'ਹਿੰਦੂਆਂ ਦਾ ਮਾਸ ਖਾਂਦੇ ਹਨ ਅਤੇ ਹਿੰਦੂਸਤਾਨ ਵਿੱਚ ਰਹਿੰਦੇ ਹਨ' ਖ਼ਬਰ ਦਾ ਕੀ ਹੈ ਸੱਚ

ਰੋਹਿੰਗਿਆ ਮੁਸਲਮਾਨ Image copyright AFP

ਸੋਸ਼ਲ ਮੀਡੀਆ 'ਤੇ ਮਿਆਂਮਾਰ ਤੋਂ ਉੱਜੜ ਕੇ ਭਾਰਤ ਆਏ ਰੋਹਿੰਗਿਆ ਮੁਸਲਮਾਨਾਂ ਨਾਲ ਜੁੜੀ ਇੱਕ ਖ਼ਬਰ ਸ਼ੇਅਰ ਕੀਤੀ ਜਾ ਰਹੀ ਹੈ, ਜਿਸਦਾ ਟਾਈਟਲ ਹੈ,'ਹਿੰਦੂਆਂ ਦਾ ਮਾਸ ਖਾਂਦੇ ਹਨ ਅਤੇ ਹਿੰਦੂਸਤਾਨ ਵਿੱਚ ਰਹਿੰਦੇ ਹਨ।'

ਇਸ ਖ਼ਬਰ ਦੀ ਕਟਿੰਗ 'ਆਜ ਤਕ ਗੁੜਗਾਂਓਂ' ਨਾਮ ਦੇ ਇੱਕ ਅਖ਼ਬਾਰ ਦੀ ਹੈ, ਜੋ ਲਿਖਦਾ ਹੈ ਕਿ ਉਹ ਹਰਿਆਣਾ ਦਾ ਨੰਬਰ ਇੱਕ ਹਫ਼ਤਾਵਾਰ ਅਖ਼ਬਾਰ ਹੈ।

ਅਖ਼ਬਾਰ ਨੇ ਆਪਣੀ ਖ਼ਬਰ ਵਿੱਚ ਲਿਖਿਆ ਹੈ, 'ਸਰਕਾਰ ਚੌਕਸ ਨਾ ਹੋਈ ਤਾਂ ਹਰਿਆਣਾ ਵਿੱਚ ਵੱਡਾ ਘਸਮਾਣ ਹੋ ਸਕਦਾ ਹੈ ਕਿਉਂਕਿ ਹਿੰਦੂਆਂ ਦਾ ਮਾਸ ਖਾਣ ਵਾਲਿਆਂ ਨੂੰ ਮੇਵਾਤ ਵਿੱਚ ਪਨਾਹ ਦਿੱਤੀ ਜਾ ਰਹੀ ਹੈ।'

Image copyright VIRAL POST
ਫੋਟੋ ਕੈਪਸ਼ਨ ਇਸ ਖ਼ਬਰ ਵਿੱਚ ਵਰਤੀਆਂ ਗਈਆਂ ਤਸਵੀਰਾਂ ਐਨੀਆਂ ਪ੍ਰੇਸ਼ਾਨ ਕਰਨ ਵਾਲੀਆਂ ਹਨ ਕਿ ਉਨ੍ਹਾਂ ਨੂੰ ਜਨਤਕ ਤੌਰ 'ਤੇ ਨਹੀਂ ਵਰਤਿਆ ਜਾ ਸਕਦਾ

ਇਸ ਖ਼ਬਰ ਨੂੰ ਟਵਿੱਟਰ ਅਤੇ ਫੇਸਬੁੱਕ ਦੇ ਨਾਲ ਗੂਗਲ ਪਲੱਸ 'ਤੇ ਵੀ ਸ਼ੇਅਰ ਕੀਤਾ ਗਿਆ ਹੈ। ਕੁਝ ਲੋਕਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਇਹ 'ਡਰਾਵਣੀ ਖ਼ਬਰ' ਵੱਟਸਐਪ 'ਤੇ ਮਿਲੀ।

'ਦੈਨਿਕ ਭਾਰਤ ਨਿਊਜ਼' ਨਾਮ ਦੀ ਇੱਕ ਵੈੱਬਸਾਈਟ ਨੇ ਵੀ 'ਆਜ ਤਕ ਗੁੜਗਾਓਂ' ਦਾ ਹਵਾਲਾ ਦੇ ਕੇ ਇਸ ਖ਼ਬਰ ਨੂੰ ਛਾਪਿਆ ਹੈ।

ਇਹ ਵੀ ਪੜ੍ਹੋ:

ਪਰ ਇਸ ਵੈੱਬਸਾਈਟ ਨੇ ਆਪਣੀ ਖ਼ਬਰ ਵਿੱਚ ਦਾਅਵਾ ਕੀਤਾ ਹੈ ਕਿ ਰੋਹਿੰਗਿਆ ਮੁਸਲਮਾਨ ਜਿਨ੍ਹਾਂ ਨੂੰ ਮੇਵਾਤ ਦੇ ਸਥਾਨਕ ਮੁਸਲਮਾਨਾਂ ਨੇ ਪਨਾਹ ਦਿੱਤੀ ਹੋਈ ਹੈ, ਉਹ ਇੱਕ ਹਿੰਦੂ ਨੌਜਵਾਨ ਦਾ ਮਾਸ ਖਾਂਦੇ ਫੜੇ ਗਏ ਹਨ।

Image copyright DBN.COM
ਫੋਟੋ ਕੈਪਸ਼ਨ 'ਦੈਨਿਕ ਭਾਰਤ ਨਿਊਜ਼' ਨੇ ਆਪਣੀ ਖ਼ਬਰ ਦਾ ਸਰੋਤ 'ਆਜ ਤਕ ਗੁੜਗਾਂਓ' ਅਖ਼ਬਾਰ ਨੂੰ ਦੱਸਿਆ ਹੈ

ਇਸ ਖ਼ਬਰ ਦੀ ਅਸਲੀਅਤ ਜਾਣਨ ਲਈ ਅਸੀਂ ਮੇਵਾਤ ਦੇ ਐਸਪੀ ਰਾਜੇਸ਼ ਦੁੱਗਲ ਨਾਲ ਗੱਲਬਾਤ ਕੀਤੀ ਅਤੇ ਪੁੱਛਿਆ ਕੀ ਇਸ ਤਰ੍ਹਾਂ ਦੀ ਕੋਈ ਘਟਨਾ ਗੁਰੂਗ੍ਰਾਮ ਨਾਲ ਲੱਗੇ ਮੇਵਾਤ ਵਿੱਚ ਦਰਜ ਹੋਈ ਹੈ?

ਰਾਜੇਸ਼ ਦੁੱਗਲ ਨੇ ਦੱਸਿਆ, "ਇਹ ਇੱਕ ਫਰਜ਼ੀ ਖ਼ਬਰ ਹੈ। ਮੇਵਾਤ ਵਿੱਚ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਕਦੇ ਇਸ ਤਰ੍ਹਾਂ ਦੀ ਕੋਈ ਅਪਰਾਧਿਕ ਵਾਰਦਾਤ ਦਰਜ ਨਹੀਂ ਕੀਤੀ ਗਈ ਹੈ।"

ਫਿਰ ਕਿਸ ਆਧਾਰ 'ਤੇ 'ਆਜ ਤਕ ਗੁੜਗਾਓਂ' ਅਖ਼ਬਾਰ ਨੇ ਇਸ ਖ਼ਬਰ ਨੂੰ ਛਾਪਿਆ? ਇਹ ਜਾਣਨ ਲਈ ਅਸੀਂ ਅਖ਼ਬਾਰ ਦੇ ਦਫ਼ਤਰ ਵਿੱਚ ਗੱਲਬਾਤ ਕੀਤੀ।

ਅਖ਼ਬਾਰ ਦੇ ਦਫ਼ਤਰ ਵਿੱਚ ਗੱਲ ਹੋਣ ਨਾਲ ਦੋ ਗੱਲਾਂ ਸਪੱਸ਼ਟ ਹੋਈਆਂ। ਇੱਕ ਤਾਂ ਇਹ ਕਿ ਅਖ਼ਬਾਰ ਦੇ ਸੰਪਾਦਕ ਸਤਬੀਰ ਭਾਰਦਵਾਜ ਨੇ ਇਹ ਖ਼ਬਰ ਲਿਖੀ ਅਤੇ ਦੂਜੀ ਗੱਲ ਇਹ ਕਿ ਇਸ ਅਖ਼ਬਾਰ ਦਾ 'ਇੰਡੀਆ ਟੂਡੇ' ਗਰੁੱਪ ਦੇ 'ਆਜ ਤੱਕ' ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਖ਼ਬਰ ਲਿਖਣ ਵਾਲੇ ਪੱਤਰਕਾਰ ਦਾ ਪੱਖ

ਇਸ ਖ਼ਬਰ ਬਾਰੇ ਅਸੀਂ 'ਆਜ ਤਕ ਗੁੜਗਾਓਂ' ਅਖ਼ਬਾਰ ਦੇ ਸੰਪਾਦਕ ਸਤਬੀਰ ਭਾਰਦਵਾਜ ਨਾਲ ਗੱਲਬਾਤ ਕੀਤੀ।

Image copyright AAJ TAK GURGAON
ਫੋਟੋ ਕੈਪਸ਼ਨ ਇਸ ਖ਼ਬਰ ਵਿੱਚ ਵਰਤੀਆਂ ਗਈਆਂ ਤਸਵੀਰਾਂ ਐਨੀਆਂ ਪ੍ਰੇਸ਼ਾਨ ਕਰਨ ਵਾਲੀਆਂ ਹਨ ਕਿ ਉਨ੍ਹਾਂ ਨੂੰ ਜਨਤਕ ਤੌਰ 'ਤੇ ਨਹੀਂ ਵਰਤਿਆ ਜਾ ਸਕਦੀਆਂ। ਇਸ ਲਈ ਤਸਵੀਰਾਂ ਬਲਰ ਕੀਤੀਆਂ ਗਈਆਂ ਹਨ

ਸਤਬੀਰ ਭਾਰਵਾਦ ਨੇ ਦੱਸਿਆ ਕਿ ਉਹ 'ਆਜ ਤਕ ਗੁੜਗਾਂਓ' ਅਖ਼ਬਾਰ ਦੇ ਨਾਲ-ਨਾਲ ਪੰਜਾਬ ਕੇਸਰੀ ਅਖ਼ਬਾਰ ਦੇ ਗੁੜਗਾਓਂ ਅਡੀਸ਼ਨ ਦੇ ਬਿਊਰੋ ਚੀਫ਼ ਵੀ ਹਨ। ਪੰਜਾਬ ਕੇਸਰੀ ਅਖ਼ਬਾਰ ਦੇ ਦਿੱਲੀ ਦਫ਼ਤਰ ਨੇ ਬੀਬੀਸੀ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਸਤਬੀਰ ਭਾਰਦਵਾਜ ਮੁਤਾਬਕ ਉਹ 28 ਸਾਲ ਤੋਂ ਪੱਤਰਕਾਰਤਾ ਕਰ ਰਹੇ ਹਨ ਅਤੇ ਕ੍ਰਾਈਮ ਦੀਆਂ ਖ਼ਬਰਾਂ ਕਵਰ ਕਰਦੇ ਰਹੇ ਹਨ।

Image copyright Getty Images

ਬੀਬੀਸੀ ਨਾਲ ਗੱਲਬਾਤ ਵਿੱਚ ਸਤਬੀਰ ਭਾਰਦਵਾਜ ਦਿੱਲੀ-ਐਨਸੀਆਰ ਵਿੱਚ ਕਥਿਤ ਤੌਰ 'ਤੇ ਰੋਹਿੰਗਿਆ ਮੁਸਲਮਾਨਾਂ ਦੀ ਵਧਦੀ ਸੰਖਿਆ ਨੂੰ ਲੈ ਕੇ ਚਿੰਤਤ ਦਿਖੇ। ਜਨਹਿੱਤ ਵਿੱਚ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਸਰਕਾਰ ਵੱਲੋਂ ਕੋਈ ਜਾਗਰੂਕਤਾ ਮੁਹਿੰਮ ਨਹੀਂ ਚਲਾਏ ਜਾਣ ਤੋਂ ਉਹ ਕਾਫ਼ੀ ਨਾਰਾਜ਼ ਵੀ ਦਿਖੇ।

ਉਨ੍ਹਾਂ ਨੇ ਕਿਹਾ, "ਹਰਿਆਣਾ ਵਿੱਚ ਹਿੰਦੂ ਮਾਸ ਖਾਣ ਵਾਲੇ ਰੋਹਿੰਗਿਆ ਮੁਸਲਮਾਨਾਂ ਦੀ ਇੱਕ ਫੋਟੋ ਵਾਇਰਲ ਹੋ ਰਹੀ ਸੀ। ਮੇਰੇ ਕੋਲ ਵੀ ਇਹ ਫੋਟੋ ਵੱਟਸਐਪ ਜ਼ਰੀਏ ਆਈ ਸੀ। ਇਸ ਲਈ ਮੇਵਾਤ ਅਤੇ ਦਵਾਰਕਾ ਐਕਸਪ੍ਰੈਸ-ਵੇਅ 'ਤੇ ਬਣੀਆਂ ਇਨ੍ਹਾਂ ਝੁੱਗੀਆਂ ਵਿੱਚ ਜਾ ਕੇ ਮੈਂ ਰੋਹਿੰਗਿਆ ਮੁਸਲਮਾਨਾਂ ਨੂੰ ਮਿਲਣ ਅਤੇ ਮਾਮਲੇ ਦੀ ਛਾਣਬੀਣ ਕਰਨ ਦਾ ਫ਼ੈਸਲਾ ਲਿਆ।"

ਇਹ ਵੀ ਪੜ੍ਹੋ:

ਮੇਵਾਤ ਹਰਿਆਣਾ ਸੂਬੇ ਦੇ ਸਭ ਤੋਂ ਪਿੱਛੜੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਜਿਸਦਾ ਜ਼ਿਲ੍ਹਾ ਹੈੱਡਕੁਆਰਟਰ ਨੂਹ ਵਿੱਚ ਸਥਿਤ ਹੈ। ਇਸ ਬਹੁਗਿਣਤੀ ਮੁਸਲਿਮ ਇਲਾਕੇ ਨੂੰ ਮੇਵ ਮੁਸਲਮਾਨਾਂ ਦਾ ਗੜ੍ਹ ਮੰਨਿਆ ਜਾਂਦਾ ਹੈ।

ਮੇਵਾਤ ਦੇ ਜ਼ਿਲ੍ਹਾ ਕਲੈਕਟਰ ਮੁਤਾਬਕ ਇੱਥੇ 75 ਫ਼ੀਸਦ ਤੋਂ ਵੱਧ ਮੁਸਲਿਮ ਆਬਾਦੀ ਹੈ। ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸਾ ਪੇਂਡੂ ਹੈ ਅਤੇ ਲੋਕ ਘਰ ਚਲਾਉਣ ਲਈ ਖੇਤੀ ਅਤੇ ਪਸ਼ੂ ਧਨ 'ਤੇ ਆਧਾਰਿਤ ਹੈ।

Image copyright EPA

ਸਤਬੀਰ ਭਾਰਦਵਾਜ ਮੁਤਾਬਕ ਮੇਵਾਤ ਦੇ ਸਥਾਨਕ ਮੁਸਲਮਾਨ ਰੋਹਿੰਗਿਆ ਮੁਸਲਮਾਨਾਂ ਨੂੰ ਪਨਾਹ ਦੇ ਰਹੇ ਹਨ ਅਤੇ ਕੁਝ ਸਥਾਨਕ ਨੇਤਾਵਾਂ ਨੇ ਰੋਹਿੰਗਿਆਂ ਮੁਸਲਮਾਨਾਂ ਨੂੰ ਕੰਬਲ ਵੀ ਵੰਡੇ ਹਨ। ਜਦਕਿ ਸਰਕਾਰੀ ਅਧਿਕਾਰੀਆਂ ਦੇ ਹੱਥ ਸਰਕਾਰ ਦੀਆਂ ਨੀਤੀਆਂ ਕਾਰਨ ਬੰਨ੍ਹੇ ਹੋਏ ਹਨ।

ਮੇਵਾਤ ਦੇ ਐਸਪੀ ਰਾਜੇਸ਼ ਦੁੱਗਲ ਨੇ ਬੀਬੀਸੀ ਨੂੰ ਦੱਸਿਆ ਕਿ ਮੇਵਾਤ ਜ਼ਿਲ੍ਹੇ ਵਿੱਚ 1356 ਰੋਹਿੰਗਿਆ ਮੁਸਲਮਾਨ ਹਨ ਅਤੇ ਉਨ੍ਹਾਂ ਸਾਰਿਆਂ ਦਾ ਡਾਟਾ ਪੁਲਿਸ ਕੋਲ ਮੌਜੂਦ ਹੈ।

ਸਤਬੀਰ ਭਾਰਦਵਾਜ ਦੱਸਦੇ ਹਨ ਕਿ ਉਨ੍ਹਾਂ ਨੇ 'ਕਾਸ਼ਿਫ਼' ਨਾਮ ਦੇ ਕਿਸੇ ਨੌਜਵਾਨ ਦੇ ਬਿਆਨ ਦੇ ਆਧਾਰ 'ਤੇ ਹੀ 'ਹਿੰਦੂ ਮਾਸ ਖਾਣ' ਦੀ ਪੂਰੀ ਕਹਾਣੀ ਲਿਖੀ ਸੀ ਜਿਹੜੀ ਕਿ ਅਖ਼ਬਾਰ ਦੇ 10-16 ਦਸੰਬਰ ਦੇ ਅਡੀਸ਼ਨ 'ਚ ਪਹਿਲੇ ਪੰਨੇ 'ਤੇ ਛਪੀ।

ਕਾਸ਼ਿਫ਼ ਨਾਲ ਉਨ੍ਹਾਂ ਦੀ ਮੁਲਾਕਾਤ ਕਿਸ ਥਾਂ 'ਤੇ ਹੋਈ? ਕੀ ਉਨ੍ਹਾਂ ਨੇ ਮੇਵਾਤ ਜਾਂ ਗੁੜਗਾਓਂ ਦੇ ਕਿਸੇ ਅਧਿਕਾਰੀ ਦਾ ਬਿਆਨ ਲਿਆ? ਜਾਂ ਕੋਈ ਸਮਾਜਿਕ ਕਾਰਕੁਨ ਅਤੇ ਨੇਤਾ ਤੋਂ ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ? ਇਨ੍ਹਾਂ ਸਵਾਲਾਂ ਦਾ ਕੋਈ ਸਾਫ਼ ਜਵਾਬ ਸਤਬੀਰ ਭਾਰਦਵਾਜ ਨਹੀਂ ਦੇ ਸਕੇ।

ਉਨ੍ਹਾਂ ਨੇ ਅਖ਼ੀਰ ਵਿੱਚ ਦਾਅਵਾ ਕੀਤਾ ਕਿ ਅਖਬਾਰ ਦੇ ਪਹਿਲੇ ਪੰਨੇ 'ਤੇ ਛਾਪੀ ਗਈ ਤਸਵੀਰ ਮਿਆਂਮਾਰ ਦੇ ਰੋਹਿੰਗਿਆਂ ਮੁਸਲਮਾਨਾਂ ਦੀ ਹੀ ਹੈ।

ਹੁਣ ਜਾਣੋ ਤਸਵੀਰ ਦੀ ਸੱਚਾਈ

ਅਸੀਂ ਸਤਬੀਰ ਭਾਰਦਵਾਜ ਦੇ ਇਸ ਦਾਅਵੇ ਦੀ ਪੜਤਾਲ ਕੀਤੀ ਅਤੇ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਤਸਵੀਰ ਨੂੰ ਲੱਭਣਾ ਸ਼ੁਰੂ ਕੀਤਾ।

ਇੰਟਰਨੈੱਟ 'ਤੇ ਇਸ ਤਸਵੀਰ ਨਾਲ ਜੁੜੇ ਕਈ ਸਰਚ ਨਤੀਜੇ ਸਾਹਮਣੇ ਆਏ।

ਸਭ ਤੋਂ ਸ਼ੁਰੂਆਤੀ ਉਦਾਹਰਨਾਂ ਵਿੱਚੋਂ ਇੱਕ ਸੀ ਅਕਤੂਬਰ 2009 ਵਿੱਚ ਲਿਖਿਆ ਗਿਆ ਇੱਕ ਬਲਾਗ ਜਿਸਦੇ ਮੁਤਾਬਕ ਇਹ ਤਿੱਬਤੀ ਲੋਕਾਂ ਦੇ ਅੰਤਿਮ ਸੰਸਕਾਰ ਕਿਰਿਆ ਨੂੰ ਦਰਸਾਉਂਦੀ ਤਸਵੀਰ ਹੈ, ਜਿਹੜੀ ਆਪਣੇ ਮ੍ਰਿਤਕ ਸਰੀਰ ਨੂੰ ਜੰਗਲੀ ਪੰਛੀਆਂ ਨੂੰ ਖੁਆਉਣ ਵਿੱਚ ਵਿਸ਼ਵਾਸ ਰੱਖਦੇ ਹਨ।

ਇਸ ਤੋਂ ਇਲਾਵਾ ਸਾਨੂੰ ਇਹ ਤਸਵੀਰ ਬਲਾਗ ਵਿੱਚ ਲਿਖੇ ਸੰਦੇਸ਼ ਦੇ ਨਾਲ ਇੱਕ ਫੇਸਬੁੱਕ ਪੇਜ 'ਤੇ ਵੀ ਦਿਖਾਈ ਦਿੱਤੀ। ਇਸ ਨੂੰ @PhramahaPaiwan ਨਾਮ ਦੇ ਫੇਸਬੁੱਕ ਯੂਜ਼ਰ ਨੇ 14 ਅਗਸਤ, 2014 ਨੂੰ ਪੋਸਟ ਕੀਤਾ ਸੀ।

2014 ਵਿੱਚ ਹੀ ਇਹ ਤਸਵੀਰ ਟਵਿੱਟਰ 'ਤੇ ਵੀ ਕੁਝ ਯੂਜ਼ਰਜ਼ ਨੇ ਟਵੀਟ ਕੀਤੀ ਸੀ। ਇਨ੍ਹਾਂ ਤਸਵੀਰਾਂ ਦੇ ਨਾਲ ਵੀ ਤਿੱਬਤੀ ਅਤਿੰਮ ਕਿਰਿਆ ਦਾ ਜ਼ਿਕਰ ਸੀ ਅਤੇ ਲਿਖਿਆ ਗਿਆ ਸੀ ਕਿ ਇਹ ਤਸਵੀਰਾਂ ਤਿੱਬਤ ਦੀਆਂ ਹਨ।

ਤਿੱਬਤੀ ਲੋਕਾਂ ਦੇ ਅੰਤਿਮ ਸੰਸਕਾਰ ਦੇ ਕਈ ਯੂ-ਟਿਊਬ ਵੀਡੀਓ ਵੀ ਹਨ। ਇਨ੍ਹਾਂ ਵਿੱਚ ਮ੍ਰਿਤਕ ਸਰੀਰਾਂ ਨੂੰ ਟੁੱਕੜਿਆਂ ਵਿੱਚ ਕੱਟਿਆ ਗਿਆ ਹੈ ਅਤੇ ਫਿਰ ਮੁਰਦਾਖੋਰ ਪੰਛੀਆਂ ਨੂੰ ਖੁਆ ਦਿੱਤਾ ਜਾਂਦਾ ਹੈ।

ਤਿੱਬਤ ਵਿੱਚ ਮ੍ਰਿਤਕਾਂ ਦੀ ਵਿਦਾਈ ਦਾ ਇਹ ਰਵਾਇਤੀ ਅੰਤਿਮ ਸੰਸਕਾਰ ਰਿਵਾਜ਼ ਹੈ। ਇਹ ਤਿੱਬਤੀ ਬੁੱਧ ਧਰਮ ਵਿੱਚ ਮਾਸ ਅਤੇ ਅੰਗਾਂ ਦੀਆਂ ਹੱਡੀਆਂ ਤੋਂ ਵੱਖ ਕਰਨ ਦੇ ਅਭਿਆਸ ਦਾ ਇੱਕ ਪ੍ਰਕਾਰ ਹੈ।

ਕੌਣ ਹਨ ਰੋਹਿੰਗਿਆ ਮੁਸਲਮਾਨ?

ਬੁੱਧ ਬਹੁ-ਗਿਣਤੀ ਮਿਆਂਮਾਰ ਵਿੱਚ ਰੋਹਿੰਗਿਆਂ ਮੁਸਲਮਾਨਾਂ ਦੀ ਇੱਕ ਸਮੇਂ 'ਤੇ 10 ਲੱਖ ਤੋਂ ਵੱਧ ਆਬਾਦੀ ਦੱਸੀ ਜਾਂਦੀ ਸੀ।

ਰੋਹਿੰਗਿਆ ਮੁਸਲਮਾਨ ਪੀੜ੍ਹੀਆਂ ਤੋਂ ਮਿਆਂਮਾਰ ਵਿੱਚ ਰਹਿ ਰਹੇ ਹਨ ਅਤੇ ਖ਼ੁਦ ਨੂੰ ਮੂਲ ਰੂਪ ਤੋਂ ਮਿਆਂਮਾਰ ਦਾ ਹੀ ਮੰਨਦੇ ਹਨ।

Image copyright Reuters

ਜਦਕਿ ਮਿਆਂਮਾਰ ਵਿੱਚ ਬੁੱਧ ਭਾਈਚਾਰੇ ਦੇ ਲੋਕ ਇਨ੍ਹਾਂ ਮੁਸਲਮਾਨਾਂ ਨੂੰ ਮੁੱਖ ਰੂਪ ਤੋਂ ਗ਼ੈਰਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀ ਦੱਸਦੇ ਹਨ।

ਮਿਆਂਮਾਰ ਦੀ ਪ੍ਰਧਾਨ ਮੰਤਰੀ ਆਂਗ ਸਾਨ ਸੂ ਚੀ ਵੀ ਆਪਣੇ ਅਧਿਕਾਰਤ ਭਾਸ਼ਣ ਵਿੱਚ ਰੋਹਿੰਗਿਆਂ ਮੁਸਲਮਾਨਾਂ ਨੂੰ 'ਬੰਗਾਲੀ' ਕਹਿ ਕੇ ਸੰਬੋਧਿਤ ਕਰ ਚੁੱਕੀ ਹੈ।

ਇਹ ਵੀ ਪੜ੍ਹੋ:

1980 ਦੇ ਦਹਾਕੇ ਵਿੱਚ ਮਿਆਂਮਾਰ ਦੀ ਸਰਕਾਰ ਨੇ ਰੋਹਿੰਗਿਆ ਮੁਸਲਮਾਨਾਂ ਤੋਂ ਦੇਸ ਦੀ ਨਾਗਰਿਕਤਾ ਖੋਹ ਲਈ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ।

ਮਿਆਂਮਾਰ ਦੇ ਰਖਾਇਨ ਸੂਬੇ ਵਿੱਚ ਸਾਲ 2012 ਤੋਂ ਹੀ ਫਿਰਕੂ ਹਿੰਸਾਵਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਸਨ, ਪਰ ਪਿਛਲੇ ਸਾਲ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਮਿਆਂਮਾਰ ਵਿੱਚ ਵੱਡੀ ਹਿੰਸਾ ਹੋਈ ਜਿਸ ਵਿੱਚ ਵੱਡੀ ਗਿਣਤੀ 'ਚ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਲੱਖਾਂ ਲੋਕਾਂ ਦਾ ਮਿਆਂਮਾਰ ਤੋਂ ਉਜਾੜਾ ਹੋ ਗਿਆ।

ਸੰਯੁਕਤ ਰਾਸ਼ਟਰ ਨੇ ਮਿਆਂਮਾਰ ਵਿੱਚ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਹੋਈ ਇਸ ਹਿੰਸਾ ਨੂੰ 'ethnic cleansing' ਕਿਹਾ ਹੈ।

ਇਹ ਕਿਹਾ ਜਾਂਦਾ ਹੈ ਕਿ ਦੁਨੀਆਂ ਵਿੱਚ ਰੋਹਿੰਗਿਆ ਮੁਸਲਮਾਨ ਅਜਿਹਾ ਘੱਟ ਗਿਣਤੀ ਭਾਈਚਾਰਾ ਹੈ ਜਿਸ 'ਤੇ ਸਭ ਤੋਂ ਵੱਧ ਜ਼ੁਲਮ ਹੋ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)