ਆਰਡਰ ਕੁਝ, ਡਿਲਿਵਰੀ ਕੁਝ ਹੋਰ, ਅਜਿਹੀ ਗੜਬੜੀ ਤੋਂ ਇੰਝ ਬਚੋ

  • ਭੂਮਿਕਾ ਰਾਏ
  • ਬੀਬੀਸੀ ਪੱਤਰਕਾਰ
ਆਨਲਾਈਨ ਸ਼ੌਪਿੰਗ

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਆਨਲਾਈਨ ਸ਼ੌਪਿੰਗ ਨੇ ਖਰੀਦਦਾਰੀ ਨੂੰ ਕਾਫੀ ਸੌਖਾ ਕਰ ਦਿੱਤਾ ਹੈ

ਕੁਝ ਲੋਕ ਸਮਾਂ ਬਚਾਉਣ ਲਈ ਆਨਲਾਈਨ ਸ਼ੌਪਿੰਗ ਕਰਦੇ ਹਨ ਤਾਂ ਕੁਝ ਸਮਾਂ ਬਤੀਤ ਕਰਨ ਲਈ। ਕਿਸੇ ਲਈ ਆਨਲਾਈਨ ਸ਼ੌਪਿੰਗ ਮਜ਼ਾ ਹੈ ਤਾਂ ਕੋਈ ਸਿਰਫ਼ ਤਸਵੀਰ ਦੇਖ ਕੇ ਖਰੀਦਦਾਰੀ ਕਰਨ ਦੀ ਸਜ਼ਾ ਭੁਗਤ ਚੁੱਕਿਆ ਏ।

ਜਿੰਨੇ ਲੋਕ ਓਨੀ ਤੀ ਤਜ਼ਰਬੇ।

ਬਦਲਦੇ ਦੌਰ 'ਚ ਆਨਲਾਈਨ ਸ਼ੌਪਿੰਗ ਟ੍ਰੈਂਡ ਦੇ ਨਾਲ-ਨਾਲ ਲੋੜ ਵੀ ਬਣ ਚੁੱਕੀ ਹੈ ਪਰ ਇੱਕ ਵੱਡਾ ਵਰਗ ਅਜਿਹਾ ਵੀ ਹੈ ਜਿਹੜਾ ਸਿਰਫ਼ ਠੱਗੇ ਜਾਣ ਦੇ ਡਰ ਨਾਲ ਆਨਲਾਈਨ ਸ਼ੌਪਿੰਗ ਨਹੀਂ ਕਰਦਾ।

ਕੁਝ ਲੋਕਾਂ ਨੂੰ ਡਰ ਹੁੰਦਾ ਹੈ ਕਿ ਉਨ੍ਹਾਂ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਡਿਟੇਲ ਲੀਕ ਹੋ ਜਾਵੇਗੀ ਤਾਂ ਕੁਝ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਉਨ੍ਹਾਂ ਨੂੰ ਸਹੀ ਸਾਮਾਨ ਨਹੀਂ ਮਿਲੇਗਾ।

ਤਸਵੀਰ ਕੈਪਸ਼ਨ,

ਆਨਲਾਈਨ ਸ਼ੌਪਿੰਗ ਲਈ ਕਾਫੀ ਸਾਵਧਾਨੀ ਬਰਤਨ ਦੀ ਲੋੜ ਹੈ

ਕਈ ਲੋਕਾਂ ਨਾਲ ਅਜਿਹਾ ਹੋਇਆ ਵੀ ਹੈ ਅਤੇ ਤਾਜ਼ਾ ਮਾਮਲਾ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨਾਲ ਜੁੜਿਆ ਹੋਇਆ ਹੈ। ਦਰਅਸਲ ਹੋਇਆ ਇਹ ਕਿ ਸੋਨਾਕਸ਼ੀ ਸਿਨਹਾ ਨੇ ਐਮੇਜ਼ਨ ਤੋਂ 18 ਹਜ਼ਾਰ ਦੀ ਕੀਮਤ ਵਾਲਾ ਬੋਸ ਦਾ ਇੱਕ ਹੈੱਡਫ਼ੋਨ ਆਰਡਰ ਕੀਤਾ ਸੀ।

ਉਨ੍ਹਾਂ ਦੇ ਆਰਡਰ ਦੀ ਡਿਲਿਵਰੀ ਤਾਂ ਹੋਈ ਪਰ ਹੈੱਡਫ਼ੋਨ ਦੇ ਡੱਬੇ ਵਿੱਚ 18 ਹਜ਼ਾਰ ਦਾ ਬੌਸ ਦਾ ਹੈੱਡਫ਼ੋਨ ਹੋਣ ਦੀ ਬਜਾਏ ਲੋਹੇ ਦਾ ਇੱਕ ਟੁੱਕੜਾ ਨਿਕਲਿਆ।

ਦੇਖਣ ਵਿੱਚ ਉਹ ਟੁੱਕੜਾ ਕਿਸੇ ਟੂਟੀ ਦਾ ਹਿੱਸਾ ਲੱਗ ਰਿਹਾ ਸੀ। ਬਾਅਦ ਵਿੱਚ ਸੋਨਾਕਸ਼ੀ ਨੇ ਇਸ ਆਰਡਰ ਦੀ ਇੱਕ ਤਸਵੀਰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਅਤੇ ਆਪਣੇ ਨਾਲ ਹੋਏ ਧੋਖੇ ਬਾਰੇ ਦੱਸਿਆ।

ਪਰ ਜੇਕਰ ਕਿਸੇ ਨੇ 18 ਹਜ਼ਾਰ ਦਾ ਹੈੱਡਫ਼ੋਨ ਆਰਡਰ ਕੀਤਾ ਹੈ ਤਾਂ ਉਸ ਨੂੰ ਬੇਕਾਰ ਲੋਹੇ ਦਾ ਟੁੱਕੜਾ ਕਿਉਂ ਡਿਲਵਰ ਹੋਇਆ...? ਇਹ ਸਵਾਲ ਕਾਫ਼ੀ ਲੋਕਾਂ ਦੇ ਜ਼ਹਿਨ ਵਿੱਚ ਆਇਆ। ਹਾਲਾਂਕਿ ਐਮੇਜ਼ਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ।

ਇਹ ਵੀ ਪੜ੍ਹੋ:

ਐਮੇਜ਼ਨ ਇੰਡੀਆ ਦੇ ਬੁਲਾਰੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਜਿਵੇਂ ਕਿ ਅਸੀਂ ਉਪਭੋਗਤਾਵਾਂ ਦਾ ਧਿਆਨ ਰੱਖਣ ਵਾਲੀ ਕੰਪਨਾ ਹਾਂ, ਅਜਿਹੇ ਵਿੱਚ ਅਸੀਂ ਆਪਣੇ ਗ੍ਰਾਹਕ ਦੇ ਸਮਾਨ ਨੂੰ ਸੁਰੱਖਿਅਤ ਪਹੁੰਚਾਉਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਾਂ।''

"ਅਸੀਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੇ ਹਾਂ। ਅਸੀਂ ਉਪਭੋਗਤਾ ਨਾਲ ਇਸ ਮਾਮਲੇ ਨੂੰ ਹੱਲ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਹੋਈ ਪ੍ਰੇਸ਼ਾਨੀ ਲਈ ਮਾਫ਼ੀ ਵੀ ਮੰਗੀ ਹੈ।''

ਕਿਵੇਂ ਹੁੰਦੀ ਹੈ ਲੱਖਾਂ ਦੇ ਸਾਮਾਨ ਦੀ ਡਿਲਵਰੀ?

ਦੁਨੀਆਂ ਦੇ ਵੱਡੇ ਆਨਲਾਈਨ ਰੀਟੇਲਰਸ ਵਿੱਚੋਂ ਇੱਕ ਐਮੇਜ਼ਨ ਰੋਜ਼ਾਨਾ ਲੱਖਾਂ ਪੈਕੇਟ ਦੁਨੀਆਂ ਦੇ ਵੱਖ-ਵੱਖ ਹਿੱਸੇ ਵਿੱਚ ਪਹੁੰਚਾਉਂਦਾ ਹੈ।

ਤਸਵੀਰ ਸਰੋਤ, Thinkstock

ਤਸਵੀਰ ਕੈਪਸ਼ਨ,

ਆਨਲਾਈਨ ਸ਼ੌਪਿੰਗ ਲਈ ਵੈਬਸਾਈਟ ਦੇ ਰਿਕਾਰਡ ਦੀ ਪਰਖ ਬੇਹੱਦ ਜ਼ਰੂਰੀ ਹੈ

ਜਦੋਂ ਅਸੀਂ ਕੋਈ ਚੀਜ਼ ਆਨਲਾਈਨ ਆਰਡਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਫਟਵੇਅਰ ਇਹ ਪਤਾ ਲਗਾਉਂਦਾ ਹੈ ਕਿ ਉਹ ਚੀਜ਼ ਕਿੱਥੇ ਰੱਖੀ ਹੈ। ਇਹ ਸਾਫ਼ਟਵੇਅਰ ਕਿਸੇ ਕਰਮਚਾਰੀ ਨੂੰ ਦੱਸਦਾ ਹੈ ਕਿ ਉਹ ਚੀਜ਼ ਕਿੱਥੇ ਰੱਖੀ ਹੈ।

ਉਹ ਕਰਮਚਾਰੀ ਵੇਅਰ-ਹਾਊਸ ਦੇ ਉਸ ਸ਼ੈਲਫ ਤੱਕ ਪਹੁੰਚਦਾ ਹੈ, ਪੈਕਟ ਚੁੱਕਦਾ ਹੈ, ਫਿਰ ਹੱਥ ਵਿੱਚ ਚੁੱਕੇ ਸਕੈਨਰ ਨਾਲ ਸਕੈਨ ਕਰਦਾ ਹੈ। ਸਕੈਨਰ ਤੈਅ ਕਰਦਾ ਹੈ ਕਿ ਉਹ ਸਹੀ ਪੈਕਟ ਹੈ, ਉਸ 'ਤੇ ਪਤਾ ਸਹੀ ਹੈ ਜਾਂ ਨਹੀਂ, ਅਤੇ ਫਿਰ ਉਸ 'ਤੇ ਗ੍ਰਾਹਕ ਦਾ ਨਾਮ, ਪਤੇ ਦੀ ਪਰਚੀ ਚਿਪਕਾ ਦਿੰਦਾ ਹੈ।

ਜਿਸ ਤੋਂ ਬਾਅਦ ਇਸ ਸਮਾਨ ਨੂੰ ਡਿਲਵਰ ਕਰ ਦਿੱਤਾ ਜਾਂਦਾ ਹੈ।

ਪਰ ਆਰਡਰ ਕੀਤੀ ਹੋਈ ਚੀਜ਼ ਡਿਲਵਰੀ ਵੇਲੇ ਬਦਲ ਕਿਵੇਂ ਜਾਂਦੀ ਹੈ?

ਜਦੋਂ ਇਹ ਸਾਰਾ ਕੰਮ ਐਨੇ ਸਿਸਟੇਮੈਟਿਕ ਢੰਗ ਨਾਲ ਹੁੰਦਾ ਹੈ ਤਾਂ ਗ਼ਲਤੀ ਹੋਣ ਦੀ ਗੁੰਜਾਇਸ਼ ਕਿੱਥੇ ਹੈ? ਇਸ 'ਤੇ ਈ-ਕਮਰਸ ਅਤੇ ਸਾਈਬਰ ਮਾਮਲਿਆਂ ਦੇ ਜਾਣਕਾਰ ਵਿਨੀਤ ਕੁਮਾਰ ਦੱਸਦੇ ਹਨ ਕਿ ਜੇਕਰ ਤੁਸੀਂ ਸਾਮਾਨ ਚੰਗੀ ਈ-ਕਮਰਸ ਵੈੱਬਸਾਈਟ ਤੋਂ ਖਰੀਦਿਆ ਹੈ ਤਾਂ ਕੰਪਨੀ ਦੇ ਪੱਧਰ 'ਤੇ ਗੜਬੜੀ ਹੋਣ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ।

ਪਰ ਜ਼ਿਆਦਾਤਰ ਲੋਕ 'ਸੇਲਰਸ' 'ਤੇ ਧਿਆਨ ਨਹੀਂ ਦਿੰਦੇ। ਸੇਲਰਸ ਦੀ ਰੇਟਿੰਗ ਇਸ ਤਰ੍ਹਾਂ ਦੇ ਘੁਟਾਲਿਆਂ ਲਈ ਖਾਸ ਤੌਰ 'ਤੇ ਜ਼ਿੰਮੇਵਾਰ ਹੁੰਦੀ ਹੈ। ਇਸ ਤੋਂ ਇਲਾਵਾ ਕਈ ਵਾਰ ਡਿਲਵਰੀ ਬੁਆਏ ਵੀ ਸਹੀ ਸਮਾਨ ਨਿਕਾਲ ਕੇ ਕੁਝ ਵੀ ਕਰ ਦਿੰਦੇ ਹਨ।

ਅਜਿਹੇ ਘੁਟਾਲਿਆਂ ਤੋਂ ਕਿਵੇਂ ਬਚਿਆ ਜਾਵੇ

ਵਿਨੀਤ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਤਾਂ ਰੇਟਿੰਗ ਚੈੱਕ ਕਰੋ। ਡਿਲਵਰੀ ਬੁਆਏ ਆਏ ਤਾਂ ਉਸ ਨੂੰ ਰੋਕ ਕੇ ਰੱਖੋ ਅਤੇ ਸਾਮਾਨ ਵਾਲਾ ਡੱਬਾ ਉਸਦੇ ਸਾਹਮਣੇ ਹੀ ਖੋਲ੍ਹੋ। ਡੱਬਾ ਖੋਲ੍ਹਦੇ ਸਮੇਂ ਵੀਡੀਓ ਵੀ ਬਣਾਓ ਤਾਂ ਜੋ ਤੁਹਾਡੇ ਕੋਲ ਇਸ ਗੱਲ ਦਾ ਸਬੂਤ ਹੋਵੇ ਕਿ ਤੁਹਾਨੂੰ ਗ਼ਲਤ ਸਾਮਾਨ ਮਿਲਿਆ ਹੈ।

ਇਹ ਵੀ ਪੜ੍ਹੋ:

ਵਿਨੀਤ ਮੰਨਦੇ ਹਨ ਕਿ ਕਈ ਵਾਰ ਗ਼ਲਤ ਸਾਮਾਨ ਆ ਜਾਂਦਾ ਹੈ ਪਰ ਉਹ ਇਹ ਵੀ ਮੰਨਦੇ ਹਨ ਕਿ ਕਈ ਵਾਰ ਲੋਕ ਵੀ ਧੋਖਾ ਦਿੰਦੇ ਹਨ ਅਤੇ ਸਹੀ ਸਮਾਨ ਆਉਣ ਦੇ ਬਾਵਜੂਦ ਗ਼ਲਤ ਹੋਣ ਦੀ ਸ਼ਿਕਾਇਤ ਕਰਦੇ ਹਨ। ਅਜਿਹੇ ਵਿੱਚ ਵੀਡੀਓ ਬਣਾ ਲੈਣਾ ਹੀ ਸੁਰੱਖਿਅਤ ਹੈ।

ਤਸਵੀਰ ਸਰੋਤ, Alamy

ਵਿਨੀਤ ਮੰਨਦੇ ਹਨ ਕਿ ਸਭ ਤੋਂ ਜ਼ਰੂਰੀ ਹੈ ਕਿ ਜਿਸ ਵੈੱਬਸਾਈਟ ਤੋਂ ਖਰੀਦਦਾਰੀ ਕੀਤੀ ਗਈ ਹੋਵੇ ਉਹ ਮੰਨੀ-ਪ੍ਰਮੰਨੀ ਹੋਵੇ ਅਤੇ ਉਸਦੀ ਰੇਟਿੰਗ ਚੰਗੀ ਹੋਵੇ।

ਆਨਲਾਈਨ ਸ਼ੌਪਿੰਗ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਕਦੇ ਵੀ ਆਨਲਾਈਨ ਸ਼ੌਪਿੰਗ ਸ਼ੁਰੂ ਕਰਨ ਤੋਂ ਪਹਿਲਾਂ ਯਾਦ ਰੱਖੋ ਕਿ ਕੰਪਿਊਟਰ 'ਤੇ ਐਂਟੀ-ਵਾਇਰਸ ਜ਼ਰੂਰ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਇਨ੍ਹਾਂ ਤਮਾਮ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਭਾਰੀ ਡਿਸਕਾਊਂਟ ਤੋਂ ਸਾਵਧਾਨ

ਆਨਲਾਈਨ ਸ਼ੌਪਿੰਗ ਲਈ ਸਭ ਤੋਂ ਪਹਿਲਾਂ ਤਾਂ ਇਹ ਧਿਆਨ ਰੱਖੋ ਕਿ ਜਿਸ ਵੀ ਈ-ਸ਼ੌਪਿੰਗ ਵੈੱਬਸਾਈਟ ਤੋਂ ਤੁਸੀਂ ਖਰੀਦਦਾਰੀ ਕਰੋ ਉਸਦੇ ਅਡ੍ਰੈਸ 'ਚ http ਨਹੀਂ, ਸਗੋਂ https ਹੋਵੇ।

'S' ਜੁੜ ਜਾਣ ਤੋਂ ਬਾਅਦ ਸਿਕਊਰਟੀ ਦੀ ਗਾਰੰਟੀ ਹੋ ਜਾਂਦੀ ਹੈ ਅਤੇ ਇਹ ਤੈਅ ਹੋ ਜਾਂਦਾ ਹੈ ਕਿ ਫ਼ੇਕ ਸਾਈਟ ਨਹੀਂ ਹੋਵੇਗੀ। ਕਦੇ-ਕਦੇ 'S' ਵੈੱਬਸਾਈਟ 'ਚ ਉਦੋਂ ਜੁੜਦਾ ਹੈ ਜਦੋਂ ਆਨਲਾਈਨ ਪੇਮੈਂਟ ਦਾ ਸਮਾਂ ਆਉਂਦਾ ਹੈ।

ਤਸਵੀਰ ਸਰੋਤ, MACIEK905

ਫਿਰ ਇਹ ਚੈੱਕ ਕਰੋ ਕਿ ਜਿੱਥੋਂ ਸਮਾਨ ਖਰੀਦਿਆ ਜਾ ਰਿਹਾ ਹੈ, ਉਸਦਾ ਪਤਾ, ਫ਼ੋਨ ਨੰਬਰ ਅਤੇ ਈ-ਮੇਲ ਅਡ੍ਰੈਸ ਵੈੱਬਸਾਈਟ 'ਤੇ ਲਿਖਿਆ ਹੈ ਜਾਂ ਨਹੀਂ। ਧੋਖਾ ਕਰਨ ਵਾਲੀਆਂ ਵੈੱਬਸਾਈਟਾਂ ਆਪਣੇ ਪੇਜ 'ਤੇ ਇਹ ਜਾਣਕਾਰੀ ਸ਼ੇਅਰ ਨਹੀਂ ਕਰਦੀਆਂ ਹਨ।

ਜੇਕਰ ਕਿਸੇ ਚਰਚਿਤ ਪ੍ਰੋਡਕਟ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ ਤਾਂ ਦੂਜੀਆਂ ਵੈੱਬਸਾਈਟਾਂ ਵੀ ਚੈੱਕ ਕਰ ਲਵੋ। ਜੇਕਰ ਕਿਸੇ ਇੱਕ ਵੈੱਬਸਾਈਟ 'ਤੇ ਹੀ ਛੂਟ ਹੈ ਤਾਂ ਥੋੜ੍ਹਾ ਚੌਕਸ ਹੋ ਜਾਓ।

ਪੇਮੈਂਟ ਸਿਸਟਮ

ਪੇਮੈਂਟ ਕਰਦੇ ਸਮੇਂ ਬਹੁਤ ਚੌਕਸ ਰਹਿਣ ਦੀ ਲੋੜ ਹੈ। ਪਤਾ ਕਰੋ ਕਿ ਜਿਸ ਵੈੱਬਸਾਈਟ ਤੋਂ ਤੁਸੀਂ ਸਾਮਾਨ ਖਰੀਦ ਰਹੇ ਹੋ ਉਸਦੇ ਸਿਸਟਮ ਵਿੱਚ ਵੇਰੀਫਾਈਡ ਬਾਈ ਵੀਜ਼ਾ ਜਾਂ ਮਾਸਟਰਕਾਰਡ ਸਿਕਓਰਕੋਡ ਦੇ ਜ਼ਰੀਏ ਪੇਮੈਂਟ ਕਰ ਸਕਦੇ ਹਨ ਜਾਂ ਨਹੀਂ।

ਇਸਦੇ ਲਈ ਹਾਂ ਕਰੋ। ਇਹ ਵੈਰੀਫਿਕੇਸ਼ਨ ਤੁਹਾਨੂੰ ਧੋਖੇ ਤੋਂ ਬਚਾਉਂਦਾ ਹੈ।

ਇਸ ਗੱਲ 'ਤੇ ਵੀ ਧਿਆਨ ਦਿਓ ਕਿ ਡਿਲਵਰੀ ਲਈ ਸਮਾਂ ਕਿੰਨਾ ਲੱਗੇਗਾ। ਪੇਮੈਂਟ ਨਾਲ ਜੁੜੀ ਜਾਣਕਾਰੀ ਵੈੱਬਸਾਈਟ 'ਤੇ ਦਿੱਤੀ ਗਈ ਹੋਣੀ ਚਾਹੀਦੀ ਹੈ।

ਤਸਵੀਰ ਸਰੋਤ, Thinkstock

ਜੇਕਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਤੁਸੀਂ ਸੰਤੁਸ਼ਟ ਹੋ, ਤਾਂ ਹੀ ਖਰੀਦਦਾਰੀ ਨੂੰ ਲੈ ਕੇ ਅੱਗੇ ਵਧੋ। ਹਮੇਸ਼ਾ ਦੀ ਤਰ੍ਹਾਂ ਆਪਣੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦਾ ਪਾਸਵਰਡ ਜਾਂ ਪਿਨ ਕਦੇ ਕਿਸੇ ਨਾਲ ਸ਼ੇਅਰ ਨਾ ਕਰੋ।

ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਹੈਕਰਸ ਕ੍ਰੈਡਿਟ ਕਾਰਡ ਦੀ ਡਿਟੇਲ ਚੋਰੀ ਕਰ ਲੈਂਦੇ ਹਨ। ਡੱਚ ਡਿਵੈਲਪਰ ਵਿਲੀਅਮ ਡੀ ਗਰੂਟ ਨੇ ਦੱਸਿਆ ਕਿ ਤੁਹਾਡਾ ਕ੍ਰੈਡਿਟ ਕਾਰਡ ਦਾ ਕੋਡ ਸਾਈਬਰ ਚੋਰਾਂ ਵੱਲੋਂ ਸਾਈਟਾਂ 'ਤੇ ਪਾਇਆ ਜਾਂਦਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਬਲੌਗਸਪੌਟ ਵਿੱਚ ਕਿਹਾ ਕਿ ਹੈਕਰ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਸਾਈਟਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ।

ਉਹ ਜਦੋਂ ਇਨ੍ਹਾਂ ਵੈੱਬਸਾਈਟਾਂ 'ਚ ਆਪਣਾ ਰਾਹ ਬਣਾ ਲੈਂਦੇ ਹਨ ਉਸ ਤੋਂ ਬਾਅਦ ਉਹ ਇਨ੍ਹਾਂ ਸਾਈਟਾਂ ਤੋਂ ਤੁਹਾਡੀ ਕ੍ਰੈਡਿਟ ਕਾਰਡ ਅਤੇ ਦੂਜੀਆਂ ਲੈਣ-ਦੇਣ ਦੀਆਂ ਜਾਣਕਾਰੀਆਂ ਚੋਰੀ ਕਰ ਲੈਂਦੇ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)