ਆਈਪੀਐੱਲ ਵਿੱਚ ਚੁਣੇ ਗਏ ਪ੍ਰਭ ਸਿਮਰਨ ਦੇ ਪਿਤਾ : 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'

  • ਅਰਵਿੰਦ ਛਾਬੜਾ
  • ਬੀਬੀਸੀ ਪੱਤਰਕਾਰ
ਪ੍ਰਭ ਸਿਮਰਨ ਸਿੰਘ ਦੇ ਪਿਤਾ

ਮੰਗਲਵਾਰ ਨੂੰ ਪ੍ਰਭ ਸਿਮਰਨ ਸਿੰਘ ਅਤੇ ਉਸ ਦੇ ਤਾਏ ਦੇ ਪੁੱਤਰ ਅਨਮੋਲਪ੍ਰੀਤ ਸਿੰਘ ਜਦੋਂ ਪਟਿਆਲਾ ਸਥਿਤ ਆਪਣੇ ਘਰ ਪਹੁੰਚੇ ਤਾਂ ਦੋਹਾਂ ਦੇ ਪਰਿਵਾਰ ਟੀਵੀ ਦੇਖ ਰਹੇ ਸਨ।

ਟੀ ਵੀ ਉੱਤੇ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੇ 12ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਚੱਲ ਰਹੀ ਸੀ।

ਪਰਿਵਾਰ ਨੂੰ ਪਿਛਲੇ ਸਾਲ ਵੀ ਉਮੀਦ ਸੀ ਕਿ ਅਨਮੋਲ ਸਿੰਘ ਦੀ ਖੇਡ ਨੂੰ ਦੇਖਦੇ ਹੋਏ ਕੋਈ ਨਾ ਕੋਈ ਟੀਮ ਉਸ ਨੂੰ ਜ਼ਰੂਰ ਖ਼ਰੀਦੇਗੀ, ਪਰ ਇਹ ਉਮੀਦ ਉਸ ਸਮੇਂ ਨਿਰਾਸ਼ਾ ਵਿਚ ਬਦਲ ਗਈ ਜਦੋਂ ਉਸ ਨੂੰ ਕੋਈ ਵੀ ਖ਼ਰੀਦਦਾਰ ਨਹੀਂ ਮਿਲਿਆ ਅਤੇ ਉਸ ਦਾ ਆਈਪੀਐਲ ਖੇਡਣ ਦਾ ਸੁਪਨਾ ਟੁੱਟ ਗਿਆ।

ਪਰ ਇਸ ਵਾਰ ਪਰਿਵਾਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਅਨਮੋਲ ਨੂੰ ਮੁੰਬਈ ਦੀ ਟੀਮ ਨੇ ਅੱਸੀ ਲੱਖ ਰੁਪਏ ਵਿੱਚ ਖ਼ਰੀਦ ਲਿਆ।

ਇਸ ਖ਼ੁਸ਼ੀ ਤੋਂ ਬਾਅਦ ਵੀ ਪਰਿਵਾਰ ਦੀਆਂ ਅੱਖਾਂ ਟੀਵੀ ਉੱਤੇ ਲੱਗੀਆਂ ਰਹੀਆਂ ਕਿਉਂਕਿ ਪ੍ਰਭ ਸਿਮਰਨ ਸਿੰਘ ਨੂੰ ਵੀ ਬੋਲੀ ਵਾਲੇ ਖਿਡਾਰੀਆਂ 'ਚ ਸ਼ਾਮਲ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ:

ਪ੍ਰਭ ਸਿਮਰਨ ਸਿੰਘ ਦੀ ਬੋਲੀ ਦੀ ਜਦੋਂ ਵਾਰੀ ਆਈ ਤਾਂ ਉਸ ਦਾ ਬੇਸ ਪ੍ਰਾਈਜ਼ 20 ਲੱਖ ਰੁਪਏ ਸੀ ਅਤੇ ਇਸ ਉੱਤੇ ਜਦੋਂ ਬੋਲੀ ਸ਼ੁਰੂ ਹੋਈ ਤਾਂ ਇੱਕ ਵਾਰ ਅਜਿਹਾ ਲੱਗਿਆ ਕਿ ਸਾਰੀਆਂ ਹੀ ਟੀਮਾਂ ਉਸ ਨੂੰ ਚਾਹੁੰਦੀਆਂ ਹਨ ਅਤੇ ਉਸ ਦੀ ਬੋਲੀ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਸੀ।

ਪਰ ਸਾਰੀਆਂ ਟੀਮਾਂ ਨੂੰ ਪਛਾੜਦੇ ਹੋਏ ਕਿੰਗਜ਼ ਇਲੈਵਨ ਨੇ ਉਸ ਨੂੰ ਚਾਰ ਕਰੋੜ ਅੱਸੀ ਲੱਖ ਰੁਪਏ ਵਿੱਚ ਖ਼ਰੀਦ ਲਿਆ।

ਪ੍ਰਭ ਸਿਮਰਨ ਸਿੰਘ ਦੇ ਮਾਤਾ ਪਿਤਾ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਨਹੀਂ ਸਨ ਰੁਕ ਰਹੇ।

ਬੀਬੀਸੀ ਪੰਜਾਬੀ ਦੀ ਟੀਮ ਜਦੋਂ ਪ੍ਰਭ ਸਿਮਰਨ ਸਿੰਘ ਦੇ ਪਟਿਆਲਾ ਸਥਿਤ ਘਰ ਪਹੁੰਚੀ ਤਾਂ ਬੋਲੀ ਤੋਂ ਦੋ ਦਿਨ ਬਾਅਦ ਵੀ ਪ੍ਰਭ ਸਿਮਰਨ ਸਿੰਘ ਦੇ ਪਿਤਾ ਸੁਰਜੀਤ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਸੀ ਰੁਕ ਰਹੇ।

ਮਹਿਜ਼ 18 ਸਾਲ ਦੀ ਉਮਰ ਵਿੱਚ ਕਰੋੜਪਤੀ ਬਣੇ ਪ੍ਰਭ ਸਿਮਰਨ ਸਿੰਘ ਦੇ ਪਿਤਾ ਸੁਰਜੀਤ ਸਿੰਘ ਪੰਜਾਬ ਮੰਡੀ ਬੋਰਡ ਵਿੱਚ ਨੌਕਰੀ ਕਰਦੇ ਹਨ।

ਆਪਣੀ ਅੱਖਾਂ ਦੇ ਹੰਝੂ ਪੂੰਝਦੇ ਹੋਏ ਸੁਰਜੀਤ ਸਿੰਘ ਨੇ ਆਖਿਆ ਕਿ ਪੁੱਤ ਕਦੇ ਕਰੋੜਪਤੀ ਬਣੇਗਾ ਇਹ ਕਦੇ ਸੋਚਿਆ ਵੀ ਨਹੀਂ ਸੀ।

'ਪੁੱਤਰ ਨੇ ਬਣਾਈ ਪਛਾਣ'

ਸੁਰਜੀਤ ਸਿੰਘ ਨੇ ਦੱਸਿਆ, ''ਮੇਰੀ ਸਾਰੀ ਉਮਰ ਦਫ਼ਤਰ ਵਿੱਚ ਚਿੱਠੀਆਂ ਅਤੇ ਫਾਈਲਾਂ ਨੂੰ ਅਫ਼ਸਰਾਂ ਦੇ ਟੇਬਲਾਂ ਤੱਕ ਲੈ ਕੇ ਜਾਂਦੇ ਹੋਏ ਲੰਘ ਗਈ, ਕਦੇ ਕਿਸੇ ਨੇ ਨਹੀਂ ਸੀ ਪੁੱਛਿਆ ਪਰ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ।''

ਸੁਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਜਿਵੇਂ ਹੀ ਪ੍ਰਭ ਸਿਮਰਨ ਸਿੰਘ ਦੀ ਕਾਮਯਾਬੀ ਦੀ ਖ਼ਬਰ ਫੈਲੀ ਤਾਂ ਅਫ਼ਸਰਾਂ ਦੇ ਵਧਾਈਆਂ ਲਈ ਲਗਾਤਾਰ ਫ਼ੋਨ ਆ ਰਹੇ ਹਨ।

ਸੁਰਜੀਤ ਸਿੰਘ ਪੁੱਤਰ ਦੀ ਕਾਮਯਾਬੀ ਦਾ ਸਿਹਰਾ ਆਪਣੇ ਵੱਡੇ ਭਰਾ ਯਾਨੀ ਪ੍ਰਭ ਸਿਮਰਨ ਸਿੰਘ ਦੇ ਤਾਏ ਸਤਿੰਦਰ ਸਿੰਘ ਗੋਰਾ ਨੂੰ ਦਿੰਦੇ ਹਨ।

ਤਸਵੀਰ ਕੈਪਸ਼ਨ,

ਪ੍ਰਭ ਸਿਮਰਨ ਸਿੰਘ ਦੇ ਪਿਤਾ ਸੁਰਜੀਤ ਸਿੰਘ

ਸਤਿੰਦਰ ਸਿੰਘ ਗੋਰਾ ਦੇ ਬੇਟੇ ਅਨਮੋਲਪ੍ਰੀਤ ਸਿੰਘ ਨੂੰ ਵੀ ਮੁੰਬਈ ਦੀ ਟੀਮ ਨੇ 80 ਲੱਖ ਰੁਪਏ ਵਿਚ ਖ਼ਰੀਦਿਆ ਹੈ।

ਪ੍ਰਭ ਸਿਮਰਨ ਮੁਤਾਬਕ, ''ਤਾਇਆ ਜੀ ਨੇ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ। ਉਹ ਜਦੋਂ ਵੀ ਘਰ ਬੈਟ ਲੈ ਕੇ ਆਉਂਦੇ ਤਾਂ ਉਹ ਇੱਕ ਨਹੀਂ ਬਲਕਿ ਤਿੰਨ ਲੈ ਕੇ ਆਉਂਦੇ।

ਪ੍ਰਭ ਸਿਮਰਨ ਦੇ ਪਿਤਾ ਭਾਵੇਂ ਕਿਸੇ ਉੱਚੇ ਅਹੁਦੇ ਉੱਤੇ ਕੰਮ ਨਹੀਂ ਕਰਦੇ ਪਰ ਪੂਰਾ ਪਰਿਵਾਰ ਦੇ ਇਕੱਠਿਆਂ ਰਹਿਣ ਕਰ ਕੇ ਉਸ ਨੂੰ ਕਦੇ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਿਆ।

ਉਸਦੇ ਤਾਇਆ ਪੰਜਾਬ ਪੁਲਿਸ ਵਿਚ ਇੰਸਪੈਕਟਰ ਹਨ ਅਤੇ ਉਸ ਦੀਆਂ ਦੋ ਵੱਡੀਆਂ ਭੈਣਾਂ ਵੀ ਹਨ।

ਪਟਿਆਲਾ ਦੀ ਪਛਾਣ ਬਣੇ ਪ੍ਰਭ ਸਿਮਰਨ

ਸ਼ਾਹੀ ਸ਼ਹਿਰ ਪਟਿਆਲਾ ਦੇ ਭੀੜ-ਭਾੜ ਵਾਲੇ ਬਾਜ਼ਾਰ ਦੀਆਂ ਤੰਗ ਗਲੀਆਂ ਵਿੱਚੋਂ ਹੁੰਦੇ ਅਸੀਂ ਗੁਰਬਖ਼ਸ਼ ਕਾਲੋਨੀ ਦੀ ਉਸ ਗਲੀ ਵਿਚ ਪਹੁੰਚੇ ਜਿੱਥੇ ਕ੍ਰਿਕਟ ਦੀ ਦੁਨੀਆਂ ਦਾ ਨਵਾਂ ਸਿਤਾਰਾ ਪ੍ਰਭ ਸਿਮਰਨ ਸੰਯੁਕਤ ਪਰਿਵਾਰ ਵਿਚ ਰਹਿੰਦਾ ਹੈ।

ਇਸ ਇਲਾਕੇ ਦੀਆਂ ਗਲੀਆਂ ਇੰਨੀਆਂ ਤੰਗ ਹਨ ਕਿ ਦੋ ਗੱਡੀਆਂ ਇਕੱਠੀਆਂ ਨਹੀਂ ਲੰਘ ਸਕਦੀਆਂ।

ਪ੍ਰਭ ਸਿਮਰਨ ਦੇ ਘਰ ਜਾਣ ਵਾਲੀਆਂ ਗਲੀਆਂ ਬੇਸ਼ੱਕ ਤੰਗ ਹਨ ਪਰ ਉਨ੍ਹਾਂ ਦਾ ਘਰ ਕਾਫ਼ੀ ਵੱਡਾ ਹੈ।

ਵੀਡੀਓ ਕੈਪਸ਼ਨ,

'IPL 'ਚ ਇੰਨਾ ਵਧੀਆ ਰਕਮ 'ਤੇ ਨਿਲਾਮੀ ਨਹੀਂ ਸੋਚੀ ਸੀ': ਪ੍ਰਭ ਸਿਮਰਨ

ਘਰ ਵਿੱਚ ਕ੍ਰਿਕਟ ਦੀ ਪ੍ਰੈਕਟਿਸ ਲਈ ਉਸ ਨੇ ਗੇਂਦਬਾਜ਼ੀ ਵਾਲੀ ਮਸ਼ੀਨ ਵੀ ਲਗਾਈ ਹੋਈ ਹੈ ਜਿੱਥੇ ਉਹ ਆਪਣੇ ਭਰਾ ਅਨਮੋਲਪ੍ਰੀਤ ਸਿੰਘ ਨਾਲ ਪ੍ਰੈਕਟਿਸ ਕਰਦਾ ਹੈ।

ਪ੍ਰਭ ਦੇ ਤਾਇਆ ਸਤਿੰਦਰ ਸਿੰਘ ਦੱਸਦੇ ਹਨ ਕਿ ਇਸ ਮਸ਼ੀਨ ਦੀ ਕੀਮਤ ਕਰੀਬ ਤਿੰਨ ਲੱਖ ਰੁਪਏ ਹੈ ਅਤੇ ਇਸ ਨੂੰ ਬੈਂਗਲੁਰੂ ਤੋਂ ਖ਼ਰੀਦ ਕੇ ਲਿਆਂਦਾ ਗਿਆ ਹੈ।

ਘਰ ਤੋਂ ਇਲਾਵਾ ਦੋਵੇਂ ਭਰਾ ਪਟਿਆਲਾ ਦੇ ਧਰੁਵ ਪਾਂਡਵ ਸਟੇਡੀਅਮ ਵਿੱਚ ਪ੍ਰੈਕਟਿਸ ਕਰਦੇ ਹਨ ਜੋ ਇਹਨਾਂ ਦੇ ਘਰ ਤੋਂ ਕਰੀਬ ਤਿੰਨ ਕਿਲੋਮੀਟਰ ਹੈ।

ਇਹ ਵੀ ਪੜ੍ਹੋ:

ਸਟੇਡੀਅਮ ਦੇ ਸਕੱਤਰ ਰਾਜਿੰਦਰ ਪਾਂਡਵ ਦੱਸਦੇ ਹਨ ਕਿ ਪ੍ਰਭ ਸਿਮਰਨ ਦੀ ਖੇਡ ਭਾਰਤ ਦੇ ਮਸ਼ਹੂਰ ਵਿਕਟ ਕੀਪਰ ਫ਼ਾਰੂਕ ਇੰਜੀਨੀਅਰ ਦੀ ਖੇਡ ਦੀ ਯਾਦ ਤਾਜ਼ਾ ਕਰਵਾਉਂਦੀ ਹੈ।

ਪ੍ਰਭ ਸਿਮਰਨ ਸਿੰਘ ਵੀ ਫ਼ਾਰੂਕ ਇੰਜੀਨੀਅਰ ਵਾਂਗ ਸਲਾਮੀ ਬੱਲੇਬਾਜ਼ ਹੈ ਅਤੇ ਚੌਕੇ ਛੱਕੇ ਵੀ ਉਹ ਉਸੇ ਤਰ੍ਹਾਂ ਮਾਰਦਾ ਹੈ।

ਸਟੇਡੀਅਮ ਦੇ ਕੋਚ ਤਰਮਿੰਦਰ ਸਿੰਘ ਆਖਦੇ ਹਨ ਕਿ ਪ੍ਰਭ ਸਿਮਰਨ ਦੀ ਬੱਲੇਬਾਜ਼ੀ ਦੀ ਖ਼ਾਸੀਅਤ ਉਸ ਦਾ ਪੁਲ ਅਤੇ ਸੁਕੈਅਰ ਡਰਾਈਵ ਸ਼ਾਟ ਹਨ ਅਤੇ ਉਹ ਦੇਸ਼ ਦੇ ਸਲਾਮੀ ਬੱਲੇਬਾਜ਼ ਸ੍ਰੀਕਾਂਤ ਵਾਂਗ ਖੇਡਦਾ ਹੈ।

ਉਨ੍ਹਾਂ ਦੀ ਖੇਡ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਕਿੰਗਜ਼ ਇਲੈਵਨ ਦੇ ਦੋ ਟ੍ਰਾਇਲ ਮੈਚਾਂ ਵਿੱਚ ਕ੍ਰਮਵਾਰ 29 ਗੇਂਦਾਂ ਵਿੱਚ 50 ਅਤੇ 32 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ ਸੀ।

ਏਸ਼ੀਆ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ

ਏਸ਼ੀਆ ਕੱਪ ਦੇ ਅੰਡਰ-19 ਵਿੱਚ ਕਪਤਾਨ ਦੀ ਗ਼ੈਰਮੌਜੂਦਗੀ ਵਿੱਚ ਟੀਮ ਦੀ ਅਗਵਾਈ ਕਰਨ ਦਾ ਮੌਕਾ ਵੀ ਪ੍ਰਭ ਸਿਮਰਨ ਸਿੰਘ ਨੂੰ ਮਿਲਿਆ ਅਤੇ ਉਸ ਨੇ ਟੀਮ ਨੂੰ ਜਿੱਤ ਦਵਾਈ।

ਸ਼ਾਇਦ ਪ੍ਰਭ ਸਿਮਰਨ ਸਿੰਘ ਦਾ ਇਹੀ ਪ੍ਰਦਰਸ਼ਨ ਕਿੰਗਜ਼ ਇਲੈਵਨ ਪੰਜਾਬ ਦੇ ਮਾਲਕਾਂ ਨੂੰ ਜੱਚ ਗਿਆ ਅਤੇ ਉਸ ਨੂੰ ਚਾਰ ਕਰੋੜ ਅੱਸੀ ਲੱਖ ਦੀ ਵੱਡੀ ਕੀਮਤ ਉੱਤੇ ਖ਼ਰੀਦ ਲਿਆ।

ਮਹਿਜ਼ 18 ਸਾਲ ਦੇ ਪ੍ਰਭ ਨੇ ਇਸ ਸਮੇਂ ਸਿਰਫ਼ +2 ਪਾਸ ਕੀਤੀ ਅਤੇ ਉਹ ਕ੍ਰਿਕਟ ਦੇ ਨਾਲ ਪੜ੍ਹਾਈ ਵੀ ਜਾਰੀ ਰੱਖਣਾ ਚਾਹੁੰਦਾ ਹੈ। ਉਸ ਦਾ ਸੁਪਨਾ ਭਾਰਤੀ ਟੀਮ ਵਿੱਚ ਸ਼ਾਮਲ ਹੋਣਾ ਹੈ।

ਤਸਵੀਰ ਕੈਪਸ਼ਨ,

ਕਿੰਗਜ਼ ਇਲੈਵਨ ਪੰਜਾਬ ਨੇ, ਪ੍ਰਭ ਸਿਮਰਨ ਨੂੰ ਚਾਰ ਕਰੋੜ ਅੱਸੀ ਲੱਖ ਵਿਚ ਖ਼ਰੀਦਿਆ ਹੈ।

ਪ੍ਰਭ ਦੇ ਪਰਿਵਾਰ ਵਾਲਿਆਂ ਅਤੇ ਕੋਚ ਵਾਂਗ ਉਸ ਦੇ ਮੁਹੱਲੇ ਦੇ ਸਾਰੇ ਲੋਕ ਦੋਵੇਂ ਭਰਾਵਾਂ ਦੀ ਕਾਮਯਾਬੀ ਉੱਤੇ ਖ਼ੁਸ਼ ਹਨ।

ਮੁਹੱਲੇ ਵਾਲਿਆਂ ਮੁਤਾਬਿਕ ਦੋ ਭਰਾਵਾਂ ਦੀ ਦਿਨ-ਰਾਤ ਦੀ ਮਿਹਨਤ ਨੂੰ ਫਲ ਮਿਲਿਆ ਹੈ।

ਇੱਕ ਹੋਰ ਗੁਆਂਢੀ ਦਾ ਕਹਿਣਾ ਸੀ ਕਿ ਪ੍ਰਭ ਅਤੇ ਅਨਮੋਲ ਨੂੰ ਚੰਗੀ ਸ਼ੁਰੂਆਤ ਤਾਂ ਮਿਲ ਗਈ ਪਰ ਇਹ ਗੱਲ ਜ਼ਰੂਰੀ ਹੈ ਕਿ ਭਵਿੱਖ ਵਿਚ ਇਹਨਾਂ ਦੇ ਪੈਰ ਜ਼ਮੀਨ ਉੱਤੇ ਟਿਕੇ ਰਹਿਣ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)