ਕਸ਼ਮੀਰ 'ਚ 20 ਮਹੀਨਿਆਂ ਦੀ ਬੱਚੀ ਵੀ ਹੋਈ ਪੈਲੇਟ ਗਨ ਦਾ ਸ਼ਿਕਾਰ

ਕਸ਼ਮੀਰ Image copyright Riyaz Masroor
ਫੋਟੋ ਕੈਪਸ਼ਨ ਸ਼੍ਰੀਨਗਰ ਤੋਂ ਕੁਝ ਦੂਰੀ 'ਤੇ ਸੁਰੱਖਿਆ ਬਲਾਂ ਤੇ ਪ੍ਰਦਰਸ਼ਣਕਾਰੀਆਂ ਦੀ ਮੁਠਭੇੜ ਵਿੱਚ 20 ਮਹੀਨਿਆਂ ਦੀ ਬੱਚੀ ਨੂੰ ਲੱਗੀ ਸੱਟ

ਪਿਛਲੀਆਂ ਗਰਮੀਆਂ ਵਿੱਚ ਪੈਦਾ ਹੋਈ ਹੀਬਾ ਨਿਸਾਰ ਕਸ਼ਮੀਰ ਵਿੱਚ ਵਧਦੀ ਹਿੰਸਾ ਦੀ ਸਭ ਤੋਂ ਤਾਜ਼ਾ ਪੀੜਤ ਹੈ। ਫਿਲਹਾਲ ਉਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਸ਼੍ਰੀਨਗਰ ਤੋਂ 70 ਮੀਲ ਦੀ ਦੂਰੀ 'ਤੇ ਸ਼ੋਪੀਆਂ ਵਿੱਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਮੁਠਭੇੜ ਵਿੱਚ ਹੀਬਾ ਨੂੰ ਸੱਟ ਲੱਗ ਗਈ।

ਉਸਦੀ ਮਾਂ ਮੁਰਸਲਾ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਸੁਰੱਖਿਆ ਬਲਾਂ ਨਾਲ ਉਸਦੇ ਘਰ ਦੇ ਬਾਹਰ ਭਿੜ ਰਹੇ ਸੀ ਜਦ ਅਚਾਣਕ ਹੰਝੂ ਗੈਸ ਦਾ ਗੋਲਾ ਉਨ੍ਹਾਂ ਦੇ ਕਮਰੇ ਵਿੱਚ ਡਿੱਗਿਆ।

ਉਨ੍ਹਾਂ ਕਿਹਾ, ''ਹੀਬਾ ਮੇਰੀ ਗੋਦੀ ਵਿੱਚ ਸੀ ਅਤੇ ਅਸੀਂ ਸਾਰਿਆਂ ਨੂੰ ਸਾਂਹ ਲੈਣ 'ਚ ਪ੍ਰੇਸ਼ਾਨੀ ਹੋ ਰਹੀ ਸੀ। ਮੈਂ ਬਾਰੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਬਹੁਤ ਸਾਰੀਆਂ ਪੈਲੈਟਸ (ਰਬੜ ਦੀਆਂ ਗੋਲੀਆਂ) ਅੰਦਰ ਡਿੱਗੀਆਂ।

''ਮੈਂ ਹੀਬਾ ਦਾ ਚਿਹਰਾ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਫੇਰ ਵੀ ਸੱਟ ਲੱਗ ਗਈ।''

ਇਹ ਵੀ ਪੜ੍ਹੋ:

ਇੱਕ ਘਰ ਅੰਦਰ ਅੱਤਵਾਦੀਆਂ ਦੇ ਹੋਣ ਦਾ ਪਤਾ ਲੱਗਣ ਤੋਂ ਬਾਅਦ ਪਿੰਡ ਨੂੰ ਘੇਰ ਲਿਆ ਗਿਆ ਸੀ।

ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਤਕੜੀ ਗੋਲੀਬਾਰੀ ਹੋਈ ਜਿਸ ਵਿੱਚ ਛੇ ਅੱਤਵਾਦੀ ਤੇ ਇੱਕ ਫੌਜੀ ਮਾਰੇ ਗਏ।

ਐਨਕਾਊਂਟਰ ਤੋਂ ਬਾਅਦ ਭਾਰੀ ਪ੍ਰਦਰਸ਼ਨ ਕੀਤੇ ਗਏ ਜਿੱਥੇ ਭੀੜ ਇਕੱਠਾ ਹੋ ਗਈ। ਇਸ ਮੁਠਭੇੜ 'ਚ ਇੱਕ ਜਵਾਨ ਮੁੰਡਾ ਵੀ ਮਾਰਿਆ ਗਿਆ।

ਘੱਟੋ-ਘੱਟ 50 ਲੋਕਾਂ ਨੂੰ ਗੋਲੀਆਂ 'ਤੇ ਪੈਲੇਟਸ ਕਰਕੇ ਸੱਟਾਂ ਲੱਗੀਆਂ ਹਨ।

ਪੈਲੇਟਸ ਗੈਰ ਮਾਰੂ ਹਥਿਆਰ ਵਜੋਂ ਲਿਆਂਦੇ ਗਏ ਸੀ

ਪੈਲੇਟਸ ਨੂੰ 2010 ਵਿੱਚ ਦੰਗਿਆਂ ਲਈ 'ਗੈਰ ਮਾਰੂ ਹਥਿਆਰ' ਵਜੋਂ ਲਿਆਇਆ ਗਿਆ ਸੀ। ਪਰ ਇਨ੍ਹਾਂ ਨਾਲ ਸੈਂਕੜਿਆਂ ਦੀਆਂ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਹੈ ਅਤੇ ਕਈਆਂ ਦੀ ਜਾਨ ਵੀ ਗਈ ਹੈ। ਹੀਬਾ ਨੀਸਾਰ ਇਸੇ ਹਥਿਆਰ ਦਾ ਸ਼ਿਕਾਰ ਹੋਈ ਹੈ।

ਹੀਬਾ ਦੇ ਪਿਤਾ ਨੀਸਾਰ ਅਹਿਮਦ ਨੇ ਕਿਹਾ, ''ਮੇਰੀ ਧੀ ਇੱਕ ਪੱਥਰ ਤੱਕ ਨਹੀਂ ਫੜ੍ਹ ਸਕਦੀ, ਉਸਨੇ ਕੀ ਕੀਤਾ ਹੈ? ਕੀ ਉਹ ਪੱਥਰਬਾਜ਼ੀ ਕਰਦੀ ਹੈ, ਇਹ ਜੰਗ ਬਦਸੂਰਤ ਕਿਉਂ ਹੁੰਦੀ ਜਾ ਰਹੀ ਹੈ, ਬੱਚੇ ਵੀ ਨਹੀਂ ਬਖਸੇ ਜਾਂਦੇ।''

Image copyright Riyaz Masroor
ਫੋਟੋ ਕੈਪਸ਼ਨ ਹੀਬਾ ਨਸੀਰ ਦੇ ਪਿਤਾ ਨੀਸਾਰ ਅਹਿਮਦ

ਹੀਬਾ ਦੇ ਅੰਕਲ ਜਾਵੇਦ ਅਹਿਮਦ ਨੇ ਕਿਹਾ, ''ਮੇਰੀ ਧੀ ਆਪਣੀ ਮਾਂ ਦੀ ਗੋਦੀ ਵਿੱਚ ਘਰ ਦੇ ਅੰਦਰ ਸੀ। ਦੁਨੀਆਂ ਨੂੰ ਸਾਡੇ ਦੁੱਖ ਦਾ ਅਹਿਸਾਸ ਹੋਣਾ ਚਾਹੀਦਾ ਹੈ।''

ਪਿਛਲੇ ਢਾਈ ਸਾਲਾਂ ਵਿੱਚ ਭਾਰਤੀ ਫੌਜ ਨੇ 'ਆਪਰੇਸ਼ਨ ਆਲ ਆਉਟ' 'ਚ 300 ਤੋਂ ਵੱਧ ਅੱਤਵਾਦੀਆਂ ਨੂੰ ਮਾਰਿਆ ਹੈ।

ਅਧਿਕਾਰੀ ਮੰਨਦੇ ਹਨ ਕਿ ਕਸ਼ਮੀਰ ਵਿੱਚ 300 ਹੋਰ ਅੱਤਵਾਦੀ ਹਨ, ਵਧੇਰੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ, ਅਨੰਤਨਾਗ, ਕੁਲਗਾਮ ਤੇ ਪੁਲਵਾਮਾ ਜ਼ਿਲਿਆਂ ਵਿੱਚ।

ਤੁਸੀਂ ਇਹ ਵੀ ਵੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)