ਬਾਲੀਵੁੱਡ ਅਦਾਕਾਰਾ ਸਾਇਰਾ ਬਾਨੋ ਦੀ ਮੋਦੀ ਨੂੰ ਗੁਹਾਰ, 'ਦਿਲੀਪ ਸਾਹਿਬ ਦਾ ਘਰ ਬਚਾ ਲਓ'

ਦਿਲੀਪ ਕੁਮਾਰ Image copyright Getty Images
ਫੋਟੋ ਕੈਪਸ਼ਨ ਸਾਇਰਾ ਬਾਨੋ ਨੇ ਨਰਿੰਦਰ ਮੋਦੀ ਨੂੰ ਮਿਲਣ ਦੀ ਇੱਛਾ ਜਤਾਈ ਹੈ

ਬਾਲੀਵੁੱਡ ਦੇ ਦਿੱਗਜ ਕਲਾਕਾਰ ਦਿਲੀਪ ਕੁਮਾਰ ਤੇ ਸਾਇਰਾ ਬਾਨੋ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਮੰਗੀ ਹੈ।

ਉਨ੍ਹਾਂ ਕਿਹਾ ਹੈ ਕਿ ਲੈਂਡ ਮਾਫੀਆ ਬਿਲਡਰ ਸਮੀਰ ਭੋਜਵਾਨੀ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਤੇ ਉਨ੍ਹਾਂ ਦੇ ਮਕਾਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ।

ਦਿਲੀਪ ਕੁਮਾਰ ਦੇ ਟਵਿੱਟਰ ਹੈਂਡਲ ਤੋਂ ਹਾਲ ਹੀ ਵਿੱਚ ਟਵੀਟ ਕੀਤਾ ਗਿਆ, ''ਸਾਇਰਾ ਬਾਨੋ ਖ਼ਾਨ ਵੱਲੋਂ ਨਰਿੰਦਰ ਮੋਦੀ ਨੂੰ ਗੁਜ਼ਾਰਿਸ਼ ਹੈ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਦੀ ਉਡੀਕ ਕਰ ਰਹੇ ਹਾਂ।''

''ਮੈਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵਿਸ ਦੇ ਲਾਰਿਆਂ ਤੋਂ ਥੱਕ ਗਈ ਹਾਂ ਕਿ ਉਹ ਕੋਸ਼ਿਸ਼ ਕਰ ਰਹੇ ਹਨ। ਸਿਰਫ ਤੁਸੀਂ ਹੀ ਦਿਲੀਪ ਸਾਬ ਦਾ ਇਕਲੌਤਾ ਘਰ ਲੈਂਡ ਮਾਫੀਆ ਤੋਂ ਬਚਾ ਸਕਦੇ ਹੋ।''

ਇਸ ਤੋਂ ਪਹਿਲਾਂ 16 ਦਸੰਬਰ ਨੂੰ ਵੀ ਸਾਇਰਾ ਬਾਨੋ ਨੇ ਟਵੀਟ ਕੀਤਾ ਸੀ, ''ਲੈਂਡ ਮਾਫੀਆ ਸਮੀਰ ਭੋਜਵਾਨੀ ਜੇਲ 'ਚੋਂ ਬਾਹਰ ਆ ਗਿਆ ਹੈ, ਸਾਨੂੰ ਤਾਕਤ ਵਿਖਾ ਕੇ ਡਰਾਇਆ ਜਾ ਰਿਹਾ ਹੈ। ਤੁਹਾਡੇ ਨਾਲ ਮੁੰਬਈ ਵਿੱਚ ਮਿਲਣਾ ਚਾਹੁੰਦੀ ਹਾਂ।''

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ ਯੂਜ਼ਰਸ ਨੇ ਇਨ੍ਹਾਂ ਟਵੀਟਸ 'ਤੇ ਕਮੈਂਟ ਵੀ ਕੀਤੇ। ਗਿੱਲ ਪਿੰਡ ਨੇ ਲਿਖਿਆ, ''ਜੇ ਰੱਬ ਮੰਨੇ ਜਾਣ ਵਾਲੇ ਨਾਲ ਅਜਿਹਾ ਹੋ ਸਕਦਾ ਹੈ, ਤਾਂ ਭਾਰਤ ਵਿੱਚ ਆਮ ਆਦਮੀ ਦਾ ਕੀ ਬਣੂ?''

ਏਕ ਸਵਰਨ ਨਾਂ ਦੀ ਯੂਜ਼ਰ ਨੇ ਲਿਖਿਆ, ''ਇਸਨੂੰ ਕਹਿੰਦੇ ਹਨ ਸਟਾਰਡਮ। ਤੁਸੀਂ ਸਿੱਧਾ ਪ੍ਰਧਾਨ ਮੰਤਰੀ ਨਾਲ ਗੱਲ ਕਰ ਸਕਦੇ ਹੋ, ਆਮ ਲੋਕਾਂ ਵਾਂਗ ਸਾਧਾਰਣ ਪ੍ਰਕਿਰਿਆ ਕਿਉਂ ਨਹੀਂ ਅਪਨਾਉਂਦੇ?''

ਅਸਲ 'ਚ ਬਿਲਡਰ ਦੋ ਪਲਾਟਾਂ 'ਤੇ ਆਪਣੇ ਮਾਲਕਾਨਾ ਹੱਕ ਦਾ ਦਾਅਵਾ ਕਰ ਰਿਹਾ ਹੈ। ਇਨ੍ਹਾਂ ਪਲਾਟਾਂ 'ਤੇ ਹੀ ਦਿਲੀਪ ਕੁਮਾਰ ਦਾ ਬੰਗਲਾ ਹੈ।

ਸਾਇਰਾ ਬਾਨੋ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਮਹਾਰਾਸ਼ਟਰ ਦੌਰੇ 'ਤੇ ਆਉਣ ਵੇਲੇ ਵੀ ਮਿਲਣ 'ਚ ਨਾਕਾਮ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਦਿੱਲੀ ਵੀ ਜਾਵੇਗੀ।

ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਾਇਦਾਦ ਮਾਮਲੇ 'ਚ ਉਹ ਜਲਦੀ ਹੀ ਦਿਲੀਪ ਕੁਮਾਰ ਤੇ ਸਾਇਰਾ ਬਾਨੋ ਨਾਲ ਮੁਲਾਕਾਤ ਕਰਨਗੇ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)