ਕੀ ਹੈ ਸਰੋਗੇਸੀ, ਕੌਣ ਕਰਵਾ ਸਕਦਾ ਹੈ ਤੇ ਕੌਣ ਨਹੀਂ?

pregnant women

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਭਾਰਤ ਵਿੱਚ ਕਮਰਸ਼ੀਅਲ ਸਰੋਗੇਸੀ 'ਤੇ ਪਾਬੰਦੀ ਲਾਉਣ ਵਾਲਾ ਬਿਲ ਲੋਕ ਸਭਾ ਵਿੱਚ ਪਾਸ

ਸਰੋਗੇਸੀ ਰੈਗੂਲੇਸ਼ਨ ਬਿਲ ਲੋਕ ਸਭਾ ਵਿੱਚ ਪਾਸ ਹੋ ਗਿਆ ਹੈ। ਭਾਰਤ ਵਿੱਚ ਕਮਰਸ਼ੀਅਲ ਸਰੋਗੇਸੀ 'ਤੇ ਪਾਬੰਦੀ ਲਾਉਣ ਵਾਲਾ ਇਹ ਬਿਲ ਸਾਲ 2016 ਵਿੱਚ ਪੇਸ਼ ਕੀਤਾ ਗਿਆ ਸੀ ਫਿਰ ਸਾਲ 2017 ਵਿੱਚ ਇਸ ਨੂੰ ਸਟੈਂਡਿੰਗ ਕਮੇਟੀ ਕੋਲ ਸਿਫਾਰਿਸ਼ਾਂ ਲਈ ਭੇਜ ਦਿੱਤਾ ਗਿਆ ਸੀ।

ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਇਸ ਬਿਲ ਵਿੱਚ ਕੀ ਕਿਹਾ ਗਿਆ ਹੈ। ਬਿਲ ਵਿੱਚ ਸਰੋਗੇਸੀ ਦੀ ਪਰਿਭਾਸ਼ਾ ਦਿੱਤੀ ਗਈ ਹੈ।

ਸਰੋਗੇਸੀ ਇਕ ਅਜਿਹਾ ਪ੍ਰਬੰਧ ਹੈ ਜਿਸ ਰਾਹੀਂ ਇੱਕ ਜੋੜਾ ਜੋ ਕਿ ਬੱਚਾ ਚਾਹੁੰਦਾ ਹੈ ਉਹ ਸਰੋਗੇਟ ਮਾਂ ਜਾਂ ਕੁੱਖ ਕਿਰਾਏ 'ਤੇ ਲੈਂਦਾ ਹੈ ਜੋ ਉਨ੍ਹਾਂ ਦੇ ਬੱਚੇ ਨੂੰ ਜਨਮ ਦਿੰਦੀ ਹੈ।

ਸਰੋਗੇਸੀ ਲਈ ਯੋਗਤਾ

-ਜੋ ਜੋੜਾ ਬੱਚਾ ਚਾਹੁੰਦਾ ਹੈ ਉਹ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਘੱਟੋ-ਘੱਟ ਪੰਜ ਸਾਲ ਉਨ੍ਹਾਂ ਦੇ ਵਿਆਹ ਨੂੰ ਪੂਰੇ ਹੋ ਜਾਣੇ ਚਾਹੀਦੇ ਹਨ। ਦੋਹਾਂ ਵਿੱਚੋਂ ਇੱਕ ਦਾ ਬਾਂਝ ਹੋਣਾ ਜ਼ਰੂਰੀ ਹੈ।

-ਜੇ ਜੋੜੇ ਦਾ ਆਪਣਾ ਬੱਚਾ ਹੋਵੇ ਜਾਂ ਉਨ੍ਹਾਂ ਨੇ ਬੱਚਾ ਗੋਦ ਲਿਆ ਹੋਵੇ ਤਾਂ ਉਨ੍ਹਾਂ ਨੂੰ ਸਰੋਗੇਸੀ ਦੀ ਇਜਾਜ਼ਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ:

-ਸਰੋਗੇਟ ਮਾਂ ਵੀ ਕਰੀਬੀ ਰਿਸ਼ਤੇਦਾਰ ਹੋਣੀ ਚਾਹੀਦੀ ਹੈ ਅਤੇ ਉਹ ਵਿਆਹੀ ਹੋਈ ਹੋਵੇ ਜਿਸ ਦਾ ਖ਼ੁਦ ਦਾ ਬੱਚਾ ਹੋਵੇ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸਰੋਗੇਟ ਮਾਂ ਰਾਹੀਂ ਬੱਚੇ ਨੂੰ ਜਨਮ ਦੇਣ ਲਈ ਜੋੜੇ ਵਿੱਚੋਂ ਕਿਸੇ ਇੱਕ ਦਾ ਜਨਮ ਦੇਣ ਵਿੱਚ ਅਸਮਰੱਥ ਹੋਣਾ ਜ਼ਰੂਰੀ

-ਮੈਡੀਕਲ ਖਰਚੇ ਤੋਂ ਇਲਾਵਾ ਕੋਈ ਹੋਰ ਅਦਾਇਗੀ ਸਰੋਗੇਟ ਮਾਂ ਨੂੰ ਨਹੀਂ ਦਿੱਤੀ ਜਾ ਸਕਦੀ। ਸਰੋਗੇਟ ਬੱਚੇ ਨੂੰ ਬੱਚੇ ਦੀ ਇੱਛਾ ਰੱਖਣ ਵਾਲੇ ਮਾਪਿਆਂ ਦਾ ਬਾਇਲਾਜੀਕਲ ਬੱਚਾ ਸਮਝਿਆ ਜਾਵੇਗਾ।

-ਬੱਚੇ ਦੀ ਇੱਛਾ ਰੱਖਣ ਵਾਲੇ ਜੋੜੇ ਅਤੇ ਸਰੋਗੇਟ ਮਾਂ ਨੂੰ ਯੋਗਤਾ ਸਰਟੀਫਿਕੇਟ ਦੇਣ ਲਈ ਉਚਿਤ ਅਥਾਰਿਟੀ ਦੀ ਨਿਯੁਕਤੀ ਕੇਂਦਰ ਅਤੇ ਸੂਬਾ ਸਰਕਾਰਾਂ ਕਰਨਗੀਆਂ.. ਇਹੀ ਅਧਿਕਾਰੀ ਸਰੋਗੇਟ ਕਲੀਨਿਕਾਂ ਨੂੰ ਵੀ ਨਿਯਮਿਤ ਕਰਨਗੇ।

ਇਸ ਬਿੱਲ ਤਹਿਤ ਕੌਮੀ ਸਰੋਗੇਸੀ ਬੋਰਡ, ਸੂਬਾਈ ਸਰੋਗੇਸੀ ਬੋਰਡ ਬਣਾਇਆ ਜਾਵੇਗਾ। ਸਰੋਗੇਸੀ 'ਤੇ ਨਜ਼ਰ ਰੱਖਣ ਲਈ ਵਾਜਿਬ ਅਧਿਕਾਰੀਆਂ ਦੀ ਨਿਯੁਕਤੀ ਕਰਨ ਦੀ ਵੀ ਯੋਜਨਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

- ਕਿਸੇ ਫੀਸ ਲਈ ਸਰੋਗੇਸੀ ਕਰਨਾ, ਇਸ ਦਾ ਇਸ਼ਤਿਹਾਰ ਦੇਣਾ ਜਾਂ ਸਰੋਗੇਟ ਮਾਂ ਦਾ ਸ਼ੋਸ਼ਣ ਕਰਨ 'ਤੇ 10 ਸਾਲ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਕੌਣ ਸਰੋਗੇਸੀ ਰਾਹੀਂ ਬੱਚੇ ਦਾ ਜਨਮ ਨਹੀਂ ਕਰਵਾ ਸਕਦਾ

-ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਵਿੱਚ ਸਰੋਗੇਸੀ ਕਰਾਉਣ ਦੀ ਇਜਾਜ਼ਤ ਨਹੀਂ ਹੈ। ਪਰਵਾਸੀ ਭਾਰਤੀ ਜਾਂ ਭਾਰਤ ਨਾਲ ਸਬੰਧ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਸਰੋਗੇਸੀ ਦੀ ਇਜਾਜ਼ਤ ਨਹੀਂ ਹੈ।

-ਹੋਮੋਸੈਕਸ਼ੁਅਲ, ਸਿੰਗਲ ਪੇਰੈਂਟ ਅਤੇ ਲਿਵ-ਇਨ ਰਿਲੇਸ਼ਨ ਵਿੱਚ ਰਹਿਣ ਵਾਲੇ ਜੋੜਿਆਂ ਨੂੰ ਸਰੋਗੇਸੀ ਰਾਹੀਂ ਬੱਚਿਆਂ ਦਾ ਅਧਿਕਾਰ ਨਹੀਂ ਹੈ

ਇਸ ਤਰ੍ਹਾਂ ਭਾਰਤ ਵਿੱਚ ਕਮਰਸ਼ੀਅਲ ਸਰੋਗੇਸੀ 'ਤੇ ਪਾਬੰਦੀ ਲਗਾਈ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)