'84 ਸਿੱਖ ਕਤਲੇਆਮ : ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ, ਤੇਲ ਛਿੜਕਦੇ ਤੇ ਅੱਗ ਲਾ ਦਿੰਦੇ - ਮੋਹਨ ਸਿੰਘ

1984 ਕਤਲੇਆਮ Image copyright Getty Images
ਫੋਟੋ ਕੈਪਸ਼ਨ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ 1984 ਸਿੱਖ ਕਤਲੇਆਮ ਦੇ ਪੀੜਤਾਂ ਦਾ ਮੈਮੋਰਿਅਲ

ਇੰਦਰਾ ਗਾਂਧੀ ਦੇ ਕਤਲ ਤੋਂ ਅਗਲੇ ਦਿਨ 1 ਨਵੰਬਰ ਨੂੰ ਮੋਹਨ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਸਾਈਕਲ 'ਤੇ ਸਵਾਰ ਹੋ ਕੇ ਦਿੱਲੀ ਦੇ ਤ੍ਰਿਲੋਕਪੁਰੀ ਵਿੱਚ ਇੰਡੀਅਨ ਐਕਸਪ੍ਰੈਸ ਦੇ ਦਫ਼ਤਰ ਤੱਕ ਦਾ ਭਿਆਨਕ ਸਫ਼ਰ ਤੈਅ ਕੀਤਾ ਅਤੇ ਪੱਤਰਕਾਰਾਂ ਨੂੰ ਸਿੱਖਾਂ ਦੇ ਕਤਲੇਆਮ ਬਾਰੇ ਜਾਣਕਾਰੀ ਦਿੱਤੀ।

ਮੋਹਨ ਸਿੰਘ ਮੁਤਾਬਕ ਉਹ ਭਿਆਨਕ ਮੰਜਰ ਕੁਝ ਇਸ ਤਰ੍ਹਾਂ ਸੀ।

ਅਸੀਂ ਰਾਜਸਥਾਨ ਦੇ ਅਲਵਰ ਦੇ ਰਹਿਣ ਵਾਲੇ ਹਾਂ। ਸ਼ੁਰੂਆਤ 'ਚ ਅਸੀਂ ਸ਼ਾਹਦਰਾ ਦੇ ਕਸਤੂਰਬਾ ਗਾਂਧੀ ਨਗਰ 'ਚ ਰਹਿੰਦੇ ਸੀ। ਸਾਲ 1976 ਵਿੱਚ ਅਸੀਂ ਤ੍ਰਿਲੋਕਪੁਰੀ ਆਏ।

ਐਮਰਜੈਂਸੀ ਦੌਰਾਨ ਮਕਾਨਾਂ ਦੀ ਭੰਨ-ਤੋੜ ਹੋ ਰਹੀ ਸੀ ਅਤੇ ਕਸਤੂਰਬਾ ਗਾਂਧੀ ਨਗਰ ਵਿੱਚ ਸਾਡੇ ਮਕਾਨ ਨੂੰ ਵੀ ਤੋੜ ਦਿੱਤਾ ਗਿਆ।

ਇਹ ਵੀ ਪੜ੍ਹੋ-

ਘਰ ਤੋੜਨ ਤੋਂ ਬਾਅਦ ਸਾਨੂੰ ਤ੍ਰਿਲੋਕਪੁਰੀ 'ਚ 25-25 ਗਜ਼ ਦੇ ਪਲਾਟ ਦੇ ਕੇ ਇੱਕ ਕਲੋਨੀ 'ਚ ਵਸਾਇਆ ਗਿਆ।

ਤਿੰਨ ਪੁੱਤਰਾਂ ਸਣੇ ਸਾਡਾ ਪੂਰਾ ਪਰਿਵਾਰ ਉੱਥੇ ਤ੍ਰਿਲੋਕਪੁਰੀ 'ਚ ਰਹਿੰਦਾ ਸੀ। ਮੈਂ ਆਟੋ ਰਿਕਸ਼ਾ ਚਲਾਉਂਦਾ ਸੀ।

ਉਹ 31 ਅਕਤੂਬਰ 1984 ਦੀ ਸ਼ਾਮ ਸੀ। ਮੈਂ ਰੇਡੀਓ ਅਤੇ ਟੀਵੀ 'ਤੇ ਇੰਦਰਾ ਗਾਂਧੀ ਦੀ ਮੌਤ ਦੀ ਖ਼ਬਰ ਸੁਣੀ। ਸ਼ੁਰੂਆਤ 'ਚ ਸਾਨੂੰ ਪਤਾ ਹੀ ਨਹੀਂ ਲੱਗਾ ਇਹ ਸਭ ਕਿਵੇਂ ਹੋਇਆ ਹੈ।

ਫੋਟੋ ਕੈਪਸ਼ਨ ਦੰਗਾਈਆਂ ਨੇ ਚਾਰੇ ਪਾਸੇ ਭੰਨ-ਤੋੜ ਕਰਨੀ ਸ਼ੁਰੂ ਦਿੱਤੀ ਤੇ ਧੂੰਆ ਹੀ ਨਜ਼ਰ ਰਿਹਾ ਸੀ

ਉਸ ਤੋਂ ਬਾਅਦ ਅਸੀਂ ਸਰਦਾਰਾਂ ਦੇ ਖ਼ਿਲਾਫ਼ ਹਿੰਸਾ ਦੀ ਗੱਲ ਸੁਣੀ। ਸ਼ੁਰੂ 'ਚ ਸਭ ਤੋਂ ਵੱਧ ਹਿੰਸਾ ਸਫ਼ਦਰਜੰਗ ਹਸਪਤਾਲ ਕੋਲ ਹੋ ਰਹੀ ਸੀ। ਮੈਂ ਉਸੇ ਇਲਾਕੇ ਵਿੱਚ ਆਟੋ ਚਲਾਉਂਦਾ ਸੀ।

ਅਸੀਂ ਦੇਖਿਆ ਕਿ ਸਿੱਖ ਡਰਾਈਵਰਾਂ ਦੀਆਂ ਗੱਡੀਆਂ 'ਤੇ ਹਮਲੇ ਹੋ ਰਹੇ ਸਨ। ਕਈ ਲੋਕਾਂ ਨੇ ਸਾਨੂੰ ਘਰ ਵਾਪਸ ਜਾਣ ਦੀ ਸਲਾਹ ਦਿੱਤੀ। ਉਸ ਰਾਤ ਕੁਝ ਨਹੀਂ ਹੋਇਆ।

ਦੂਜੇ ਦਿਨ 1 ਨਵੰਬਰ ਦੀ ਸਵੇਰ ਤੋਂ ਹੀ ਕਤਲੇਆਮ ਸ਼ੁਰੂ ਹੋ ਗਿਆ ਸੀ। ਘਰ ਦੇ ਨੇੜੇ ਸ਼ਕਰਪੁਰ ਇਲਾਕਾ ਸੀ। ਮੈਂ ਸਵੇਰੇ ਦੇਖਿਆ ਕਿ ਉੱਥੇ ਅੱਗ ਲੱਗੀ ਹੋਈ ਸੀ ਅਤੇ ਹਰੇਕ ਥਾਂ ਧੂੰਆਂ ਉਠ ਰਿਹਾ ਸੀ।

ਅਸੀਂ ਤ੍ਰਿਲੋਕਪੁਰੀ ਦੇ 32 ਨੰਬਰ ਬਲਾਕ 'ਚ ਰਹਿੰਦੇ ਸੀ। ਬਲਾਕ ਨੰਬਰ 36 'ਚ ਗੁਰਦੁਆਰਾ ਸੀ। ਹਿੰਸਕ ਭੀੜ ਨੇ ਸਭ ਤੋਂ ਪਹਿਲਾਂ ਗੁਰਦੁਆਰੇ ਨੂੰ ਸਾੜਿਆ।

ਭੀੜ ਨੇ ਚਾਰੇ ਪਾਸੇ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਸਾਡੇ ਕੋਲ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਸੀ। ਡਰੇ ਸਹਿਮੇ ਲੋਕ ਆਪਣੇ ਘਰਾਂ ਵਿੱਚ ਲੁਕੇ ਬੈਠੇ ਸਨ।

ਦਿਨ ਵਿੱਚ ਪੁਲਿਸ ਨੇ ਸਾਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਸੀ।

ਕਤਲੇਆਮ ਦੀ ਰਾਤ

ਸ਼ਾਮ 6-7 ਵਜੇ ਕਤਲੇਆਮ ਸ਼ੁਰੂ ਹੋਇਆ। ਚਾਰੇ ਪਾਸੇ ਹਨੇਰਾ ਸੀ। ਬਿਜਲੀ, ਪਾਣੀ ਕੱਟ ਦਿੱਤਾ ਗਿਆ ਸੀ।

ਇਲਾਕੇ ਵਿੱਚ ਕਰੀਬ 200 ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਉਹ ਲੋਕਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਫਿਰ ਉਨ੍ਹਾਂ 'ਤੇ ਤੇਲ ਪਾ ਕੇ ਅੱਗ ਲਗਾ ਦਿੰਦੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਉਹ ਔਰਤ, ਜਿਸ ਨੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਖਾੜਕੂ ਨਾਲ ਵਿਆਹ ਕਰਵਾਇਆ

ਤ੍ਰਿਲੋਕਪੁਰੀ ਦੀਆਂ ਤੰਗ ਗਲੀਆਂ ਕਾਰਨ ਲੋਕ ਚਾਹ ਕੇ ਵੀ ਭੱਜ ਨਹੀਂ ਸਕਦੇ ਸਨ। ਤਲਵਾਰਾਂ ਨਾਲ ਲੈਸ ਭੀੜ ਨੇ ਇਲਾਕੇ ਨੂੰ ਘੇਰਿਆ ਹੋਇਆ ਸੀ।

ਰਾਤ ਦੇ ਕਰੀਬ ਸਾਢੇ ਨੌਂ ਵਜੇ ਮੈਂ ਆਪਣੇ ਵਾਲ ਕੱਟੇ ਅਤੇ ਫਿਰ ਮੈਂ ਕਿਸੇ ਤਰ੍ਹਾਂ ਬਚਦੇ-ਬਚਾਉਂਦੇ ਕਲਿਆਣਪੁਰੀ ਥਾਣੇ ਗਿਆ।

ਥਾਣੇ ਵਿੱਚ ਮੈਂ ਪੁਲਿਸ ਨੂੰ ਦੱਸਿਆ ਕਿ ਸਾਡੇ ਬਲਾਕ 32 ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸਨ ਅਤੇ ਉੱਥੇ ਲੁੱਟ-ਖੋਹ ਜਾਰੀ ਹੈ।

ਮੈਂ ਉਨ੍ਹਾਂ ਕੋਲੋਂ ਮਦਦ ਦੀ ਗੁਹਾਰ ਲਗਾਈ ਪਰ ਮਦਦ ਕਰਨ ਦੀ ਬਜਾਇ ਉਨ੍ਹਾਂ ਨੇ ਮੈਨੂੰ ਭਜਾ ਦਿੱਤਾ।

ਉਨ੍ਹਾਂ ਨੇ ਮੈਨੂੰ ਕਿਹਾ ਤੁਸੀਂ ਵੀ ਇੱਕ ਸਰਦਾਰ ਹੋ, ਦਰਅਸਲ ਮੇਰੇ ਵਾਲ ਚੰਗੀ ਤਰ੍ਹਾਂ ਕੱਟੇ ਹੋਏ ਨਹੀਂ ਸਨ।

ਫਿਰ ਮੈਂ ਆਪਣੇ ਰਿਸ਼ਤੇਦਾਰ ਦੀ ਸਾਈਕਲ ਲਈ ਅਤੇ ਮੈਂ ਆਈਟੀਓ (ਇਨਕਮ ਟੈਕਸ ਵਿਭਾਗ ਦਫ਼ਤਰ) ਚੌਰਾਹੇ ਵੱਲ ਨਿਕਲ ਗਿਆ।

ਰਸਤੇ 'ਚ ਮੈਂ ਦੇਖਿਆ ਕਿ ਸਰਦਾਰਾਂ 'ਤੇ ਹਮਲੇ ਹੋ ਰਹੇ ਹਨ। ਸ਼ਕਰਪੁਰ 'ਚ ਇੱਕ ਹੋਰ ਗੁਰਦੁਆਰਾ ਸੜ ਰਿਹਾ ਸੀ। ਮੈਂ ਡਰਿਆ ਹੋਇਆ ਸੀ।

ਅੱਗੇ ਵੀ ਮੌਤ ਸੀ ਅਤੇ ਪਿੱਛੇ ਵੀ ਮੌਤ, ਪਰ ਅਜਿਹੇ ਹਾਲਾਤ 'ਚ ਆਦਮੀ ਕੁਝ ਨਹੀਂ ਕਰ ਸਕਦਾ।

ਜੇਕਰ ਮੈਂ ਤ੍ਰਿਲੋਕਪੁਰੀ 'ਚ ਰੁਕਦਾ ਤਾਂ ਉੱਥੇ ਵੀ ਮੌਤ ਦਾ ਖ਼ਤਰਾ ਸੀ। ਮੇਰੇ ਦੋ ਛੋਟੇ ਭਰਾ ਕੇਵਲ ਸਿੰਘ ਅਤੇ ਮੇਵਲ ਸਿੰਘ ਦੰਗੇ ਵਿੱਚ ਮਾਰੇ ਗਏ ਸਨ।

ਕੋਈ ਮਦਦ ਨਹੀਂ

ਆਈਟੀਓ ਚੌਰਾਹੇ 'ਤੇ ਰਸਤੇ ਵਿੱਚ ਪੁਲਿਸ ਦਾ ਹੈੱਡਕੁਆਟਰ ਪੈਂਦਾ ਹੈ। ਮੈਂ ਉੱਥੇ ਪਹੁੰਚਿਆ।

ਮੈਂ ਪੁਲਿਸ ਨੂੰ ਇਲਾਕੇ ਦੇ ਹਾਲਾਤ ਬਾਰੇ ਦੱਸਿਆ ਅਤੇ ਕਿਸੇ ਅਫ਼ਸਰ ਨਾਲ ਮਿਲਣ ਦੀ ਇਜ਼ਾਜਤ ਮੰਗੀ। ਪਰ ਮੈਨੂੰ ਕਿਸੇ ਨਾਲ ਵੀ ਮਿਲਣ ਨਹੀਂ ਦਿੱਤਾ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
1984 ਦੇ ਸਿੱਖ ਵਿਰੋਧੀ ਕਤਲੇਆਮ

ਮੈਂ ਸੋਚਿਆਂ ਕਿ ਜੇਕਰ ਮੈਂ ਵਾਪਸ ਗਿਆ ਤਾਂ ਉੱਥੇ ਵੀ ਦੰਗਾਕਾਰੀਆਂ ਦੇ ਹੱਥੋਂ ਮਾਰੇ ਜਾਣ ਦਾ ਡਰ ਸੀ।

ਕੋਲ ਹੀ ਇੰਡੀਅਨ ਐਕਸਪ੍ਰੈਸ ਅਖ਼ਬਾਰ ਦਾ ਦਫ਼ਤਰ ਸੀ। ਉੱਥੇ ਕੰਮ ਕਰਨ ਵਾਲੇ ਪੱਤਰਕਾਰ ਰਾਹੁਲ ਬੇਦੀ ਅਤੇ ਆਲੋਕ ਤੋਮਰ ਮੇਰੇ ਜਾਣਕਾਰ ਸਨ। ਉੱਥੇ ਮੈਂ ਉਨ੍ਹਾਂ ਨੂੰ ਆਪਣੀ ਸਾਰੀ ਕਹਾਣੀ ਦੱਸੀ ਅਤੇ ਮਦਦ ਮੰਗੀ।

ਉਸ ਵੇਲੇ ਰਾਤ ਦੇ ਕਰੀਬ ਸਾਢੇ 11 ਵੱਜ ਗਏ ਸਨ। ਰਾਹੁਲ ਬੇਦੀ ਨੇ ਇੱਕ ਡੀਆਈਜੀ ਜਾਟਵ ਸਾਹਬ ਨੂੰ ਫੋਨ ਕੀਤਾ। ਉਨ੍ਹਾਂ ਨੇ ਜਾਟਵ ਸਾਬ੍ਹ ਨੂੰ ਕਿਹਾ ਇੱਕ ਪਾਸੇ ਤਾਂ ਪੁਲਿਸ ਦਾਅਵਾ ਕਰ ਰਹੀ ਹੈ ਕਿ ਦਿੱਲੀ 'ਚ ਦੰਗੇ ਨਹੀਂ ਹੋ ਰਹੇ ਅਤੇ ਦੂਜੇ ਪਾਸੇ ਉਨ੍ਹਾਂ ਦੇ ਦਫ਼ਤਰ ਵਿੱਚ ਇੱਕ ਵਿਅਕਤੀ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੀ ਗੱਲ ਕਰ ਰਿਹਾ ਹੈ।

ਫਿਰ ਉਹ ਗੱਡੀ ਲੈ ਕੇ ਇਲਾਕੇ ਵੱਲ ਚੱਲ ਪਏ ਪਰ ਰਸਤੇ ਵਿੱਚ ਉਨ੍ਹਾਂ ਦੀ ਗੱਡੀ ਨੂੰ ਸਾੜ ਦਿੱਤਾ।

ਇਹ ਵੀ ਪੜ੍ਹੋ

Image copyright Getty Images
ਫੋਟੋ ਕੈਪਸ਼ਨ ਕਰੀਬ 15-20 ਦਿਨਾਂ ਬਾਅਦ ਘਰ ਦੀ ਹਾਲਤ ਦੇਖਣ ਅਸੀਂ ਵਾਪਸ ਤ੍ਰਿਲੋਕਪੁਰੀ ਗਏ। ਉੱਥੇ ਸਾਰੇ ਘਰ ਸੜੇ ਹੋਏ ਸਨ।

ਉਨ੍ਹਾਂ ਨੇ ਮੈਨੂੰ ਵਾਪਸ ਤ੍ਰਿਲੋਕਪੁਰੀ ਨਹੀਂ ਜਾਣ ਦਿੱਤਾ। ਉਨ੍ਹਾਂ ਨੇ ਕਿਹਾ ਤੁਸੀਂ ਵਾਪਸ ਨਾ ਜਾਓ ਕਿਉਂਕਿ ਵਾਪਸ ਜਾਣ 'ਤੇ ਮੈਨੂੰ ਪਛਾਣ ਲਏ ਜਾਣ ਦਾ ਡਰ ਸੀ। ਉਨ੍ਹਾਂ ਨੇ ਸਾਡੀ ਕਾਫੀ ਮਦਦ ਕੀਤੀ।

ਮੈਂ ਅਗਲੇ 2-3 ਦਿਨ ਦਫ਼ਤਰ 'ਚ ਗੁਜਾਰੇ, ਪਰਿਵਾਰ ਬਾਰੇ ਮੈਨੂੰ ਕੋਈ ਪਤਾ ਨਹੀਂ ਸੀ। ਮੈਂ ਕਈ ਗੁਰਦੁਆਰਿਆਂ ਵਿੱਚ ਪਰਿਵਾਰ ਨੂੰ ਲੱਭਦਾ ਰਿਹਾ।

ਫਿਰ ਫਰਸ਼ ਬਾਜ਼ਾਰ ਵਿੱਚ ਲੱਗੇ ਕੈਂਪ ਬਾਰੇ ਪਤਾ ਲੱਗਾ, ਜਿੱਥੇ ਮੇਰਾ ਪਰਿਵਾਰ ਸੀ।

ਆਲੋਕ ਤੋਮਰ ਅਤੇ ਇੰਡੀਅਨ ਐਕਸਪ੍ਰੈਸ ਦਾ ਦੂਜਾ ਸਟਾਫ ਮੈਨੂੰ ਫਰਸ਼ ਬਾਜ਼ਾਰ ਦੇ ਕੈਂਪ ਤੱਕ ਛੱਡ ਕੇ ਆਏ। ਕੈਂਪ ਵਿੱਚ ਨਾ ਤਾਂ ਕਿਸੇ ਦੇ ਕੋਲ ਪਹਿਨਣ ਲਈ ਕੱਪੜਾ ਸੀ, ਨਾ ਖਾਣ ਲਈ ਰੋਟੀ।

ਮੈਂ ਭੱਜ-ਦੌੜ ਕਰਕੇ ਲੋਕਾਂ ਨੂੰ ਬਿਸਤਰੇ ਮੁਹੱਈਆ ਕਰਵਾਏ। ਕਰੀਬ 15-20 ਦਿਨਾਂ ਬਾਅਦ ਘਰ ਦੀ ਹਾਲਤ ਦੇਖਣ ਅਸੀਂ ਵਾਪਸ ਤ੍ਰਿਲੋਕਪੁਰੀ ਗਏ। ਉੱਥੇ ਸਾਰੇ ਘਰ ਸੜੇ ਹੋਏ ਸਨ।

ਕਰੀਬ ਡੇਢ ਸਾਲ ਕੈਂਪ ਵਿੱਚ ਰਹਿਣ ਤੋਂ ਬਾਅਦ ਅਸੀਂ 1985 'ਚ ਤਿਲਕ ਵਿਹਾਰ (ਪੱਛਮੀ ਦਿੱਲੀ) ਆ ਗਏ।

ਇਹ ਵੀ ਪੜ੍ਹੋ-

1984 ਕਤਲੇਆਮ ਨਾਲ ਸੰਬੰਧਤ ਇਹ ਵੀਡੀਆ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)