ਜਦੋਂ ਅੰਬੇਡਕਰ ਨੇ ਗਾਂਧੀ ਦੇ 'ਦੋਗਲੇ' ਰਵੱਈਏ ਦੇ ਸਬੂਤ ਦਿੱਤੇ

ਅੰਬੇਡਕਰ

ਡਾਕਟਰ ਭੀਮ ਰਾਓ ਆਰ ਅੰਬੇਡਕਰ ਨੇ ਸਾਲ 1955 ਵਿੱਚ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਗਾਂਧੀ ਨਾਲ ਆਪਣੇ ਸਿਧਾਂਤਕ ਮਤਭੇਦਾਂ ਬਾਰੇ ਗੱਲਬਾਤ ਕੀਤੀ ਸੀ।

ਉਨ੍ਹਾਂ ਨੇ ਇਹ ਇੰਟਰਵਿਊ ਬੀਬੀਸੀ ਰੇਡੀਓ-4 ਨੂੰ 26 ਫਰਵਰੀ 1955 ਨੂੰ ਦਿੱਤਾ ਸੀ। ਡਾ. ਅੰਬੇਡਕਰ ਨਾਲ ਕੀਤੇ ਸਵਾਲ-ਜਵਾਬ ਇਸ ਪ੍ਰਕਾਰ ਹਨ।

ਸਵਾਲ: ਗਾਂਧੀ ਨਾਲ ਤੁਹਾਡੀ ਮੁਲਾਕਾਤ ਕਦੋਂ ਹੋਈ?

ਜਵਾਬ: ਮੇਰੀ ਗਾਂਧੀ ਨਾਲ ਮੁਲਾਕਾਤ ਸਭ ਤੋਂ ਪਹਿਲਾਂ 1929 ਵਿੱਚ ਹੋਈ ਸੀ। ਸਾਡੇ ਦੋਹਾਂ ਦੇ ਸਾਂਝੇ ਮਿੱਤਰ ਨੇ ਗਾਂਧੀ ਨੂੰ ਮੇਰੇ ਨਾਲ ਮੁਲਾਕਾਤ ਕਰਨ ਲਈ ਕਿਹਾ।

ਗਾਂਧੀ ਨੇ ਵੀ ਮੈਨੂੰ ਪੱਤਰ ਲਿਖ ਕੇ ਮਿਲਣ ਦੀ ਇੱਛਾ ਜ਼ਾਹਿਰ ਕੀਤੀ, ਫਿਰ ਮੈਂ ਉਨ੍ਹਾਂ ਦੇ ਨਾਲ ਗੋਲਮੇਜ਼ ਕਾਨਫਰੰਸ ਵਿੱਚ ਜਾਣ ਤੋਂ ਪਹਿਲਾਂ ਮੁਲਾਕਾਤ ਕੀਤੀ।

ਉਹ ਪਹਿਲੀ ਗੋਲਮੇਜ਼ ਕਾਨਫਰੰਸ ਲਈ ਨਹੀਂ ਪਹੁੰਚੇ ਸਨ ਤੇ ਉਨ੍ਹਾਂ ਨੇ ਦੂਜੀ ਕਾਨਫਰੰਸ ਵਿੱਚ ਹਿੱਸਾ ਲਿਆ ਸੀ। ਉੱਥੇ ਉਹ 5-6 ਮਹੀਨਿਆਂ ਤੱਕ ਰਹੇ ਸਨ।

ਉਸ ਵੇਲੇ ਜ਼ਰੂਰ ਮੇਰੀ ਉਨ੍ਹਾਂ ਨਾਲ ਮੁਲਾਕਾਤ ਹੋਈ ਅਤੇ ਦੂਜੀ ਗੋਲਮੇਜ਼ ਕਾਨਫਰੰਸ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਏ।

ਪੂਨਾ ਪੈਕਟ ਦੇ ਹੋਣ ਤੋਂ ਬਾਅਦ ਗਾਂਧੀ ਨੇ ਮੈਨੂੰ ਫਿਰ ਮਿਲਣ ਵਾਸਤੇ ਬੁਲਾਇਆ। ਮੈਂ ਉਨ੍ਹਾਂ ਨੂੰ ਮਿਲਿਆ, ਉਸ ਵੇਲੇ ਉਹ ਜੇਲ੍ਹ ਵਿੱਚ ਸਨ। ਮੇਰੀ ਗਾਂਧੀ ਨਾਲ ਕੇਵਲ ਇੰਨੀਆਂ ਹੀ ਮੁਲਾਕਾਤਾਂ ਹੋਈਆਂ ਸਨ। ਪਰ ਮੇਰੀ ਜਦੋਂ ਵੀ ਗਾਂਧੀ ਨਾਲ ਮੁਲਾਕਾਤ ਹੋਈ ਤਾਂ ਵਿਰੋਧੀ ਵਜੋਂ ਹੀ ਹੋਈ ਸੀ।

ਮੇਰਾ ਮੰਨਣਾ ਹੈ ਕਿ ਮੈਂ ਉਨ੍ਹਾਂ ਨੂੰ ਹੋਰ ਲੋਕਾਂ ਨਾਲੋਂ ਵੱਧ ਜਾਣਦਾ ਹਾਂ ਉਹ ਇਸ ਲਈ ਵੀ ਕਿਉਂਕਿ ਮੈਂ ਉਨ੍ਹਾਂ ਦਾ ਅਸਲ ਸਖ਼ਤ ਰਵੱਈਆ ਦੇਖਿਆ ਸੀ।

ਮੈਂ ਉਨ੍ਹਾਂ ਦੀ ਅਸਲ ਸਖਸ਼ੀਅਤ ਨੂੰ ਵੇਖ ਸਕਦਾ ਸੀ ਜੋ ਉਨ੍ਹਾਂ ਦੇ ਭਗਤ ਨਹੀਂ ਵੇਖ ਸਕਦੇ ਸਨ। ਉਨ੍ਹਾਂ ਨੂੰ ਗਾਂਧੀ ਦਾ ਬਾਹਰੀ ਰੂਪ ਹੀ ਨਜ਼ਰ ਆਉਂਦਾ ਸੀ ਜੋ ਇੱਕ ਮਹਾਤਮਾ ਦਾ ਸੀ।

ਪਰ ਮੈਂ ਉਨ੍ਹਾਂ ਨੂੰ ਇੱਕ ਆਮ ਇਨਸਾਨ ਵਜੋਂ ਦੇਖਿਆ ਹੈ। ਤਾਂ ਤੁਸੀਂ ਕਹਿ ਸਕਦੇ ਹੋ ਕਿ ਮੈਂ ਉਨ੍ਹਾਂ ਦੇ ਕਰੀਬੀਆਂ ਤੋਂ ਵੱਧ ਉਨ੍ਹਾਂ ਨੂੰ ਜਾਣਦਾ ਹਾਂ।

Image copyright DEEKSHABHOOMI/BBC
ਫੋਟੋ ਕੈਪਸ਼ਨ ਅੰਬੇਡਕਰ ਅਨੁਸਾਰ ਗਾਂਧੀ ਅਨੁਸੂਚਿਤ ਜਾਤੀ ਦੇ ਭਲੇ ਬਾਰੇ ਨਹੀਂ ਸੋਚਦੇ ਸਨ

ਸਵਾਲ: ਫਿਰ ਤੁਸੀਂ ਮਹਾਤਮਾ ਗਾਂਧੀ ਬਾਰੇ ਕੀ ਸਿੱਟਾ ਕੱਢਦੇ ਹੋ?

ਜਵਾਬ: ਮੈਂ ਬਾਕੀ ਦੁਨੀਆਂ ਦੀ ਗਾਂਧੀ ਬਾਰੇ ਦਿਲਚਸਪੀ ਦੇਖ ਕੇ ਹੈਰਾਨ ਹੁੰਦਾ ਹਾਂ ਕਿਉਂਕੇ ਮੇਰੇ ਮੁਤਾਬਿਕ ਉਹ ਭਾਰਤੀ ਇਤਿਹਾਸ ਦਾ ਇੱਕ ਅਧਿਆਇ ਹਨ ਪਰ ਕਦੇ ਵੀ ਉਹ ਅਜਿਹੀ ਸ਼ਖਸ਼ੀਅਤ ਨਹੀਂ ਰਹੇ ਜਿਨ੍ਹਾਂ ਨੇ ਭਵਿੱਖ ਦੀਆਂ ਪੀੜ੍ਹੀਆਂ ਦੀ ਸੋਚ ਉੱਤੇ ਅਸਰ ਪਾਇਆ ਹੋਵੇ।

ਗਾਂਧੀ ਦੇਸ ਦੀ ਯਾਦ ਤੋਂ ਗਾਇਬ ਹੋ ਚੁੱਕੇ ਹਨ। ਉਨ੍ਹਾਂ ਦੀ ਯਾਦ ਕੁਝ ਹੱਦ ਤੱਕ ਇਸ ਲਈ ਵੀ ਸਾਂਭੀ ਹੋਈ ਹੈ ਕਿਉਂਕਿ ਕਾਂਗਰਸ ਪਾਰਟੀ ਹਰ ਸਾਲ ਉਨ੍ਹਾਂ ਦੇ ਜਨਮ ਦਿਨ ਜਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਿਸੇ ਦਿਨ ਲਈ ਛੁੱਟੀ ਦਾ ਐਲਾਨ ਕਰਦੀ ਹੈ।

ਉਨ੍ਹਾਂ ਦੀ ਯਾਦ ਵਿੱਚ 7-7 ਦਿਨਾਂ ਤੱਕ ਸਮਾਗਮ ਕੀਤੇ ਜਾਂਦੇ ਹਨ। ਜੇ ਤੁਸੀਂ ਇੱਕ ਹਫ਼ਤੇ ਤੱਕ ਉਨ੍ਹਾਂ ਦੀ ਗੱਲ ਕਰੋਗੇ ਤਾਂ ਕੁਦਰਤੀ ਹੈ ਕਿ ਉਨ੍ਹਾਂ ਦੀ ਯਾਦ ਤਾਂ ਤਾਜ਼ਾ ਹੋਵੇਗੀ। ਪਰ ਜੇ ਅਜਿਹੀਆਂ ਕੋਸ਼ਿਸ਼ਾਂ ਨਾ ਕੀਤੀਆਂ ਜਾਂਦੀਆਂ ਤਾਂ ਉਨ੍ਹਾਂ ਦੀ ਯਾਦ ਕਾਫੀ ਸਮਾਂ ਪਹਿਲਾਂ ਹੀ ਵਿਸਰ ਜਾਂਦੀ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਮਹਾਤਮਾ ਗਾਂਧੀ ਤੇ ਬੀ ਆਰ ਅੰਬੇਡਕਰ ਵਿਚਾਲੇ ਅਨੁਸੂਚਿਤ ਜਾਤੀ ਦੇ ਮੁੱਦੇ 'ਤੇ ਕਾਫੀ ਮਤਭੇਦ ਸਨ

ਸਵਾਲ: ਕੀ ਤੁਹਾਨੂੰ ਨਹੀਂ ਲਗਦਾ ਕਿ ਉਨ੍ਹਾਂ ਨੇ ਸਿਧਾਂਤਕ ਬਦਲਾਅ ਕੀਤਾ ਹੈ?

ਜਵਾਬ: ਬਿਲਕੁੱਲ ਨਹੀਂ...ਉਹ ਹਮੇਸ਼ਾ ਦੋਗਲਾ ਰਵੱਈਆ ਅਪਣਾਉਂਦੇ ਸਨ। ਇਸ ਦਾ ਉਦਾਹਰਨ ਤੁਹਾਨੂੰ ਉਨ੍ਹਾਂ ਵੱਲੋਂ ਛਾਪੇ ਜਾਂਦੇ ਦੋ ਅਖ਼ਬਾਰਾਂ ਤੋਂ ਮਿਲਦਾ ਹੈ। ਅੰਗਰੇਜ਼ੀ ਵਿੱਚ ਨੌਜਵਾਨਾਂ ਲਈ ਉਹ 'ਹਰੀਜਨ' ਅਖ਼ਬਾਰ ਚਲਾਉਂਦੇ ਸਨ ਤੇ ਗੁਜਰਾਤੀ ਵਿੱਚ ਉਹ 'ਦੀਨ ਬੰਧੂ' ਅਖ਼ਬਾਰ ਚਲਾਇਆ ਕਰਦੇ ਸਨ।

ਜੇ ਤੁਸੀਂ ਦੋਵੇਂ ਭਾਸ਼ਾਵਾਂ ਦੇ ਅਖ਼ਬਾਰ ਪੜ੍ਹੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਗਾਂਧੀ ਕਿਵੇਂ ਲੋਕਾਂ ਨੂੰ ਮੂਰਖ ਬਣਾ ਰਹੇ ਸਨ। ਅੰਗਰੇਜ਼ੀ ਅਖ਼ਬਾਰ ਵਿੱਚ ਉਹ ਜਾਤੀਵਾਦ ਤੇ ਛੂਤਛਾਤ ਦੇ ਵਿਰੋਧੀ ਵਜੋਂ ਖੁਦ ਨੂੰ ਪੇਸ਼ ਕਰਦੇ ਸਨ।

ਪਰ ਜੇ ਤੁਸੀਂ ਗੁਜਰਾਤੀ ਮੈਗਜ਼ੀਨ ਪੜ੍ਹੋ ਤਾਂ ਉਹ ਤੁਹਾਨੂੰ ਜਾਤੀਵਾਦ ਤੇ ਵਰਣਵਾਦ ਦੇ ਹਮਾਇਤੀ ਵਜੋਂ ਨਜ਼ਰ ਆਉਣਗੇ ਜਾਂ ਤੁਹਾਨੂੰ ਲੱਗੇਗਾ ਕਿ ਉਹ ਉਸ ਕੱਟੜਵਾਦੀ ਧਾਰਮਿਕ ਸੋਚ ਦੇ ਮਾਲਿਕ ਹਨ ਜਿਸ ਨੇ ਭਾਰਤ ਨੂੰ ਸਦੀਆਂ ਤੱਕ ਜਕੜਿਆ ਹੋਇਆ ਹੈ।

ਇੱਕ ਵਿਅਕਤੀ ਜੋ ਗਾਂਧੀ ਦੀ ਜੀਵਨੀ ਲਿਖ ਰਹੇ ਹਨ ਉਨ੍ਹਾਂ ਨੇ ਗਾਂਧੀ ਦੇ ਅੰਗਰੇਜ਼ੀ ਅਖ਼ਬਾਰ ਹਰੀਜਨ ਵਿੱਚ ਲਿਖੇ ਲੇਖ ਅਤੇ ਗੁਜਰਾਤੀ ਅਖ਼ਬਾਰ ਦੀਨ ਬੰਧੂ ਵਿੱਚ ਲਿਖੇ ਲੇਖਾਂ ਦਾ ਤੁਲਨਾਤਮਕ ਅਧਿਐਨ ਕੀਤਾ ਹੈ। ਇਸ ਅਧਿਐਨ ਦੇ ਸੱਤ ਹਿੱਸੇ ਹਨ।

ਪੱਛਮੀ ਦੇਸ ਕੇਵਲ ਅੰਗਰੇਜ਼ੀ ਅਖ਼ਬਾਰ ਪੜ੍ਹਦੇ ਹਨ ਜਿੱਥੇ ਗਾਂਧੀ ਪੱਛਮ ਦੇਸਾਂ ਦੇ ਲੋਕਾਂ ਨੂੰ ਖੁਸ਼ ਕਰਨ ਲਈ ਲੋਕਤੰਤਰ ਅਤੇ ਲੋਕਤੰਤਰਿਕ ਕੀਮਤਾਂ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਹਨ।

ਪਰ ਅਸਲ ਵਿੱਚ ਉਹ ਲੋਕਾਂ ਨਾਲ ਗੱਲ ਗੁਜਰਾਤੀ ਅਖ਼ਬਾਰ ਵਿੱਚ ਕਰਦੇ ਹਨ। ਉਨ੍ਹਾਂ ਦੀਆਂ ਸਾਰੀਆਂ ਜੀਵਨੀਆਂ ਵਿੱਚ ਅੰਗਰੇਜ਼ੀ ਅਖ਼ਬਾਰ ਵਿੱਚ ਲਿਖੇ ਲੇਖਾਂ ਦਾ ਹਵਾਲਾ ਮਿਲਦਾ ਹੈ ਪਰ ਗੁਜਰਾਤੀ ਲਿਖਤਾਂ ਬਾਰੇ ਕੋਈ ਹਵਾਲਾ ਨਜ਼ਰ ਨਹੀਂ ਆਉਂਦਾ।

Image copyright Getty Images
ਫੋਟੋ ਕੈਪਸ਼ਨ ਮਹਾਤਮਾ ਗਾਂਧੀ ਨੇ ਅੰਬੇਡਕਰ ਦੇ ਵੱਖਰੇ ਇਲੈਕਟੋਰੇਟ ਦਾ ਵਿਰੋਧ ਕੀਤਾ ਸੀ

ਸਵਾਲ: ਫਿਰ ਐੱਸਸੀ ਢਾਂਚੇ ਦੇ ਰਹਿਬਰ ਬਣਨ ਪਿੱਛੇ ਉਨ੍ਹਾਂ ਦਾ ਮਕਸਦ ਕੀ ਸੀ?

ਜਵਾਬ: ਵੇਖੋ ਅਨੁਸੂਚਿਤ ਜਾਤੀ ਨਾਲ ਜੁੜੇ ਦੋ ਮੁੱਦੇ ਹਨ। ਇੱਕ ਪਾਸੇ ਤਾਂ ਅਸੀਂ ਛੁਤਛਾਤ ਨੂੰ ਖ਼ਤਮ ਕਰਨਾ ਚਾਹੁੰਦਾ ਹਾਂ ਪਰ ਅਸੀਂ ਬਰਾਬਰ ਦੇ ਅਧਿਕਾਰ ਵੀ ਚਾਹੁੰਦੇ ਹਾਂ ਤਾਂ ਜੋ ਅਸੀਂ ਸਮਾਜ ਦੀਆਂ ਬਾਕੀਆਂ ਸ਼੍ਰੇਣੀਆਂ ਦੇ ਬਰਾਬਰ ਆ ਸਕੀਏ। ਕੇਵਲ ਛੂਤ-ਛਾਤ ਨੂੰ ਮੁਕਾਉਣਾ ਹੀ ਅਸਲ ਮਕਸਦ ਨਹੀਂ ਹੈ।

ਅਸੀਂ ਬੀਤੇ 2,000 ਸਾਲ ਤੋਂ ਛੂਤ-ਛਾਤ ਦਾ ਬੋਝ ਚੁੱਕਿਆ ਹੋਇਆ ਹੈ ਪਰ ਕਿਸ ਨੂੰ ਇਸ ਬਾਰੇ ਕੋਈ ਫਿਕਰ ਨਹੀਂ ਹੈ।

ਹਾਂ ਮੁਸ਼ਕਿਲਾਂ ਛੂਤ-ਛਾਤ ਨਾਲ ਵੀ ਜੁੜੀਆਂ ਹਨ ਜਿਵੇਂ ਲੋਕ ਪਾਣੀ ਨਹੀਂ ਲਿਜਾ ਸਕਦੇ, ਆਪਣੀ ਜ਼ਮੀਨ ਨਹੀਂ ਖਰੀਦ ਸਕਦੇ, ਆਪਣੇ ਹਿਸਾਬ ਨਾਲ ਰੋਜ਼ੀ-ਰੋਟੀ ਨਹੀਂ ਕਮਾ ਸਕਦੇ।

ਸਭ ਤੋਂ ਜ਼ਰੂਰੀ ਹੈ ਕਿ ਅਨੁਸੂਚਿਤ ਜਾਤੀਆਂ ਨੂੰ ਦੇਸ ਵਿੱਚ ਬਰਾਬਰੀ ਦਾ ਦਰਜਾ ਮਿਲੇ। ਉਨ੍ਹਾਂ ਨੂੰ ਉੱਚ ਅਹੁਦੇ ਸਾਂਭਣ ਦੇ ਮੌਕੇ ਮਿਲਣੇ ਚਾਹੀਦੇ ਹਨ ਤਾਂ ਜੋ ਲੋਕ ਸਨਮਾਨ ਨਾਲ ਰਹਿ ਸਕਣ।

ਇਸ ਦੇ ਨਾਲ ਹੀ ਉਨ੍ਹਾਂ ਨੂੰ ਅਜਿਹੇ ਅਹੁਦਿਆਂ ਤੱਕ ਵੀ ਪਹੁੰਚਣਾ ਚਾਹੀਦਾ ਹੈ ਜਿੱਥੋਂ ਉਹ ਆਪਣੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਸਕਣ। ਪਰ ਮਹਾਤਮਾ ਗਾਂਧੀ ਨੇ ਇਨ੍ਹਾਂ ਤਜਵੀਜ਼ਾਂ ਦਾ ਹਮੇਸ਼ਾ ਪੁਰਜੋਰ ਵਿਰੋਧ ਕੀਤਾ ਸੀ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਅੰਬੇਡਕਰ ਗਾਂਧੀ ਨੂੰ ਮਹਾਤਮਾ ਨਹੀਂ ਸਿਆਸਤਦਾਨ ਮੰਨਦੇ ਸਨ

ਸਵਾਲ: ਮੰਦਰ ਵਿੱਚ ਜਾਣ ਬਾਰੇ ਉਨ੍ਹਾਂ ਦੀ ਕੀ ਰਾਇ ਸੀ?

ਜਵਾਬ: ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਕੇਵਲ ਮੰਦਰ ਵਿੱਚ ਜਾਣ ਦੀ ਇਜਾਜ਼ਤ ਦਿਵਾਉਣਾ ਉਨ੍ਹਾਂ ਦਾ ਮਕਸਦ ਸੀ। ਪਰ ਹਿੰਦੂ ਮੰਦਰਾਂ ਵਿੱਚ ਜਾਣਾ ਹੁਣ ਮੁੱਦਾ ਨਹੀਂ ਹੈ।

ਅਨੁਸੂਚਿਤ ਜਾਤੀ ਦੇ ਲੋਕ ਇਸ ਬਾਰੇ ਪੂਰੇ ਤਰੀਕੇ ਨਾਲ ਸੁਚੇਤ ਹੋ ਚੁੱਕੇ ਹਨ ਕਿ ਮੰਦਰ ਜਾਣ ਨਾਲ ਮਕਸਦ ਪੂਰਾ ਨਹੀਂ ਹੋਵੇਗਾ। ਅਨੁਸੂਚਿਤ ਜਾਤੀ ਦੇ ਲੋਕ ਉਨ੍ਹਾਂ ਘਰਾਂ ਵਿੱਚ ਹੀ ਰਹਿਣਗੇ ਜੋ ਖਾਸਕਰ ਉਨ੍ਹਾਂ ਲਈ ਬਣਾਏ ਗਏ ਹਨ, ਭਾਵੇਂ ਉਹ ਮੰਦਰ ਜਾਣ ਜਾਂ ਨਹੀਂ।

ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਰੇਲਾਂ ਵਿੱਚ ਪ੍ਰਦੂਸ਼ਣ ਹੋਣ ਦੀ ਗੱਲ ਕਹਿ ਕੇ ਸਫ਼ਰ ਨਹੀਂ ਕਰਨ ਦਿੱਤਾ ਜਾਂਦਾ ਸੀ।

ਪਰ ਹੁਣ ਅਜਿਹਾ ਵਿਤਕਰਾ ਨਹੀਂ ਕੀਤਾ ਜਾਂਦਾ ਕਿਉਂਕਿ ਰੇਲਵੇ ਨੇ ਹੁਣ ਕੋਈ ਵੱਖਰਾ ਇੰਤਜ਼ਾਮ ਨਹੀਂ ਕੀਤਾ ਹੋਇਆ ਹੈ।

ਉਹ ਰੇਲਾਂ ਵਿੱਚ ਇਕੱਠੇ ਸਫ਼ਰ ਕਰਦੇ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਵਿੱਚ ਕੋਈ ਬਦਲਾਅ ਆਇਆ ਹੈ।

ਜਦੋਂ ਵੀ ਅਨੁਸੂਚਿਤ ਜਾਤੀ ਦੇ ਲੋਕ ਦੂਜੀਆਂ ਜਾਤੀਆਂ ਦੇ ਲੋਕਾਂ ਨਾਲ ਟਰੇਨਾਂ ਵਿੱਚ ਬੈਠਦੇ ਹਨ ਤਾਂ ਉਹ ਆਪਣੇ ਪੁਰਾਣੇ ਰੋਲ ਵਿੱਚ ਨਜ਼ਰ ਆਉਂਦੇ ਹਨ।

Image copyright Getty Images
ਫੋਟੋ ਕੈਪਸ਼ਨ ਡਾ. ਅੰਬੇਡਰ ਨੇ ਵੱਖਰੇ ਇਲੈਕਟਰੋਰੇਟ ਨਾਲ ਹੋਈਆਂ ਚੋਣਾਂ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ।

ਸਵਾਲ: ਤੁਸੀਂ ਕਹਿਣਾ ਚਾਹੁੰਦੇ ਹੋ ਕਿ ਗਾਂਧੀ ਕੱਟੜਵਾਦੀ ਹਿੰਦੂ ਸਨ?

ਜਵਾਬ: ਬਿਲਕੁੱਲ, ਗਾਂਧੀ ਕੱਟੜਵਾਦੀ ਹਿੰਦੂ ਸਨ। ਉਹ ਕਦੇ ਵੀ ਇੱਕ ਸੁਧਾਰਕ ਨਹੀਂ ਰਹੇ। ਛੂਤ-ਛਾਤ ਬਾਰੇ ਉਨ੍ਹਾਂ ਦੀਆਂ ਗੱਲਾਂ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਕਾਂਗਰਸ ਵੱਲ ਲਿਆਉਣ ਲਈ ਕੀਤੀਆਂ ਜਾਂਦੀਆਂ ਸਨ।

ਉਹ ਚਾਹੁੰਦੇ ਸਨ ਕਿ ਅਨੁਸੂਚਿਤ ਜਾਤੀ ਦੇ ਲੋਕ ਉਨ੍ਹਾਂ ਦੇ ਸਵਰਾਜ ਦੇ ਮਿਸ਼ਨ ਦੀ ਰੁਕਾਵਟ ਨਾ ਬਣਨ। ਮੈਨੂੰ ਨਹੀਂ ਲਗਦਾ ਕਿ ਇਸ ਤੋਂ ਬਿਨਾਂ ਗਾਂਧੀ ਦਾ ਹੋਰ ਕੋਈ ਮਕਸਦ ਸੀ ਜਿਸ ਲਈ ਉਹ ਅਨੁਸੂਚਿਤ ਜਾਤੀ ਦੇ ਲੋਕਾਂ ਬਾਰੇ ਗੱਲ ਕਰਦੇ ਸਨ।

Image copyright Getty Images
ਫੋਟੋ ਕੈਪਸ਼ਨ ਡਾ. ਅੰਬੇਡਕਰ ਨੇ ਭਾਰਤ ਦੇ ਸੰਵਿਧਾਨ ਦੀ ਰਚਨਾ ਵਿੱਚ ਅਹਿਮ ਭੂਮਿਕਾ ਨਿਭਾਈ ਸੀ

ਸਵਾਲ: ਤੁਹਾਨੂੰ ਲਗਦਾ ਹੈ ਕਿ ਰਾਜਨੀਤਿਕ ਆਜ਼ਾਦੀ ਗਾਂਧੀ ਤੋਂ ਬਗੈਰ ਮਿਲ ਸਕਦੀ ਸੀ?

ਜਵਾਬ: ਬਿਲਕੁੱਲ, ਸਗੋਂ ਮੈਨੂੰ ਵਿਸ਼ਵਾਸ ਹੈ। ਮੇਰਾ ਨਿੱਜੀ ਤੌਰ 'ਤੇ ਮੰਨਣਾ ਹੈ ਕਿ ਜੇ ਸਾਨੂੰ ਸਵਰਾਜ ਇੱਕ ਸਿਲਸਿਲੇਵਾਰ ਤਰੀਕੇ ਨਾਲ ਮਿਲਦਾ ਤਾਂ ਲੋਕਾਂ ਨੂੰ ਕਾਫੀ ਫਾਇਦਾ ਹੁੰਦਾ।

ਜੇ ਹੌਲੀ-ਹੌਲੀ ਆਜ਼ਾਦੀ ਦਿੱਤੀ ਜਾਂਦੀ ਤਾਂ ਹਰ ਤਬਕੇ ਦੀ ਸਮੱਸਿਆ ਨੂੰ ਸੁਲਝਾਇਆ ਜਾ ਸਕਦਾ ਸੀ। ਹੁਣ ਸਾਨੂੰ ਆਜ਼ਾਦੀ ਇੱਕ ਹੜ੍ਹ ਵਾਂਗ ਮਿਲੀ ਹੈ ਜਿਸ ਲਈ ਲੋਕ ਤਿਆਰ ਨਹੀਂ ਸਨ। ਮੈਨੂੰ ਲਗਦਾ ਹੈ ਕਿ ਇੰਗਲੈਂਡ ਦੀ ਲੇਬਰ ਪਾਰਟੀ ਸਭ ਤੋਂ ਬੇਕਾਰ ਪਾਰਟੀ ਰਹੀ ਹੈ।

ਫੋਟੋ ਕੈਪਸ਼ਨ ਅੰਬੇਡਕਰ ਤੇ ਗਾਂਧੀ ਦੀ ਆਖਰੀ ਮੁਲਾਕਾਤ ਪੂਨਾ ਪੈਕਟ ਦੌਰਾਨ ਹੋਈ ਸੀ

ਸਵਾਲ: ਕਿਸ ਨੂੰ ਸਬਰ ਨਹੀਂ ਸੀ, ਗਾਂਧੀ ਨੂੰ ਜਾਂ ਕਾਂਗਰਸ ਪਾਰਟੀ ਨੂੰ?

ਜਵਾਬ: ਮੈਨੂੰ ਨਹੀਂ ਪਤਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਐਤਲੀ ਕਿਵੇਂ ਭਾਰਤ ਨੂੰ ਆਜ਼ਾਦ ਕਰਨ ਲਈ ਤਿਆਰ ਹੋ ਗਏ। ਇਹ ਇੱਕ ਰਾਜ਼ ਹੀ ਹੈ ਜਿਸ ਬਾਰੇ ਸ਼ਾਇਦ ਕਦੇ ਐਤਲੀ ਆਪਣੀ ਆਤਮਕਥਾ ਵਿੱਚ ਖੁਲਾਸਾ ਕਰਨ ਕਿ ਆਖਿਰ ਆਜ਼ਾਦੀ ਦੇਣ ਬਾਰੇ ਫੈਸਲਾ ਕਿਵੇਂ ਲਿਆ ਗਿਆ। ਕਿਸੇ ਨੂੰ ਅਜਿਹਾ ਪਾਸਾ ਵਟਣ ਬਾਰੇ ਉਮੀਦ ਨਹੀਂ ਸੀ।

ਮੈਨੂੰ ਲਗਦਾ ਹੈ ਕਿ ਦੋ ਗੱਲਾਂ ਸਨ ਜਿਸ ਲਈ ਲੇਬਰ ਪਾਰਟੀ ਨੇ ਇਹ ਫੈਸਲਾ ਲਿਆ। ਪਹਿਲਾਂ ਤਾਂ ਸੁਭਾਸ਼ ਚੰਦਰ ਬੋਸ ਵੱਲੋਂ ਬਣਾਈ ਗਈ ਆਜ਼ਾਦ ਹਿੰਦ ਫੌਜ। ਅੰਗਰੇਜ਼ਾਂ ਨੂੰ ਲੱਗਦਾ ਸੀ ਕਿ ਕੁਝ ਵੀ ਹੋ ਜਾਵੇ, ਸਿਆਸੀ ਲੋਕ ਕੋਈ ਵੀ ਹਰਕਤ ਕਰਨ ਪਰ ਉਨ੍ਹਾਂ ਦੀ ਆਤਮਾ ਦੀ ਵਫ਼ਾਦਾਰੀ ਕਦੇ ਵੀ ਨਹੀਂ ਬਦਲੇਗੀ।

ਪਰ ਉਨ੍ਹਾਂ ਦਾ ਇਹ ਵਿਸ਼ਵਾਸ ਟੋਟੇ-ਟੋਟੇ ਹੋ ਗਿਆ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਫੌਜ ਦੇ ਸਿਪਾਹੀਆਂ ਨੂੰ ਬਟਾਲੀਅਨ ਬਣਾ ਕੇ ਉਨ੍ਹਾਂ ਦੇ ਖਿਲਾਫ਼ ਹੀ ਖੜ੍ਹਾ ਕਰ ਦਿੱਤਾ ਗਿਆ।

ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਉਹ ਭਾਰਤ ਤੇ ਰਾਜ ਕੇਵਲ ਬਰਤਾਨਵੀ ਫੌਜ ਦਾ ਖਰਚ ਕੱਢਣ ਲਈ ਕਰ ਰਹੇ ਹਨ।

ਦੂਜਾ ਕਾਰਨ ਜੋ ਮੈਨੂੰ ਲਗਦਾ ਹੈ ਪਰ ਉਸ ਦਾ ਕੋਈ ਸਬੂਤ ਨਹੀਂ ਕਿ ਬਰਤਾਨਵੀ ਫੌਜੀ ਵੀ ਵਾਪਸੀ ਚਾਹੁੰਦੇ ਸਨ ਤਾਂ ਜੋ ਉਹ ਸਿਵਿਲ ਡਿਊਟੀ ਕਰ ਸਕਣ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਲਗਦਾ ਸੀ ਕਿ ਜੋ ਕਮਾਈ ਉਨ੍ਹਾਂ ਨੂੰ ਭਾਰਤ ਵਿੱਚ ਹੋ ਰਹੀ ਹੈ ਉਹ ਯੂਕੇ ਦੇ ਮੁਕਾਬਲੇ ਕਾਫੀ ਘੱਟ ਹੈ।

ਉਨ੍ਹਾਂ ਨੂੰ ਲਗਦਾ ਸੀ ਕਿ ਭਾਰਤ ਨਾਲ ਵਪਾਰ ਕਰਕੇ ਉਹ ਵੱਧ ਮੁਨਾਫਾ ਕਮਾ ਸਕਦੇ ਹਨ। ਇਸ ਦੇ ਬਦਲੇ ਉਹ ਆਜ਼ਾਦੀ ਦੇਣ ਲਈ ਤਿਆਰ ਸਨ। ਮੈਨੂੰ ਲਗਦਾ ਹੈ ਕਿ ਨਿੱਜੀ ਤੌਰ 'ਤੇ ਮੈਨੂੰ ਅਜਿਹਾ ਬੋਲਣ ਦਾ ਹੱਕ ਨਹੀਂ ਹੈ ਪਰ ਉਸ ਵੇਲੇ ਲੇਬਰ ਪਾਰਟੀ ਦੀ ਅਜਿਹੀ ਸੋਚ ਸੀ।

ਫੋਟੋ ਕੈਪਸ਼ਨ ਅੰਬੇਡਕਰ ਨੇ ਵੱਖਰੇ ਇਲੈਕਟੋਰੇਟ ਦੇ ਮਸਲੇ 'ਤੇ ਕਿਸੇ ਵੀ ਸਮਝੌਤੇ ਤੋਂ ਇਨਕਾਰ ਕਰ ਦਿੱਤਾ ਸੀ

ਸਵਾਲ: ਪੂਨਾ ਪੈਕਟ ਵੇਲੇ ਤੁਹਾਡੇ ਤੇ ਗਾਂਧੀ ਵਿਚਾਲੇ ਕੀ ਗੱਲਬਾਤ ਹੋਈ ਸੀ?

ਜਵਾਬ: (ਹਲਕੇ ਲਹਿਜ਼ੇ ਵਿੱਚ) ਮੈਨੂੰ ਯਾਦ ਹੈ ਬਰਤਾਨਵੀ ਸਰਕਾਰ ਨੇ ਮੈਕ ਡੌਨਲਡ ਦੇ ਦਿੱਤੇ ਮੂਲ ਪ੍ਰਸਤਾਵ ਵਿੱਚ ਮੇਰਾ ਸੁਝਾਅ ਮੰਨ ਲਿਆ ਸੀ। ਮੈਂ ਕਿਹਾ ਸੀ ਕਿ ਹਿੰਦੂ ਚਾਹੁੰਦੇ ਸਨ ਕਿ ਸਾਂਝੀ ਚੋਣ ਪ੍ਰਕਿਰਿਆ ਰਹੇ ਤਾਂ ਜੋ ਅਨੁਸੂਚਿਤ ਜਾਤੀ ਤੇ ਹਿੰਦੂਆਂ ਵਿਚਾਲੇ ਵਿਤਕਰੇ ਦੀ ਭਾਵਨਾ ਬਣੀ ਰਹੇ।

ਸਾਨੂੰ ਲਗਦਾ ਸੀ ਕਿ ਸਾਂਝੀ ਚੋਣ ਪ੍ਰਕਿਰਿਆ ਸਾਨੂੰ ਦਬਾ ਦੇਵੇਗੀ ਕਿਉਂਕਿ ਇਸ ਨਾਲ ਜੋ ਅਨੁਸੂਚਿਤ ਜਾਤੀ ਦੇ ਨੁਮਾਇੰਦੇ ਚੁਣੇ ਜਾਣਗੇ ਉਹ ਹਿੰਦੂਆਂ ਦੇ ਹੀ ਗੁਲਾਮ ਹੋਣਗੇ।

ਮੈਂ ਰਾਮਸੇਅ ਮੈਕ ਡੌਨਲਡ ਨੂੰ ਕਿਹਾ ਸੀ ਕਿ ਸਾਨੂੰ ਵੱਖਰਾ ਇਲੈਕਟਰੋਰੇਟ ਤੇ ਵੱਖਰਾ ਵੋਟ ਦਿਓ ਜਿਸ ਵਿੱਚ ਅਨੁਸੂਚਿਤ ਜਾਤੀ ਦੇ ਨੁਮਾਇੰਦੇ ਅਨੁਸੂਚਿਤ ਜਾਤੀ ਦੇ ਵੋਟਰਾਂ ਵੱਲੋਂ ਚੁਣੇ ਜਾਣ।

ਫੋਟੋ ਕੈਪਸ਼ਨ ਡਾ. ਅੰਬੇਡਕਰ ਅਨੁਸਾਰ ਅਨੁਸੂਚਿਤ ਜਾਤੀ ਲਈ ਮੰਦਰ ਜਾਣਾ ਕੋਈ ਮੁੱਦਾ ਨਹੀਂ ਹੈ

ਗਾਂਧੀ ਇਹ ਨਹੀਂ ਕਹਿ ਸਕਦੇ ਕਿ ਅਸੀਂ ਚੋਣ ਵੇਲੇ ਵੱਖ ਹਾਂ। ਇਹ ਸੋਚਣਾ ਮੂਰਖਤਾ ਹੋਵੇਗੀ ਕਿ ਸਦੀਆਂ ਦੇ ਵਿਕਤਰੇ ਤੋਂ ਬਾਅਦ ਅਸੀਂ ਜੇ ਇੱਕੋ ਵੋਟਿੰਗ ਬੂਥ 'ਤੇ ਵੋਟ ਪਾਵਾਂਗੇ ਤਾਂ ਸਾਡੇ ਦਿਲ ਬਦਲ ਜਾਣਗੇ।

ਗਾਂਧੀ ਦੀ ਆਪਣੀ ਸੋਚ ਸੀ। ਇਸ ਤਰੀਕੇ ਦੇ ਸਿਸਟਮ ਨਾਲ ਅਨੁਸੂਚਿਤ ਲੋਕਾਂ ਨੂੰ ਵੋਟ ਦਾ ਹੱਕ ਮਿਲੇਗਾ, ਉਹ ਵੀ ਵੋਟਾਂ ਦੇ ਅਨੁਪਾਤ ਵਿੱਚ ਨਾ ਕਿ ਨੁਮਾਇੰਦਿਆਂ ਦੇ ਅਨੁਪਾਤ ਵਿੱਚ। ਮੇਰਾ ਸੁਝਾਅ ਮੰਨ ਵੀ ਲਿਆ ਗਿਆ ਸੀ।

ਮੈਂ ਉਨ੍ਹਾਂ ਨੂੰ ਨੈਪਲਜ਼ ਤੋਂ ਚਿੱਠੀਆਂ ਵੀ ਲਿਖੀਆਂ ਸਨ। ਇਸ ਸਿਸਟਮ ਨਾਲ ਕੋਈ ਸਮੱਸਿਆ ਵੀ ਨਹੀਂ ਆਉਣੀ ਸੀ। ਮੈਕਡੌਨਲਡ ਵੱਲੋਂ ਸਾਨੂੰ ਵੱਖਰਾ ਇਲੈਕਟਰੋਰੇਟ ਅਤੇ ਵੱਖਰਾ ਵੋਟ ਦੇ ਦਿੱਤਾ ਗਿਆ ਸੀ। ਪਰ ਗਾਂਧੀ ਨਹੀਂ ਚਾਹੁੰਦੇ ਸਨ ਕਿ ਅਸੀਂ ਆਪਣੇ ਸੱਚੇ ਨੁਮਾਇੰਦੇ ਚੁਣ ਕੇ ਨਾ ਭੇਜ ਸਕੀਏ।

ਇਸ ਲਈ ਉਹ ਵੱਖਰੇ ਇਲੈਕਟੋਰੇਟ ਦੇ ਵਿਰੋਧ ਵਿੱਚ ਭੁੱਖ ਹੜਤਾਲ 'ਤੇ ਬੈਠ ਗਏ।

ਫਿਰ ਸਾਰੀ ਗੱਲ ਮੇਰੇ 'ਤੇ ਆ ਗਈ। ਬਰਤਾਨਵੀ ਸਰਕਾਰ ਨੇ ਗਾਂਧੀ ਨੂੰ ਕਿਹਾ ਕਿ ਜੇ ਅੰਬੇਡਕਰ ਪੈਕਟ ਤੋਂ ਪਿੱਛੇ ਹਟ ਜਾਂਦੇ ਹਨ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਪਰ ਜਦੋਂ ਅਸੀਂ ਇਸ ਪੈਕਟ ਨੂੰ ਬਣਾਇਆ ਤਾਂ ਅਸੀਂ ਕਿਵੇਂ ਇਸ ਤੋਂ ਪਿੱਛੇ ਹਟ ਸਕਦੇ ਸੀ।

ਇਸ ਪੈਕਟ ਨੂੰ ਬਣਾਉਣ ਵੇਲੇ ਅਸੀਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਸੀ। ਸਾਡੇ ਹਿਸਾਬ ਨਾਲ ਇਹ ਸਭ ਤੋਂ ਬਿਹਤਰੀਨ ਪੈਕਟ ਸੀ।

ਇਹ ਵੀ ਪੜ੍ਹੋ:

ਤੁਸੀਂ ਮੈਕਡੌਨਲਡ ਦਾ ਪੱਤਰ ਦੇਖ ਸਕਦੇ ਹੋ ਅਸੀਂ ਫਾਸਲੇ ਵਧਾਉਣ ਦੀ ਗੱਲ ਨਹੀਂ ਕੀਤੀ ਸੀ ਸਗੋਂ ਘੱਟ ਕਰਨ ਬਾਰੇ ਕੋਸ਼ਿਸ਼ ਕਰ ਰਹੇ ਸੀ।

ਪਰ ਗਾਂਧੀ ਦਾ ਇਤਰਾਜ਼ ਸੀ ਕਿ ਸਾਨੂੰ ਆਪਣਾ ਆਜ਼ਾਦ ਨੁਮਾਇੰਦਾ ਨਹੀਂ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਨੁਸੂਚਿਤ ਜਾਤੀਆਂ ਨੂੰ ਆਪਣਾ ਨੁਮਾਇੰਦਾ ਮਿਲਣਾ ਹੀ ਨਹੀਂ ਚਾਹੀਦਾ ਹੈ। ਉਹ ਇਸੇ ਸੋਚ ਨਾਲ ਗੋਲ ਮੇਜ਼ ਕਾਨਫਰੰਸ ਵਿੱਚ ਆਏ ਸਨ।

ਉਨ੍ਹਾਂ ਨੇ ਕਿਹਾ ਕਿ ਉਹ ਕੇਵਲ ਹਿੰਦੂ, ਮੁਸਲਮਾਨ ਅਤੇ ਸਿੱਖਾਂ ਨੂੰ ਵੱਖਰੀ ਕੌਮ ਮੰਨਦੇ ਹਨ। ਉਨ੍ਹਾਂ ਨੇ ਇਨ੍ਹਾਂ ਤਿੰਨੋ ਭਾਈਚਾਰਿਆਂ ਨੂੰ ਹੀ ਸੰਵਿਧਾਨ ਵਿੱਚ ਨੁਮਾਇੰਦਗੀ ਦੇਣ ਦੀ ਗੱਲ ਕੀਤੀ।

ਪਰ ਈਸਾਈਆਂ, ਐਂਗਲੋ ਇੰਡੀਅਨ ਅਤੇ ਅਨੁਸੂਚਿਤ ਜਾਤੀਆਂ ਲਈ ਸੰਵਿਧਾਨ ਵਿੱਚ ਕੋਈ ਥਾਂ ਨਹੀਂ ਰੱਖੀ।

ਉਨ੍ਹਾਂ ਦੇ ਆਪਣੇ ਸਹਿਯੋਗੀ ਇਸ ਫੈਸਲੇ ਨਾਲ ਖੁਸ਼ ਨਹੀਂ ਸਨ ਅਤੇ ਉਨ੍ਹਾਂ ਦਾ ਗਾਂਧੀ ਨਾਲ ਇਸ ਬਾਰੇ ਵਿਵਾਦ ਰਿਹਾ।

ਜੇ ਤੁਸੀਂ ਸਿੱਖਾਂ ਤੇ ਮੁਸਲਮਾਨਾਂ ਨੂੰ ਨੁਮਾਇੰਦਗੀ ਦੇ ਸਕਦੇ ਹੋ ਜੋ ਸਿਆਸੀ ਤੇ ਆਰਥਿਕ ਪੱਧਰ 'ਤੇ ਕਾਫੀ ਮਜ਼ਬੂਤ ਹਨ ਤਾਂ ਤੁਸੀਂ ਈਸਾਈਆਂ ਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਨੁਮਾਇੰਦਗੀ ਕਿਉਂ ਨਹੀਂ ਦੇ ਸਕਦੇ।

ਬੱਸ ਉਹ ਇਹੀ ਕਹਿੰਦੇ ਸਨ ਕਿ ਤੁਸੀਂ ਸਮੱਸਿਆ ਨੂੰ ਨਹੀਂ ਸਮਝਦੇ। ਉਨ੍ਹਾਂ ਦੀ ਕਰੀਬੀ ਐਲੈਕਸਜ਼ੈਂਡਰੀਆ ਦਾ ਵੀ ਉਨ੍ਹਾਂ ਨਾਲ ਇਸ ਬਾਰੇ ਕਾਫੀ ਵਿਵਾਦ ਹੋਇਆ।

ਮੈਨੂੰ ਇਹ ਸਮਝ ਹੀ ਨਹੀਂ ਆਇਆ ਕਿ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਕਿ ਕੇਵਲ ਇੱਕੋ ਇਲੈਕਟੋਰੇਟ ਰਹੇਗਾ ਪਰ ਦੂਜੇ ਪਾਸੇ ਤੁਸੀਂ ਮੁਸਲਮਾਨਾਂ ਤੇ ਸਿੱਖਾਂ ਨੂੰ ਨੁਮਾਇੰਦਗੀ ਦੇ ਰਹੇ ਹੋ ਪਰ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਨਹੀਂ, ਕਿਉਂ?

ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਅਸੀਂ ਇਹ ਸੁਝਾਅ ਦਿੱਤਾ ਸੀ। ਗਾਂਧੀ ਨੇ ਰਾਮਸੇਅ ਮੈਕਡੌਨਲਡ ਨੂੰ ਚਿੱਠੀ ਲਿਖੀ ਤੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਨੁਮਾਇੰਦਗੀ ਨਹੀਂ ਮਿਲਣੀ ਚਾਹੀਦੀ ਹੈ।

ਉਨ੍ਹਾਂ ਦੇ ਕਰੀਬੀਆਂ ਨੇ ਕਿਹਾ ਕਿ ਤੁਸੀਂ ਇਹ ਨਜਾਇਜ਼ ਮੰਗ ਕਰ ਰਹੇ ਹੋ, ਤੁਹਾਨੂੰ ਇਸ ਬਾਰੇ ਕੋਈ ਹਮਾਇਤ ਨਹੀਂ ਮਿਲੇਗੀ। ਤਾਂ ਮਾਲਵੀਆ ਮੇਰੇ ਕੋਲ ਆਏ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ, ਕੀ ਤੁਸੀਂ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਨਹੀਂ ਕਰੋਗੇ?

ਮੈਂ ਉਨ੍ਹਾਂ ਨੂੰ ਕਿਹਾ,ਕਿ ਮੈਂ ਇਸ ਸਮੱਸਿਆ ਦਾ ਹੱਲ ਉਨ੍ਹਾਂ ਸਹੂਲਤਾਂ ਦੀ ਕੁਰਬਾਨੀ ਦੇ ਕੇ ਨਹੀਂ ਦੇ ਸਕਦਾ ਜੋ ਸਾਨੂੰ ਬਰਤਾਨਵੀ ਸਰਕਾਰ ਤੋਂ ਮਿਲ ਸਕਦੀਆਂ ਹਨ।

ਸਵਾਲ: ਤੁਸੀਂ ਆਪਣੇ ਵਿਚਾਰ 'ਤੇ ਟਿਕੇ ਰਹੇ?

ਜਵਾਬ: ਮੈਂ ਇੱਕ ਹੋਰ ਫਾਰਮੁਲਾ ਵੀ ਦੱਸਿਆ ਸੀ। ਮੈਂ ਵੱਖਰਾ ਇਲੈਕਟੋਰੇਟ ਛੱਡਣ ਨੂੰ ਤਿਆਰ ਨਹੀਂ ਸੀ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਦੇ ਲੋਕ ਪਹਿਲਾਂ ਆਪਣੀ ਜਾਤ ਵਿੱਚੋਂ 4 ਲੋਕ ਚੁਣਨ।

ਉਨ੍ਹਾਂ 4 ਵਿੱਚੋਂ ਚੋਣਾਂ ਵਿੱਚ ਉਮੀਦਵਾਰ ਚੁਣਿਆ ਜਾਵੇ। ਇਸ ਦੇ ਨਾਲ ਹੀ ਪਾਰਟੀਆਂ ਨੁਮਾਇੰਦਿਆਂ ਨੂੰ ਨਾਮਜ਼ਦ ਵੀ ਨਹੀਂ ਕਰ ਸਕਦੀਆਂ ਹਨ। ਗਾਂਧੀ ਨੂੰ ਇਹ ਗੱਲਾਂ ਮੰਨੀਆਂ ਪਈਆਂ।

ਸਾਨੂੰ ਇਸ ਨਾਲ ਫਾਇਦਾ ਵੀ ਹੋਇਆ। 1937 ਵਿੱਚ ਸਾਨੂੰ ਕਾਮਯਾਬੀ ਹਾਸਿਲ ਹੋਈ ਅਤੇ ਗਾਂਧੀ ਦੀ ਪਾਰਟੀ ਦਾ ਇੱਕ ਵੀ ਉਮੀਦਵਾਰ ਨਹੀਂ ਚੁਣਿਆ ਜਾ ਸਕਿਆ।

Image copyright NARINDER NANU/getty images

ਸਵਾਲ: ਕੀ ਉਨ੍ਹਾਂ ਵੱਲੋਂ ਸਮਝੌਤੇ ਦੀ ਕੋਸ਼ਿਸ਼ ਕੀਤੀ ਗਈ?

ਜਵਾਬ: ਉਨ੍ਹਾਂ ਨੇ ਕਈ ਵਾਰ ਮੇਰੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਕਿ ਮੈਂ ਤੁਹਾਡੀ ਜ਼ਿੰਦਗੀ ਬਚਾਉਣਾ ਚਾਹੁੰਦਾ ਹਾਂ ਇਸ ਲਈ ਮੇਰੇ ਲਈ ਮੁਸ਼ਕਿਲ ਹਾਲਾਤ ਖੜ੍ਹੇ ਨਾ ਕਰੋ।

ਪਰ ਮੈਂ ਤੁਹਾਨੂੰ ਆਪਣੇ ਲੋਕਾਂ ਦੀਆਂ ਜ਼ਿੰਦਗੀਆਂ ਦਾਅ 'ਤੇ ਲਗਾ ਕੇ ਨਹੀਂ ਬਚਾਉਂਗਾ।

ਸਵਾਲ: ਗਾਂਧੀ ਨੇ ਕੀ ਕਿਹਾ?

ਜਵਾਬ: ਉਹ ਕੁਝ ਨਹੀਂ ਕਹਿ ਸਕੇ। ਉਨ੍ਹਾਂ ਨੂੰ ਡਰ ਸੀ ਕਿ ਜੇ ਅਨੁਸੂਚਿਤ ਜਾਤੀ ਸਿੱਖਾਂ ਤੇ ਮੁਸਲਮਾਨਾਂ ਵਾਂਗ ਵੱਖਰੀ ਤਾਕਤ ਬਣ ਗਈ ਤਾਂ ਇਨ੍ਹਾਂ ਤਿੰਨਾਂ ਦੀਆਂ ਤਾਕਤਾਂ ਨਾਲ ਲੜਨ ਲਈ ਹਿੰਦੂ ਇਕੱਲੇ ਰਹਿ ਜਾਣਗੇ।

ਸਵਾਲ: ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਿਆਸਤਦਾਨ ਵੱਧ ਸਨ?

ਜਵਾਬ: ਸਿਆਸਤਦਾਨ ਵਜੋਂ ਉਹ ਕਦੇ ਵੀ ਮਹਾਤਮਾ ਨਹੀਂ ਸਨ। ਮੈਂ ਉਨ੍ਹਾਂ ਨੂੰ ਮਹਾਤਮਾ ਨਹੀਂ ਕਹਿੰਦਾ ਸੀ। ਉਹ ਇਸ ਸਨਮਾਨ ਦੇ ਲਾਇਕ ਹੀ ਨਹੀਂ ਸਨ।ਨੇਤਿਕਤਾ ਦੇ ਲਿਹਾਜ਼ ਨਾਲ ਵੀ ਨਹੀਂ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ