ਇੰਡੀਅਨ ਆਈਡਲ ਬਣੇ ਸਲਮਾਨ ਭਜਨ ਗਾ ਕੇ ਕਰਦੇ ਸਨ ਘਰ ਦਾ ਗੁਜ਼ਾਰਾ

  • ਸੁਨੀਲ ਕਟਾਰੀਆ
  • ਬੀਬੀਸੀ ਪੱਤਰਕਾਰ
ਸਲਮਾਨ ਅਲੀ

ਤਸਵੀਰ ਸਰੋਤ, officalsalmanali/instagram

ਤਸਵੀਰ ਕੈਪਸ਼ਨ,

ਇੰਡੀਅਨ ਆਈਡਲ-10 ਦਾ ਜੇਤੂ ਸਲਮਾਨ ਅਲੀ ਆਪਣੇ ਪਿਤਾ ਕਾਸਿਮ ਅਲੀ ਤੇ ਮਾਂ ਨਾਲ

''ਸਲਮਾਨ 6-7 ਸਾਲ ਦੀ ਉਮਰ ਤੋਂ ਹੀ ਗਾ ਰਿਹਾ ਹੈ, ਇਸਨੂੰ ਬਚਪਨ ਤੋਂ ਗਾਉਣ ਦਾ ਸ਼ੌਕ ਸੀ ਅਤੇ ਇਸਦੀ ਗਾਇਕੀ ਨਾਲ ਹੀ ਘਰ ਦਾ ਖ਼ਰਚਾ ਚਲਦਾ ਸੀ।'' ਇਹ ਸ਼ਬਦ ਹਨ ਇੰਡੀਅਨ ਆਈਡਲ ਸੀਜ਼ਨ 10 ਦੇ ਜੇਤੂ ਬਣੇ ਹਰਿਆਣਾ ਦੇ ਸਲਮਾਨ ਅਲੀ ਦੇ ਪਿਤਾ ਕਾਸਿਮ ਅਲੀ ਦੇ...

ਭਾਰਤ ਵਿੱਚ ਗਾਇਕੀ ਦੇ ਰਿਐਲਟੀ ਸ਼ੋਅ ਇੰਡੀਅਨ ਆਈਡਲ ਦੇ ਜੇਤੂ ਬਣੇ ਸਲਮਾਨ ਅਲੀ ਦੇ ਪਿਤਾ ਕ਼ਾਸਿਮ ਅਲੀ ਆਪਣੇ ਪੁੱਤਰ ਬਾਰੇ ਗੱਲਾਂ ਕਰਦੇ-ਕਰਦੇ ਖ਼ੁਸ਼ੀ ਦੇ ਨਾਲ-ਨਾਲ ਥੋੜ੍ਹੇ ਭਾਵੁਕ ਹੁੰਦੇ ਹੋਏ ਵੀ ਮਹਿਸੂਸ ਹੋਏ।

ਵੀਡੀਓ: ਭਜਨ ਗਾਇਕ ਤੋਂ ਇੰਡੀਅਨ ਆਈਡਲ ਜੇਤੂ ਸਲਮਾਨ ਅਲੀ

ਇਸ ਸਮੇਂ ਮੁੰਬਈ ਵਿੱਚ ਆਪਣੇ ਪਰਿਵਾਰ ਨਾਲ ਖ਼ੁਸ਼ੀ ਦਾ ਜਸ਼ਨ ਮਨਾ ਰਹੇ ਸਲਮਾਨ ਦੇ ਪਿਤਾ ਕ਼ਾਸਿਮ ਅਲੀ ਨੇ ਸਾਡੇ ਨਾਲ ਫ਼ੋਨ 'ਤੇ ਗੱਲਬਾਤ ਕੀਤੀ।

ਤਸਵੀਰ ਸਰੋਤ, officialsalmanali/instagram

ਤਸਵੀਰ ਕੈਪਸ਼ਨ,

ਜੇਤੂ ਐਲਾਨੇ ਜਾਨਣ ਤੋਂ ਬਾਅਦ ਟਰਾਫ਼ੀ ਨਾਲ ਸਲਮਾਨ ਅਲੀ

ਉਨ੍ਹਾਂ ਕਿਹਾ, ''ਹਰਿਆਣਾ ਦੇ ਮੇਵਾਤ ਜ਼ਿਲ੍ਹੇ ਵਿੱਚ ਪੈਂਦੇ ਸਾਡੇ ਪਿੰਡ ਪੁਨਹਾਣਾ ਵਿੱਚ ਹੀ ਨਹੀਂ ਪੂਰੇ ਭਾਰਤ ਤੋਂ ਸਾਨੂੰ ਵਧਾਈਆਂ ਲਈ ਫ਼ੋਨ ਆ ਰਹੇ ਹਨ''

''ਮੇਰਾ ਪੁੱਤਰ 6-7 ਸਾਲ ਦੀ ਉਮਰ ਤੋਂ ਗਾਉਂਦਾ ਆ ਰਿਹਾ ਹੈ, ਬਚਪਨ ਤੋਂ ਹੀ ਉਸਦਾ ਗਾਇਕੀ ਵੱਲ ਝੁਕਾਅ ਸੀ, ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜਾਗਰਣ, ਵਿਆਹ-ਸ਼ਾਦੀਆਂ ਵਿੱਚ ਗਾਉਂਦਾ ਸੀ ਤੇ ਘਰ ਦਾ ਖ਼ਰਚਾ ਚਲਦਾ ਸੀ।''

ਸਲਮਾਨ ਅਲੀ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ, ਇਸ ਸਮੇਂ ਉਸਦੀ ਜਿੱਤ ਦੀ ਖ਼ੁਸ਼ੀ ਵਿੱਚ ਸ਼ਿਰਕਤ ਕਰਨ ਲਈ ਸਾਰਾ ਪਰਿਵਾਰ ਮੁੰਬਈ ਵਿੱਚ ਮੌਜੂਦ ਹੈ। ਉਸ ਨਾਲ ਉਸਦੇ ਅੰਮੀ ਤੇ ਅੱਬਾ ਵੀ ਮੌਜੂਦ ਹਨ।

ਘਰ ਦੇ ਹਾਲਾਤ, ਸਲਮਾਨ ਅਲੀ ਦੀ ਗਾਇਕੀ ਦੇ ਸ਼ੁਰੂਆਤੀ ਦੌਰ ਨੂੰ ਚੇਤੇ ਕਰਦਿਆਂ ਕਾਸਿਮ ਅਲੀ ਨੇ ਕਿਹਾ, ''ਅਸੀਂ ਗ਼ਰੀਬ ਪਰਿਵਾਰ ਤੋਂ ਹਾਂ ਅਤੇ ਕਈ ਤੰਗੀਆਂ-ਪਰੇਸ਼ਾਨੀਆਂ ਭੋਗੀਆਂ ਹਨ।''

ਸਲਮਾਨ ਤੋਂ ਇਲਾਵਾ ਉਸਦਾ ਛੋਟਾ ਭਰਾ ਵੀ ਗਾਉਂਦਾ ਹੈ। ਪਿਤਾ ਅਤੇ ਦੋਵੇਂ ਭਰਾ ਜਾਗਰਣ ਅਤੇ ਵਿਆਹ ਸਮਾਗਮਾਂ ਵਿੱਚ ਗਾਉਣ ਲਈ ਇਕੱਠੇ ਹੀ ਜਾਂਦੇ ਰਹੇ ਹਨ।

ਤਸਵੀਰ ਸਰੋਤ, officialsalmanali/instagram

ਤਸਵੀਰ ਕੈਪਸ਼ਨ,

ਸ਼ੋਅ ਦੌਰਾਨ ਗਾਇਕਾ ਨੇਹਾ ਕੱਕੜ ਨਾਲ ਸਲਮਾਨ ਅਲੀ

ਪਿਤਾ ਮੁਤਾਬਕ, 1994 ਵਿੱਚ ਪੈਦਾ ਹੋਇਆ ਸਲਮਾਨ ਅਲੀ ਸੰਗੀਤਕ ਤਾਲੀਮ ਉਨ੍ਹਾਂ ਤੋਂ ਹੀ ਲੈਂਦਾ ਰਿਹਾ ਹੈ।

ਸਲਮਾਨ ਦੇ ਪਿਤਾ ਨੇ ਕੁਝ ਸਮਾਂ ਉਸਨੂੰ ਦਿੱਲੀ ਗਾਇਕੀ ਦੀ ਬਾਰੀਕੀਆਂ ਸਿੱਖਣ ਲਈ ਵੀ ਭੇਜਿਆ ਸੀ।

60 ਸਾਲਾ ਕਾਸਿਮ ਅਲੀ ਮੁਤਾਬਕ ਸਲਮਾਨ ਅਲੀ 8ਵੀਂ ਤੱਕ ਹੀ ਪੜ੍ਹਿਆ ਹੈ ਅਤੇ ਉਸਦੇ ਇੱਕ ਪੈਰ ਵਿੱਚ ਦਿੱਕਤ ਹੋਣ ਕਾਰਨ 2016 ਵਿੱਚ ਆਪਰੇਸ਼ਨ ਕਰਵਾਉਣਾ ਪਿਆ ਅਤੇ ਰੌਡ ਪਾਈ ਗਈ ਸੀ।

ਸਲਮਾਨ ਨੂੰ ਇੰਡੀਅਨ ਆਈਡਲ ਦਾ ਜੇਤੂ ਬਣਨ 'ਤੇ 25 ਲੱਖ ਦੀ ਇਨਾਮ ਰਾਸ਼ੀ, ਟਰਾਫ਼ੀ ਅਤੇ ਇੱਕ ਸ਼ਾਨਦਾਰ ਕਾਰ ਨਾਲ ਨਿਵਾਜ਼ਿਆ ਗਿਆ।

ਤਸਵੀਰ ਸਰੋਤ, officialsalmanali/instagram

ਤਸਵੀਰ ਕੈਪਸ਼ਨ,

ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨਾਲ ਸਲਮਾਨ ਅਲੀ

ਪਹਿਲੇ ਰਨਰ-ਅੱਪ ਅੰਕੁਸ਼ ਭਾਰਦਵਾਜ ਰਹੇ ਅਤੇ ਦੂਜੀ ਰਨਰ ਅੱਪ ਨੀਲਾਂਜਨਾ ਰੇਅ ਬਣੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)