ਕਿਸਾਨ ਨੇ ਖੁਦਕੁਸ਼ੀ ਤੋਂ ਪਹਿਲਾਂ ਖਰੀਦਿਆ ਆਪਣੇ ਹੀ ਸਸਕਾਰ ਦਾ ਸਮਾਨ
- ਹਰੂਦਿਆ ਵਿਹਾਰੀ
- ਪੱਤਰਕਾਰ, ਬੀਬੀਸੀ

ਖੁਦਕੁਸ਼ੀ ਤੋਂ ਪਹਿਲਾਂ ਮਲੱਪਾ ਨੇ ਪਤਨੀ ਲਈ ਚਿੱਟੇ ਕੱਪੜੇ ਤੇ ਚੂੜੀਆਂ ਵੀ ਖਰੀਦੀਆਂ
"ਉਹ ਵਿਅਕਤੀ ਜੋ ਨੇੜਲੇ ਕਸਬੇ ਲਈ ਘਰੋਂ ਨਿਕਲਿਆ ਤਾਂ ਘਰੇਲੂ ਸਮਾਨ ਖਰੀਦਣ ਲਈ ਸੀ ਪਰ ਘਰ ਵਾਪਸ ਨਹੀਂ ਆਇਆ। ਹਾਲਾਂਕਿ, ਚੂੜੀਆਂ, ਚਿੱਟੇ ਕੱਪੜੇ ਦਾ ਇੱਕ ਟੁਕੜਾ, ਹਲਦੀ, ਸਿੰਧੂਰ ਅਤੇ ਉਸ ਵੱਲੋਂ ਖਰੀਦੀ ਇੱਕ ਫੁੱਲਾਂ ਦੀ ਮਾਲਾ ਪਿੰਡ ਪਹੁੰਚ ਗਈ। ਮੰਦਭਾਗੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਘਰ ਦੀ ਵਰਤੋਂ ਲਈ ਨਹੀਂ ਸੀ ਸਗੋਂ ਉਹ ਸਭ ਉਸ ਨੇ ਆਪਣੇ ਅੰਤਿਮ ਸਸਕਾਰ ਲਈ ਖਰੀਦਿਆ ਸੀ।"
ਇਹ ਕਹਿੰਦਿਆਂ ਮਾਧਵਈਯਾ ਦੀ ਆਵਾਜ਼ ਭਾਰੀ ਹੋ ਗਈ। ਮਾਧਵਈਯਾ ਦੇ ਕਿਸਾਨ ਪਿਤਾ ਮਲੱਪਾ ਨੇ ਆਪਣੇ ਅੰਤਿਮ ਸਸਕਾਰ ਦਾ ਸਾਰਾ ਪ੍ਰਬੰਧ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਮਲੱਪਾ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਰਾਮਪੁਰਮ ਪਿੰਡ ਦਾ ਰਹਿਣ ਵਾਲਾ ਸੀ। ਉਸ ਨੇ ਖੁਦਕੁਸ਼ੀ ਤੋਂ ਪਹਿਲਾਂ ਆਪਣੇ ਪਰਿਵਾਰ ਦੀ ਯਾਦ ਲਈ ਆਪਣੀ ਫੋਟੋ ਦਾ ਲੈਮੀਨੇਸ਼ਨ ਵੀ ਕਰਵਾ ਲਿਆ ਸੀ।
ਪਰਿਵਾਰ ਅਨੁਸਾਰ ਮਲੱਪਾ ਨੇ ਖੇਤੀਬਾੜੀ ਦੇ ਕਰਜ਼ਿਆਂ ਦੇ ਕਾਰਨ ਅਗਸਤ 2018 ਨੂੰ ਖੁਦਕੁਸ਼ੀ ਕਰ ਲਈ ਕਿਉਂਕਿ ਫ਼ਸਲ ਦੇ ਨੁਕਸਾਨ ਕਾਰਨ ਉਹ ਕਰਜ਼ੇ ਦਾ ਭੁਗਤਾਨ ਨਹੀਂ ਕਰ ਪਾ ਰਿਹਾ ਸੀ।
ਪਰ ਉਹ ਖੁਦਕੁਸ਼ੀ ਤੋਂ ਬਾਅਦ ਆਪਣੇ ਪਰਿਵਾਰ ਉੱਤੇ ਹੋਰ ਬੋਝ ਨਹੀਂ ਪਾਉਣਾ ਚਾਹੁੰਦਾ ਸੀ, ਇਸ ਉਸ ਨੇ ਆਪਣੇ ਅੰਤਿਮ ਸੰਸਕਾਰ ਲਈ ਲੋੜੀਂਦੇ ਸਾਰੇ ਸਾਮਾਨ ਨੂੰ ਖਰੀਦ ਲਿਆ ਸੀ।
ਇਹ ਵੀ ਪੜ੍ਹੋ:
ਮਲੱਪਾ ਨੇ ਆਪਣੀ ਪਤਨੀ ਲਈ ਲੋੜੀਂਦੀਆਂ ਸਾਰੀਆਂ ਚੀਜ਼ਾਂ ਜਿਵੇਂ ਕਿ ਚਿੱਟਾ ਕੱਪੜਾ, ਚੂੜੀਆਂ ਅਤੇ ਫੁੱਲਾਂ ਦੀ ਮਾਲਾ ਤੱਕ ਖਰੀਦ ਲਈ ਸੀ, ਜੋ ਉਸ ਦੇ ਅੰਤਿਮ ਸੰਸਕਾਰ ਲਈ ਵਰਤੇ ਜਾਣੀ ਸੀ।
ਪਿਤਾ ਦੀ ਸਮਾਧ ਤੇ ਰੱਖਿਆ ਆਖਰੀ ਖ਼ਤ
ਉਹ ਆਪਣੇ ਪਿੰਡ ਦੀ ਸੜਕ ਕੰਢੇ ਮੌਜੂਦ ਆਪਣੇ ਖੇਤ ਪਹੁੰਚਿਆ ਅਤੇ ਇੱਕ ਨੋਟ ਦੇ ਨਾਲ ਆਪਣੇ ਪਿਤਾ ਦੀ ਸਮਾਧੀ 'ਤੇ ਸਾਰਾ ਸਮਾਨ ਰੱਖ ਦਿੱਤਾ। ਇਸ ਨੋਟ ਲਿਖਿਆ ਕਾਗਜ਼ ਉਸ ਰਕਮ ਦਾ ਜ਼ਿਕਰ ਸੀ, ਜੋ ਉਸ ਨੇ ਵੱਖ-ਵੱਖ ਲੋਕਾਂ ਤੋਂ ਉਧਾਰ ਲਈ ਸੀ। ਉਸਨੇ ਉਨ੍ਹਾਂ ਸਾਰਿਆਂ ਨੂੰ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਉਸ ਨੂੰ ਪੈਸੇ ਉਧਾਰ ਦਿੱਤੇ ਸਨ।
ਮਲੱਪਾ ਪੜ੍ਹਨਾ ਅਤੇ ਲਿਖਣਾ ਨਹੀਂ ਜਾਣਦਾ ਸੀ, ਇਸ ਲਈ ਉਸਨੇ ਆਪਣੇ ਇੱਕ ਸਾਥੀ ਦੀ ਮਦਦ ਲਈ ਸਭ ਕੁਝ ਲਿਖਵਾਇਆ। ਫਿਰ ਇੱਕ ਬੈਗ ਵਿੱਚ ਸਮਾਨ ਸਣੇ ਇਹ ਨੋਟ ਵੀ ਰੱਖ ਦਿੱਤਾ।
ਉਹ ਇੱਕ ਝੌਂਪੜੀ ਤੱਕ ਪਹੁੰਚ ਗਿਆ, ਜਿੱਥੇ ਉਹ ਅਕਸਰ ਅਰਾਮ ਕਰਦਾ ਸੀ ਅਤੇ ਕੀੜੇ ਮਾਰਨ ਵਾਲੀ (ਪੈਸਟੀਸਾਈਡ) ਦਵਾਈ ਖਾ ਲਈ।
ਅਗਲੀ ਸਵੇਰ ਨੂੰ ਜਦੋਂ ਮਲੱਪਾ ਦਾ ਪੁੱਤਰ ਮਾਧਵਈਯਾ ਪਸ਼ੂਆਂ ਨੂੰ ਚਰਾਉਣ ਲਈ ਖੇਤ ਪਹੁੰਚਿਆ ਤਾਂ ਆਪਣੇ ਦਾਦੇ ਦੀ ਸਮਾਧ 'ਤੇ ਪਿਆ ਸਮਾਨ ਦੇਖਿਆ। ਮਾਲਾ, ਚਿੱਟੇ ਕੱਪੜੇ ਅਤੇ ਪਿਤਾ ਦੀ ਲੈਮੀਨੇਟ ਕੀਤੀ ਤਸਵੀਰ। ਜਿਸ ਕਾਰਨ ਉਸ ਨੂੰ ਸ਼ੱਕ ਹੋਇਆ। ਉਸ ਨੇ ਨਜ਼ਰ ਦੌੜਾਈ ਤਾਂ ਦੂਰ ਇੱਕ ਮੰਜੇ 'ਤੇ ਉਸ ਨੇ ਇੱਕ ਸ਼ਖਸ ਨੂੰ ਲੰਮੇ ਪਏ ਦੇਖਿਆ।
ਮਾਧਵਈਯਾ ਨੇ ਨਮ ਅੱਖਾਂ ਨਾਲ ਬੀਬੀਸੀ ਨੂੰ ਦੱਸਿਆ, "ਮੈਨੂੰ ਕੁਝ ਗ਼ਲਤ ਜਾਪਿਆ ਅਤੇ ਮੈਂ ਝੌਂਪੜੀ ਵੱਲ ਭੱਜਿਆ। ਮੈਂ ਦੇਖ ਕੇ ਹੈਰਾਨ ਹੋ ਗਿਆ, ਉਹ ਮੇਰੇ ਪਿਤਾ ਸਨ।"
ਇਹ ਇੱਕ ਕਿਸਾਨ ਦੀ ਕਹਾਣੀ ਹੈ, ਜੋ ਸੋਕੇ ਅਤੇ ਫਸਲਾਂ ਖਰਾਬ ਹੋਣ ਕਾਰਨ ਆਪਣਾ ਕਰਜ਼ਾ ਨਹੀਂ ਲਾਹ ਸਕਿਆ। ਬੀਬੀਸੀ ਤੇਲਗੂ ਦੇ ਪੱਤਰਕਾਰ ਹਰੂਦਿਆ ਵਿਹਾਰੀ ਉਸ ਪਿੰਡ ਵਿੱਚ ਗਏ ਅਤੇ ਕਿਸਾਨ ਦੇ ਪਰਿਵਾਰ ਨਾਲ ਗੱਲਬਾਤ ਕੀਤੀ।
ਇੱਕ ਵਾਰੀ ਵੀ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਪਰੇਸ਼ਾਨ ਸੀ
ਅਸੀਂ ਮਲੱਪਾ ਦੇ ਖੇਤ ਪਹੁੰਚ ਗਏ, ਜਿੱਥੇ ਉਸ ਨੇ ਖੁਦਕੁਸ਼ੀ ਕੀਤੀ ਸੀ ਅਤੇ ਉਸ ਦਾ ਘਰ ਉੱਥੋਂ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਹੀ ਹੈ। ਉੱਥੇ ਪਿੰਡ ਲਈ ਕੋਈ ਬੱਸ ਸੇਵਾ ਨਹੀਂ ਹੈ। ਮਲੱਪਾ ਦਾ ਪੁੱਤਰ ਮਾਧਵਈਯਾ ਸਾਨੂੰ ਖੇਤ ਵਿੱਚ ਹੀ ਮਿਲਿਆ।
ਅਸੀਂ ਉੱਥੇ ਮੀਂਹ ਦੀ ਘਾਟ ਕਾਰਨ ਮੂੰਗਫਲੀ ਦੀ ਫਸਲ ਨੂੰ ਹੋਏ ਨੁਕਸਾਨ ਨੂੰ ਦੇਖ ਸਕਦੇ ਸੀ ਜੋ ਕਿ ਇਸ ਵੇਲੇ ਪਸ਼ੂਆਂ ਲਈ ਚਾਰੇ ਦਾ ਕੰਮ ਕਰ ਰਿਹਾ ਹੈ।
ਤਸਵੀਰ ਸਰੋਤ, Niyas Ahmed
ਅਸੀਂ ਮਲੱਪਾ ਦੀ ਸਮਾਧ ਨੂੰ ਪਾਰ ਕਰ ਗਏ, ਜੋ ਕਿ ਚਿੱਟੇ ਰੰਗ ਦੀ ਸੀ ਪਰ ਪਰਿਵਾਰ ਲਈ ਇਹ ਕਾਲਾ ਦਿਨ ਸੀ। ਮਲੱਪਾ ਦਾ ਪੁੱਤਰ ਸਾਨੂੰ ਉਸ ਝੌਂਪੜੀ ਵਿੱਚ ਲੈ ਗਿਆ ਜਿੱਥੇ ਉਸੇ ਨੇ ਆਖਰੀ ਸਾਹ ਲਏ ਸੀ।
ਮਾਧਵਈਯਾ ਨੇ ਦੱਸਿਆ ਕਿ ਉਨ੍ਹਾਂ ਕੋਲ ਪਿਤਾ ਦੀ ਉਮਰ ਦਾ ਕੋਈ ਸਰਕਾਰੀ ਰਿਕਾਰਡ ਨਹੀਂ ਹੈ ਪਰ ਉਹ ਤਕਰੀਬਨ 60 ਸਾਲ ਦੇ ਸਨ। ਮਲੱਪਾ ਦੀਆਂ ਤਿੰਨ ਧੀਆਂ ਅਤੇ ਦੋ ਪੁੱਤਰ ਹਨ। ਵੱਡਾ ਪੁੱਤ ਖੇਤੀਬਾੜੀ ਦਾ ਕੰਮ ਸਾਂਭਦਾ ਹੈ ਜਦੋਂਕਿ ਛੋਟਾ ਮੁੰਡਾ ਕੰਮ ਦੀ ਭਾਲ ਵਿੱਚ ਬੰਗਲੋਰ ਚਲਾ ਗਿਆ। ਤਿੰਨੋਂ ਧੀਆਂ ਵਿਆਹੀਆਂ ਹੋਈਆਂ ਹਨ ਅਤੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਹੀ ਰਹਿੰਦੀਆਂ ਹਨ।
ਉਸ ਦੇ ਪੁੱਤ ਨੇ ਦੱਸਿਆ ਕਿ ਪਰਿਵਾਰ ਕੋਲ ਪਿੰਡ ਵਿੱਚ 6 ਏਕੜ ਜ਼ਮੀਨ ਹੈ ਅਤੇ ਮਲੱਪਾ ਵੱਲੋਂ ਰੱਖੇ ਗਏ ਖਤ ਅਨੁਸਾਰ ਉਸ ਨੇ 1 ਲੱਖ 12 ਹਜ਼ਾਰ ਰੁਪਏ ਬੈਂਕਾਂ ਨੂੰ ਕਰਜ਼ਾ ਦੇਣਾ ਹੈ ਜੋ ਕਿ ਉਸ ਨੇ ਖੇਤੀਬਾੜੀ ਲਈ ਲਿਆ ਸੀ। ਇਸ ਤੋਂ ਇਲਾਵਾ 1 ਲੱਖ 73 ਹਜ਼ਾਰ ਰੁਪਏ ਉਸ ਨੇ ਕਈ ਵੱਖ-ਵੱਖ ਲੋਕਾਂ ਤੋਂ ਉਧਾਰ ਲਏ ਸਨ।
ਇਹ ਵੀ ਪੜ੍ਹੋ:
ਮਾਧਵਈਯਾ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਕੋਲ 6 ਏਕੜ ਜ਼ਮੀਨ ਹੈ। ਅਸੀਂ ਸਿੰਚਾਈ ਦੇ ਲਈ 4 ਬੋਰ ਦੇ ਖੂਹ ਪੁੱਟੇ ਸਨ, ਜਿਨ੍ਹਾਂ ਵਿੱਚੋਂ 3 ਖੂਹ ਸੁੱਕ ਹੋ ਗਏ। ਬਾਰਸ਼ਾਂ ਦੀ ਕਮੀ ਦੇ ਕਾਰਨ ਚੌਥੇ ਖੂਹ ਵਿੱਚੋਂ ਵੀ ਲੋੜੀਂਦਾ ਪਾਣੀ ਨਹੀਂ ਨਿਕਲਦਾ। ਅਸੀਂ 3 ਏਕੜ ਵਿੱਚ ਟਮਾਟਰ ਦੀ ਖੇਤੀ ਕੀਤੀ ਹੈ ਜਦੋਂਕਿ ਹੋਰ 3 ਏਕੜ ਵਿੱਚ ਮੂੰਗਫਲੀ ਦੀ। ਅਸੀਂ ਸੋਚਿਆ ਸੀ ਕਿ ਟਮਾਟਰ ਰਾਹੀਂ ਕਰਜ਼ਾ ਉਤਰ ਜਾਵੇਗਾ ਅਤੇ ਪਾਣੀ ਨੂੰ ਟਮਾਟਰਾਂ ਵੱਲ ਹੀ ਲਾ ਦਿੱਤਾ ਸੀ। ਬਾਰਸ਼ ਅਤੇ ਪਾਣੀ ਦੀ ਕਮੀ ਕਾਰਨ ਮੂੰਗਫਲੀ ਦੀ ਫਸਲ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ।"
ਉਸ ਨੇ ਅੱਗੇ ਕਿਹਾ ਕਿ ਬਜ਼ਾਰ ਵਿੱਚ ਟਮਾਟਰ ਦੀ ਘੱਟ ਕੀਮਤ ਕਾਰਨ ਉਸ ਦੇ ਪਿਤਾ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਅਤੇ ਕਰਜ਼ੇ ਦਾ ਭੁਗਤਾਨ ਕਰਨ ਲਈ ਉਹ ਲੋੜੀਂਦਾ ਪੈਸਾ ਨਾ ਜੁਟਾ ਸਕੇ।
ਮਾਧਵਈਯਾ ਨੇ ਕਿਹਾ, "ਲੱਗਦਾ ਹੈ ਕਿ ਉਹ ਖੁਦਕੁਸ਼ੀ ਦੀ ਯੋਜਨਾ ਹਫ਼ਤਾ ਪਹਿਲਾਂ ਹੀ ਬਣਾ ਚੁੱਕੇ ਸਨ ਪਰ ਸਾਨੂੰ ਇਸ ਬਾਰੇ ਭਣਕ ਵੀ ਨਹੀਂ ਲੱਗੀ।"
ਮਲੱਪਾ ਨੂੰ ਮਹੀਨੇ ਦੇ ਪਹਿਲੇ ਹਫ਼ਤੇ ਹੀ ਅਕਸਰ ਪੈਨਸ਼ਨ ਮਿਲ ਜਾਂਦੀ ਸੀ। ਉਸ ਨੇ ਟਮਾਮਰਾਂ ਦੀ ਵਿਕਰੀ ਤੋਂ ਮਿਲੇ 1000-1500 ਰੁਪਏ ਰੱਖੇ ਸਨ ਅਤੇ ਘਰ ਲਈ ਸਮਾਨ ਵੀ ਲੈ ਆਉਂਦਾ ਸੀ। ਮਾਧਵਈਯਾ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਇੱਕ ਵਾਰੀ ਵੀ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਪਰੇਸ਼ਾਨ ਸਨ।
ਧੀ ਦੇ ਸੋਨੇ ਤੋਂ ਕਰਜ਼ਾ ਲਿਆ
ਅਸੀਂ ਰਾਮਪੁਰਮ ਪਿੰਡ ਪਹੁੰਚੇ ਜਿੱਥੇ ਮਲੱਪਾ ਦਾ ਇੱਕ ਕਮਰੇ ਦਾ ਘਰ ਹੈ। ਮਲੱਪਾ ਦੀ ਪਤਨੀ ਮਰੇਕਾ ਮੌਜੂਦ ਸੀ ਜਿਸ ਦੀ ਸਿਹਤ ਖਰਾਬ ਰਹਿੰਦੀ ਹੈ ਅਤੇ ਸੁਣਨ ਵਿੱਚ ਵੀ ਤਕਲੀਫ਼ ਹੈ।
ਤਸਵੀਰ ਸਰੋਤ, Niyas Ahmed
ਮਰੇਕਾ ਨੇ ਦੱਸਿਆ, "ਬੈਂਕ ਅਤੇ ਲੋਕਾਂ ਤੋਂ ਕਰਜ਼ਾ ਲੈਣ ਤੋਂ ਇਲਾਵਾ ਉਸ ਨੇ ਆਪਣੇ ਧੀ ਦੇ ਸੋਨੇ ਦੇ ਗਹਿਣੇ ਦੇ ਕੇ ਕਰਜ਼ਾ ਲਿਆ ਸੀ। ਉਹ ਖੇਤੀਬਾੜੀ ਲਈ ਲਗਾਤਾਰ ਕਰਜ਼ਾ ਲੈ ਰਿਹਾ ਸੀ ਪਰ ਮੀਂਹ ਦੀ ਘਾਟ ਕਾਰਨ ਫਸਲਾਂ ਨੂੰ ਕਾਫੀ ਨੁਕਸਾਨ ਹੋ ਗਿਆ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਇਸ ਸਾਲ ਦੀ ਫਸਲ ਨਾਲ ਸਾਰਾ ਕਰਜ਼ਾ ਉਤਰ ਜਾਵੇਗਾ।"
ਉਸ ਦਿਨ ਕੀ ਹੋਇਆ?
ਮਾਧਵਈਯਾ ਮੁਤਾਬਕ ਉਸ ਦੇ ਪਿਤਾ ਨੇ ਲੋਕਾਂ ਤੋਂ ਇੱਕ ਲੱਖ 73 ਹਜ਼ਾਰ ਦਾ ਕਰਜ਼ਾ ਲਿਆ ਹੋਇਆ ਸੀ। ਉਨ੍ਹਾਂ ਵਿੱਚੋਂ ਹੀ ਕੁਝ ਲੋਕ ਮਲੱਪਾ 'ਤੇ ਕਰਜ਼ੇ ਦਾ ਭੁਗਤਾਨ ਕਰਨ ਦਾ ਦਬਾਅ ਪਾ ਰਹੇ ਸਨ।
"ਮਲੱਪਾ ਨੂੰ ਰਕਮ ਉਧਾਰੀ ਦੇਣ ਵਾਲੇ ਇੱਕ ਸ਼ਖਸ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਪੈਸੇ ਲੈਣ ਲਈ ਇੱਕ ਵਿਅਕਤੀ ਨੂੰ ਭੇਜੇਗਾ। ਹੋ ਸਕਦਾ ਹੈ ਮਲੱਪਾ ਨੂੰ ਲੱਗਿਆ ਕਿ ਉਸ ਦੀ ਇੱਜ਼ਤ ਨੂੰ ਢਾਹ ਲੱਗ ਸਕਦੀ ਹੈ। ਖੁਦਕੁਸ਼ੀ ਵਾਲੇ ਨੋਟ ਮੁਤਾਬਕ ਮਲੱਪਾ ਕੋਲ ਸਿਰਫ਼ ਦੱਸ ਹਜ਼ਾਰ ਰੁਪਏ ਹੀ ਸਨ।"
ਮਾਧਵਈਆ ਯਾਦ ਕਰਦਿਆਂ ਰੋ ਪਿਆ, "ਉਹ ਸਵੇਰੇ ਖੇਤਾਂ ਵਿੱਚ ਪਸ਼ੂਆਂ ਨੂੰ ਚਰਾਉਣ ਲਈ ਜਾਣ ਵਾਲਾ ਸੀ। ਉਸ ਵੇਲੇ ਕੋਈ ਵਿਅਕਤੀ ਘਰ ਆਇਆ, ਪਿਤਾ ਨੇ ਉਸ ਨੂੰ ਕੁਝ ਕਿਹਾ ਅਤੇ ਉਸੇ ਦਿਨ ਹੀ ਘਰ ਛੱਡ ਕੇ ਚਲੇ ਗਏ। ਉਹ ਕਦੇ ਵਾਪਸ ਨਹੀਂ ਆਏ।"
ਫੋਟੋਗਰਾਫ਼ਰ ਨੂੰ ਕਿਹਾ ਬੇਹੱਦ ਜ਼ਰੂਰੀ
ਵਾਪਸੀ 'ਤੇ ਅਸੀਂ ਕਲਿਆਣ ਦੁਰਗੱਮ ਰਾਹੀਂ ਅਨੰਤਪੁਰ ਪਹੁੰਚੇ ਅਤੇ ਉਸ ਫੋਟੋਗਰਾਫਰ ਨਾਲ ਮੁਲਾਕਾਤ ਕੀਤੀ, ਜਿਸ ਨੇ ਮਲੱਪਾ ਦੀ ਤਸਵੀਰ ਨੂੰ ਲੈਮੀਨੇਟ ਕੀਤਾ ਸੀ। ਫੋਟੋਗ੍ਰਾਫਰ ਗੋਵਿੰਦੂ ਜੋ ਖੇਤਰੀ ਨਿਊਜ਼ ਪੋਰਟਲ ਲਈ ਇੱਕ 'ਫ੍ਰੀਲੈਂਸ' ਪੱਤਰਕਾਰ ਵੀ ਹੈ, ਨੇ ਸਾਨੂੰ ਅਪਣੇ ਸਟੂਡੀਓ ਆਉਣ ਲਈ ਕਿਹਾ।
ਗੋਵਿੰਦੂ ਨੇ ਦੱਸਿਆ, "ਇੱਕ ਦਿਨ ਮਲੱਪਾ ਆਇਆ ਅਤੇ ਤਸਵੀਰ ਲੈਮੀਨੇਟ ਕਰਵਾਉਣ ਲਈ ਕਿਹਾ। ਮੈਂ ਕੁਝ ਪੈਸੇ ਐਡਵਾਂਸ ਲੈ ਲਏ ਅਤੇ ਦੋ ਦਿਨ ਬਾਅਦ ਆਉਣ ਲਈ ਕਿਹਾ। ਉਹ ਦੋ ਦਿਨ ਬਾਅਦ ਆਇਆ ਪਰ ਮੈਂ ਉਸ ਦਿਨ ਤਸਵੀਰ ਨਾ ਦੇ ਸਕਿਆ।"
"ਉਸ ਨੇ ਤੁਰੰਤ ਤਸਵੀਰ ਮੰਗੀ ਅਤੇ ਕਿਹਾ ਕਿ ਬਹੁਤ ਜ਼ਰੂਰੀ ਹੈ ਇਸ ਲਈ ਹੋਰ ਉਡੀਕ ਨਹੀਂ ਕਰ ਸਕਦਾ। ਮੈਂ ਉਸ ਨੂੰ ਪੁਰਾਣੀ ਦੀ ਥਾਂ ਨਵੀਂ ਫੋਟੋ ਖਿਚਵਾ ਕੇ ਲੈਮੀਨੇਟ ਕਰਵਾਉਣ ਲਈ ਕਿਹਾ ਪਰ ਉਸ ਨੇ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਉਸ ਕੋਲ ਸਮਾਂ ਨਹੀਂ ਹੈ ਇਸ ਲਈ ਜਲਦੀ ਕਰੇ। ਮੈਂ ਆਪਣਾ ਸਾਰਾ ਕੰਮ ਛੱਡ ਕੇ ਲੈਮੀਨੇਸ਼ਨ ਕੀਤੀ। ਉਹ ਤਕਰੀਬਨ 11:30-12 ਵਜੇ ਆਇਆ ਅਤੇ ਤਸਵੀਰ ਲੈ ਗਿਆ।"
"ਜਦੋਂ ਮੈਂ ਸਥਾਨਕ ਅਖਬਾਰ ਵਿੱਚ ਕਿਸਾਨ ਖੁਦਕੁਸ਼ੀ ਬਾਰੇ ਪੜ੍ਹਿਆ ਤਾਂ ਦੇਖਿਆ ਕਿ ਇਹ ਉਹੀ ਸ਼ਖਸ ਸੀ ਜਿਸ ਨੇ ਮੇਰੇ ਤੋਂ ਤਸਵੀਰ ਲੈਮੀਨੇਟ ਕਰਵਾਈ ਸੀ। ਮੈਂ ਤਸਵੀਰ ਦੀ ਅਦਾਇਗੀ ਸਮੇਂ ਤੇ ਨਾ ਕਰਨ ਕਾਰਨ ਸਿਰਫ਼ ਦੋ ਦਿਨਾਂ ਲਈ ਉਸ ਦੀ ਮੌਤ ਨੂੰ ਰੋਕ ਸਕਿਆ।"
ਕਰਜ਼ਾ ਮੁਆਫ਼ੀ ਤੋਂ ਕਿੰਨੀ ਭਰਪਾਈ
ਮਲੱਪਾ ਦਾ 40 ਹਜ਼ਾਰ ਰੁਪਏ ਦਾ ਕਰਜ਼ਾ ਸੂਬਾ ਸਰਕਾਰ ਦੇ ਕਰਜ਼ੇ ਦੀ ਛੋਟ ਸਕੀਮ ਦੇ ਦੋ ਪੜਾਵਾਂ ਵਿੱਚ ਭੁਗਤਾਨ ਹੋ ਚੁੱਕਿਆ ਸੀ ਜਦੋਂਕਿ ਤੀਜਾ ਪੜਾਅ ਹਾਲੇ ਬਾਕੀ ਹੈ।
ਮਾਧਵਈਯਾ ਨੇ ਕਿਹਾ, "ਪਿਤਾ ਲਈ ਰਾਹਤ ਹੁੰਦੀ ਜੇ ਤੀਜੇ ਪੜਾਅ ਤਹਿਤ ਰਕਮ ਦੇ ਦਿੱਤੀ ਜਾਂਦੀ।"
ਇੱਕ ਸਥਾਨਕ ਪੱਤਰਕਾਰ ਸ਼ਫੀਉੱਲਾ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਉਸ ਸ਼ਖਸ ਦੇ ਸਿਰਫ਼ ਦਸ ਹਜ਼ਾਰ ਰੁਪਏ ਦੇਣੇ ਹਨ ਜਿਸ ਨੇ ਉਸ ਨੂੰ ਧਮਕਾਇਆ ਸੀ।
ਟਮਾਟਰਾਂ 'ਤੇ ਲਾਗਤ ਕਿੰਨੀ ?
ਟਮਾਟਰ ਦੀ ਫਸਲ ਲਈ ਪ੍ਰਤੀ ਏਕੜ 30,000 ਰੁਪਏ ਦੀ ਲਾਗਤ ਆਉਂਦੀ ਹੈ। ਹਰੇਕ ਵਾਰ ਫ਼ਸਲਾਂ ਦੀ ਕਟਾਈ 7 ਵਾਰ ਕੀਤੀ ਜਾਂਦੀ ਹੈ। ਪ੍ਰਤੀ ਏਕੜ 4500 ਕਿਲੋਗ੍ਰਾਮ ਦੀ ਫਸਲ ਪੈਦਾ ਕੀਤੀ ਜਾ ਸਕਦੀ ਹੈ, ਜਿਸਦਾ ਮਤਲਬ ਹੈ ਕਿ 15 ਕਿੱਲੋ ਦੇ 300 ਬਕਸੇ। ਪ੍ਰਤੀ ਏਕੜ ਫਸਲ ਦੀ ਕਟਾਈ ਲਈ 15 ਮਜਦੂਰਾਂ ਦੀ ਲੋੜ ਹੁੰਦੀ ਹੈ। ਹਰੇਕ ਕਰਮਚਾਰੀ ਨੂੰ 150 ਰੁਪਏ ਪ੍ਰਤੀ ਦਿਹਾੜੀ ਦਿੱਤੀ ਜਾਂਦੀ ਹੈ।
ਤਸਵੀਰ ਸਰੋਤ, Anji/BBC
ਪ੍ਰਤੀ ਮਜ਼ਦੂਰ ਰੋਜ਼ਾਨਾ 2,250 ਰੁਪਏ ਦਾ ਖਰਚਾ ਹੈ। ਇਸ ਤੋਂ ਇਲਾਵਾ ਬਾਜ਼ਾਰ ਨੂੰ ਸਪਲਾਈ ਕਰਨ ਲਈ ਪ੍ਰਤੀ ਬਾਕਸ 16 ਰੁਪਏ ਦਾ ਖਰਚਾ ਹੈ। ਜੋ ਕਿ 300 ਬਕਸਿਆਂ ਲਈ ਲਗਪਗ 4800 ਰੁਪਏ ਹੈ। ਇਸ ਤੋਂ ਇਲਾਵਾ 10 ਫੀਸਦੀ ਕਮਿਸ਼ਨ ਨੂੰ ਵਿਚੋਲਿਆਂ ਨੂੰ ਦੇਣਾ ਪੈਂਦਾ ਹੈ। ਹਾਲਾਂਕਿ ਬਾਜ਼ਾਰ ਵਿੱਚ ਹਰ ਬਾਕਸ ਦੀ ਕੀਮਤ 40 ਰੁਪਏ ਹੈ। ਇਹ ਸਾਰੇ ਖਰਚੇ ਪਾ ਕੇ ਪ੍ਰਤੀ ਏਕੜ 1000 ਰੁਪਏ ਦਾ ਘਾਟਾ ਹੁੰਦਾ ਹੈ।
'ਅਜਿਹਾ ਸੋਕਾ 54 ਸਾਲਾਂ ਚ ਨਹੀਂ ਪਿਆ'
ਅਨੰਤਪੁਰ ਜ਼ਿਲ੍ਹੇ ਦੇ ਖੇਤੀਬਾੜੀ ਦੇ ਜੁਆਇੰਟ ਡਾਇਰੈਕਟਰ ਹਬੀਬ ਨੇ ਕਿਹਾ , "ਅਸੀਂ ਪਿਛਲੇ 54 ਸਾਲਾਂ ਵਿੱਚ ਇੰਨਾ ਮਾੜਾ ਸੋਕਾ ਨਹੀਂ ਦੇਖਿਆ। ਅਨੰਤਪੁਰ ਜ਼ਿਲ੍ਹੇ ਵਿੱਚ ਮੀਂਹ ਹੀ ਨਹੀਂ ਪਿਆ। ਅਸੀਂ ਹੈਡਰੀਨੀਵਾ ਪ੍ਰੋਜੈਕਟ ਤੋਂ ਕ੍ਰਿਸ਼ਨਾ ਨਦੀ ਦਾ ਪਾਣੀ ਲਿਆ। ਮੈਂ ਕਿਸਾਨਾਂ ਦੀ ਸਥਿਤੀ ਬਾਰੇ ਸੋਚ ਕੇ ਡਰਦਾ ਹਾਂ।"
ਮਨੁੱਖੀ ਅਧਿਕਾਰ ਕਾਰਕੁਨ ਐਸਐਮ ਭਾਸ਼ਾ ਦਾ ਕਹਿਣਾ ਹੈ, "ਮਲੱਪਾ ਦੀ ਆਤਮਹੱਤਿਆ ਜ਼ਿਲ੍ਹੇ ਵਿੱਚ ਸੋਕੇ ਦੀ ਤੀਬਰਤਾ ਦਾ ਇੱਕ ਉਦਾਹਰਨ ਹੈ। ਸੁਰੱਖਿਆ ਦੀ ਥਾਂ ਜ਼ਮੀਨ ਹੁਣ ਕਿਸਾਨਾਂ ਦੀ ਜ਼ਿੰਦਗੀ ਲਈ ਖਤਰਾ ਬਣ ਗਈ ਹੈ। ਜੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲਦਾ ਤਾਂ ਕਿਸਾਨ ਕੀ ਕਰ ਸਕਦੇ ਹਨ?''
"ਪਿਛਲੇ 30 ਸਾਲਾਂ ਤੋਂ ਮੈਂ ਸੋਕੇ ਬਾਰੇ ਖੋਜ ਕਰ ਰਿਹਾ ਹਾਂ ਪਰ ਕਿਸਾਨ ਖੁਦਕੁਸ਼ੀਆਂ ਬਾਰੇ ਸੋਚਣ ਲਈ ਬਹੁਤ ਹਿੰਮਤ ਨਹੀਂ ਹੈ।"
ਮਲੱਪਾ ਦੇ ਪੁੱਤਰ ਦਾ ਕਹਿਣਾ ਹੈ ਕਿ ਜੇ ਫਸਲ ਚੰਗੀ ਨਾ ਹੋਈ ਤਾਂ ਸ਼ਾਇਦ ਪਿੰਡ ਛੱਡ ਕੇ ਜਾਣਾ ਪਏਗਾ
"ਪੇਂਡੂ ਖੇਤਰਾਂ ਵਿਚ ਹਾਲਾਤ ਪਹਿਲਾਂ ਨਾਲੋਂ ਖ਼ਰਾਬ ਹੋ ਗਏ ਹਨ। ਸੂਬੇ ਦੇ ਕਈ ਹਿੱਸਿਆਂ ਵਿੱਚ ਸੋਕੇ ਦੀ ਤੀਬਰਤਾ ਵਧ ਰਹੀ ਹੈ। ਬਹੁਤ ਸਾਰੇ ਪਿੰਡ ਖਾਲੀ ਹੋ ਗਏ। ਸਿਰਫ਼ ਪੁਰਾਣੇ ਲੋਕ ਹੀ ਪਿੰਡਾਂ ਵਿਚ ਰਹਿ ਰਹੇ ਹਨ। ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਵੀ ਕਮੀ ਹੈ।"
ਉਨ੍ਹਾਂ ਅੱਗੇ ਦੱਸਿਆ, "ਹਰੇਕ ਜ਼ਿਲ੍ਹੇ ਵਿੱਚ ਵਿਭਿੰਨਤਾ ਹੈ ਅਤੇ ਸਰਕਾਰ ਨੂੰ ਖੇਤਰੀ ਹਲਾਤਾਂ ਦੇ ਮੱਦੇਨਜ਼ਰ ਹੀ ਕੁਝ ਯੋਜਨਾ ਬਣਾਉਣੀਂ ਚਾਹੀਦੀ ਹੈ, ਜੋ ਕਿ ਹੋ ਨਹੀਂ ਰਿਹਾ।"
ਪੁੱਤਰ ਨੂੰ ਫ਼ਸਲ ਤੋਂ ਉਮੀਦ
ਮਾਧਵਈਯਾ ਹਾਲੇ ਵੀ ਉਸੇ ਮੂੰਗਫ਼ਲੀ ਦੀ ਫ਼ਸਲ ਉੱਤੇ ਹੀ ਨਿਰਭਰ ਹੈ। ਉਸ ਨੂੰ ਉਮੀਦ ਹੈ ਕਿ ਫਸਲ ਦਾ ਘੱਟੋ-ਘੱਟ ਮੁੱਲ ਜ਼ਰੂਰ ਮਿਲੇਗਾ। ਪਰ ਜੇ ਫਸਲ ਬਰਬਾਦ ਹੋ ਗਈ?
"ਸਾਨੂੰ ਨਹੀਂ ਪਤਾ ਸਾਡੀ ਕਿਸਮਤ ਵਿੱਚ ਕੀ ਹੈ। ਮੈਂ ਵਿਆਜ ਦੇ 40,000 ਰੁਪਏ ਦੇਣੇ ਹੈ। ਮੈਨੂੰ ਨਹੀਂ ਪਤਾ ਕਿ ਉਸ ਦਾ ਭੁਗਤਾਨ ਕਿਵੇਂ ਕਰਾਂਗਾ। ਮੈਂ ਟਮਾਟਰ ਦੀ ਖੇਤੀ ਕਰ ਰਿਹਾ ਹਾਂ ਕਿ ਇਸ ਤੋਂ ਪੈਸਾ ਆਏਗਾ। ਜੇ ਮੀਂਹ ਨਹੀਂ ਹੁੰਦਾ ਅਤੇ ਫਸਲ ਖਰਾਬ ਹੋਵੇਗੀ ਤਾਂ ਸਾਨੂੰ ਸਭ ਜ਼ਮੀਨ ਅਤੇ ਪਸ਼ੂ ਵੇਚ ਕੇ ਸ਼ਹਿਰਾਂ ਵੱਲ ਜਾਣ ਦੀ ਲੋੜ ਹੈ।"
ਮਲੱਪਾ ਨੇ ਖੇਤੀਬਾੜੀ ਦੇ ਕਰਜ਼ਿਆਂ ਦੇ ਕਾਰਨ ਅਗਸਤ 2018 ਨੂੰ ਖੁਦਕੁਸ਼ੀ ਕਰ ਲਈ ਕਿਉਂਕਿ ਫ਼ਸਲ ਦੇ ਨੁਕਸਾਨ ਕਾਰਨ ਉਹ ਕਰਜ਼ੇ ਦਾ ਭੁਗਤਾਨ ਨਹੀਂ ਕਰ ਪਾ ਰਿਹਾ ਸੀ
ਮੁਆਵਜ਼ੇ ਦੀ ਅਦਾਇਗੀ
ਕਲਿਆਣ ਦੁਰਗਮ ਦੀ ਰੈਵਨਿਊ ਵਿਕਾਸ ਅਫਸਰ ਸਿਰੀਨਿਵਾਸੁਲੂ ਨੇ ਦੱਸਿਆ, "ਅਸੀਂ ਮਲੱਪਾ ਦੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਮੁਆਵਜ਼ੇ ਦੇਣ ਦਾ ਭਰੋਸਾ ਦਿਵਾਉਂਦੇ ਹਾਂ ਅਤੇ ਅਸੀਂ ਆਪਣੀ ਫਾਈਲ ਨੂੰ ਜ਼ਿਲ੍ਹਾ ਕੁਲੈਕਟਰ ਨੂੰ ਭੇਜ ਦਿੱਤੀ ਹੈ।"
ਇਹ ਵੀ ਪੜ੍ਹੋ:
"ਮਲੱਪਾ ਦੇ ਪਰਿਵਾਰ ਨੂੰ ਹਾਲੇ ਪ੍ਰਸ਼ਾਸਨ ਤੋਂ 15 ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ ਅਤੇ ਬੈਂਕ ਤੋਂ ਲਿਆ ਸਾਰਾ ਡੇਢ ਲੱਖ ਰੁਪਏ ਦਾ ਕਰਜ਼ਾ ਵੀ ਇੱਕੋ ਵਾਰੀ ਵਿੱਚ ਅਦਾ ਕਰ ਦੇਵਾਂਗੇ।"
ਅਨੰਤਪੁਰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਚਾਪੀ ਇੱਕ ਰਿਪੋਰਟ ਅਨੁਸਾਰ 1998 ਤੋਂ 2017 ਦੌਰਾਨ ਕਿਸਾਨਾਂ ਦੀ ਖੁਦਕੁਸ਼ੀ ਦੇ 932 ਮਾਮਲੇ ਸਾਹਮਣੇ ਆਏ। ਪਿਛਲੇ ਜ਼ਿਲ੍ਹੇ ਵਿੱਚ ਲਗਾਤਾਰ 9 ਸੋਕੇ ਦੇ ਸਾਲ ਰਹੇ ਹਨ।
ਜ਼ਿਲ੍ਹਾ ਪੇਂਡੂ ਜਲ ਵਿਭਾਗ ਦੀ ਸਰਕਾਰੀ ਰਿਪੋਰਟ ਅਨੁਸਾਰ ਸਾਲ 2011-2018 ਦੇ ਦੌਰਾਨ 12.9 ਮੀਟਰ ਤੋਂ 27.21 ਮੀਟਰ ਤੱਕ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਦੇਖੀ ਗਈ ਹੈ।