ਜੌਨਸਨ ਐਂਡ ਜੌਨਸਨ ਦੇ ਪ੍ਰੋ਼ਡਕਟ ਨੂੰ ਲੈ ਕੇ ਵਿਵਾਦ : ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਕੀ ਕਹਿੰਦੇ ਹਨ

ਪਾਊਡਰ Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਤੁਸੀਂ ਸ਼ਾਇਦ ਹੀ ਕਦੇ ਸੋਚਿਆ ਹੋਵੇਗਾ ਕਿ ਪਾਊਡਰ ਲਗਾਉਣ ਨਾਲ ਕੈਂਸਰ ਵੀ ਹੋ ਸਕਦਾ ਹੈ।

ਇੱਕ ਅਮਰੀਕੀ ਮਹਿਲਾ ਨੇ ਫਾਰਮਾਸਿਊਟਿਕਲ ਕੰਪਨੀ ਜੌਨਸਨ ਐਂਡ ਜੌਨਸਨ 'ਤੇ ਇਲਜ਼ਾਮ ਲਗਾਇਆ ਹੈ ਕਿ ਇਸ ਪਾਊਡਰ ਦੇ ਇਸਤੇਮਾਲ ਨਾਲ ਉਨ੍ਹਾਂ ਨੂੰ ਯੂਟਰਸ ਦਾ ਕੈਂਸਰ ਹੋਇਆ ਹੈ।

ਇਸ ਤੋਂ ਬਾਅਦ ਕੈਲੀਫੋਰਨੀਆ ਦੀ ਇੱਕ ਅਦਾਲਤ ਨੇ ਕੰਪਨੀ ਨੂੰ ਕਰੀਬ 27 ਅਰਬ ਰੁਪਏ ਹਰਜਾਨਾ ਦੇਣ ਦਾ ਫੈਸਲਾ ਸੁਣਾਇਆ।

ਜੱਜ ਨੇ ਕਿਹਾ ਕਿ ਇਸ ਪਾਊਡਰ ਵਿੱਚ ਐਸਬੈਸਟਸ ਦਾ ਇਸਤੇਮਾਲ ਹੁੰਦਾ ਹੈ ਪਰ ਕੰਪਨੀ ਨੇ ਇਸ ਨਾਲ ਹੋਣ ਵਾਲੇ ਖਤਰਿਆਂ ਬਾਰੇ ਗਾਹਕਾਂ ਨੂੰ ਨਹੀਂ ਦੱਸਿਆ।

ਇਹ ਵੀ ਪੜ੍ਹੋ:

ਨਿਊ ਜਰਸੀ ਵਿੱਚ ਜੌਨਸਨ ਐਂਡ ਜੌਨਸਨ ਦੇ ਮੁੱਖ ਦਫਤਰ ਵਿੱਚ ਹਜ਼ਾਰਾਂ ਔਰਤਾਂ ਨੇ ਇਹ ਦਾਅਵਾ ਕੀਤਾ ਹੈ ਕਿ ਪਾਊਡਰ ਲਗਾਉਣ ਨਾਲ ਉਨ੍ਹਾਂ ਨੂੰ ਯੂਟਰਸ ਦਾ ਕੈਂਸਰ ਹੋਇਆ।

ਉਨ੍ਹਾਂ ਦਾ ਦਾਅਵਾ ਹੈ ਕਿ ਗੁਪਤ ਅੰਗਾਂ 'ਤੇ ਆਉਣ ਵਾਲੇ ਪਸੀਨੇ ਨੂੰ ਸੁਕਾਉਣ ਲਈ ਉਹ ਪਾਊਡਰ ਲਗਾਉਂਦੀਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਪ੍ਰੇਸ਼ਾਨੀ ਹੋਈ।

ਹਾਲਾਂਕਿ ਕੰਪਨੀ ਇਨ੍ਹਾਂ ਤਮਾਮ ਦਾਅਵਿਆਂ ਨੂੰ ਗਲਤ ਦੱਸ ਰਹੀ ਹੈ। ਪਰ ਹੁਣ ਇਸ ਦਾ ਅਸਰ ਭਾਰਤ ਵਿੱਚ ਵੀ ਨਜ਼ਰ ਆ ਰਿਹਾ ਹੈ।

Image copyright Getty Images
ਫੋਟੋ ਕੈਪਸ਼ਨ ਹਜ਼ਾਰਾਂ ਔਰਤਾਂ ਨੇ ਇਹ ਦਾਅਵਾ ਕੀਤਾ ਕਿ ਪਾਊਡਰ ਲਗਾਉਣ ਨਾਲ ਉਨ੍ਹਾਂ ਨੂੰ ਯੂਟਰਸ ਦਾ ਕੈਂਸਰ ਹੋਇਆ

ਟਾਈਮਜ਼ ਆਫ ਇੰਡੀਆ ਅਤੇ ਦੂਜੀਆਂ ਕਈ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਜਾਨਸਨ ਐਂਡ ਜਾਨਸਨ ਬੇਬੀ ਪਾਊਡਰ ਦੀ ਗੁਣਵੱਤਾ ਦੀ ਜਾਂਚ ਲਈ ਕੇਂਦਰੀ ਸਿਹਤ ਮੰਤਰਾਲੇ ਦੇ ਹੁਕਮ 'ਤੇ 100 ਤੋਂ ਵੱਧ ਡਰੱਗ ਇੰਸਪੈਕਟਰ ਦੇਸ ਵਿੱਚ ਕੰਪਨੀ ਦੇ ਦਫਤਰਾਂ, ਹੋਲਸੇਲਰਜ਼ ਤੇ ਡਿਸਟ੍ਰੀਬਿਊਟਰਜ਼ ਤੋਂ ਸੈਂਪਲ ਜਮਾ ਕਰਨਗੇ ਤੇ ਉਨ੍ਹਾਂ ਦੀ ਜਾਂਚ ਕੀਤੀ ਜਾਏਗੀ।

ਇਸ ਜਾਂਚ ਨੂੰ ਰਾਇਟਰਜ਼ ਦੀ ਇੱਕ ਰਿਪੋਰਟ ਤੋਂ ਬਾਅਦ ਕੀਤੀ ਕਾਰਵਾਈ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ। ਰਿਪੋਰਟ ਵਿੱਚ ਲਿਖਿਆ ਸੀ, ''ਜੌਨਸਨ ਐਂਡ ਜੌਨਸਨ ਨੂੰ ਦਹਾਕਿਆਂ ਤੋਂ ਪਤਾ ਸੀ ਕਿ ਉਨ੍ਹਾਂ ਦੇ ਬੇਬੀ ਪਾਊਡਰ ਵਿੱਚ ਐਸਬੈਸਟਸ ਹੈ।''

ਕੀ ਐਸਬੈਸਟਸ ਨਾਲ ਕੈਂਸਰ ਹੋ ਸਕਦਾ ਹੈ?

ਕਈ ਸਾਲਾਂ ਤੋਂ ਇਹ ਗੱਲ ਚਿੰਤਾ ਦਾ ਵਿਸ਼ਾ ਹੈ ਕਿ ਟੈਲਕਮ ਪਾਊਡਰ ਲਗਾਉਣ ਨਾਲ ਬੱਚੇਦਾਨੀ ਦਾ ਕੈਂਸਰ ਹੁੰਦਾ ਹੈ, ਖਾਸ ਕਰ ਕੇ ਗੁਪਤ ਅੰਗਾਂ 'ਤੇ।

ਕੌਮਾੰਤਰੀ ਰਿਸਰਚ ਸੰਸਥਾਵਾਂ ਮੁਤਾਬਕ ਗੁਪਤ ਅੰਗਾਂ 'ਤੇ ਐਸਬੈਸਟਸ ਦੇ ਇਸਤੇਮਾਲ ਨਾਲ ਕੈਂਸਰ ਹੋ ਸਕਦਾ ਹੈ। ਨੈਚੁਰਲ ਐਸਬੈਸਟਸ ਨਾਲ ਕੈਂਸਰ ਹੁੰਦਾ ਹੈ।

1970 ਤੋਂ ਹੀ ਬੇਬੀ ਪਾਊਡਰ ਤੇ ਹੋਰ ਕੌਸਮੈਟਿਕ ਪ੍ਰੋਡਕਟਸ ਵਿੱਚ ਐਸਬੈਸਟਸ ਮੁਕਤ ਅਭ੍ਰਕ(ਮਿਸ਼ਰਣ) ਦਾ ਇਸਤੇਮਾਲ ਹੁੰਦਾ ਹੈ।

Image copyright Getty Images
ਫੋਟੋ ਕੈਪਸ਼ਨ ਨੈਚੁਰਲ ਐਸਬੈਸਟਸ ਨਾਲ ਕੈਂਸਰ ਹੁੰਦਾ ਹੈ

ਸਰ ਗੰਗਾ ਰਾਮ ਹਸਪਤਾਲ ਦੇ ਸਕਿਨ ਸਪੈਸ਼ਲਿਸਟ ਡਾਕਟਰ ਰੋਹਿਤ ਖੰਨਾ ਦਾ ਕਹਿਣਾ ਹੈ ਕਿ ਲਗਪਗ ਸਾਰੇ ਪਾਊਡਰਾਂ ਵਿੱਚ ਐਸਬੈਸਟਸ ਹੁੰਦਾ ਹੈ ਅਤੇ ਇਹ ਵੀ ਸੱਚ ਹੈ ਕਿ ਜੇ ਐਸਬੈਸਟਸ ਵੱਧ ਸਰੀਰ ਵਿੱਚ ਚਲਿਆ ਜਾਵੇ ਤਾਂ ਕੈਂਸਰ ਹੋ ਸਕਦਾ ਹੈ।

ਉਨ੍ਹਾਂ ਕਿਹਾ, ''ਕਿਸੇ ਇੱਕ ਪਾਊਡਰ ਦਾ ਨਾਂ ਲੈਣਾ ਠੀਕ ਨਹੀਂ ਹੋਏਗਾ। ਪਾਊਡਰ ਦਾ ਇਸਤੇਮਾਲ ਸੀਮਤ ਹੁੰਦਾ ਹੈ। ਅਜਿਹੇ ਵਿੱਚ ਕੈਂਸਰ ਹੋਣ ਦੇ ਬਹੁਤ ਘੱਟ ਚਾਂਸ ਹੁੰਦੇ ਹਨ ਪਰ ਜੇ ਕੋਈ ਪਾਊਡਰ ਦਾ ਬਹੁਤ ਜ਼ਿਆਦਾ ਇਸਤੇਮਾਲ ਕਰ ਰਿਹਾ ਹੈ ਤਾਂ ਚਾਂਸ ਵੱਧ ਜਾਂਦਾ ਹੈ।''

''ਅਜਿਹੇ ਵਿੱਚ ਜ਼ਰੂਰੀ ਹੈ ਕਿ ਪਾਊਡਰ ਦਾ ਸੀਮਤ ਇਸਤੇਮਾਲ ਕਰਨ ਅਤੇ ਨਹਾਉਣ ਵੇਲੇ ਉਨ੍ਹਾਂ ਥਾਵਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਲੈਣ ਜਿੱਥੇ ਪਾਊਡਰ ਲੱਗਿਆ ਹੈ।''

ਜੌਨਸਨ ਐਂਡ ਜੌਨਸਨ ਦਾ ਦਾਅਵਾ

ਬੀਬੀਸੀ ਨੂੰ ਭੇਜੀ ਗਈ ਇੱਕ ਈ-ਮੇਲ ਵਿੱਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਰਾਇਟਰਜ਼ ਦੀ ਰਿਪੋਰਟ ਇੱਕ ਤਰਫਾ ਹੈ ਤੇ ਉਨ੍ਹਾਂ ਦੇ ਪਾਊਡਰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਐਸਬੈਸਟਸ-ਫ੍ਰੀ ਹਨ।

ਕੰਪਨੀ ਦਾ ਦਾਅਵਾ ਹੈ ਕਿ ਉਹਨਾਂ ਨੇ ਇੱਕ ਲੱਖ ਮਰਦ ਅਤੇ ਔਰਤਾਂ 'ਤੇ ਰਿਸਰਚ ਕੀਤੀ ਤੇ ਪਾਇਆ ਕਿ ਪਾਊਡਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਉਹ ਰਾਇਟਰਜ਼ ਨੂੰ ਵੀ ਸਾਰੀਆਂ ਰਿਪੋਰਟਸ ਭੇਜ ਚੁਕੇ ਹਨ।

ਉਨ੍ਹਾਂ ਕਿਹਾ ਇਹ ਸੁਰੱਖਿਅਤ ਹੈ ਕਿਉਂਕਿ,

  • ਇਸ ਦਾ ਸਾਲਾਂ ਤੋਂ ਇਸਤੇਮਾਲ ਹੁੰਦਾ ਆ ਰਿਹਾ ਹੈ
  • ਇਹ ਆਮ ਲੋਕਾਂ ਵਿੱਚ ਮਸ਼ਹੂਰ ਹੈ
  • ਇਸ ਪਾਊ਼ਡਰ ਨੂੰ ਲੈ ਕੇ ਕਈ ਸਵਤੰਤਰ ਅਧਿਐਨ ਕੀਤੇ ਜਾ ਚੁਕੇ ਹਨ
  • ਇਸ ਨਾਲ ਕੈਂਸਰ ਹੋਣ ਦੀ ਕੋਈ ਪੁਸ਼ਟੀ ਨਹੀਂ ਹੁੰਦੀ
Image copyright Getty Images
ਫੋਟੋ ਕੈਪਸ਼ਨ ਕੰਪਨੀ ਦਾ ਦਾਅਵਾ ਹੈ ਕਿ ਪਾਊਡਰ ਸੁਰੱਖਿਅਤ ਹੈ

ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਹਰ ਕੰਪਨੀ ਆਪਣੇ ਤਰੀਕੇ ਨਾਲ ਪਾਊਡਰ ਬਣਾਉਂਦੀ ਹੈ। ਕਿਸੇ ਕੰਪਨੀ ਦੇ ਪਾਊਡਰ ਵਿੱਚ ਕੋਈ ਤੱਤ ਵੱਧ ਹੋ ਸਕਦਾ ਹੈ ਤੇ ਕਿਸੇ ਵਿੱਚ ਕੋਈ।

ਆਮ ਤੌਰ 'ਤੇ ਪਾਊਡਰ ਬਣਾਉਣ ਲਈ ਸਿਲਿਕੌਨ ਡਾਇਔਕਸਾਈਡ, ਮੈਗਨੀਸੀਅਮ ਡਾਇਔਕਸਾਈਡ, ਆਇਕਨ ਡਾਇਔਕਸਾਈਡ, ਅਲੁਮੀਨੀਅਮ ਡਾਇਔਕਸਾਈਡ, ਜ਼ਿੰਕ ਡਾਇਔਕਸਾਈਡ, ਬੈਨਜਾਏਨ ਅਤੇ ਕੈਲਸ਼ਿਅਮ ਕਾਰਬੋਨੇਟ ਹੁੰਦਾ ਹੈ।

ਇਸ ਤੋਂ ਇਲਾਵਾ ਆਰਗੈਨਿਕ ਆਇਲ ਅਤੇ ਖੁਸ਼ਬੂ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਆਮ ਭਾਸ਼ਾ ਵਿੱਚ ਪਾਊਡਰ ਬਹੁਤ ਸਾਰੇ ਖਣਿਜਾਂ ਦਾ ਮਿਸ਼ਰਣ ਹੁੰਦਾ ਹੈ ਜਿਸਨੂੰ ਰਿਫਾਈਨ ਕਰਕੇ ਤਿਆਰ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:

Image copyright AFP
ਫੋਟੋ ਕੈਪਸ਼ਨ ਜੌਨਸਨ ਐਂਡ ਜੌਨਸਨ ਕੰਪਨੀ ਦੇ ਬੇਬੀ ਪਾਊਡਰ ਬਾਰੇ ਅਜਿਹੇ ਕਈ ਦਾਅਵੇ ਕੀਤੇ ਜਾ ਰਹੇ ਹਨ

ਦਿੱਲੀ ਵਿੱਚ ਪ੍ਰੈਕਟਿਸ ਕਰਨ ਵਾਲੇ ਡਰਮਟੌਲਜਿਸਟ ਡਾਂ ਰਿਸ਼ੀ ਪਰਾਸ਼ਰ ਨੇ ਦੱਸਿਆ, ''ਕੁਝ ਸਾਲ ਪਹਿਲਾਂ ਅਜਿਹੀ ਸੋਚ ਸੀ ਕਿ ਪਾਊਡਰ ਗੋਰਾ ਬਣਾਉਂਦਾ ਹੈ, ਪਸੀਨਾ ਸੁਕਾ ਦਿੰਦਾ ਹੈ ਪਰ ਕੀ ਇਹ ਸੱਚ ਹੈ। ਇਹ ਖਣਿਜਾਂ ਦਾ ਮਿਸ਼ਰਣ ਹੈ ਤੇ ਜੇ ਤੁਸੀਂ ਇਸ ਦਾ ਵੱਧ ਇਸਤੇਮਾਲ ਕਰ ਰਹੇ ਹੋ ਤਾਂ ਖਤਰਾ ਤਾਂ ਹੋ ਹੀ ਸਕਦਾ ਹੈ।''

ਡਾ. ਪਰਾਸ਼ਰ ਮੰਨਦੇ ਹਨ ਕਿ ਪਾਊਡਰ ਦਾ ਇਸਤੇਮਾਲ ਕਰਨਾ ਖਤਰਨਾਕ ਹੋ ਸਕਦਾ ਹੈ ਪਰ ਉਹ ਕਿਸੀ ਇੱਕ ਬ੍ਰਾਂਡ ਦੇ ਪਾਊਡਰ ਦੇ ਹੀ ਖਤਰਨਾਕ ਹੋਣ ਦੀ ਗੱਲ ਨਹੀਂ ਮੰਨਦੇ।

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸੰਭਵ ਹੈ ਤਾਂ ਇਸ ਦੇ ਇਸਤੇਮਾਲ ਤੋਂ ਬਚਿਆ ਜਾਵੇ।

ਤੁਸੀਂ ਇਹ ਵੀਡੀਓਜ਼ ਵੀ ਵੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)