹੀ ਜਾਣਕਾਰੀ ਦਿੱਤੀ ਜਾਵੇ ਤਾਂ ਉਹ ਸੈਕਸ਼ੁਅਲ ਐਕਟੀਵਿਟੀ ਦਾ ਹਿੱਸਾ ਬਣਨਗੇ।

ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਉਹ ਸੈਕਸ਼ੁਅਲ ਐਕਟੀਵਿਟੀ ਦਾ ਹਿੱਸਾ ਤਾਂ ਬਣਨ ਹੀ ਵਾਲੇ ਹਨ, ਘੱਟੋ ਘੱਟ ਸਹੀ ਜਾਣਕਾਰੀ ਹੋਣ ਤੇ ਉਹ ਸੁਰੱਖਿਅਤ ਤਾਂ ਰਹਿਣਗੇ।

'ਛੇਤੀ ਤੋਂ ਛੇਤੀ ਮਿਲੇ ਸੈਕਸ ਐਜੂਕੇਸ਼ਨ'

ਅਜ਼ੀਮ ਪ੍ਰੇਮ ਜੀ ਯੂਨੀਵਰਸਿਟੀ ਤੋਂ ਐਜੂਕੇਸ਼ਨ ਵਿੱਚ ਐੱਮਏ ਦੀ ਪੜ੍ਹਾਈ ਕਰਨ ਵਾਲੀ ਨੁਪੁਰ ਰਸਤੋਗੀ ਦਾ ਮੰਨਣਾ ਹੈ ਕਿ ਪੰਜਵੀਂ ਤੇ ਛੇਵੀਂ ਜਮਾਤ ਦੇ ਬੱਚਿਆਂ ਨੂੰ ਹੀ ਸੈਕਸ ਐਜੂਕੇਸ਼ਨ ਦੇਣ ਦੀ ਸ਼ੁਰੂਆਤ ਕਰ ਦੇਣੀ ਚਾਹੀਦੀ ਹੈ।

ਨੁਪੁਰ ਨੇ ਕਿਹਾ, ''ਬੱਚਿਆਂ ਨੂੰ ਟੀਵੀ 'ਤੇ ਕੰਡੋਮ ਅਤੇ ਗਰਭ ਨਿਰੋਧਕ ਦੀਆਂ ਮਸ਼ਹੂਰੀਆਂ ਦਿੱਖਦੀਆਂ ਹਨ, ਫਿਲਮਾਂ 'ਚ ਕਿੱਸ ਕਰਦੇ ਹੋਏ ਬੱਚੇ ਵੇਖਦੇ ਹਨ, ਇੰਟਰਨੈਟ 'ਤੇ ਵੀ ਕਾਫੀ ਕੁਝ ਦਿੱਸਦਾ ਹੈ।''

''ਉਨ੍ਹਾਂ ਦੇ ਮਨਾਂ 'ਚ ਸਵਾਲ ਤਾਂ ਪਹਿਲਾਂ ਤੋਂ ਹੀ ਹੁੰਦੇ ਹਨ, ਜ਼ਰੂਰੀ ਹੈ ਕਿ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬੱਚਿਆਂ ਲਈ ਸੈਕਸ ਐਜੁਕੇਸ਼ਨ ਕਿਉਂ ਹੈ ਜ਼ਰੂਰੀ ?

''ਬੱਚਿਆਂ ਨੂੰ ਜੇ ਵੱਡਿਆਂ ਤੋਂ ਜਾਣਕਾਰੀ ਨਹੀਂ ਮਿਲਦੀ ਤਾਂ ਉਹ ਕਿਤੇ ਹੋਰ ਤੋਂ ਜਾਣਕਾਰੀ ਲੈ ਲੈਂਦੇ ਹਨ, ਜਿਵੇਂ ਕਿ ਦੋਸਤ, ਅਡਲਟ ਮੈਗਜ਼ੀਨ ਜਾਂ ਪੋਰਨ ਵੀਡੀਓ।''

''ਪੋਰਨ ਕਾਫੀ ਹਿੰਸਕ ਹੁੰਦਾ ਹੈ, ਅਸਲ ਜ਼ਿੰਦਗੀ ਦੇ ਸੈਕਸ ਤੇ ਪੌਰਨ ਵਿੱਚ ਵਿਖਾਏ ਜਾਣ ਵਾਲੇ ਸੈਕਸ ਵਿੱਚ ਬਹੁਤ ਫਰਕ ਹੁੰਦਾ ਹੈ। ਪੌਰਨ ਵੇਖ ਕੇ ਸਾਨੂੰ ਇਹ ਲੱਗਦਾ ਹੈ ਕਿ ਜੋ ਵੀ ਵਿਖਾਇਆ ਜਾ ਰਿਹਾ ਹੈ, ਉਹ ਅਸੀਂ ਵੀ ਕਰ ਸਕਦੇ ਹਾਂ।''

''ਅਸੀਂ ਨਹੀਂ ਜਾਣਦੇ ਕਿ ਉਸਦਾ ਵੱਡਾ ਹਿੱਸਾ ਨਕਲੀ ਹੁੰਦਾ ਹੈ, ਇਸ ਨਾਲ ਸਾਡੀ ਸੈਕਸ ਲਾਈਫ ਤੇ ਨਕਾਰਾਤਮਕ ਅਸਰ ਪੈਂਦਾ ਹੈ।''

''ਗਲਤ ਜਾਣਕਾਰੀ ਅਤੇ ਈਮੋਸ਼ਨਲ ਸਹਾਰੇ ਤੋਂ ਬਿਨਾਂ ਬੱਚੇ ਅਕਸਰ ਇਕੱਲੇ ਪੈ ਜਾਂਦੇ ਹਨ ਅਤੇ ਇਸ ਕਰਕੇ ਡਿਪਰੈਸ਼ਨ ਵੀ ਹੋ ਸਕਦਾ ਹੈ। ਅਣਚਾਹਿਆ ਗਰਭ, ਯੌਨ ਸ਼ੋਸ਼ਣ ਅਤੇ ਸੰਕਰਮਣ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੈਕਸ ਨੂੰ ਅਸਾਧਾਰਣ ਕਿਉਂ ਮੰਨਿਆ ਜਾਂਦਾ ਹੈ?

ਸੈਕਸ ਦਾ ਹਊਆ ਖਤਮ ਕਿਵੇਂ ਹੋਵੇਗਾ?

  • ਸੈਕਸ ਨੂੰ ਪ੍ਰਾਕ੍ਰਿਤਕ ਅਤੇ ਸਾਧਾਰਣ ਤੌਰ 'ਤੇ ਵੇਖਿਆ ਜਾਏ, ਇਸਦੀ ਲੋੜ ਹਰ ਇਨਸਾਨ ਨੂੰ ਹੁੰਦੀ ਹੈ, ਇਸ ਦਾ ਨੈਤਿਕਤਾ ਨਾਲ ਕੋਈ ਸਬੰਧ ਨਹੀਂ ਹੈ।
  • ਸੈਕਸ ਵੱਡਿਆਂ ਦੇ ਜਾਣਨ ਦੀ ਗੱਲ ਹੈ, ਬੱਚਿਆਂ ਨੂੰ ਇਸ ਬਾਰੇ ਪਤਾ ਨਹੀਂ ਹੋਣਾ ਚਾਹੀਦਾ, ਇਸ ਸੋਚ ਨੂੰ ਬਦਲਣ ਦੀ ਲੋੜ ਹੈ।
  • ਕੁੜੀਆਂ ਤੇ ਮੁੰਡਿਆਂ ਨੂੰ ਵੱਖ ਵੱਖ ਕਲਾਸਾਂ ਵਿੱਚ ਵੱਖ-ਵੱਖ ਬਿਠਾਉਣਾ ਬੰਦ ਕੀਤਾ ਜਾਣਾ ਚਾਹੀਦਾ ਹੈ।
  • ਗੁੱਡ-ਟੱਚ , ਬੈਡ-ਟੱਚ, ਮਾਹਵਾਰੀ, ਸਰੀਰ ਵਿੱਚ ਹੋਣ ਵਾਲੇ ਬਦਲਾਅ, ਸੈਕਸ ਅਤੇ ਸੁਰੱਖਿਅਤ ਸੈਕਸ ਬਾਰੇ ਹੋਣ ਵਾਲੀ ਹਰ ਗੱਲਬਾਤ ਵਿੱਚ ਕੁੜੀਆਂ ਤੇ ਮੁੰਡਿਆਂ ਨੂੰ ਇਕੱਠੇ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
  • ਸਕੂਲਾਂ ਵਿੱਚ ਬੱਚਿਆਂ ਨੂੰ ਪ੍ਰੇਮ ਤੇ ਆਕਰਸ਼ਣ ਵਰਗੀਆਂ ਭਾਵਨਾਵਾਂ ਬਾਰੇ ਦੱਸਿਆ ਜਾਏ। ਘਰ ਵਿੱਚ ਮਾਪੇ ਬੱਚਿਆਂ ਅੱਗੇ ਇੱਕ ਦੂਜੇ ਨੂੰ ਗਲੇ ਲਗਾਉਣ ਜਾਂ ਪਿਆਰ ਜਾਹਿਰ ਕਰਨ ਤੋਂ ਨਾ ਝਿਝਕਣ।
  • ਬਦਲਦੇ ਸਮੇਂ ਦੇ ਨਾਲ ਸਕੂਲਾਂ ਵਿੱਚ ਜਲਦ ਸੈਕਸ ਐਜੂਕੇਸ਼ਨ ਦੀ ਸ਼ੁਰੂਆਤ ਹੋਵੇ। ਕਿਤਾਬੀ ਭਾਸ਼ਾ ਆਸਾਨ ਬਣਾਈ ਜਾਵੇ ਤੇ ਅਧਿਆਪਕਾਂ ਨੂੰ ਵੀ ਪੜ੍ਹਾਉਣ ਦੇ ਤਰੀਕਿਆਂ ਦੀ ਖਾਸ ਟ੍ਰੇਨਿੰਗ ਦਿੱਤੀ ਜਾਵੇ।
  • ਸੈਕਸ ਐਜੂਕੇਸ਼ਨ ਦੇ ਨਾਲ ਨਾਲ ਬੱਚਿਆਂ ਨੂੰ ਸੁਰੱਖਿਆ, ਸਹਿਮਤੀ, ਸੈਕਸ ਨਾਲ ਜੁੜੀਆਂ ਬਿਮਾਰੀਆਂ ਬਾਰੇ ਦੱਸਿਆ ਜਾਵੇ। ਆਈ-ਪਿਲਜ਼ ਬਾਰੇ ਦੱਸਿਆ ਜਾਏ ਅਤੇ ਉਸਦੇ ਸਾਈਡ ਇਫੈਕਟਸ ਬਾਰੇ ਵੀ।
  • ਸੈਕਸ ਸਿਰਫ ਮਰਦ ਤੇ ਔਰਤ ਵਿਚਕਾਰ ਨਹੀਂ ਹੁੰਦਾ, ਬੱਚਿਆਂ ਨੂੰ ਵੱਖ-ਵੱਖ ਸੈਕਸ਼ੁਐਲਿਟੀ ਅਤੇ ਜੈਂਡਰ ਡਾਈਵਰਸਿਟੀ ਬਾਰੇ ਵੀ ਦੱਸਿਆ ਜਾਏ।

ਇਹ ਵੀਡੀਓਜ਼ ਵੀ ਵੇਖ ਸਕਦੇ ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)