ਹਰਿਆਣਾ 'ਚ ਪੰਜਾਬੀ ਹੋਣ ਦੇ ਕੀ ਮਾਅਨੇ ਹਨ

  • ਅਨੀਤਾ ਡਾਗਰ
  • ਬੀਬੀਸੀ ਪੰਜਾਬੀ ਲਈ
ਮਨੋਹਰ ਲਾਲ ਖੱਟਰ

ਤਸਵੀਰ ਸਰੋਤ, SUJIT JAISWAL/AFP/Getty Images

ਹਰਿਆਣਾ ਵਿੱਚ ਨਗਰ ਨਿਗਮ ਚੋਣਾਂ ਦਾ ਮਾਹੌਲ ਬਣਿਆ ਤਾਂ ਪੰਜਾਬੀ ਹੋਣ ਦੀ ਪਛਾਣ ਚਰਚਾ 'ਚ ਆਈ। ਮੌਜੂਦਾ ਮੁੱਖ ਮੰਤਰੀ ਆਪਣੀ ਪੰਜਾਬੀ ਹੋਣ ਦੀ ਪਛਾਣ ਨੂੰ ਸਿਆਸਤ 'ਚ ਨਾ ਸਿਰਫ਼ ਇਸ ਕਰਕੇ ਲੈ ਕੇ ਆਏ ਹਨ ਸਗੋਂ ਉਨ੍ਹਾਂ ਨੂੰ ਇਸ ਵਿੱਚ ਜਿੱਤ ਵੀ ਨਜ਼ਰ ਆਉਂਦੀ ਹੈ।

ਜੇਕਰ ਤੁਸੀਂ ਹਰਿਆਣਾ 'ਚ ਪੈਦਾ ਹੋਏ ਹੋ ਤਾਂ ਪੰਜਾਬੀ ਹੋਣ ਜਾਂ ਨਾ ਹੋਣ ਦਾ ਸਵਾਲ ਤੁਹਾਡੇ ਨਾਲ ਰਹਿੰਦਾ ਹੈ।

ਹਰਿਆਣਾ 'ਚ ਚੱਲ ਰਹੀ ਹਲਚਲ ਨੇ ਮੇਰੇ ਜ਼ਿਹਨ ਨੂੰ ਵੀ ਝੰਜੋੜਿਆ। ਕੁਝ ਅਕਸ ਜੋ ਮੈਂ ਸਾਂਭੇ ਤਾਂ ਨਹੀਂ ਸਨ ਪਰ ਐਂਵੇ ਹੀ "ਮਨ 'ਚ ਵਸ ਗਏ ਸਨ ਤੇ ਹੁਣ ਉਭਰ ਕੇ ਸਾਹਮਣੇ ਆਏ।"

70 ਦਾ ਦਹਾਕਾ ਤੇ ਭਿਵਾਨੀ ਸ਼ਹਿਰ

ਉਹ ਬਾਹਰੋਂ ਆਏ ਹਨ। ਉਨ੍ਹਾਂ ਦਾ ਰੰਗ ਗੋਰਾ-ਚਿੱਟਾ ਹੈ। ਉਨ੍ਹਾਂ ਦੀਆਂ ਬਜ਼ੁਰਗ ਔਰਤਾਂ ਵਾਲਾਂ ਨੂੰ ਮਹਿੰਦੀ ਲਗਾਉਂਦੀਆਂ ਹਨ। ਉਹ ਨਾਸ਼ਤੇ 'ਚ ਚਾਹ ਦੇ ਨਾਲ ਪਰਾਂਠੇ ਖਾਂਦੇ ਹਨ ਉਹ ਵੀ ਡਾਲਡਾ ਘਿਉ ਦੇ। ਉਨ੍ਹਾਂ ਦੇ ਬੱਚੇ ਵੀ ਚਾਹ ਪੀਂਦੇ ਹਨ।

ਇਹ ਵੀ ਪੜ੍ਹੋ:

ਰੋਟੀ ਆਚਾਰ ਦੇ ਨਾਲ ਖਾਂਦੇ ਹਨ। ਪੁਰਸ਼ ਜ਼ਿਆਦਾਤਰ ਦੁਕਾਨਾਂ 'ਤੇ ਕੰਮ ਕਰਦੇ ਜਾਂ ਕੱਪੜੇ ਦਾ ਵਪਾਰ ਕਰਦੇ ਹਨ। ਔਰਤਾਂ ਲਿਪਸਟਿਕ ਲਗਾਉਂਦੀਆਂ ਹਨ। ਉਹ ਪੰਜਾਬੀ ਬੋਲਦੇ ਹਨ। ਉਹ ਪਾਕਿਸਤਾਨ ਦੇ ਝੰਗਾ ਖੇਤਰ ਤੋਂ ਆਏ ਝਾਂਗੀ ਕਹਾਉਂਦੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅੰਬਾਲਾ ਦੇ ਪੰਜਾਬੀ ਸੌੜੀ ਸੋਚ ਵਾਲੇ ਨਹੀਂ ਸਨ (ਸੰਕੇਤਕ ਤਸਵੀਰ)

ਉਹ ਇੱਥੇ ਕਿਉਂ ਆਏ ਹਨ? ਅਜਿਹਾ ਕਿਸੇ ਨੇ ਸਵਾਲ ਨਹੀਂ ਚੁੱਕਿਆ ਪਰ ਬਾਜ਼ਾਰ 'ਚ ਕੁਝ ਚਿਹਰਿਆਂ ਦੇ ਹਾਵ-ਭਾਵ ਤੇ ਗੱਲਬਾਤ ਦੇ ਅੰਦਾਜ਼ੇ ਤੋਂ ਮੇਰੇ ਬਾਲ ਮਨ ਨੇ ਇਹ ਸਮਝ ਲਿਆ ਕਿ ਹਰਿਆਣੇ 'ਤੇ ਸਾਡਾ ਏਕਾਧਿਕਾਰ ਹੈ।

ਹਾਲਾਂਕਿ ਉਹ ਲੋਕ ਕਾਫੀ ਆਪਣੇ ਆਪ 'ਚ ਰਹਿੰਦੇ ਸਨ, ਇੰਨੇ ਵੱਡੇ ਖੁਲ੍ਹੇ ਸ਼ਹਿਰ 'ਚ ਵੀ, ਆਪਣੇ ਕੰਮ ਨਾਲ ਕੰਮ ਰੱਖਦੇ ਸਨ ਅਤੇ ਆਪਣੀ ਕੌਮ ਤੋਂ ਬਾਹਰ ਕਿਸੇ ਨਾਲ ਵਧੇਰੇ ਮਿਲਦੇ ਵੀ ਨਹੀਂ ਸਨ।

ਅਸੀਂ ਉਨ੍ਹਾਂ 'ਤੇ ਗੁੱਸਾ ਕਰ ਸਕਦੇ ਸੀ, ਬੇਧੜਕ ਕੁਝ ਵੀ ਕਹਿ ਸਕਦੇ ਸਨ ਪਰ ਉਹ ਵਧੇਰੇ ਅਣਦੇਖਿਆ ਕਰਕੇ, ਟਾਲ ਕੇ ਨਿਕਲ ਜਾਂਦੇ ਸਨ। ਬੱਚੇ ਵੀ ਅਤੇ ਵੱਡੇ ਵੀ।

ਕੰਜਕਾਂ 'ਤੇ ਜਾਣਾ

70 ਦੇ ਦਹਾਕੇ 'ਚ ਅਸੀਂ ਪੂਰੇ ਪਰਿਵਾਰ ਸਣੇ ਰੋਹਤਕ ਆ ਗਏ ਸੀ। ਉਥੇ ਉਨ੍ਹਾਂ ਦੀ ਵੱਖਰੀ ਕਾਲੋਨੀ ਸੀ, ਸ਼ਹਿਰ ਤੋਂ ਬਾਹਰ ਵੱਲ ਅਤੇ ਸਾਡਾ ਉਸ ਨਾਲ ਕੋਈ ਸਰੋਕਾਰ ਨਹੀਂ ਸੀ।

ਸਾਡੀ ਆਫੀਸਰਜ਼ ਕਾਲੋਨੀ 'ਚ ਇੱਕ ਵੀ ਘਰ ਪੰਜਾਬੀਆਂ ਦਾ ਨਹੀਂ ਸੀ ਅਤੇ ਨਾ ਹੀ ਸਾਡੇ ਕੋਈ ਪੰਜਾਬੀ ਦੋਸਤ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਫੀਸਰਜ਼ ਕਾਲੌਨੀ 'ਚ ਇੱਕ ਵੀ ਘਰ ਪੰਜਾਬੀਆਂ ਦਾ ਨਹੀਂ ਸੀ (ਸੰਕੇਤਕ ਤਸਵੀਰ)

ਕਿਸੇ ਵੀ ਪੰਜਾਬੀ ਪਰਿਵਾਰ ਨਾਲ ਮੇਰੀ ਪਹਿਲੀ ਗੱਲਬਾਤ ਤੇ ਮੁਲਾਕਾਤ ਉਦੋਂ ਹੋਈ ਜਦੋਂ ਸਾਡੀ ਕਾਲੋਨੀ ਦੇ ਬਾਹਰ 2 ਪਰਿਵਾਰਾਂ ਨੇ ਸਾਨੂੰ ਕੰਜਕਾਂ 'ਤੇ ਬੁਲਾਇਆ। ਇਹ ਸਾਡੇ ਲਈ ਨਵਾਂ ਤਿਉਹਾਰ ਸੀ।

1985-90 ਦੌਰਾਨ ਮੈਨੂੰ ਕੁਰੂਕਸ਼ੇਤਰ, ਅੰਬਾਲਾ ਅਤੇ ਕਰਨਾਲ ਰਹਿਣ ਦਾ ਮੌਕਾ ਮਿਲਿਆ। ਅੰਬਾਲਾ ਦੇ ਬਾਜ਼ਾਰਾਂ ਵਿੱਚ ਵਧੇਰੇ ਪੰਜਾਬੀ ਦਿਸਦੇ ਸਨ ਪਰ ਉੁਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ।

ਪਰ ਇਹ ਪੰਜਾਬੀ ਸੌੜੀ ਸੋਚ ਵਾਲੇ ਨਹੀਂ ਸਨ, ਅਸਹਾਇ ਨਹੀਂ ਸਨ। ਮੈਂ ਯਾਦ ਕਰਾਂ ਤਾਂ ਉਨ੍ਹਾਂ ਨੂੰ ਬਰਾਬਰੀ ਨਾਲ ਕੋਈ ਸਰੋਕਾਰ ਨਹੀਂ ਸੀ, ਸ਼ਾਇਦ ਉਹ ਆਪਣੇ ਕੰਮ ਵਿੱਚ ਸਫ਼ਲ ਸਨ ਅਤੇ ਉਥੇ ਕੇਂਦਰਿਤ ਸਨ।

ਕਰਨਾਲ 'ਚ ਮੇਰੇ ਟੇਬਲ ਟੈਨਿਸ ਕੋਚ ਪੰਜਾਬੀ ਸਨ, ਬਹੁਤ ਸਾਰੇ ਸਾਥੀ ਖਿਡਾਰੀ ਵੀ, ਉਹ ਅੰਗਰੇਜ਼ੀ ਮਾਧਿਅਮ ਸਕੂਲ 'ਚ ਪੜ੍ਹਨ ਜਾਂਦੇ ਸਨ ਅਤੇ ਛਾਤੀ ਚੌੜੀ ਕਰਕੇ ਖੇਡਣ ਆਉਂਦੇ ਸਨ।

ਇਸੇ ਦੌਰਾਨ ਮੈਂ ਪੜ੍ਹਨ ਲਈ ਚੰਡੀਗੜ੍ਹ ਚਲੇ ਗਈ। ਮੇਰੇ ਵਧੇਰੇ ਸਹਿਪਾਠੀ ਪੰਜਾਬੀ ਸਨ ਪਰ ਇਹ ਪੰਜਾਬੀ ਸਾਡੇ ਹਰਿਆਣਾ ਦੇ ਪੰਜਾਬੀਆਂ ਤੋਂ ਵੱਖਰੇ ਸਨ।

ਮੈਨੂੰ ਉਨ੍ਹਾਂ ਪ੍ਰਤੀ ਕੋਈ ਗਿਲਾ ਨਹੀਂ ਸੀ। ਅਸੀਂ ਬਰਾਬਰ ਸੀ। ਉਨ੍ਹਾਂ ਨਾਲ ਮੇਰੀ ਗੂੜ੍ਹੀ ਦੋਸਤੀ ਸੀ, ਇੱਥੇ ਮੈਂ ਪੰਜਾਬੀ ਬੋਲਣੀ ਸਿੱਖੀ ਅਤੇ ਲਿਖਣੀ ਵੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੰਜਕ ਸਾਡੇ ਲਈ ਨਵਾਂ ਤਿਉਹਾਰ ਸੀ (ਸੰਕੇਤਕ ਤਸਵੀਰ)

ਭਾਰਤ ਦੀ ਵਿਭਿੰਨਤਾ 'ਚ ਏਕਤਾ 'ਚ ਮੇਰਾ ਬਹੁਤ ਵਿਸ਼ਵਾਸ ਸੀ ਪਰ ਹਰਿਆਣਾ ਤੋਂ ਬਾਹਰਲੇ ਦੇ ਭਾਰਤ 'ਚ। ਜਿਵੇਂ ਹੀ ਮੈਂ ਹਰਿਆਣਾ ਆਉਂਦੀ ਪੰਜਾਬੀ ਸ਼ਬਦ ਅਕਸਰ ਸਮਾਨਾਰਥਕ ਹੁੰਦਾ ਸੀ.. ਸੌੜੀ ਸੋਚ ਦਾ, ਹੌਂਸਲੇ ਦੀ ਬਜਾਏ ਗੱਲਾਂ ਨਾਲ ਸਥਿਤੀ ਨੂੰ ਟਾਲਣ ਦਾ, ਕਿਸੇ ਮੁੱਦੇ 'ਤੇ ਸਟੈਂਡ ਨਾ ਲੈਣ ਦਾ ਅਤੇ ਕਈ ਮਾਅਨੇ 'ਚ ਭਰੋਸੇਮੰਦ ਨਾ ਹੋਣ ਦਾ।

ਮੇਰੇ ਪਿਤਾ ਜੀ ਦੀ ਇੱਕ ਗੱਲ ਅਜੇ ਵੀ ਮੇਰੇ ਜ਼ਿਹਨ 'ਚ ਤਾਜ਼ਾ ਹੈ, "ਪੰਜਾਬੀ ਬਹੁਤ ਮਿਹਨਤੀ ਕੌਮ ਹੈ, ਮਜ਼ਾਲ ਹੈ ਪੰਜਾਬੀ ਤੁਹਾਨੂੰ ਕਿਸੇ ਅੱਗੇ ਹੱਥ ਫੈਲਾਉਂਦਾ ਮਿਲ ਜਾਵੇ।"

ਮੈਂ ਜਿਵੇਂ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਖ਼ਤਮ ਕੀਤੀ ਅਤੇ ਹਮਸਫ਼ਰ ਲਈ ਪੰਜਾਬੀ ਨੂੰ ਚੁਣਿਆ। ਮੇਰੇ ਕਾਰੋਬਾਰੀ ਪਰਿਵਾਰ ਤੋਂ ਇਲਾਵਾ ਬਾਕੀ ਰਿਸ਼ਤੇਦਾਰਾਂ ਲਈ ਇਹ ਖੁਸ਼ੀ-ਗਮੀ ਦਾ ਮੌਕਾ ਬਣ ਗਿਆ।

ਹੋਂਦ ਦੀ ਪਛਾਣ ਇਨਸਾਨ ਦੀ ਹੋਵੇ ਜਾਂ ਕੌਮ ਦੀ ਦਿਲ ਦੀ ਗੁਜ਼ਾਰਿਸ਼ ਇੱਕ ਹੀ ਹੈ। ਮੈਨੂੰ ਸਮਝਿਆ ਜਾਵੇ ਅਤੇ ਵੱਡੇ ਸਮੂਹ ਤੋਂ ਕੱਟਣ ਦੀ ਬਜਾਇ ਅਨਿੱਖੜਵਾਂ ਅੰਗ ਸਮਝਿਆ ਜਾਵੇ।

ਕਿਉਂ ਅਸੀਂ ਉਨ੍ਹਾਂ ਦੀ ਹੋਂਦ ਅਤੇ ਪਛਾਣ, ਉਨ੍ਹਾਂ ਦੇ ਅਤੇ ਆਪਣੇ ਅਤੀਤ ਦੀ ਜਨਮ ਭੂਮੀ ਤੱਕ ਸੀਮਿਤ ਕਰਕੇ ਦੇਖਣਾ ਚਾਹੁੰਦੇ ਹਾਂ? ਹੋਰ ਵੀ ਰਸਤੇ ਹੋਣਗੇ ਇਹ ਸਕੂਨ ਅਤੇ ਸੁਰੱਖਿਆ ਮਹਿਸੂਸ ਕਰਨ ਦੇ, ਜਾਤ ਤੋਂ ਪਰੇ, ਭਾਸ਼ਾ ਤੋਂ ਪਰੇ ਖੇਤਰ ਤੋਂ ਪਰੇ ਅਤੇ ਰੰਗ ਤੋਂ ਪਰੇ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)