ਕਪਿਲ ਸ਼ਰਮਾ ਦੇ ਵਿਆਹ ਦਾ ਕਾਰਡ ਤੁਸੀਂ ਦੇਖਿਆ

ਕਪਿਲ ਸ਼ਰਮਾ Image copyright facebook/kapil sharma
ਫੋਟੋ ਕੈਪਸ਼ਨ ਕਪਿਲ ਦੱਸ ਚੁੱਕੇ ਹਨ ਕਿ ਦੋਵੇਂ ਸਾਲ 2005 ਵਿੱਚ ਮਿਲੇ ਸਨ ਜਦੋਂ ਕਪਿਲ ਸ਼ਰਮਾ ਗਿੰਨੀ ਦੇ ਕਾਲਜ ਵਿਦਿਆਰਥੀਆਂ ਦਾ ਆਡੀਸ਼ਨ ਲੈਣ ਗਏ ਸਨ

ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਦੀਆਂ ਖ਼ਬਰਾਂ ਵਿਚਾਲੇ ਉਨ੍ਹਾਂ ਨੇ ਆਪਣੇ ਵਿਆਹ ਦਾ ਕਾਰਡ ਟਵੀਟ ਕੀਤਾ ਹੈ।

ਕਪਿਲ ਸ਼ਰਮਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੇ ਵਿਆਹ ਦਾ ਕਾਰਡ ਪੋਸਟ ਕੀਤਾ ਹੈ। ਕਾਰਡ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਵਿਆਹ 12 ਦਸੰਬਰ 2018 ਨੂੰ ਹੋਵੇਗਾ।

ਕਪਿਲ ਆਪਣੀ ਮੰਗੇਤਰ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।

ਇਹ ਵੀ ਪੜ੍ਹੋ:

ਗਿੰਨੀ ਚਤਰਥ ਜਲੰਧਰ ਦੀ ਰਹਿਣ ਵਾਲੀ ਹੈ। ਦੋਵੇਂ ਕਈ ਸਾਲ ਤੋਂ ਰਿਲੇਸ਼ਨ ਵਿੱਚ ਹਨ।

ਕਪਿਲ ਦੱਸ ਚੁੱਕੇ ਹਨ ਕਿ ਦੋਵੇਂ 2005 ਵਿੱਚ ਮਿਲੇ ਸਨ, ਜਦੋਂ ਕਪਿਲ ਸ਼ਰਮਾ ਗਿੰਨੀ ਦੇ ਕਾਲਜ ਵਿਦਿਆਰਥੀਆਂ ਦਾ ਆਡੀਸ਼ਨ ਲੈਣ ਗਏ ਸਨ। ਉਦੋਂ ਉਨ੍ਹਾਂ ਨੇ ਨਾਟਕਾਂ ਦਾ ਨਿਰਦੇਸ਼ਨ ਸ਼ੁਰੂ ਕੀਤਾ ਸੀ।

ਗਿੰਨੀ ਨੇ ਦੱਸਿਆ ਹੈ ਕਿ ਉਹ ਗਿੱਧੇ ਦੇ ਆਡੀਸ਼ਨ ਲਈ ਆਏ ਸਨ। ਉਦੋਂ ਕਪਿਲ ਸ਼ਰਮਾ ਨੂੰ ਉਨ੍ਹਾਂ ਦਾ ਕੰਮ ਐਨਾ ਪਸੰਦ ਆਇਆ ਸੀ ਕਿ ਉਨ੍ਹਾਂ ਨੇ ਕੁੜੀਆਂ ਦੇ ਆਡੀਸ਼ਨ ਦੀ ਜਿੰਮੇਵਾਰੀ ਗਿੰਨੀ ਨੂੰ ਹੀ ਦੇ ਦਿੱਤੀ। ਇੱਥੋਂ ਹੀ ਦੋਵਾਂ ਦੇ ਰਿਸ਼ਤੇ ਦੀ ਸ਼ੁਰੂਆਤ ਹੋਈ।

Image copyright TWITTER/ @KAPILSHARMAK9
ਫੋਟੋ ਕੈਪਸ਼ਨ ਹਾਲ ਹੀ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ ਵਿੱਚ ਬਾਲੀਵੁੱਡ ਅਦਾਕਾਰਾ ਰੇਖਾ ਨੇ ਕਪਿਲ ਸ਼ਰਮਾ ਨੂੰ ਗਲੇ ਲਗਾਉਂਦੇ ਹੋਏ 'ਵਿਆਹ ਮੁਬਾਰਕ' ਕਹਿ ਰਹੀ ਸੀ

ਕਪਿਲ ਨੇ ਆਪਣੇ ਇੰਸਟਾਗ੍ਰਾਮ 'ਤੇ ਦੱਸਿਆ ਸੀ ਕਿ ਗਿੰਨੀ ਦੇ ਪਿਤਾ ਨੇ ਸ਼ੁਰੂਆਤ 'ਚ ਉਨ੍ਹਾਂ ਦੇ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ।

ਉਸ ਵੇਲੇ ਉਹ ਕਰੀਅਰ ਦੀ ਸ਼ੁਰੂਆਤ ਹੀ ਕਰ ਰਹੇ ਸਨ। ਪਰ, ਉਦੋਂ ਤੋਂ ਲੈ ਕੇ ਹੁਣ ਤੱਕ ਗਿੰਨੀ ਨੇ ਉਨ੍ਹਾਂ ਦਾ ਇੰਤਜ਼ਾਰ ਕੀਤਾ ਅਤੇ ਉਨ੍ਹਾਂ ਦੇ ਮੁਸ਼ਕਿਲ ਵੇਲੇ 'ਚ ਉਨ੍ਹਾਂ ਦਾ ਸਾਥ ਦਿੱਤਾ।

ਗਿੰਨੀ ਨੇ ਇੰਸਟਾਗ੍ਰਾਮ 'ਤੇ ਲਿਖਿਆ ਹੈ ਕਿ ਕਪਿਲ ਉਨ੍ਹਾਂ ਦਾ ਬਹੁਤ ਧਿਆਨ ਰੱਖਦੇ ਹਨ। ਉਨ੍ਹਾਂ ਵਰਗਾ ਕੋਈ ਨਹੀਂ ਹੈ।

ਰੇਖਾ ਨੇ ਦਿੱਤੀ ਸੀ ਵਧਾਈ

ਦੋਵਾਂ ਦੇ ਰਿਸ਼ਤੇ ਦੀ ਚਰਚਾ ਲੰਬੇ ਸਮੇਂ ਤੋਂ ਸੀ। ਕਪਿਲ ਗਿੰਨੀ ਦੇ ਨਾਲ ਫੋਟੋਆਂ ਵੀ ਸ਼ੇਅਰ ਕਰਦੇ ਸਨ। ਪਿਛਲੇ ਕੁਝ ਸਮੇਂ ਤੋਂ ਇਹ ਚਰਚਾਵਾਂ ਹੋਰ ਤੇਜ਼ ਹੋ ਗਈਆਂ ਸਨ।

ਇਹ ਵੀ ਪੜ੍ਹੋ:

ਹਾਲ ਹੀ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਵਿੱਚ ਬਾਲੀਵੁੱਡ ਅਦਾਕਾਰਾ ਰੇਖਾ ਨੇ ਕਪਿਲ ਸ਼ਰਮਾ ਨੂੰ ਗਲੇ ਲਗਾਉਂਦੇ ਹੋਏ 'ਵਿਆਹ ਮੁਬਾਰਕ' ਕਹਿ ਰਹੀ ਸੀ।

ਇਸ ਤੋਂ ਬਾਅਦ ਉਹ 'ਕੌਣ ਬਣੇਗਾ ਕਰੋੜ 10' ਦੇ ਗਰੈਂਡ ਫਿਨਾਲੇ ਵਿੱਚ ਵੀ ਪਹੁੰਚੇ ਸਨ। ਇੱਥੇ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਨੂੰ ਆਪਣੇ ਵਿਆਹ 'ਚ ਆਉਣ ਦਾ ਸੱਦਾ ਦਿੱਤਾ ਸੀ।

ਇਸ ਸ਼ੋਅ ਵਿੱਚ ਕਪਿਲ ਆਪਣੇ ਪਾਰਟਨਰ ਰਵੀ ਕਾਲਰਾ ਦੇ ਨਾਲ ਪਹੁੰਚੇ ਸਨ। ਇੱਥੇ ਅਮਿਤਾਭ ਬੱਚਨ ਨੇ ਕਪਿਲ ਤੋਂ ਪੁੱਛਿਆ ਕਿ ਸੁਣਿਆ ਹੈ ਕਿ ਤੁਸੀਂ ਵਿਆਹ ਕਰਵਾਉਣ ਜਾ ਰਹੇ ਹੋ। ਇਸ 'ਤੇ ਕਪਿਲ ਸ਼ਰਮਾ ਨੇ ਅਮਿਤਾਭ ਬੱਚਨ ਨੂੰ ਵਿਆਹ ਦਾ ਸੱਦਾ ਦੇ ਦਿੱਤਾ।

ਕਪਿਲ ਦੇ ਕਰੀਅਰ ਦੇ ਉਤਾਰ-ਚੜ੍ਹਾਅ

ਕਪਿਲ ਸ਼ਰਮਾ ਨੇ 2007 ਵਿੱਚ ਆਪਣੇ ਹੁਨਰ ਦੀ ਬਦਲੌਤ ਲਾਫ਼ਟਰ ਚੈਲੇਂਜ-3 ਜਿੱਤ ਕੇ ਇੰਡਸਟਰੀ ਵਿੱਚ ਕਦਮ ਰੱਖਿਆ। 2013 'ਚ 'ਕਾਮੇਡੀ ਨਾਈਟਸ ਵਿਦ ਕਪਿਲ' ਸ਼ੁਰੂ ਕਰਨ ਤੋਂ ਪਹਿਲਾਂ ਉਹ ਕਾਮੇਡੀ ਸਰਕਸ ਦਾ ਹਿੱਸਾ ਰਹੇ।

'ਕਾਮੇਡੀ ਨਾਈਟਸ ਵਿਦ ਕਪਿਲ' ਨੇ ਉਨ੍ਹਾਂ ਨੂੰ ਬਤੌਰ ਕਲਾਕਾਰ ਬੇਸ਼ੁਮਾਰ ਸਫਲਤਾ ਦਿੱਤੀ। ਤਿੰਨ ਸਾਲ ਤੱਕ ਸ਼ੋਅ ਨੰਬਰ ਵਨ ਰਿਹਾ ਅਤੇ ਕਪਿਲ ਸ਼ਰਮਾ ਭਾਰਤ ਦੇ ਹਰ ਘਰ ਵਿੱਚ ਜਾਣਿਆ-ਪਛਾਣਿਆ ਨਾਮ ਬਣ ਗਿਆ।

ਸ਼ੋਅ ਦੀ ਵਧਦੀ ਸ਼ੋਹਰਤ ਨੂੰ ਦੇਖ ਕੇ ਬਾਲੀਵੁੱਡ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਵੀ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਲਈ ਉੱਥੇ ਪਹੁੰਚਣ ਲੱਗੀਆਂ।

Image copyright FACEBOOK/KAPIL SHARMA

ਉਨ੍ਹਾਂ ਨੇ 2015 ਵਿੱਚ ਅੱਬਾਸ ਮਸਤਾਨ ਦੇ ਨਿਰਦੇਸ਼ਨ 'ਚ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ 'ਕਿਸ-ਕਿਸ ਕੋ ਪਿਆਰ ਕਰੂੰ' ਵਿੱਚ ਵੀ ਕੰਮ ਕੀਤਾ।

ਹਾਲਾਂਕਿ ਇਹ ਫ਼ਿਲਮ ਉਮੀਦ ਮੁਤਾਬਕ ਕਾਰੋਬਾਰ ਨਹੀਂ ਕਰ ਸਕੀ।

ਇਹ ਵੀ ਪੜ੍ਹੋ:

2016 ਕਲਰਜ਼ ਚੈਨਲ ਦੇ ਨਾਲ ਅਣਬਣ ਹੋਣ ਤੋਂ ਬਾਅਦ ਕਪਿਲ ਦਾ ਸ਼ੋਅ ਬੰਦ ਹੋ ਗਿਆ ਅਤੇ ਕਪਿਲ ਸ਼ਰਮਾ ਨੇ ਸੋਨੀ ਚੈਨਲ ਦੇ ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਸ਼ੁਰੂ ਕੀਤਾ ਜਿਸ ਵਿੱਚ ਚੰਪੂ, ਸ਼ਰਮਾ, ਡਾਕਟਰ ਮਸ਼ਹੂਰ ਗੁਲਾਟੀ, ਰਿੰਕੂ ਦੇਵੀ ਅਤੇ ਨਾਨੀ ਵਰਗੇ ਕਿਰਦਾਰ ਮਸ਼ਹੂਰ ਹੋਏ।

ਇਸ ਤੋਂ ਬਾਅਦ ਵੀ ਉਹ ਕਈ ਵਿਵਾਦਾਂ ਵਿੱਚ ਘਿਰੇ। ਫਿਲਹਾਲ ਉਹ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਹਨ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)