ਡੱਬਵਾਲੀ ਅਗਨੀਕਾਂਡ ਦੀ ਬਰਸੀ - 'ਮੈਂ ਤੜਫ਼ ਰਹੀ ਸੀ ਪਰ ਭਰਾਵਾਂ ਨੇ ਵੀ ਮੈਨੂੰ ਨਹੀਂ ਪਛਾਣਿਆ'

  • ਪ੍ਰਭੂ ਦਿਆਲ
  • ਬੀਬੀਸੀ ਪੰਜਾਬੀ ਲਈ
ਸੁਮਨ

ਤਸਵੀਰ ਸਰੋਤ, Prabhu Dayal/BBC

ਤਸਵੀਰ ਕੈਪਸ਼ਨ,

ਸੁਮਨ ਦੇ ਛੋਟੇ ਮੋਟੇ 40-50 ਅਪਰੇਸ਼ਨ ਹੋ ਚੁੱਕੇ ਹਨ

"ਮੈਂ ਘੁੰਡ ਕੱਢੇ ਬਿਨਾਂ ਜਦੋਂ ਵੀ ਘਰੋਂ ਬਾਹਰ ਜਾਂਦੀ ਹਾਂ ਤਾਂ ਕੋਈ ਮੈਨੂੰ ਭੂਤਨੀ ਕਹਿੰਦਾ ਹੈ ਅਤੇ ਕੋਈ ਚੁੜੈਲ। ਮੈਂ ਬੱਸ ਵਿੱਚ ਸਫ਼ਰ ਕਰਦੀ ਹਾਂ ਤਾਂ ਮੇਰੀ ਸ਼ਕਲ ਦੇਖ ਕੇ ਕੋਈ ਮੇਰੀ ਸੀਟ 'ਤੇ ਨਹੀਂ ਬੈਠਦਾ। ਮੈਂ ਜਿੱਥੇ ਵੀ ਜਾਂਦੀ ਹਾਂ ਲੋਕ ਮੇਰੇ ਬਦਸੂਰਤ ਚਿਹਰੇ ਬਾਰੇ ਕਈ ਤਰ੍ਹਾਂ ਦੇ ਸਵਾਲ ਕਰਦੇ ਹਨ ਤੇ ਅੱਗ ਦਾ ਉਹ ਭਿਆਨਕ ਮੰਜ਼ਰ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ।"

ਇਹ ਕਹਿਣਾ ਹੈ ਡੱਬਵਾਲੀ ਦੀ ਰਹਿਣ ਵਾਲੀ ਸੁਮਨ ਦਾ, ਉਹ ਆਪਣੇ ਚਚੇਰੇ ਭਰਾਵਾਂ ਨਾਲ ਡੀਏਵੀ ਸਕੂਲ ਦਾ ਸਾਲਾਨਾ ਸਮਾਗਮ ਦੇਖਣ ਗਈ ਸੀ। ਸੁਮਨ ਦੀ ਉਮਰ ਉਸ ਵੇਲੇ 9 ਸਾਲ ਦੀ ਸੀ ਤੇ ਉਹ ਪੰਜਵੀਂ ਜਮਾਤ 'ਚ ਪੜ੍ਹਦੀ ਸੀ।

23 ਦਸੰਬਰ 1995 ਨੂੰ ਡੀਏਵੀ ਸਕੂਲ ਦਾ ਸਾਲਾਨਾ ਸਮਾਗਮ ਸੀ। ਸਮਾਗਮ ਦੌਰਾਨ ਸਕੂਲੀ ਵਿਦਿਆਰਥੀ ਜੰਗਲੀ ਜਾਨਵਰ ਬਣ ਕੇ ਸਟੇਜ 'ਤੇ ਆਪਣੀ ਪੇਸ਼ਕਾਰੀ ਕਰ ਰਹੇ ਸਨ। ਅਚਾਨਕ ਪੰਡਾਲ ਦੇ ਗੇਟ ਵਾਲੇ ਪਾਸਿਓਂ ਅੱਗ ਲੱਗ ਗਈ ਸੀ।

ਇਸ ਅੱਗ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਸਣੇ 442 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਉਨ੍ਹਾਂ ਦੇ ਨਾਂ ਸਮਾਗਮ ਵਾਲੀ ਥਾਂ ਤੇ ਕੰਧਾਂ ਉੱਤੇ ਲਿਖੇ ਹੋਏ ਹਨ।

ਅੱਗ ਦੀ ਚਪੇਟ ਵਿੱਚ ਆਈ ਸੁਮਨ ਦੱਸਦੀ ਹੈ, "ਮੇਰਾ ਸਮਾਜ ਵਿੱਚ ਤੁਰਨਾ ਔਖਾ ਸੀ। ਮੇਰਾ ਚਿਹਰਾ ਡਰਾਉਣਾ ਸੀ। ਲੋਕ ਮੇਰਾ ਮਖੌਲ ਉਡਾਉਂਦੇ ਸਨ। ਹਮਦਰਦੀ ਤਾਂ ਬਹੁਤ ਘੱਟ ਲੋਕਾਂ ਨੂੰ ਹੁੰਦੀ ਸੀ।"

ਸੁਮਨ ਉਸ ਦਿਨ ਨੂੰ ਯਾਦ ਕਰਦਿਆਂ ਦੱਸਦੀ ਹੈ ਕਿ ਉਸ ਦੇ ਚਚੇਰੇ ਭਰਾ ਤੇ ਭੈਣ ਡੀਏਵੀ ਸਕੂਲ 'ਚ ਪੜ੍ਹਦੇ ਸਨ ਤੇ ਉਹ ਆਪਣੇ ਪਿਤਾ ਰਾਧੇਸ਼ਾਮ ਨਾਲ ਸਮਾਗਮ ਵਿੱਚ ਗਏ ਸਨ। ਉਸ ਦੀ ਚਚੇਰੀ ਭੈਣ ਅਤੇ ਉਸ ਦੇ ਪਿਤਾ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ:

"ਮੇਰੇ ਨਾਲ ਮੇਰੀ ਸਹੇਲੀ ਸੁਨੀਤਾ ਵੀ ਸੀ। ਸਮਾਗਮ ਸ਼ੁਰੂ ਹੋ ਚੁੱਕਿਆ ਸੀ। ਅਸੀਂ ਦੋਵੇਂ ਗੇਟ 'ਚੋਂ ਅੰਦਰ ਵੜੀਆਂ ਤਾਂ ਸਾਨੂੰ ਕੋਈ ਕੁਰਸੀ ਖਾਲ੍ਹੀ ਨਜ਼ਰ ਨਾ ਆਈ। ਵਿਚਾਲੇ ਜਿਹੇ ਇੱਕ ਕੁਰਸੀ ਖਾਲ੍ਹੀ ਪਈ ਸੀ। ਅਸੀਂ ਦੋਨੋਂ ਇੱਕੋ ਕੁਰਸੀ 'ਤੇ ਬੈਠ ਗਈਆਂ।

ਜਦੋਂ ਸਟੇਜ 'ਤੇ ਵਿਦਿਆਰਥੀ ਜੰਗਲੀ ਜਾਨਵਰ ਬਣੇ ਆਪਣੀ ਪੇਸ਼ਕਾਰੀ ਕਰ ਰਹੇ ਸਨ ਤਾਂ ਅਚਾਨਕ ਸਟੇਜ ਤੋਂ ਕਿਸੇ ਨੇ ਕਿਹਾ 'ਅੱਗ'। ਲੋਕਾਂ ਨੇ ਇੱਕਦਮ ਪਿੱਛੇ ਨੂੰ ਦੇਖਿਆ ਅਤੇ ਹਫੜਾ-ਦਫ਼ੜੀ ਮਚ ਗਈ।

ਤਸਵੀਰ ਸਰੋਤ, Prabhu Dayal/BBC

ਤਸਵੀਰ ਕੈਪਸ਼ਨ,

ਅੱਗ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਸਣੇ 442 ਲੋਕਾਂ ਦੀ ਮੌਤ ਹੋ ਗਈ ਸੀ

"ਸਟੇਜ ਤੋਂ ਫਿਰ ਕਿਸੇ ਨੇ ਕਿਹਾ 'ਬੈਠ ਜਾਓ ਕੁਝ ਨਹੀਂ ਹੋਇਆ। ਤਾਂ ਇੰਨੇ ਨੂੰ ਅੱਗ ਪੂਰੀ ਤਰ੍ਹਾਂ ਫੈਲ ਗਈ ਅਤੇ ਪੰਡਾਲ 'ਚ ਚੀਕ-ਚਿਹਾੜਾ ਪੈ ਗਿਆ। ਮੈਂ ਕਿਵੇਂ ਬਾਹਰ ਆਈ ਮੈਨੂੰ ਕੋਈ ਪਤਾ ਨਹੀਂ ਸ਼ਾਇਦ ਕੰਧ ਨੂੰ ਤੋੜ ਕੇ ਮੈਨੂੰ ਬਾਹਰ ਕਿਸੇ ਨੇ ਖਿੱਚਿਆ ਸੀ। ਮੇਰੇ ਕੱਪੜੇ ਸੜ ਗਏ ਸਨ। ਮੇਰਾ ਚਿਹਰਾ ਤੇ ਹੱਥ ਬੁਰੀ ਤਰ੍ਹਾਂ ਝੁਲਸ ਗਏ। ਮੇਰੀ ਸਹੇਲੀ ਸੁਨੀਤਾ ਦੀ ਇਸ ਹਾਦਸੇ ਦੌਰਾਨ ਮੌਤ ਹੋ ਗਈ।"

'ਮੈਨੂੰ ਮੇਰੇ ਭਰਾਵਾਂ ਨੇ ਵੀ ਨਹੀਂ ਪਛਾਣਿਆ'

ਸੁਮਨ ਉਹ ਪਲ ਯਾਦ ਕਰਦਿਆਂ ਦੱਸਦੀ ਹੈ, "ਮੈਂ ਪੰਡਾਲ ਤੋਂ ਬਾਹਰ ਤੜਫ ਰਹੀ ਸੀ ਤੇ ਪਾਣੀ ਮੰਗ ਰਹੀ ਸੀ ਤਾਂ ਪਤਾ ਨਹੀਂ ਕਦੋਂ ਕਿਸੇ ਨੇ ਪਾਣੀ ਲਿਆ ਕੇ ਮੇਰੇ ਉੱਤੇ ਡੋਲ੍ਹਿਆ। ਸ਼ਾਇਦ ਉਹ ਮੇਰੇ ਕਿਸੇ ਕੱਪੜੇ ਨੂੰ ਲੱਗੀ ਅੱਗ ਨੂੰ ਬੁਝਾਉਣਾ ਚਾਹੁੰਦਾ ਸੀ। ਮੇਰਾ ਚਿਹਰਾ ਤੇ ਹੱਥ ਬੁਰੀ ਤਰ੍ਹਾਂ ਝੁਲਸੇ ਹੋਏ ਸਨ ਤੇ ਮੇਰੇ ਭਰਾ ਮੈਨੂੰ ਲੱਭਦੇ ਫਿਰਦੇ ਸਨ ਪਰ ਉਹ ਮੈਨੂੰ ਪਛਾਣ ਨਹੀਂ ਰਹੇ ਸਨ।"

ਤਸਵੀਰ ਸਰੋਤ, Prabhu Dayal/BBC

ਤਸਵੀਰ ਕੈਪਸ਼ਨ,

ਇਸ ਹਾਦਸੇ ਤੋਂ ਬਾਅਦ ਸੁਮਨ ਸਰਕਾਰਾਂ ਦੇ ਰਵਈਏ ਤੋਂ ਕਾਫ਼ੀ ਖਫ਼ਾ ਹੈ

"ਮੈਂ ਉਨ੍ਹਾਂ ਨੂੰ ਇਸ਼ਾਰਿਆਂ ਨਾਲ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਸੁਮਨ ਹਾਂ ਪਰ ਉਹ ਤਾਂ ਸਹੀ ਸਲਾਮਤ ਸੁਮਨ ਨੂੰ ਲਭ ਰਹੇ ਸਨ। ਬਾਅਦ ਵਿੱਚ ਮੇਰੇ ਪਰਿਵਾਰ ਨੇ ਮੈਨੂੰ ਪਛਾਣਿਆ ਤੇ ਹਸਪਤਾਲ ਪਹੁੰਚਾਇਆ।"

ਇਹ ਵੀ ਪੜ੍ਹੋ:

"ਉਦੋਂ ਦਾ ਸ਼ੁਰੂ ਹੋਇਆ ਇਲਾਜ ਹਾਲੇ ਤੱਕ ਜਾਰੀ ਹੈ। ਮੇਰਾ ਬੱਚਿਆਂ ਨਾਲ ਖੇਡਣ ਨੂੰ ਜੀਅ ਕਰਦਾ ਸੀ ਪਰ ਮੈਂ ਉਨ੍ਹਾਂ ਨਾਲ ਖੇਡ ਨਹੀਂ ਸਕਦੀ ਸੀ। ਬਾਅਦ ਵਿੱਚ ਗਲੀ ਵਾਲੇ ਮੈਨੂੰ ਪਿਆਰ ਕਰਨ ਲੱਗ ਪਏ ਸਨ ਤੇ ਮੈਂ ਉਨ੍ਹਾਂ ਨਾਲ ਬਾਜ਼ਾਰ ਵੀ ਚਲੀ ਜਾਂਦੀ ਸੀ।"

'ਆਪਣੇ ਚਿਹਰੇ ਤੋਂ ਹੀ ਡਰ ਲੱਗਦਾ ਸੀ'

ਸੁਮਨ ਦੱਸਦੀ ਹੈ ਉਸ ਦਾ ਚਿਹਰਾ ਪਹਿਲਾਂ ਬਹੁਤ ਜ਼ਿਆਦਾ ਡਰਾਉਣਾ ਹੋ ਗਿਆ ਸੀ। ਜਦੋਂ ਉਹ ਇਲਾਜ ਲਈ ਬਾਹਰ ਹਸਪਤਾਲ ਜਾਂਦੀ ਸੀ ਤਾਂ ਬੱਸ ਵਿੱਚ ਉਸ ਦੇ ਨਾਲ ਵਾਲੀ ਸੀਟ 'ਤੇ ਡਰਦਾ ਕੋਈ ਬੈਠਦਾ ਨਹੀਂ ਸੀ।

ਤਸਵੀਰ ਸਰੋਤ, Prabhu Dayal/BBC

ਤਸਵੀਰ ਕੈਪਸ਼ਨ,

ਅੱਗ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਸਣੇ 442 ਲੋਕਾਂ ਦੀ ਮੌਤ ਹੋ ਗਈ ਸੀ

"ਉਨ੍ਹਾਂ ਨੂੰ ਮੇਰੇ ਚਿਹਰੇ ਤੋਂ ਡਰ ਲੱਗਦਾ ਸੀ ਤਾਂ ਮੈਂ ਆਪਣਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਜ਼ਖ਼ਮ ਅਲ੍ਹੇ ਹੋਣ ਕਾਰਨ ਕਈ ਵਾਰ ਚਿਹਰਾ ਨੰਗਾ ਰੱਖਣਾ ਪੈਂਦਾ ਸੀ। ਇਲਾਜ 'ਤੇ ਬਹੁਤ ਜ਼ਿਆਦਾ ਖਰਚ ਹੋਇਆ ਅਤੇ ਸਾਨੂੰ ਕਾਫੀ ਔਖੇ ਦਿਨ ਦੇਖਣੇ ਪਏ ਸੀ। ਮੁਆਵਜ਼ਾ ਮਿਲਣ ਤੋਂ ਪਹਿਲਾਂ ਵਿਕਲਾਂਗਤਾ ਵਾਲੀ ਪੈਨਸ਼ਨ ਨਾਲ ਹੀ ਮੈਂ ਗੁਜ਼ਾਰਾ ਕਰਦੀ ਸੀ।

"ਮੈਂ ਹਿੰਮਤ ਨਹੀਂ ਹਾਰੀ ਤੇ ਇਲਾਜ ਦੇ ਨਾਲ-ਨਾਲ ਪੜ੍ਹਾਈ ਵੀ ਕਰਦੀ ਰਹੀ। ਮੇਰੇ ਛੋਟੇ ਮੋਟੇ 40-50 ਅਪਰੇਸ਼ਨ ਹੋ ਚੁੱਕੇ ਹਨ ਤੇ ਹੁਣ ਮੇਰਾ ਚਿਹਰਾ ਕੁਝ ਠੀਕ ਹੋਇਆ ਹੈ। ਇੱਕ ਵਾਰ ਮੇਰੇ ਰਿਸ਼ਤੇ ਲਈ ਮੈਨੂੰ ਵੇਖਣ ਆਏ ਸਨ ਪਰ ਹੋਇਆ ਨਹੀਂ। ਮੈਂ ਡਰ ਗਈ ਸੀ ਕਿ ਮੈਂ ਕਿਸ-ਕਿਸ ਨੂੰ ਜਵਾਬ ਦੇਵਾਂਗੀ।"

'ਸਕੂਲ ਨੇ ਐਡਮਿਸ਼ਨ ਦੇਣ ਤੋਂ ਕੀਤਾ ਸੀ ਇਨਕਾਰ'

ਸੁਮਨ ਦੱਸਦੀ ਹੈ ਕਿ ਜਦੋਂ ਕੁਝ ਠੀਕ ਹੋਣ ਤੋਂ ਬਾਅਦ ਉਹ ਸਕੂਲ ਦਾਖਲਾ ਲੈਣ ਗਈ ਤਾਂ ਸਕੂਲ ਪ੍ਰਸ਼ਾਸਨ ਨੇ ਉਸ ਨੂੰ ਇਹ ਕਹਿੰਦੇ ਹੋਏ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਬੱਚੇ ਉਸ ਦਾ ਚਿਹਰਾ ਦੇਖ ਕੇ ਡਰਨਗੇ।

ਬਾਅਦ ਵਿੱਚ ਸਰਕਾਰੀ ਸਕੂਲ ਵਿੱਚ ਦਾਖ਼ਲਾ ਲਿਆ ਤੇ ਫਿਰ ਕਾਲਜ ਚੋਂ ਬੀਏ ਕਰਨ ਮਗਰੋਂ ਬੀਐੱਡ ਤੇ ਬਾਅਦ 'ਚ ਜੇਬੀਟੀ ਦਾ ਕੋਰਸ ਵੀ ਪੂਰਾ ਕਰ ਲਿਆ।

ਤਸਵੀਰ ਸਰੋਤ, Prabhu Dayal/BBC

ਤਸਵੀਰ ਕੈਪਸ਼ਨ,

ਮ੍ਰਿਤਕਾਂ ਦੇ ਨਾਮ ਸਮਾਗਮ ਵਾਲੀ ਥਾਂ ਤੇ ਕੰਧਾਂ ਉੱਤੇ ਲਿਖੇ ਹੋਏ ਹਨ।

ਸੁਮਨ ਦਾ ਕਹਿਣਾ ਸੀ ਕਿ ਡੱਬਵਾਲੀ ਸ਼ਹਿਰ ਦੇ ਲੋਕਾਂ ਨੂੰ ਤਾਂ ਪਤਾ ਸੀ ਪਰ ਜਦੋਂ ਉਹ ਕਿਤੇ ਬਾਹਰ ਜਾਂਦੀ ਤਾਂ ਉਸ ਨੂੰ ਥਾਂ-ਥਾਂ 'ਤੇ ਸ਼ਰਮ ਮਹਿਸੂਸ ਹੁੰਦੀ। ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸਨ। ਉਨ੍ਹਾਂ ਨੂੰ ਦਸਣਾ ਪੈਂਦਾ ਸੀ।

"ਜਦੋਂ ਮੈਂ ਉਨ੍ਹਾਂ ਨੂੰ ਅੱਗ ਦੇ ਉਸ ਹਾਦਸੇ ਬਾਰੇ ਦੱਸਦੀ ਤਾਂ ਮੇਰੇ ਜ਼ਖ਼ਮ ਹਰੇ ਹੋ ਜਾਂਦੇ ਅਤੇ ਅੱਗ ਦਾ ਮੰਜ਼ਰ ਮੈਨੂੰ ਯਾਦ ਆ ਜਾਂਦਾ।"

ਇਸ ਹਾਦਸੇ ਤੋਂ ਬਾਅਦ ਸੁਮਨ ਸਰਕਾਰਾਂ ਦੇ ਰਵਈਏ ਤੋਂ ਕਾਫ਼ੀ ਖਫ਼ਾ ਹੈ। ਉਸ ਦਾ ਕਹਿਣਾ ਸੀ ਕਿ ਅੱਗ ਪੀੜਤਾਂ ਨਾਲ ਹੁਣ ਤੱਕ ਦੀਆਂ ਸਰਕਾਰਾਂ ਨੇ ਵਾਅਦੇ ਤਾਂ ਬਹੁਤ ਕੀਤੇ ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਅੱਗ ਪੀੜਤਾਂ ਨੂੰ ਜੋ ਰਾਹਤ ਮਿਲੀ ਹੈ ਉਹ ਅਦਾਲਤ ਤੋਂ ਹੀ ਮਿਲੀ ਹੈ।

ਪਿਤਾ ਨੂੰ ਬਚਾਉਂਦਿਆਂ ਝੁਲਸਿਆ

ਇਸ ਹਾਦਸੇ ਦੌਰਾਨ ਦੋਵੇਂ ਹੱਥ 80 ਫੀਸਦੀ ਤੱਕ ਗਵਾ ਚੁੱਕੇ ਇਕਬਾਲ ਸ਼ਾਂਤ ਨੇ ਦੱਸਿਆ ਕਿ ਉਸ ਦੇ ਪਿਤਾ ਵੀ ਇਸ ਸਮਾਗਮ ਵਿੱਚ ਸਨ।

ਤਸਵੀਰ ਸਰੋਤ, Prabhu Dayal/BBC

ਤਸਵੀਰ ਕੈਪਸ਼ਨ,

ਇਕਬਾਲ ਸ਼ਾਂਤ ਦੇ ਹੱਥ 80 ਫੀਸਦੀ ਤੱਕ ਗਵਾ ਚੁੱਕੇ ਹਨ

"ਮੈਂ ਪੰਡਾਲ ਦੇ ਅੰਦਰ ਹੀ ਖੜ੍ਹਾ ਸੀ ਤਾਂ ਅੱਗ ਲੱਗਣ ਦਾ ਪਤਾ ਲੱਗਿਆ। ਮੈਂ ਆਪਣੇ ਪਿਤਾ ਨੂੰ ਬਾਹਰ ਕੱਢਣ ਲਈ ਪੰਡਾਲ 'ਚ ਵੜਿਆ ਤਾਂ ਮੇਰੇ ਉੱਤੇ ਬਲਦੇ ਸ਼ਾਮਿਆਨੇ ਡਿੱਗ ਪਏ ਤੇ ਮੇਰੀ ਪਿੱਠ ਵਾਲਾ ਹਿੱਸਾ ਕਾਫ਼ੀ ਸੜ ਗਿਆ।"

"ਮੈਂ ਹੱਥਾਂ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦਾ ਬੱਚਿਆਂ ਨੂੰ ਬਾਹਰ ਕੱਢਦਾ ਹੋਇਆ ਆਪਣੇ ਪਿਤਾ ਤੱਕ ਪਹੁੰਚਿਆ ਤੇ ਉਨ੍ਹਾਂ ਨੂੰ ਬਾਹਰ ਕੱਢ ਲਿਆਇਆ। ਮੇਰੇ ਪਿਤਾ ਬੁਰੀ ਤਰ੍ਹਾਂ ਝੁਲਸ ਗਏ ਸਨ ਅਤੇ ਦੂਜੇ ਦਿਨ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਇਕ ਸੁਤੰਤਰਤਾ ਸੈਨਾਨੀ ਸਨ।"

ਅਗਨੀ ਪੀੜਤ ਵੈਲਫੇਅਰ ਸੁਸਾਇਟੀ ਦੇ ਇੱਕ ਮੈਂਬਰ ਦਾ ਪਰਿਵਾਰ ਵੀ ਖਤਮ

ਇਸ ਹਾਦਸੇ ਵਿੱਚ ਆਪਣੀ ਪਤਨੀ ਤੇ ਦੋ ਬੱਚੇ ਗੁਆ ਚੁੱਕੇ ਅਗਨੀ ਪੀੜਤ ਵੈਲਫੇਅਰ ਸੁਸਾਇਟੀ ਦੇ ਸਕੱਤਰ ਵਿਨੋਦ ਬਾਂਸਲ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਸ ਦੀ ਪਤਨੀ, ਸੱਤ ਸਾਲਾ ਧੀ ਅਤੇ ਚਾਰ ਸਾਲਾ ਪੁੱਤਰ ਦੀ ਮੌਤ ਹੋ ਗਈ ਸੀ।

ਉਸ ਦੀ ਧੀ ਅਤੇ ਪੁੱਤਰ ਸਟੇਜ 'ਤੇ ਭਾਲੂ ਦੀ ਭੂਮੀਕਾ ਅਦਾ ਕਰ ਰਹੇ ਸਨ ਤਾਂ ਇਹ ਹਾਦਸਾ ਵਾਪਰ ਗਿਆ।

ਤਸਵੀਰ ਸਰੋਤ, Prabhu Dayal/BBC

ਤਸਵੀਰ ਕੈਪਸ਼ਨ,

ਸਿਹਤ ਸਹੂਲਤਾਂ ਦੇ ਨਾਂ 'ਤੇ ਹਾਲੇ ਵੀ ਡੱਬਵਾਲੀ ਹਸਪਤਾਲ ਵਿੱਚ ਕੁਝ ਨਹੀਂ ਮਿਲਦਾ

ਵਿਨੋਦ ਬਾਂਸਲ ਨੇ ਦੱਸਿਆ ਕਿ ਤਤਕਾਲੀ ਪ੍ਰਧਾਨ ਮੰਤਰੀ ਪੀਵੀ ਨਰਸਿਮਾ ਰਾਓ ਨੇ ਐਲਾਨ ਕੀਤਾ ਸੀ ਕਿ ਅਗਨੀ ਪੀੜਤਾਂ ਦੀ ਯਾਦ ਵਿੱਚ ਮੈਡੀਕਲ ਕਾਲਜ ਬਣਾਇਆ ਜਾਵੇਗਾ ਦਾ ਪਰ ਅੱਜ ਤੱਕ ਮੈਡੀਕਲ ਕਾਲਜ ਨਹੀਂ ਬਣਾਇਆ ਗਿਆ।

"ਜਿਹੜਾ 100 ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ ਹੈ ਉਸ ਦੀ ਇਮਾਰਤ ਵੀ ਹਾਲੇ ਤੱਕ ਸਿਹਤ ਵਿਭਾਗ ਨੂੰ ਨਹੀਂ ਸੌਂਪੀ ਗਈ ਹੈ। ਸਿਹਤ ਸਹੂਲਤਾਂ ਦੇ ਨਾਂ 'ਤੇ ਹਾਲੇ ਵੀ ਡੱਬਵਾਲੀ ਹਸਪਤਾਲ ਵਿੱਚ ਕੁਝ ਨਹੀਂ ਮਿਲਦਾ। ਇੱਥੋਂ ਸਿਰਫ਼ ਮਰੀਜਾਂ ਨੂੰ ਰੈਫਰ ਹੀ ਕੀਤਾ ਜਾਂਦਾ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)