ਇੰਦਰਾ ਗਾਂਧੀ ਦੇ 'ਹਿੰਦੂ ਕਤਲੇਆਮ 1966' ਦਾ ਸੱਚ

ਇੰਦਰਾ ਗਾਂਧੀ, ਹਿੰਦੂ ਕਤਲੇਆਮ Image copyright SOCIAL MEDIA/VIRAL POST

ਚੋਣਾਂ ਦੇ ਮੱਦੇਨਜ਼ਰ ਇੱਕ ਪੁਰਾਣੀ ਤਸਵੀਰ ਵੱਟਸਐਪ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ।

ਸ਼ੁੱਕਰਵਾਰ ਨੂੰ ਰਾਜਸਥਾਨ ਵਿੱਚ ਟਵਿੱਟਰ 'ਤੇ ਜਿਹੜੇ ਵੀ ਵੱਡੇ ਟ੍ਰੈਂਡ ਰਹੇ, ਉਨ੍ਹਾਂ ਨਾਲ ਜੋੜ ਕੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ।

ਇਸ ਤਸਵੀਰ ਨਾਲ ਹਿੰਦੀ ਵਿੱਚ ਜਿਹੜਾ ਸੰਦੇਸ਼ ਲਿਖਿਆ ਹੈ, ਉਹ ਹੈ, "ਕੀ ਤੁਸੀਂ ਜਾਣਦੇ ਹੋ ਕਿ ਮੁਸਲਮਾਨਾਂ ਨੂੰ ਖੁਸ਼ ਕਰਨ ਲਈ 7 ਨਵੰਬਰ 1966 ਨੂੰ ਇੰਦਰਾ ਗਾਂਧੀ ਨੇ ਗਊ ਹੱਤਿਆ ਰੋਕਣ ਲਈ ਸੰਸਦ ਦਾ ਘਿਰਾਓ ਕਰਨ ਵਾਲੇ 5000 ਸਾਧੂ-ਸੰਤਾਂ 'ਤੇ ਗੋਲੀਆਂ ਚਲਵਾਈਆਂ ਸਨ। ਆਜ਼ਾਦ ਭਾਰਤ 'ਚ ਐਨਾ ਵੱਡਾ ਹੱਤਿਆਕਾਂਡ ਪਹਿਲਾਂ ਕਦੇ ਨਹੀਂ ਹੋਇਆ ਸੀ।"

Image copyright Viral Post Grab

ਗੂਗਲ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਸਰਚ ਵਿੱਚ ਆਸਾਨੀ ਨਾਲ ਆਉਣ ਵਾਲੇ #Indira, #SadhuMassacre, #AntiHindu #SikhRiots ਵਰਗੇ ਕੁਝ ਹੈਸ਼ਟੈਗ ਦੇ ਨਾਲ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਅਸੀਂ ਜਦੋਂ ਇਸ ਤਸਵੀਰ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਖੱਬੇਪੱਖੀ ਰੁਝਾਨ ਵਾਲੇ ਕਈ ਫ਼ੇਸਬੁੱਕ ਪੇਜਾਂ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ। ਇਸ ਵਿੱਚ ਕੁਝ ਪੋਸਟਾਂ ਸਾਨੂੰ ਸਾਲ 2014-15 ਦੀਆਂ ਵੀ ਮਿਲੀਆਂ।

'ਸੰਤਾਂ ਨੇ ਲਗਾਈ ਜਾਨ ਦੀ ਬਾਜ਼ੀ'

1966 ਦੀ ਇਸ ਘਟਨਾ ਨਾਲ ਜੁੜੇ ਜਿੰਨੇ ਵੀ ਪੋਸਟ ਸਾਨੂੰ ਮਿਲੇ, ਉਨ੍ਹਾਂ ਸਭ 'ਤੇ ਇਹੀ ਲਿਖਿਆ ਸੀ ਕਿ ਸਾਲ 1966 ਵਿੱਚ ਭਾਰਤ ਦੇ ਹਿੰਦੂ ਸੰਤਾਂ ਨੇ ਗਊ-ਹੱਤਿਆ 'ਤੇ ਪਾਬੰਦੀ ਲਗਵਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਗਾਈ ਸੀ ਪਰ ਕਾਂਗਰਸ ਦੀ ਨੇਤਾ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਕੁਝ ਲੋਕਾਂ ਨੇ ਇਸ ਘਟਨਾ ਦੀ ਤੁਲਨਾ 1984 ਦੇ ਸਿੱਖ ਕਤਲੇਆਮ ਨਾਲ ਵੀ ਕੀਤੀ ਹੈ ਅਤੇ ਲਿਖਿਆ ਹੈ ਕਿ ਭਾਰਤ ਦੇ ਇਤਿਹਾਸ ਵਿੱਚ 1984 ਦੇ ਜ਼ਿਕਰ ਹੁੰਦਾ ਹੈ, ਪਰ 1966 ਦੀ ਗੱਲ ਕੋਈ ਨਹੀਂ ਕਰਦਾ।

Image copyright Getty Images

ਇਸ ਹਾਦਸੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ? ਇਸ ਨੂੰ ਲੈ ਕੇ ਵੀ ਤਮਾਮ ਤਰ੍ਹਾਂ ਦੇ ਦਾਅਵੇ ਸੋਸ਼ਲ ਮੀਡੀਆ 'ਤੇ ਦਿਖਾਈ ਦਿੱਤੇ। ਕਈਆਂ ਨੇ ਲਿਖਿਆ ਹੈ ਕਿ ਇਸ ਹਾਦਸੇ ਵਿੱਚ ਘੱਟੋ-ਘੱਟ 250 ਸਾਧੂ-ਸੰਤਾਂ ਦੀ ਮੌਤ ਹੋਈ ਸੀ। ਗੂਗਲ ਸਰਚ ਵਿੱਚ ਮਿਲੇ ਕੁਝ ਵੈਬਸਾਈਟ ਦੇ ਪੇਜਾਂ 'ਤੇ ਮ੍ਰਿਤਕਾਂ ਦੀ ਗਿਣਤੀ ਨੂੰ 1000 ਵੀ ਦੱਸਿਆ ਗਿਆ ਹੈ।

ਕੁਝ ਲੋਕਾਂ ਨੇ ਲਿਖਿਆ ਹੈ, "1966 ਵਿੱਚ ਇੰਦਰਾ ਗਾਂਧੀ ਦੇ ਹੁਕਮ 'ਤੇ ਪੁਲਿਸ ਨੇ ਫਾਇਰਿੰਗ ਕੀਤੀ ਸੀ ਜਿਸ ਵਿੱਚ ਹਜ਼ਾਰਾਂ ਸੰਤ ਮਾਰੇ ਗਏ ਸਨ।"

ਆਪਣੀ ਪੋਸਟ ਵਿੱਚ ਇਨ੍ਹਾਂ ਲੋਕਾਂ ਨੇ ਵਿਕੀਪੀਡੀਆ ਦੇ ਇੱਕ ਪੰਨੇ ਦਾ ਵੀ ਲਿੰਕ ਸ਼ੇਅਰ ਕੀਤਾ ਹੈ।

ਵਿਕੀਪੀਡੀਆ ਪੇਜ ਨਾਲ ਛੇੜਛਾੜ

'1966 ਦਾ ਗਊ-ਹੱਤਿਆ ਅੰਦੋਲਨ' ਨਾਮ ਦੇ ਇਸ ਵਿਕੀਪੀਡੀਆ ਪੇਜ 'ਤੇ ਲਿਖਿਆ ਹੈ ਕਿ "ਗਊ-ਹੱਤਿਆ ਵਿਰੋਧੀ ਅੰਦਲੋਨ 'ਚ ਤਿੰਨ ਤੋਂ ਸੱਤ ਲੱਖ ਲੋਕਾਂ ਨੇ ਹਿੱਸਾ ਲਿਆ ਸੀ। ਜਦੋਂ ਇਨ੍ਹਾਂ ਲੋਕਾਂ ਨੇ ਸੰਸਦ ਦਾ ਘਿਰਾਓ ਕੀਤਾ ਤਾਂ ਪੁਲਿਸ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ ਅਤੇ 375-5,000 ਲੋਕ ਮਾਰੇ ਗਏ, ਉੱਥੇ ਹੀ ਕਰੀਬ 10 ਹਜ਼ਾਰ ਲੋਕ ਜ਼ਖ਼ਮੀ ਹੋਏ।"

Image copyright Facebook

(ਜ਼ਰੂਰੀ ਸੂਚਨਾ: ਵਿਕੀਪੀਡੀਆ ਮੁਤਾਬਕ 22 ਨਵੰਬਰ 2018 ਨੂੰ ਆਖ਼ਰੀ ਵਾਰ ਇਸ ਪੇਜ 'ਤੇ ਛਪੀ ਜਾਣਕਾਰੀ 'ਚ ਕੁਝ ਬਦਲਾਅ ਕੀਤਾ ਗਿਆ ਹੈ। ਇਸ ਪੇਜ 'ਤੇ ਪਹਿਲਾਂ ਇੱਕ ਵਾਕਿਆ ਲਿਖਿਆ ਹੋਇਆ ਸੀ ਕਿ "ਇਸ ਘਟਨਾ 'ਚ ਮਾਰੇ ਜਾਣ ਵਾਲੇ ਲੋਕਾਂ ਦਾ ਅਧਿਕਾਰਕ ਸੰਖਿਆ 7 ਸੀ"। ਆਰਟੀਕਲ ਵਿੱਚ ਇਸ ਸੰਖਿਆ ਨੂੰ ਵਧਾ ਕੇ ਹੁਣ 375 ਕਰ ਦਿੱਤਾ ਗਿਆ ਹੈ।)

ਸਾਬਕਾ ਭਾਜਪਾ ਨੇਤਾ ਦਾ ਬਲਾਗ

ਸਥਾਨਕ ਪੱਧਰ 'ਤੇ 1966 ਦੀ ਇਸ ਘਟਨਾ 'ਤੇ ਹੋਰ ਜ਼ਿਆਦਾ ਗੱਲ ਹੋਣ ਲੱਗੀ ਜਦੋਂ ਸਾਂਗਾਨੇਰ ਦੇ ਵਿਧਾਇਕ ਘਣਸ਼ਾਮ ਤਿਵਾੜੀ ਦੇ ਅਧਿਕਾਰਕ ਫੇਸਬੁੱਕ ਪੇਜ 'ਤੇ ਕਥਿਤ ਤੌਰ 'ਤੇ ਉਨ੍ਹਾਂ ਵੱਲੋਂ ਲਿਖਿਆ ਗਿਆ ਇੱਕ ਬਲਾਗ ਸ਼ੇਅਰ ਕੀਤਾ।

ਘਣਸ਼ਾਮ ਤਿਵਾੜੀ ਦਾ ਨਾਮ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਲੀਡਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਉਹ ਕਈ ਵਾਰ ਭਾਜਪਾ ਦੇ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਨੇ ਰਾਜਸਥਾਨ ਸਰਕਾਰ ਦੇ ਕਈ ਮੰਤਰਾਲੇ ਵੀ ਸੰਭਾਲੇ ਹਨ। ਪਰ ਘਣਸ਼ਾਮ ਤਿਵਾੜੀ ਹੁਣ ਭਾਜਪਾ ਦਾ ਸਾਥ ਛੱਡ ਚੁੱਕੇ ਹਨ।

ਕਰੀਬ ਡੇਢ ਸਾਲ ਪਹਿਲਾਂ ਉਨ੍ਹਾਂ ਨੇ 'ਭਾਰਤ ਵਾਹਿਨੀ ਪਾਰਟੀ' ਬਣਾ ਲਈ ਸੀ ਅਤੇ ਘਣਸ਼ਾਮ ਤਿਵਾੜੀ ਹੁਣ ਇਸ ਪਾਰਟੀ ਦੇ ਸੂਬਾ ਪ੍ਰਧਾਨ ਹਨ। ਇਸ ਵਾਰ ਦੀ ਵਿਧਾਨ ਸਭਾ ਚੋਣ ਉਹ ਆਪਣੀ ਪਾਰਟੀ ਤੋਂ ਹੀ ਲੜ ਰਹੇ ਹਨ।

ਘਣਸ਼ਾਮ ਤਿਵਾੜੀ ਨੇ ਆਪਣੇ ਇਸ ਬਲਾਗ ਵਿੱਚ ਲਿਖਿਆ ਹੈ, "ਜਿਸ ਤਰ੍ਹਾਂ ਕਸਾਈ ਗਊ ਮਾਤਾ 'ਤੇ ਜੁਲਮ ਕਰਦੇ ਹਨ, ਉਸ ਤਰ੍ਹਾਂ ਹੀ ਕਾਂਗਰਸ ਸਰਕਾਰ ਨੇ ਉਨ੍ਹਾਂ ਗਊ ਭਗਤਾਂ 'ਤੇ ਜੁਲਮ ਕੀਤੇ। ਸੜਕ 'ਤੇ ਡਿੱਗੇ ਸਾਧੂਆਂ ਨੂੰ ਚੁੱਕ ਕੇ ਗੋਲੀ ਮਾਰੀ ਗਈ। ਨਤੀਜੇ ਵਜੋਂ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਅਤੇ ਸੈਂਕੜੇ ਸੰਤ ਮਾਰੇ ਗਏ।"

Image copyright Getty Images

ਬਹੁਤ ਸਾਰੇ ਲੋਕ ਵਿਕੀਪੀਡੀਆ ਤੋਂ ਇਲਾਵਾ ਘਣਸ਼ਾਮ ਤਿਵਾੜੀ ਦੇ ਬਲਾਗ ਤੋਂ ਕੁਝ ਹਿੱਸਿਆ ਨੂੰ ਕੱਢ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ।

ਸਾਰੇ ਦਾਅਵਿਆਂ ਦੀ ਪੜਤਾਲ

ਵਾਇਰਲ ਤਸਵੀਰ ਦੇ ਨਾਲ-ਨਾਲ ਅਸੀਂ ਇਨ੍ਹਾਂ ਤਮਾਮ ਦਾਅਵਿਆਂ ਦੀ ਵੀ ਪੜਤਾਲ ਕੀਤੀ।

ਸਾਲ 1966 ਦੀਆਂ ਦੱਸ ਕੇ ਜਿਹੜੀਆਂ ਤਿੰਨ-ਚਾਰ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਉਹ 7 ਨਵੰਬਰ 1966 ਨੂੰ ਦਿੱਲੀ 'ਚ ਹੋਏ ਹੰਗਾਮੇ ਦੀਆਂ ਹੀ ਪਾਈਆਂ ਗਈਆਂ।

ਧਿਆਨ ਨਾਲ ਵੇਖੋ ਤਾਂ ਇਨ੍ਹਾਂ ਤਸਵੀਰਾਂ ਵਿੱਚ ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਅੰਦਰਲੇ ਲੌਨ ਅਤੇ ਰਾਜਪਥ ਦੇ ਕੁਝ ਹਿੱਸੇ ਵਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ:

7 ਨਵੰਬਰ 1966 ਦੇ ਦਿਨ ਦਿੱਲੀ 'ਚ ਹੋਏ ਹੰਗਾਮੇ ਨੂੰ ਇਤਿਹਾਸਕਾਰ ਹਰਬੰਸ ਮੁਖੀਆ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ 'ਚ ਹੋਏ 'ਸਭ ਤੋਂ ਪਹਿਲਾਂ ਵੱਡੇ ਪ੍ਰਦਰਸ਼ਨ' ਦੇ ਤੌਰ 'ਤੇ ਯਾਦ ਕਰਦੇ ਹਨ।

ਉਨ੍ਹਾਂ ਨੇ ਦੱਸਿਆ, "1966 ਵਿੱਚ ਪੂਰੇ ਭਾਰਤ 'ਚ ਗਊ ਹੱਤਿਆ ਖ਼ਿਲਾਫ਼ ਕਾਨੂਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਬਹੁਤ ਸਾਰੇ ਲੋਕ ਇਸ ਨੂੰ ਇੱਕ ਬਹਾਨਾ ਅਤੇ ਸਿਆਸੀ ਸਾਜ਼ਿਸ਼ ਮੰਨਦੇ ਸਨ।"

"ਇਸਦਾ ਕਾਰਨ ਇਹ ਸੀ ਕਿ ਇੰਦਰਾ ਗਾਂਧੀ ਨੇ ਕੁਝ ਸਮਾਂ ਪਹਿਲਾਂ ਹੀ ਸਰਗਰਮ ਸਿਆਸਤ ਸ਼ੁਰੂ ਕੀਤੀ ਸੀ ਅਤੇ ਸਿਆਸੀ ਗਲਿਆਰਿਆਂ ਵਿੱਚ ਲੋਕ ਉਨ੍ਹਾਂ ਨੂੰ 'ਗੂੰਗੀ ਗੂੜੀਆ' ਕਹਿਣ ਲੱਗੇ ਸੀ। ਕਾਂਗਰਸ ਪਾਰਟੀ ਦੇ ਅੰਦਰ ਵੀ ਬਹੁਤ ਸਾਰੇ ਲੋਕ ਇਹੀ ਮੰਨਦੇ ਸਨ। ਇਸ ਲਈ ਇਹ ਕੋਸ਼ਿਸ਼ ਹੋਈ ਕਿ ਇਸ ਬਹਾਨੇ ਸ਼ੁਰੂਆਤ 'ਚ ਹੀ ਇੰਦਰਾ ਨੂੰ ਅਸਥਿਰ ਕਰ ਦਿੱਤਾ ਜਾਵੇ।"

Image copyright Getty Images

ਹਰਬੰਸ ਮੁਖੀਆ 7 ਨਵੰਬਰ ਦੀ ਘਟਨਾ ਨੂੰ ਕੋਈ ਅੰਦਲੋਨ ਜਾਂ ਪ੍ਰਦਰਸ਼ਨ ਨਹੀਂ, ਸਗੋਂ ਇੱਕ ਪ੍ਰੇਰਿਤ ਹੰਗਾਮਾ ਮੰਨਦੇ ਹਨ। ਉਹ ਕਹਿੰਦੇ ਹਨ ਕਿ ਇਹ ਹੰਗਾਮਾ ਜਿੰਨੀ ਤੇਜ਼ੀ ਨਾਲ ਆਯੋਜਿਤ ਹੋਇਆ, ਉਸ ਨੂੰ ਲੋਕ ਓਨੀ ਹੀ ਤੇਜ਼ੀ ਨਾਲ ਭੁੱਲ ਵੀ ਗਏ ਸਨ।

ਸੰਸਦ ਨੂੰ ਬਚਾਉਣ ਲਈ ਹੋਈ ਗੋਲੀਬਾਰੀ

ਸੀਨੀਅਰ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਰਸ਼ੀਦ ਕਿਦਵਈ ਨੇ ਆਪਣੀ ਕਿਤਾਬ 'ਬੈਲੇਟ: ਟੇਨ ਐਪੀਸੋਡਸ ਦੇਟ ਹੈਵ ਸ਼ੇਪਡ ਇੰਡੀਅਨ ਡੈਮੋਕ੍ਰੇਸੀ' ਵਿੱਚ 1966 ਦੀ ਉਸ ਘਟਨਾ ਬਾਰੇ ਦੱਸਿਆ ਗਿਆ ਹੈ। 7 ਨਵੰਬਰ ਦੀ ਘਟਨਾ ਦੇ ਕੁਝ ਬਾਰੀਕ ਡਿਟੇਲ ਰਸ਼ੀਦ ਕਿਦਵਈ ਨੇ ਬੀਬੀਸੀ ਨਾਲ ਸਾਂਝੇ ਕੀਤੇ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਹਰਿਆਣਾ ਦੇ ਕਰਨਾਲ ਜ਼ਿਲ੍ਹੇ ਤੋਂ ਜਨਸੰਘ ਦੇ ਸਾਂਸਦ ਸਵਾਮੀ ਰਾਮੇਸ਼ਵਰਾਨੰਦ ਉਸ ਕਥਿਤ ਅੰਦੋਲਨ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਦੀ ਮੰਗ ਸੀ ਕਿ ਦੇਸ ਵਿੱਚ ਇੱਕ ਕਾਨੂੰਨ ਬਣੇ ਜਿਸਦੇ ਅਨੁਸਾਰ ਗਊ ਹੱਤਿਆ ਨੂੰ ਜੁਰਮ ਮੰਨਿਆ ਜਾਵੇ। ਰਾਸ਼ਟਰੀ ਸਵੈਮਸੇਵਕ ਸੰਘ ਇਸ ਮੰਗ ਦਾ ਸਮਰਥਨ ਕਰ ਰਿਹਾ ਸੀ।"

"ਇਸ ਮੰਗ ਨੂੰ ਲੈ ਕੇ ਹਜ਼ਾਰਾਂ ਸਾਧੂ-ਸੰਤ ਆਪਣੀਆਂ ਗਊਆਂ ਨਾਲ ਦਿੱਲੀ ਆ ਗਏ ਅਤੇ ਅਧਿਕਾਰਕ ਜਾਣਕਾਰੀ ਇਹ ਹੈ ਕਿ ਉਨ੍ਹਾਂ ਨੇ ਸਰਕਾਰੀ ਜਾਣਕਾਰੀ ਦਾ ਨੁਕਸਾਨ ਕੀਤਾ, ਮੰਤਰਾਲੇ ਦੀਆਂ ਇਮਾਰਤਾਂ ਦੇ ਬਾਹਰ ਭੰਨ-ਤੋੜ ਕੀਤੀ। ਨਾਲ ਹੀ ਸੰਸਦ ਵਿੱਚ ਵੜਨ ਦੀ ਕੋਸ਼ਿਸ਼ ਕੀਤੀ।"

"ਭਾਰਤੀ ਇਤਿਹਾਸ ਵਿੱਚ ਸੰਸਦ 'ਤੇ ਇਹ ਪਹਿਲਾ ਅਜਿਹਾ ਹਮਲਾ ਸੀ ਜਦੋਂ ਸੁਰੱਖਿਆ ਕਰਮੀਆ ਨੂੰ ਸੰਸਦ ਦੇ ਬਚਾਅ 'ਚ ਗੋਲੀਬਾਰੀ ਕਰਨੀ ਪਈ। 7 ਨਵੰਬਰ ਦੇ ਦਿਨ 7 ਲੋਕਾਂ ਦੀ ਮੌਤ ਹੋਈ। ਕੁਝ ਲੋਕਾਂ ਨੇ ਆਪਣੀ ਰਿਪੋਰਟ 'ਚ ਮਰਨ ਵਾਲਿਆਂ ਦੀ ਸੰਖਿਆ 8-9 ਵੀ ਲਿਖੀ। ਪਰ ਇਹ ਸੰਖਿਆ ਨਿਸ਼ਚਿਤ ਤੌਰ 'ਤੇ 10 ਤੋਂ ਵੱਧ ਨਹੀਂ ਸੀ।"

Image copyright Getty Images

ਹਰਬੰਸ ਮੁਖੀਆ ਨੇ ਵੀ ਯਾਦ ਕਰਕੇ ਦੱਸਿਆ ਕਿ 1966 ਦੀ ਇਸ ਘਟਨਾ ਵਿੱਚ 10 ਤੋਂ ਵੱਧ ਲੋਕ ਨਹੀਂ ਮਾਰੇ ਗਏ ਸਨ।

ਅੰਗ੍ਰੇਜ਼ੀ ਅਖ਼ਬਾਰ 'ਦਿ ਮਿੰਟ' ਨੇ ਵੀ ਇਸੇ ਸਾਲ 1966 ਦੀ ਇਸ ਘਟਨਾ 'ਤੇ ਕੀਤੀ ਇੱਕ ਰਿਪੋਰਟ 'ਚ ਮਰਨ ਵਾਲਿਆਂ ਦੀ ਸੰਖਿਆ ਨੂੰ ਦਸ ਤੋਂ ਘੱਟ ਦੱਸਿਆ ਹੈ।

'ਦੇਸ ਦੀ ਸੰਸਦ 'ਤੇ ਪਹਿਲਾ ਹਮਲਾ'

ਪੁਲਿਸ ਦੀ ਗੋਲੀਬਾਰੀ ਤੋਂ ਬਾਅਦ ਕੀ ਹੋਇਆ? ਇਸ ਸਵਾਲ 'ਤੇ ਰਸ਼ੀਦ ਕਿਦਵਈ ਕਹਿੰਦੇ ਹਨ, "ਦਿੱਲੀ ਪੁਲਿਸ ਬਹੁਤ ਸਾਰੇ ਹੁੜਦੰਗੀਆਂ ਨੂੰ ਡੀਟੀਸੀ ਦੀਆਂ ਬੱਸਾਂ ਵਿੱਚ ਭਰ ਕੇ ਅਰਾਵਲੀ ਦੇ ਜੰਗਲਾਂ (ਮਹਿਰੌਲੀ-ਗੁੜਗਾਂਓ ਦੇ ਕੋਲ) ਛੱਡ ਆਈ ਸੀ। ਪਰ ਕਿਸੇ ਪ੍ਰਦਰਸ਼ਨਕਾਰੀ ਖ਼ਿਲਾਫ਼ ਪੁਲਿਸ ਕੇਸ ਦਰਜ ਨਹੀਂ ਕੀਤਾ ਗਿਆ ਸੀ।"

"ਇਸ ਘਟਨਾ ਤੋਂ ਬਾਅਦ ਭਾਰਤ ਦੇ ਤਤਕਾਲੀ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੂੰ ਅਸਤੀਫ਼ਾ ਦੇਣਾ ਪਿਆ। ਕਿਹਾ ਗਿਆ ਕਿ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਹਾਲਾਤ ਕਾਬੂ 'ਚ ਕਰਨ ਲਈ ਪਹਿਲਾਂ ਤੋਂ ਤਿਆਰ ਰਹਿਣ ਲਈ ਕਿਹਾ ਸੀ। ਪਰ ਉਹ ਦੇਸ ਦੇ ਗ੍ਰਹਿ ਮੰਤਰੀ ਹੋਣ ਦੇ ਨਾਲ-ਨਾਲ 'ਭਾਰਤ ਸਾਧੂ ਸਮਾਜ' ਦੇ ਪ੍ਰਧਾਨ ਵੀ ਸਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਗੱਲਬਾਤ ਨਾਲ ਪੂਰੀ ਸਥਿਤੀ ਨੂੰ ਕਾਬੂ 'ਚ ਕਰ ਲੈਣਗੇ।"

ਹਰਬੰਦ ਮੁਖੀਆ ਅਤੇ ਰਸ਼ੀਦ ਕਿਦਵਈ, ਦੋਵੇਂ ਹੀ ਕਹਿੰਦੇ ਹਨ ਕਿ 1971 ਦੀਆਂ ਚੋਣਾਂ 'ਚ ਸੰਘ ਦੇ ਲੋਕ ਇਸ ਘਟਨਾ ਨੂੰ 'ਹਿੰਦੂ ਹੱਤਿਆਕਾਂਡ' ਦੱਸ ਕੇ ਪਿੰਡ-ਸ਼ਹਿਰ 'ਚ ਕਾਂਗਰਸ ਦੇ ਖਿਲਾਫ਼ ਗਏ ਸਨ। ਪਰ ਇਸ ਘਟਨਾ ਦਾ ਕਾਂਗਰਸ ਵਿਰੋਧੀ ਕੋਈ ਸਿਆਸੀ ਫਾਇਦਾ ਨਹੀਂ ਚੁੱਕ ਸਕੇ ਸੀ ਅਤੇ ਇਸਦਾ ਕਾਰਨ ਇਹ ਮੰਨਿਆ ਜਾ ਸਕਦਾ ਹੈ ਕਿ ਉਸ ਸਮੇਂ ਦੇਸ ਵਿੱਚ ਪ੍ਰਚਾਰ ਕਰਨ ਦੇ ਸਾਧਨ ਬਹੁਤ ਸੀਮਤ ਸਨ।

ਸਕ੍ਰੋਲ ਵੈੱਬਸਾਈਟ ਨੇ ਵੀ ਆਪਣੇ ਇੱਕ ਲੇਖ 'ਚ 1966 ਦੀ ਇਸ ਘਟਨਾ ਨੂੰ 'ਦੇਸ ਦੀ ਸੰਸਦ 'ਤੇ ਪਹਿਲਾ ਹਮਲਾ' ਦੱਸਿਆ ਹੈ ਜਿਸ ਨੂੰ ਕਥਿਤ ਤੌਰ 'ਤੇ ਗਊ ਰੱਖਿਅਕਾਂ ਨੇ ਅੰਜਾਮ ਦਿੱਤਾ ਸੀ।

Image copyright PTI

ਸਾਨੂੰ ਇਸ ਘਟਨਾ ਨਾਲ ਸਬੰਧਿਤ ਦੋ ਆਰਕਾਈਵ ਲੇਖ 'ਦਿ ਹਿੰਦੂ' ਅਖ਼ਬਾਰ ਦੀ ਸਾਈਟ 'ਤੇ ਵੀ ਮਿਲੇ।

ਗਊ ਹੱਤਿਆ ਖ਼ਿਲਾਫ਼ ਕਾਨੂੰਨ

ਅਖ਼ਬਾਰ ਨੇ 8 ਨਵੰਬਰ ਨੂੰ ਲਿਖਿਆ ਸੀ ਕਿ ਹਿੰਸਾ ਦੇ ਕਾਰਨ ਦੇਸ ਦੀ ਰਾਜਧਾਨੀ ਦਿੱਲੀ 'ਚ ਕਰਫ਼ਿਊ ਲਗਾ ਦਿੱਤਾ ਗਿਆ ਹੈ। ਹਜ਼ਾਰਾਂ ਗਊ ਰੱਖਿਅਕਾਂ ਨੇ ਮਿਲ ਕੇ ਭਾਰਤੀ ਸੰਸਦ 'ਤੇ ਹੱਲਾ ਬੋਲ ਦਿੱਤਾ ਅਤੇ ਉਨ੍ਹਾਂ ਨੇ ਸਰਕਾਰੀ ਵਾਹਨਾਂ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਸੱਤ ਲੋਕਾਂ ਦੀ ਮੌਤ ਹੋਈ ਅਤੇ ਕਰੀਬ 100 ਲੋਕ ਜ਼ਖ਼ਮੀ ਹੋਏ। ਦਿੱਲੀ 'ਚ ਜੁਟੇ ਪ੍ਰਦਰਸ਼ਨਕਾਰੀਆਂ ਵਿੱਚ ਜਨਸੰਘ, ਹਿੰਦੂ ਮਹਾਂਸਭਾ, ਆਰਿਆ ਸਮਾਜ ਅਤੇ ਸਨਾਤਨ ਧਰਮ ਸਭਾ ਦੇ ਲੋਕ ਸ਼ਾਮਲ ਸਨ।

ਬਰਤਾਨਵੀ ਅਖ਼ਬਾਰ 'ਦਿ ਗਾਰਡੀਅਨ' ਨੇ ਵੀ ਇਸ ਘਟਨਾ 'ਤੇ ਰਿਪੋਰਟ ਲਿਖੀ ਸੀ ਜਿਸ ਵਿੱਚ ਇਨ੍ਹਾਂ ਤੱਥਾਂ ਦੀ ਪੁਸ਼ਟੀ ਹੁੰਦੀ ਹੈ।

ਦਿ ਹਿੰਦੂ ਅਖ਼ਬਾਰ ਦੇ ਦਸੰਬਰ 1966 ਦੇ ਅੰਕ ਅਨੁਸਾਰ, ਇਸ ਘਟਨਾ ਤੋਂ ਬਾਅਦ ਇੰਦਰਾ ਗਾਂਧੀ ਨੇ ਸੰਤਾਂ ਦੇ ਨਾਂ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਗਊ ਹੱਤਿਆ ਖ਼ਿਲਾਫ਼ ਕਾਨੂੰਨ ਬਣਾਉਣ ਲਈ ਸ਼ਾਂਤੀ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ:

ਇੰਦਰਾ ਗਾਂਧੀ 'ਤੇ ਕਿਤਾਬ ਲਿਖਣ ਵਾਲੇ ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਵੀ ਆਪਣੀ ਕਿਤਾਬ ਵਿੱਚ ਇਹ ਦਾਅਵਾ ਕੀਤਾ ਹੈ ਕਿ ਇੰਦਰਾ ਗਾਂਧੀ ਨੇ 1966 ਦੀ ਘਟਨਾ ਤੋਂ ਬਾਅਦ ਗਊ ਹੱਤਿਆ 'ਤੇ ਇੱਕ ਰਿਪੋਰਟ ਤਿਆਰ ਕਰਨ ਲਈ ਕਮੇਟੀ ਬਣਾਈ ਸੀ ਜਿਸ ਵਿੱਚ ਕਈ ਵੱਡੇ ਹਿੰਦੂ ਧਾਰਮਿਕ ਨੇਤਾ ਸ਼ਾਮਲ ਸਨ।

ਉਸੇ ਕਮੇਟੀ ਵਿੱਚ ਆਰਐਸਐਸ ਦੇ ਦੂਜੇ ਸਰਸੰਘਚਾਲਕ ਮਾਧਵ ਸਦਾਸ਼ਿਵ ਗੋਲਵਲਕਰ ਅਤੇ ਭਾਰਤ ਵਿੱਚ ਸ਼ਵੇਤ ਕ੍ਰਾਂਤੀ ਦੇ ਜਨਕ ਵਰਗੀਜ਼ ਕੁਰੀਅਨ ਨੂੰ ਵੀ ਰੱਖਿਆ ਗਿਆ ਸੀ।

ਪਰ ਇਹ ਰਿਪੋਰਟ ਤਿਆਰ ਨਾ ਹੋਣ ਦੇ ਕਾਰਨ ਸਾਲ 1979 'ਚ ਇਸ ਕਮੇਟੀ ਨੂੰ ਅਲੱਗ ਥਲੱਗ ਕਰ ਦਿੱਤਾ ਗਿਆ।

(ਇਹ ਕਹਾਣੀ ਫ਼ੇਕ ਨਿਊਜ਼ ਨਾਲ ਲੜਨ ਲਈ ਬਣਾਏ ਗਏ ਪ੍ਰਾਜੈਕਟ 'ਏਕਤਾ ਨਿਊਜ਼ਰੂਮ' ਦਾ ਹਿੱਸਾ ਹੈ। ਜੇਕਰ ਤੁਹਾਡੇ ਕੋਲ ਅਜਿਹੀਆਂ ਖ਼ਬਰਾਂ, ਵੀਡੀਓਜ਼, ਤਸਵੀਰਾਂ ਜਾਂ ਦਾਅਵੇ ਆਉਂਦੇ ਹਨ ਜਿਨ੍ਹਾਂ 'ਤੇ ਤੁਹਾਨੂੰ ਸ਼ੱਕ ਹੋਵੇ ਤਾਂ ਉਨ੍ਹਾਂ ਦੀ ਸੱਚਾਈ ਜਾਣਨ ਲਈ ਤੁਸੀਂ 'ਏਕਤਾ ਨਿਊਜ਼ਰੂਮ' ਦੇ ਇਸ ਨੰਬਰ 'ਤੇ +91 89290 23625 ਵੱਟਸਐਪ ਕਰੋ ਜਾਂ ਇੱਥੇ ਕਲਿੱਕ ਕਰੋ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)