ਐੱਚਆਈਵੀ ਬਾਰੇ ਪਤਾ ਲੱਗਦਿਆਂ ਹੀ ਅੱਧੇ ਘੰਟੇ 'ਚ ਮੈਨੂੰ ਨੌਕਰੀ ਤੋਂ ਕੱਢ ਦਿੱਤਾ - ਪੀੜਤ ਔਰਤ

ਏਡਜ਼ Image copyright Getty Images
ਫੋਟੋ ਕੈਪਸ਼ਨ ਮੈਨੂੰ ਐੱਚਆਈਵੀ ਪੀੜਤ ਹੋਣ ਕਾਰਨ ਨੌਕਰੀ ਤੋਂ ਕੱਢਿਆ ਸੀ -ਪੀੜਤ

"ਮੈਂ ਪਿਛਲੇ 15 ਸਾਲਾਂ ਤੋਂ ਇਕੱਲੇ ਲੜ ਰਹੀ ਹਾਂ। ਮੈਂ ਐੱਚਆਈਵੀ ਨਾਲ ਲੜ ਰਹੀ ਹਾਂ। ਇਸ ਤੱਥ ਨੂੰ ਲੁਕਾਉਣ ਲਈ ਲੜ ਰਹੀ ਹਾਂ ਕਿ ਮੈਂ ਐੱਚਆਈਵੀ ਪਾਜ਼ੀਟਿਵ ਹਾਂ ਅਤੇ ਸਭ ਤੋਂ ਜ਼ਿਆਦਾ ਮੈਂ ਖੁਦ ਨਾਲ ਲੜ ਰਹੀ ਹਾਂ।

ਮੈਂ ਆਪਣੀ ਖੁਸ਼ੀ ਦਾ ਇਜ਼ਹਾਰ ਨਹੀਂ ਕਰ ਸਕਦੀ ਕਿਉਂਕਿ ਮੈਂ ਉਸ ਕੰਪਨੀ ਦੇ ਖਿਲਾਫ਼ ਆਪਣਾ ਕੇਸ ਜਿੱਤ ਲਿਆ ਹੈ, ਜਿਸ ਨੇ ਮੈਨੂੰ ਐੱਚਆਈਵੀ ਪੀੜਤ ਹੋਣ ਕਾਰਨ ਨੌਕਰੀ ਤੋਂ ਕੱਢਿਆ ਸੀ।"

ਇਹ ਕਹਿਣਾ ਹੈ ਰਜਨੀ ਦਾ (ਪਛਾਣ ਗੁਪਤ ਰੱਖਣ ਲਈ ਬਦਲਿਆ ਹੋਇਆ ਨਾਮ) ਜੋ ਕਿ ਮੇਰੇ ਨਾਲ ਫੋਨ 'ਤੇ ਗੱਲ ਕਰਦੇ ਹੋਏ ਬੇਹੱਦ ਖੁਸ਼ ਲੱਗ ਰਹੀ ਸੀ।

ਉਹ ਡੂੰਘਾ ਸਾਹ ਲੈਂਦੀ ਹੈ ਅਤੇ ਆਪਣੀ ਕਹਾਣੀ ਬਿਆਨ ਕਰਦੀ ਹੈ। ਉਸ ਨੂੰ ਸਕਾਰਾਤਮਕ ਖਿੱਚ ਅਤੇ ਪ੍ਰਸ਼ੰਸਾ ਦੀ ਆਦਤ ਨਹੀਂ ਹੈ। ਉਸ ਨੂੰ ਤਾਂ ਆਦਤ ਹੈ ਉਨ੍ਹਾਂ ਲੋਕਾਂ ਦੀ ਜੋ ਉਸ ਨੂੰ ਕੂੜੇ ਵਾਂਗ ਤੱਕਦੇ ਹਨ।

35 ਸਾਲਾ ਰਜਨੀ ਪੁਣੇ ਵਿੱਚ ਰਹਿੰਦੀ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਨੌਕਰੀ ਵਾਪਸ ਲੈਣ ਲਈ ਲੜ ਰਹੀ ਹੈ। ਸੋਮਵਾਰ ਨੂੰ ਪੁਣੇ ਦੀ ਕਿਰਤ ਅਦਾਲਤ ਨੇ ਉਸ ਦੇ ਹੱਕ ਵਿੱਚ ਫੈਸਲਾ ਸੁਣਾਇਆ। ਕੋਰਟ ਨੇ ਕੰਪਨੀ ਨੂੰ ਉਸ ਹੁਕਮ ਦਿੱਤੇ ਕਿ ਉਸ ਨੂੰ ਬਹਾਲ ਕੀਤਾ ਜਾਵੇ ਅਤੇ ਉਸ ਦੀ ਗੈਰ-ਹਾਜ਼ਰੀ ਵਾਲੇ ਸਮੇਂ ਲਈ ਵੀ ਉਸ ਨੂੰ ਤਨਖਾਹ ਦਿੱਤੀ ਜਾਵੇ।

ਮਹਾਰਾਸ਼ਟਰ ਦੇ ਕੋਹਲਾਪੁਰ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਰਜਨੀ ਦਾ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ। ਉਹ ਸਿਰਫ਼ 22 ਸਾਲਾਂ ਦੀ ਹੀ ਸੀ ਜਦੋਂ ਉਸ ਦੇ ਪਤੀ ਦਾ ਐੱਚਆਈਵੀ-ਏਡਜ਼ ਕਾਰਨ ਦੇਹਾਂਤ ਹੋ ਗਿਆ।

ਇਹ ਵੀ ਪੜ੍ਹੋ:

"ਸਾਲ 2004 ਵਿੱਚ ਮੈਨੂੰ ਪਤਾ ਲੱਗਿਆ ਕਿ ਮੇਰਾ ਪਤੀ ਏਡਜ਼ ਤੋਂ ਪੀੜਤ ਹੈ। ਮੈਂ ਉਸ ਲਈ ਸਭ ਕੁਝ ਕੀਤਾ ਪਰ ਉਸ ਨੂੰ ਬਚਾਅ ਨਾ ਸਕੀ। ਉਸ ਦੀ ਸਾਲ 2006 ਵਿੱਚ ਮੌਤ ਹੋ ਗਈ। ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੇ ਸਹੁਰਿਆਂ ਨੇ ਮੈਨੂੰ ਬੇਦਖਲ ਕਰ ਦਿੱਤਾ। ਮੇਰੇ ਪਤੀ ਦੀ ਮੌਤ ਤੋਂ ਤਿੰਨ ਦਿਨ ਬਾਅਦ ਹੀ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਹੁਣ ਸਹੁਰਾ ਘਰ ਵਿੱਚ ਨਹੀਂ ਰਹਿ ਸਕਦੀ।"

ਰਜਨੀ ਦਾ ਕਹਿਣਾ ਹੈ ਕਿ ਉਸ ਦੇ ਮਾਪੇ ਵੀ ਉਸ ਦਾ ਸਮਰਥਨ ਨਹੀਂ ਕਰ ਸਕਦੇ ਸੀ। "ਉਨ੍ਹਾਂ ਦੀ ਵਿੱਤੀ ਹਾਲਤ ਵੀ ਮਾੜੀ ਸੀ। ਇਸ ਲਈ ਉਨ੍ਹਾਂ ਤੇ ਮੈਂ ਬੋਝ ਨਹੀਂ ਬਣ ਸਕਦੀ ਸੀ।"

ਇਸ ਲਈ ਉਸ ਨੇ ਛੋਟੀ-ਮੋਟੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ।

"ਮੈਂ ਪੁਣੇ ਵਿੱਚ 15 ਦਿਨਾਂ ਲਈ ਕੰਮ ਕਰਨ ਆਈ ਸੀ। ਜਦੋਂ ਮੈਂ ਉੱਥੇ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਸਮਾਜੇ ਬੋਝ ਤੋਂ ਆਜ਼ਾਦ ਸੀ। ਮੈਂ ਸੋਚਿਆ ਮੈਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੀ ਹਾਂ। ਮੈਂ ਆਪਣੇ ਪਿੰਡ ਵਿੱਚ ਬੀਮਾਰ ਰਹਿੰਦੀ ਸੀ। ਮੈਂ ਵੀ ਐੱਚਆਈਵੀ ਪਾਜ਼ੀਟਿਵ ਸੀ ਪਰ ਮੈਨੂੰ ਇਸ ਬਾਰੇ ਪਤਾ ਨਹੀਂ ਸੀ। ਰਪ ਜਦੋਂ ਮੈਂ ਪੁਣੇ ਆਈ ਤਾਂ ਮੈਨੂੰ ਬਿਹਤਰ ਮਹਿਸੂਸ ਹੋਣ ਲੱਗਿਆ। ਮੇਰੀ ਮਾਂ ਨੇ ਮੈਨੂੰ ਸੁਝਾਅ ਦਿੱਤਾ ਕਿ ਮੈਂ ਉੱਥੇ ਹੀ ਰਹਾਂ ਤੇ ਕੰਮ ਕਰਾਂ।"

Image copyright Getty Images
ਫੋਟੋ ਕੈਪਸ਼ਨ ਏਡਜ਼ ਬਾਰੇ ਪਤਾ ਲੱਗਣ 'ਤੇ ਰਜਨੀ ਦੇ ਪਰਿਵਾਰ ਨੇ ਉਸ ਦਾ ਸਾਥ ਛੱਡ ਦਿੱਤਾ

ਰਜਨੀ ਨੂੰ ਪੁਣੇ ਵਿੱਚ ਛੇਤੀ ਹੀ ਨੌਕਰੀ ਵੀ ਮਿਲ ਗਈ। ਫਿਰ ਇੱਕ ਦਿਨ ਉਸ ਨੂੰ ਪਤਾ ਲੱਗਿਆ ਕਿ ਉਹ ਐੱਚਆਈਵੀ ਤੋਂ ਪੀੜਤ ਹੈ। "ਮੇਰੀ ਜ਼ਿੰਦਗੀ ਫਿਰ ਤਬਾਹ ਹੋ ਗਈ ਸੀ। ਮੈਂ ਭਾਵਨਾਤਕ ਅਤੇ ਸਰੀਰਕ ਤੌਰ ਤੇ ਟੁੱਟ ਗਈ ਸੀ। ਮੈਂ ਕਿਤੇ ਹੋਰ ਨਹੀਂ ਜਾ ਸਕਦੀ ਸੀ। ਪੁਣੇ ਵਿੱਚ ਜ਼ਿੰਦਗੀ ਮੁੜ ਸ਼ੁਰੂ ਕਰਨ ਦਾ ਮੇਰਾ ਸੁਪਨਾ ਟੁੱਟ ਗਿਆ ਸੀ।"

ਰਜਨੀ ਇੱਕ ਵਿਧਵਾ ਸੀ ਜਿਸ ਦੇ ਪਤੀ ਦੀ ਮੌਤ ਐੱਚਆਈਵੀ-ਏਡਜ਼ ਕਾਰਨ ਹੋ ਗਈ ਸੀ। ਪਿੱਛੇ ਮੁੜ ਕੇ ਦੇਖਣ ਦਾ ਕੋਈ ਰਾਹ ਨਹੀਂ ਸੀ। "ਮੇਰੇ ਪਰਿਵਾਰ ਨੇ ਮੇਰੇ ਨਾਲ ਸਾਰੇ ਸਬੰਧ ਤੋੜ ਦਿੱਤੇ ਸੀ। ਮੈਂ ਸਭ ਕੁਝ ਖੁਦ ਹੀ ਕਰ ਰਹੀ ਸੀ।"

ਜ਼ਿੰਦਗੀ ਵਿੱਚ ਕਦੇ-ਕਦੇ ਅਜਿਹਾ ਮੌਕਾ ਆਉਂਦਾ ਹੈ ਕਿ ਤੁਸੀਂ ਕਾਫ਼ੀ ਟੁੱਟ ਜਾਂਦੇ ਹੋ। ਉਸ ਵੇਲੇ ਖੁਦ ਨੂੰ ਮਜ਼ਬੂਤ ਕਰਕੇ ਲੜੋ। ਇਹ ਰਜਨੀ ਨੇ ਵੀ ਕੀਤਾ।

"ਮੈਨੂੰ ਅਹਿਸਾਸ ਹੋਇਆ ਕਿ ਮੇਰੇ ਲਈ ਉੱਥੇ ਕੋਈ ਵੀ ਨਹੀਂ ਸੀ। ਮੇਰੀ ਮੌਤ ਤੇ ਕੋਈ ਵੀ ਰੌਣ ਵਾਲਾ ਨਹੀਂ ਹੈ। ਮੈਨੂੰ ਆਪਣਾ ਧਿਆਨ ਖੁਦ ਹੀ ਰੱਖਣਾ ਪਏਗਾ। ਇਸ ਲਈ ਮੈਂ ਖੁਦ ਦਾ ਧਿਆਨ ਰੱਖਣਾ ਸ਼ੁਰੂ ਕੀਤਾ। ਆਪਣੇ ਖਾਣ-ਪੀਣ ਦਾ ਧਿਆਨ ਰੱਖਿਆ ਤੇ ਇਲਾਜ ਕਰਵਾਉਣਾ ਵੀ ਸ਼ੁਰੂ ਕੀਤਾ।"

ਰਜਨੀ ਨੇ ਜਲਦੀ ਹੀ ਇੱਕ ਫਾਰਮਾਸਿਊਟੀਕਲ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੰਮ ਚੰਗਾ ਹੋਣ ਕਾਰਨ ਉਸ ਨੂੰ ਨੌਕਰੀ ਤੇ ਪੱਕਾ ਕਰ ਦਿੱਤਾ ਗਿਆ ਸੀ। ਉਸ ਨੇ ਉੱਥੇ 10 ਸਾਲ ਕੰਮ ਕੀਤਾ। ਉਸ ਨੇ ਦਾਅਵਾ ਕੀਤਾ ਕਿ ਜਦੋਂ ਕੰਪਨੀ ਨੂੰ ਪਤਾ ਲੱਗਿਆ ਕਿ ਉਹ ਐੱਚਆਈਵੀ ਪਾਜ਼ੀਟਿਵ ਹੈ ਤਾਂ ਕੰਪਨੀ ਦੀ ਮੈਨੇਜਮੈਂਟ ਨੇ ਉਸ ਨੂੰ ਨੌਕਰੀ ਛੱਡਣ ਲਈ ਮਜਬੂਰ ਕੀਤਾ।

ਅਸਲ ਵਿੱਚ ਕੀ ਹੋਇਆ?

ਰਜਨੀ ਦਾ ਦਾਅਵਾ ਹੈ ਕਿ ਉਹ ਬੀਮਾਰ ਸੀ ਅਤੇ ਕੁਝ ਸਮੇਂ ਲਈ ਹਸਪਤਾਲ ਵਿੱਚ ਭਰਤੀ ਸੀ। ਜਦੋਂ ਉਹ ਦੁਬਾਰਾ ਕੰਮ 'ਤੇ ਪਰਤੀ ਤਾਂ ਉਸ ਨੇ ਮੈਡੀਕਲੇਮ (ਇਲਾਜ ਦਾ ਖਰਚਾ) ਕੀਤਾ।

"ਮੈਂ ਸੁਣਿਆ ਸੀ ਕਿ ਜੇ ਤੁਸੀਂ ਕੰਪਨੀ ਨੂੰ ਮੈਡੀਕਲੇਮ ਸੌਂਪਦੇ ਹੋ ਤਾਂ ਉਹ ਇਸ ਦਾ ਖਰਚਾ ਚੁੱਕਦੇ ਹਨ। ਮੈਨੂੰ ਹਮੇਸ਼ਾਂ ਵਿੱਤੀ ਸੰਕਟ ਸੀ ਅਤੇ ਮੈਂ ਸੋਚਿਆ ਕਿ ਇਸ ਨਾਲ ਮੇਰੀ ਮਦਦ ਹੋਵੇਗੀ। ਪਰ ਜਿਵੇਂ ਹੀ ਕੰਪਨੀ ਨੇ ਇਹ ਦੇਖਿਾ ਕਿ ਮੈਨੂੰ ਐੱਚਆਈਵੀ ਹੈ ਤਾਂ ਉਨ੍ਹਾਂ ਨੇ ਮੈਨੂੰ 30 ਮਿੰਟਾਂ ਦੇ ਅੰਦਰ ਨੌਕਰੀ ਤੋਂ ਕੱਢ ਦਿੱਤਾ!"

Image copyright Getty Images
ਫੋਟੋ ਕੈਪਸ਼ਨ ਖੂਨ ਵਿੱਚ ਐਚਆਈਵੀ ਜਾਂਚ ਲਈ ਖੂਨ ਟੈਸਟ ਜ਼ਰੂਰੀ ਹੈ

ਪਰ ਉਸ ਨੂੰ ਨੌਕਰੀ ਤੋਂ ਕਿਉਂ ਕੱਢਿਆ ਗਿਆ ਇਸ ਬਾਰੇ ਰਜਨੀ ਨੇ ਦੱਸਿਆ, "ਕੰਪਨੀ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਕਿਉਂਕਿ ਉਹ ਫਾਰਮਾ ਕੰਪਨੀ ਹੈ ਇਸ ਲਈ ਜੋ ਪ੍ਰੋ਼ਡਕਟ ਅਸੀਂ ਬਣਾਉਂਦੇ ਹਾਂ ਤੁਹਾਡੇ ਕਾਰਨ ਉਸ ਦੇ ਖਰਾਬ ਹੋਣ ਦਾ ਖਦਸ਼ਾ ਹੈ। ਇਸ ਲਈ ਤੁਹਾਨੂੰ ਜਾਨਾ ਪਏਗਾ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਅਜਿਹਾ ਨਹੀਂ ਹੋ ਸਕਦਾ। ਮੈਂ ਆਪਣਾ ਬਹੁਤ ਬਿਹਤਰ ਧਿਆਨ ਰੱਖਦੀ ਹਾਂ। ਮੈਂ ਸਾਰੀਆਂ ਸਾਵਧਾਨੀਆਂ ਵਰਤਦੀ ਹਾਂ ਪਰ ਉਨ੍ਹਾਂ ਨੇ ਕੁਝ ਨਹੀਂ ਸੁਣਿਆ। ਮੈਂ ਉਨ੍ਹਾਂ ਨੂੰ ਵਾਰ-ਵਾਰ ਮਿੰਨਤ ਕੀਤੀ ਕਿ ਮੈਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ। ਮੈਨੂੰ ਨੌਕਰੀ ਦੀ ਲੋੜ ਸੀ ਪਰ ਕਿਸੇ ਨੇ ਨਹੀਂ ਸੁਣਿਆ।"

ਇਹ ਵੀ ਪੜ੍ਹੋ:

ਰਜਨੀ ਫਿਰ ਮਜਬੂਰ ਸੀ। ਹਾਲਾਂਕਿ ਉਸ ਦੀ ਲੜਾਈ ਦੀ ਹਿੰਮਤ ਬੇਜੋੜ ਸੀ। ਉਸ ਨੂੰ ਕਈ ਲੋਕਾਂ ਨੇ ਵਿੱਤੀ ਮਦਦ ਦਾ ਹੱਥ ਵਧਾਇਆ ਪਰ ਉਸ ਨੇ ਮਨ੍ਹਾ ਕਰ ਦਿੱਤਾ। ਆਪਣੇ ਭਰਾ ਤੋਂ ਉਸ ਨੂੰ ਪਤਾ ਲੱਗਿਆ ਕਿ ਕੋਈ ਵੀ ਕੰਪਨੀ ਐੱਚਆਈਵੀ ਹੋਣ ਕਾਰਨ ਕਿਸੇ ਨੂੰ ਨੌਕਰੀ ਤੋਂ ਨਹੀਂ ਕੱਢ ਸਕਦੀ। ਫਿਰ ਉਸ ਨੇ ਪੁਣੇ ਦੀ ਲੇਬਰ ਕੋਰਟ ਵਿੱਚ ਮਾਮਲਾ ਦਰਜ ਕੀਤਾ।

"ਮੈਂ ਕਾਫ਼ੀ ਕੁਝ ਝੱਲ ਚੁੱਕੀ ਸੀ। ਹਰ ਵਾਰ ਜਦੋਂ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦੀ ਸੀ ਤਾਂ ਮੁਸੀਬਤਾਂ ਮੈਨੂੰ ਪਿੱਛੇ ਧੱਕ ਦਿੰਦੀਆਂ ਸਨ। ਮੈਂ ਅਖੀਰ ਤੱਕ ਲੜਨ ਦਾ ਫੈਸਲਾ ਕੀਤਾ। ਮੈਨੂੰ ਨਹੀਂ ਪਤਾ ਸੀ ਕਿ ਕੀ ਹੋਣ ਵਾਲਾ ਹੈ। ਮੈਂ ਕਈ ਵਾਰ ਸਭ ਕੁਝ ਛੱਡ ਕੇ ਭੱਜਣ ਬਾਰੇ ਸੋਚਿਆ। ਪਰ ਹਰ ਵਾਰੀ ਮੈਂ ਅੱਗੇ ਵੱਧਦੀ ਗਈ।"

3 ਦਿਸੰਬਰ ਨੂੰ ਲੇਬਰ ਕੋਰਟ ਨੇ ਰਜਨੀ ਦੇ ਹੱਕ ਵਿੱਚ ਫੈਸਲਾ ਸੁਣਾਇਆ। ਇਸ ਵਿੱਚ ਕਿਹਾ ਗਿਆ ਸੀ, "ਕੋਈ ਵੀ ਮੁਲਾਜ਼ਮ ਐੱਆਈਵੀ ਪਾਜ਼ੀਟਿਵ ਹੋਣ ਕਾਰਨ ਨੌਕਰੀ ਤੋਂ ਕੱਢਿਆ ਨਹੀਂ ਜਾ ਸਕਦਾ। ਕਿਉਂਕਿ ਨੌਕਰੀ ਤੋਂ ਕਾਨੂੰਨ ਦੇ ਤਹਿਤ ਤੇ ਕੱਢਿਆ ਜਾ ਸਕਦਾ ਹੈ। ਜੋ ਕਿ ਇਸ ਮਾਮਲੇ ਵਿੱਚ ਨਹੀਂ ਕੀਤਾ ਗਿਆ ਸੀ।"

ਮੈਂ ਚਿਹਰਾ ਨਹੀਂ ਲੁਕਾਉਣਾ ਚਾਹੁੰਦੀ

ਜਦੋਂ ਦਾ ਫੈਸਲਾ ਆਇਆ ਹੈ ਰਜਨੀ ਨੂੰ ਲਗਾਤਾਰ ਫੋਨ ਆ ਰਹੇ ਹਨ। ਮੀਡੀਆ ਉਸ ਦੀ ਪ੍ਰਤੀਕਿਰਿਆਵਾਂ ਚਾਹੁੰਦਾ ਹੈ। ਲੋਕ ਉਸ ਦੀ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਹਨ। ਪਰ ਕੀ ਉਹ ਅਸਲ ਵਿੱਚ ਉਸ ਕੰਪਨੀ ਵਿੱਚ ਜਾਣਾ ਚਾਹੁੰਦੀ ਹੈ ਜਿਸ ਨੇ ਉਸ ਨੂੰ ਤਿੰਨ ਸਾਲ ਪਹਿਲਾਂ ਨੌਕਰੀ ਛੱਡਣ ਲਈ ਮਜਬੂਰ ਕਰ ਦਿੱਤਾ ਸੀ?

Image copyright Getty Images
ਫੋਟੋ ਕੈਪਸ਼ਨ ਵਿਸ਼ਵ ਏਡਜ਼ ਦਿਵਸ 1 ਦਿਸੰਬਰ ਨੂੰ ਹੁੰਦਾ ਹੈ ਤੇ ਲਾਲ ਰਿੱਬਨ ਜਾਗਰੂਕਤਾ ਦਾ ਪ੍ਰਤੀਕ ਹੈ

"ਹਾਂ, ਮੈਂ ਉੱਥੇ ਜਾਣਾ ਚਾਹੁੰਦਾ ਹਾਂ। ਮੈਂ ਉੱਥੇ ਕੰਮ ਕਰਨਾ ਚਾਹੁੰਦਾ ਹਾਂ। ਮੈਂ ਸਾਰੀ ਜ਼ਿੰਦਗੀ ਇਹ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਐੱਚਆਈਵੀ ਪਾਜ਼ੀਟਿਵ ਹਾਂ। ਘੱਟੋ-ਘੱਟ ਕੰਪਨੀ ਵਿੱਚ ਹਰ ਕੋਈ ਮੇਰੀ ਹਾਲਤ ਬਾਰੇ ਜਾਣਦਾ ਹੈ। ਇਸ ਦਾ ਮਤਲਬ ਹੈ ਕਿ ਮੈਨੂੰ ਕੁਝ ਵੀ ਲੁਕਾਉਣ ਦਾ ਦਬਾਅ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮੈਨੂੰ ਹੋਰ ਕਿਸੇ ਚੀਜ ਦੀ ਪਰਵਾਹ ਨਹੀਂ ਹੈ। ਮੈਂ ਫੈਸਲਾ ਆਉਣ ਤੋਂ ਬਾਅਦ ਕੁਝ ਨਿਊਜ਼ ਚੈਨਲਾਂ ਨਾਲ ਗੱਲਬਾਤ ਕੀਤੀ ਹੈ ਪਰ ਮੈਂ ਆਪਣਾ ਚਿਹਰਾ ਢੱਕਿਆ ਹੋਇਆ ਸੀ। ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣਾ ਚਿਹਰਾ ਦਿਖਾਉਣਾ ਚਾਹੀਦਾ ਸੀ।"

ਐੱਚਆਈਵੀ ਪੀੜਤ ਔਰਤਾਂ ਵੱਧ ਮੁਸ਼ਕਿਲ ਵਿੱਚ

ਰਜਨੀ ਦਾ ਮੰਨਣਾ ਹੈ ਕਿ ਐੱਚਆਈਵੀ-ਏਡਜ਼ ਨਾਲ ਪੀੜਤ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਦੁੱਖ ਝੱਲਦੀਆਂ ਹਨ।

"ਜਦੋਂ ਹਰ ਮਹੀਨੇ ਮੈਂ ਦਵਾਈਆਂ ਲੈਣ ਲਈ ਜਾਂਦੀ ਹਾਂ ਤਾਂ ਲੋਕ ਮੈਨੂੰ ਸ਼ੱਕੀ ਨਜ਼ਰਾਂ ਨਾਲ ਦੇਖਦੇ ਹਨ। ਤਕਰੀਬਨ ਸਾਰੀਆਂ ਔਰਤਾਂ ਨੂੰ ਆਪਣੇ ਪਤੀਆਂ ਤੋਂ ਹੀ ਵਾਇਰਸ ਮਿਲਦਾ ਹੈ। ਜੇ ਉਨ੍ਹਾਂ ਦੇ ਪਤੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਸਹੁਰੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਦਾ ਸਮਰਥਨ ਨਹੀਂ ਕਰਦੇ। ਇਹ ਮੇਰੇ ਨਾਲ ਵੀ ਹੋਇਆ ਹੈ।"

ਮੁੜ ਵਿਆਹ ਦੀ ਇਛੁੱਕ ਨਹੀਂ

ਰਜਨੀ ਪਿਛਲੇ 15 ਸਾਲਾਂ ਤੋਂ ਇਕੱਲੀ ਰਹਿ ਰਹੀ ਹੈ। ਲੋਕ ਅਕਸਰ ਉਸ ਨੂੰ ਫਿਰ ਤੋਂ ਵਿਆਹ ਕਰਵਾਉਣ ਦੀ ਸਲਾਹ ਦਿੰਦੇ ਹਨ। ਪਰ ਉਹ ਇਹ ਨਹੀਂ ਕਰਨਾ ਚਾਹੁੰਦੀ।

"ਦੋ ਐੱਚਆਈਵੀ (HIV) ਲੋਕ ਕਈ ਵਾਰ ਇੱਕ-ਦੂਜੇ ਨਾਲ ਵਿਆਹ ਕਰਵਾ ਲੈਂਦੇ ਹਨ। ਲੋਕ ਇਹ ਸੁਝਾਅ ਦਿੰਦੇ ਹਨ ਕਿ ਮੈਂ ਇਸ ਤਰ੍ਹਾਂ ਦੇ ਕਿਸੇ ਵਿਅਕਤੀ ਨਾਲ ਵਿਆਹ ਕਰ ਲਵਾਂ। ਪਰ ਮੈਂ ਦੁਬਾਰਾ ਵਿਆਹ ਨਹੀਂ ਕਰਾਉਣਾ ਚਾਹੁੰਦੀ। ਮੈਂ ਇਹ ਨਹੀਂ ਭੁੱਲ ਸਕਦੀ ਕਿ ਮੇਰੇ ਪਤੀ ਦੇ ਬਿਮਾਰ ਹੋਣ ਕਾਰਨ ਮੈਨੂੰ ਕੀ ਕੁਝ ਸਹਿਣਾ ਪਿਆ? ਮੈਂ ਉਸ ਤਜਰਬੇ ਨੂੰ ਮੁੜ ਨਹੀਂ ਸਹਿ ਸਕਦੀ। ਮੈਂ ਇਕੱਲੀ ਰਹਿ ਕੇ ਖੁਸ਼ ਹਾਂ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)