ਸਿਰਫ਼ ਓਲਾ, ਉਬਰ ਦੇਖ ਕੇ ਗੱਡੀ 'ਚ ਨਾ ਬੈਠੋ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਟੈਕਸੀ , ਜੁਰਮ Image copyright Getty Images

ਤੁਸੀਂ ਓਲਾ, ਉਬਰ ਜਾਂ ਕਿਸੇ ਮਸ਼ਹੂਰ ਬਰਾਂਡ ਦੀ ਕੈਬ ਇਸ ਲਈ ਲੈਂਦੇ ਹੋ ਕਿਉਂਕਿ ਇਸ ਵਿੱਚ ਸਹੂਲਤਾਂ ਅਤੇ ਸੁਰੱਖਿਆ ਦਾ ਵਾਅਦਾ ਮਿਲਦਾ ਹੈ। ਪਰ ਇਹ ਵਾਅਦਾ ਹਮੇਸ਼ਾ ਪੂਰਾ ਹੋਵੇ, ਇਹ ਜ਼ਰੂਰੀ ਨਹੀਂ।

ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪੰਜ ਲੋਕਾਂ ਦੇ ਇੱਕ ਗੈਂਗ ਨੇ ਓਲਾ ਕੈਬ ਜ਼ਰੀਏ 200 ਤੋਂ ਵੱਧ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

ਇਹ ਗੈਂਗ ਓਲਾ ਦੀਆਂ ਤਿੰਨ ਗੱਡੀਆਂ ਚਲਾਉਦਾ ਸੀ। ਵੱਖ-ਵੱਖ ਰੂਟ ਤੋਂ ਇਹ ਸਵਾਰੀ ਲੈਂਦੇ ਅਤੇ ਸੁੰਨਸਾਨ ਥਾਂ 'ਤੇ ਲੁੱਟ ਨੂੰ ਅੰਜਾਮ ਦਿੰਦੇ।

ਇਸ ਗੈਂਗ ਦਾ ਖੁਲਾਸਾ ਸ਼ਨੀਵਾਰ (22 ਦਸੰਬਰ) ਰਾਤ ਨੂੰ ਹੋਇਆ ਜਦੋਂ ਨੋਇਡਾ ਸੈਕਟਰ-39 ਦੀ ਪੁਲਿਸ ਨੇ ਇੱਕ ਕਾਰ ਵਿੱਚ ਸਵਾਰ 4 ਲੋਕਾਂ ਨੂੰ ਸ਼ੱਕ ਤਹਿਤ ਗ੍ਰਿਫ਼ਤਾਰ ਕੀਤਾ।

ਪੁਲਿਸ ਮੁਤਾਬਕ ਇਹ ਲੋਕ ਬੜੇ ਚਲਾਕ ਤਰੀਕੇ ਨਾਲ ਲੁੱਟ ਨੂੰ ਅੰਜਾਮ ਦਿੰਦੇ ਸਨ ਅਤੇ ਕਰੀਬ ਇੱਕ ਸਾਲ ਤੋਂ ਇਹ ਸਭ ਕਰ ਰਹੇ ਸਨ।

ਇਹ ਵੀ ਪੜ੍ਹੋ:

ਇਨ੍ਹਾਂ ਨੂੰ ਦੇਰ ਰਾਤ ਗਸ਼ਤ ਦੌਰਾਨ ਫੜਿਆ ਗਿਆ, ਜਿਸ ਵਿੱਚ ਪੂਰਾ ਮਾਮਲਾ ਸਾਹਮਣੇ ਆਇਆ।

ਕਿਵੇਂ ਕਰਦੇ ਸਨ ਵਾਰਦਾਤ

ਤੁਸੀਂ ਸੋਚ ਰਹੇ ਹੋਵੋਗੇ ਕਿ ਓਲਾ ਕੈਬ ਬੁੱਕ ਕਰਦੇ ਸਮੇਂ ਉਸ ਵਿੱਚ ਡਰਾਇਵਰ ਦੀ ਜਾਣਕਾਰੀ ਦਰਜ ਹੁੰਦੀ ਹੈ ਅਤੇ ਰੂਟ ਟਰੈਕ ਹੁੰਦਾ ਹੈ। ਅਜਿਹੇ ਵਿੱਚ ਵਾਰਦਾਤ ਤੋਂ ਬਾਅਦ ਅਪਰਾਧੀ ਕਿਵੇਂ ਬਚ ਸਕਦਾ ਹੈ।

Image copyright Noida Police
ਫੋਟੋ ਕੈਪਸ਼ਨ ਵਾਰਦਾਤਾਂ ਵਿੱਚ ਵਰਤੀਆਂ ਗਈਆਂ ਗੱਡੀਆਂ

ਅਕਸਰ ਦਫ਼ਤਰ ਤੋਂ ਦੇਰ ਰਾਤ ਨਿਕਲਦੇ ਹੋਏ ਜਾਂ ਕਿਤੋਂ ਵਾਪਿਸ ਮੁੜਦੇ ਸਮੇਂ ਲੋਕ ਰਾਹ ਚਲਦੀ ਕੈਬ 'ਚ ਬੈਠ ਜਾਂਦੇ ਹਨ। ਭਰੋਸੇ ਕਾਰਨ ਉਹ ਕੋਈ ਆਮ ਟੈਕਸੀ ਲੈਣ ਦੀ ਬਜਾਏ ਕੋਈ ਵੱਡੇ ਬਰਾਂਡ ਵਾਲੀ ਟੈਕਸੀ ਲੈ ਲੈਂਦੇ ਹਨ।

ਪਰ, ਅਜਿਹਾ ਖ਼ਤਰਨਾਕ ਹੋ ਸਕਦਾ ਹੈ। ਇਸ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਇਹ ਗੈਂਗ ਲੋਕਾਂ ਦੇ ਭਰੋਸੇ ਦਾ ਹੀ ਫਾਇਦਾ ਚੁੱਕਦਾ ਸੀ।

ਦਰਅਸਲ, ਇਹ ਗੈਂਗ ਬਿਨਾਂ ਬੁੱਕ ਕੀਤੀ ਗਈ ਟੈਕਸੀ ਵਿੱਚ ਵਾਰਦਾਤ ਕਰਦੇ ਸਨ। ਇਸਦੇ ਲਈ ਉਹ ਜ਼ਿਆਦਾਤਰ ਰਾਤ ਦਾ ਸਮਾਂ ਚੁਣਦੇ ਸਨ।

ਇਨ੍ਹਾਂ ਪੰਜਾਂ ਵਿੱਚੋਂ ਕੋਈ ਇੱਕ ਕੈਬ ਚਲਾਉਂਦਾ ਸੀ ਅਤੇ ਦੋ ਤੋਂ ਤਿੰਨ ਲੋਕ ਉਸ ਵਿੱਚ ਪਹਿਲਾਂ ਤੋਂ ਹੀ ਸਵਾਰ ਹੁੰਦੇ ਸਨ, ਇਨ੍ਹਾਂ ਨੂੰ ਰਾਤ ਨੂੰ ਇਕੱਲੇ ਜਾਣ ਵਾਲੀਆਂ ਸਵਾਰੀਆਂ ਦੀ ਤਲਾਸ਼ ਹੁੰਦੀ ਸੀ।

ਅਜਿਹੇ ਵਿੱਚ ਦੇਰ ਰਾਤ ਨੂੰ ਨਿਕਲੀ ਕੋਈ ਸਵਾਰੀ ਸ਼ੇਅਰ ਕੈਬ ਸਮਝ ਕੇ ਇਨ੍ਹਾਂ ਦੀ ਕੈਬ ਵਿੱਚ ਬੈਠ ਜਾਂਦੀ ਸੀ।

Image copyright Getty Images
ਫੋਟੋ ਕੈਪਸ਼ਨ ਸੰਕੇਤਿਕ ਤਸਵੀਰ

ਵਾਰਦਾਤ ਤੋਂ ਪਹਿਲਾਂ ਇਹ ਲੋਕ ਕੈਬ ਨੂੰ ਓਲਾ ਐਪ ਤੋਂ ਡਿਸਕਨੈਕਟ ਕਰ ਲੈਂਦੇ ਸਨ ਤਾਂ ਜੋ ਉਨ੍ਹਾਂ ਨੂੰ ਟਰੈਕ ਨਾ ਕੀਤਾ ਜਾ ਸਕੇ। ਫਿਰ ਕਿਸੇ ਸੁੰਨਸਾਨ ਥਾਂ 'ਤੇ ਪਹੁੰਚ ਕੇ ਲੁੱਟ ਕਰਕੇ ਸਵਾਰੀ ਨੂੰ ਗੱਡੀ ਤੋਂ ਬਾਹਰ ਸੁੱਟ ਦਿੰਦੇ ਸਨ।

ਡੀਐਸਪੀ ਗੌਤਮ ਬੁੱਧ ਨਗਰ ਅਮਿਤ ਕਿਸ਼ੋਰ ਸ਼੍ਰੀਵਾਸਤਵ (ਸੀਓ, ਗ੍ਰੇਟਰ ਨੋਇਡਾ) ਨੇ ਦੱਸਿਆ, ''ਇਹ ਗੈਂਗ ਇੱਕ ਸਾਲ ਤੋਂ ਸਰਗਰਮ ਸੀ ਅਤੇ ਬਹੁਤ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਨਹੀਂ ਦਿੰਦਾ ਸੀ। 1000, 500 ਜਾਂ ਮੋਬਾਈਲ ਲੁੱਟ ਕੇ ਸਵਾਰੀ ਨੂੰ ਛੱਡ ਦਿੰਦੇ ਸਨ ਤਾਂ ਜੋ ਲੋਕ ਪੁਲਿਸ ਦੇ ਚੱਕਰਾਂ ਤੋਂ ਬਚਣ ਲਈ ਰਿਪੋਰਟ ਦਰਜ ਨਾ ਕਰਵਾਉਣ। ਮਾਰ-ਕੁੱਟ ਵੀ ਇਹ ਲੋਕ ਕਿਸੇ ਹਥਿਆਰ ਨਾਲ ਨਹੀਂ ਕਰਦੇ ਸਨ। ਲੋੜ ਪੈਣ 'ਤੇ ਬੰਦੂਕ ਦਿਖਾ ਕੇ ਲੋਕਾਂ ਨੂੰ ਡਰਾਉਂਦੇ ਸਨ।''

ਨਜ਼ਰ 'ਚ ਆਉਣਾ ਸੀ ਮੁਸ਼ਕਿਲ

ਇਹ ਗੈਂਗ, ਦਿੱਲੀ, ਨੋਇਡਾ, ਗਾਜ਼ੀਆਬਾਦ, ਫਰੀਦਾਬਾਦ ਅਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵਾਰਦਾਤ ਕਰਦਾ ਸੀ ਅਤੇ ਇਸ ਕਾਰਨ ਕਿਸੇ ਇੱਕ ਥਾਂ 'ਤੇ ਜੁਰਮ ਦਾ ਰਿਕਾਰਡ ਇਕੱਠਾ ਨਹੀਂ ਹੁੰਦਾ ਸੀ।

ਐਨਾ ਹੀ ਨਹੀਂ ਮੁਲਜ਼ਮ ਅਪਰਾਧ ਲਈ ਮੀਡੀਆ ਦਾ ਸਹਾਰਾ ਵੀ ਲੈਂਦੇ ਸਨ। ਵਾਰਦਾਤ ਤੋਂ ਬਾਅਦ ਉਹ ਲੋਕ ਅਗਲੇ ਦਿਨ ਅਖ਼ਬਾਰ ਵਿੱਚ ਦੇਖਦੇ ਸੀ ਕਿ ਕਿਤੇ ਘਟਨਾ ਦੀ ਖ਼ਬਰ ਤਾਂ ਨਹੀਂ ਛਪੀ ਹੈ।

ਜੇਕਰ ਖ਼ਬਰ ਨਾ ਛਪੀ ਹੋਵੇ ਤਾਂ ਹੀ ਉਸ ਗੱਡੀ ਦੀ ਮੁੜ ਵਰਤੋਂ ਕਰਦੇ ਸਨ ਨਹੀਂ ਤਾਂ ਵੱਖਰੀ ਗੱਡੀ ਜ਼ਰੀਏ ਘਟਨਾ ਨੂੰ ਅੰਜਾਮ ਦਿੰਦੇ ਸਨ।

Image copyright Noida Police
ਫੋਟੋ ਕੈਪਸ਼ਨ ਮੁਲਜ਼ਮਾਂ ਤੋਂ ਬਰਾਮਦ ਸਮਾਨ

ਅਮਿਤ ਕਿਸ਼ੋਰ ਸ਼੍ਰੀਵਾਸਤਵ ਮੁਤਾਬਕ, ''ਪੁਲਿਸ ਨੂੰ ਇਹ ਖ਼ਬਰ ਤਾਂ ਸੀ ਕਿ ਲੁੱਟ ਦੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਕੋਈ ਇੱਕ ਗੈਂਗ ਇਸ ਵਿੱਚ ਸ਼ਾਮਲ ਹੈ ਇਸ ਬਾਰੇ ਪਤਾ ਨਹੀਂ ਸੀ। ਪਰ, ਖ਼ਬਰੀਆਂ ਦੀ ਮਦਦ ਨਾਲ ਸਾਨੂੰ ਇਸ ਗੈਂਗ ਬਾਰੇ ਪਤਾ ਲੱਗਿਆ। ਨੋਇਡਾ ਸੈਕਟਰ-39 ਦੇ ਨੇੜੇ ਸ਼ਨੀਵਾਰ ਰਾਤ ਕਰੀਬ 1 ਵਜੇ ਚੈਕਿੰਗ ਦੌਰਾਨ ਇੰਸਪੈਕਟਰ ਉਦੈ ਪ੍ਰਤਾਪ ਸਿੰਘ ਨੂੰ ਕਾਰ 'ਚ ਸਵਾਰ 4 ਨੌਜਵਾਨਾਂ 'ਤੇ ਸ਼ੱਕ ਹੋਇਆ।''

''ਕਾਰ ਦੀ ਜਾਂਚ ਕਰਨ 'ਤੇ ਉਨ੍ਹਾਂ ਕੋਲ ਬੰਦੂਕ ਮਿਲੀ। ਫਿਰ ਉਨ੍ਹਾਂ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਗਈ। ਉੱਥੇ ਮੁਲਜ਼ਮਾਂ ਨੇ ਕਈ ਥਾਵਾਂ 'ਤੇ 200 ਤੋਂ ਵੱਧ ਵਾਰਦਾਤਾਂ ਕਰਨ ਦੀ ਗੱਲ ਕਬੂਲੀ।''

ਇਹ ਵੀ ਪੜ੍ਹੋ:

ਨੋਇਡਾ, ਸੈਕਟਰ-39 ਐਚਐਚਓ ਉਦੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਲੁੱਟ ਦੇ ਮਾਮਲਿਆਂ ਨੂੰ ਲੈ ਕੇ ਸਬੰਧਿਤ ਸੂਬਿਆਂ ਅਤੇ ਜ਼ਿਲ੍ਹਿਆਂ ਨੂੰ ਸੂਚਨਾ ਦਿੱਤੀ ਗਈ ਹੈ। ਨਾਲ ਹੀ ਓਲਾ ਕੰਪਨੀ ਨੂੰ ਵੀ ਨੋਟਿਸ ਦਿੱਤਾ ਜਾ ਰਿਹਾ ਹੈ।

Image copyright AFP/GETTY
ਫੋਟੋ ਕੈਪਸ਼ਨ ਸੰਕੇਤਿਕ ਤਸਵੀਰ

ਪੁਲਿਸ ਦੇ ਮੁਤਾਬਕ ਇਸ ਗੈਂਗ ਦਾ ਸਰਗਨਾ ਸੋਨੂ ਕਚਰੀ ਹੈ, ਜਿਹੜਾ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ। ਉਸਦੇ ਨਾਲ ਲੋਕੇਸ਼, ਪ੍ਰਸ਼ਾਂਤ, ਅਤੁਲ, ਅਰੁਣ ਅਤੇ ਦੀਪਕ ਵੀ ਇਸ ਗੈਂਗ ਵਿੱਚ ਸ਼ਾਮਲ ਹਨ। ਸੋਨੂ ਕਚਰੀ ਅਜੇ ਵੀ ਫਰਾਰ ਹੈ। ਇਹ ਸਾਰੇ ਮੁਲਜ਼ਮ ਬਾਲਗ ਹਨ ਅਤੇ ਉਮਰ 25 ਸਾਲ ਤੱਕ ਹੈ।

ਇਨ੍ਹਾਂ ਕੋਲੋ ਲੁੱਟ ਦੇ 3800 ਰੁਪਏ, ਇੱਕ ਬੰਦੂਕ, 17 ਮੋਬਾਈਲ, ਤਿੰਨ ਲੈਪਟਾਪ, ਦੋ ਗਿਟਾਰ, ਤਿੰਨ ਸੋਨੇ ਦੀਆਂ ਚੇਨਾਂ, ਦੋ ਅੰਗੂਠੀਆਂ ਅਤੇ ਤਿੰਨ ਕਾਰਾਂ ਬਰਾਮਦ ਹੋਈਆਂ ਹਨ।

ਕੈਬ ਲੈਣ ਦੌਰਾਨ ਸਾਵਧਾਨੀਆਂ

ਜੁਰਮ ਦੀਆਂ ਘਟਨਾਵਾਂ ਦੇ ਬਾਵਜੂਦ ਵੀ ਕੰਮ ਰੋਕਿਆ ਨਹੀਂ ਜਾ ਸਕਦਾ। ਦੇਰ ਰਾਤ ਤੱਕ ਦਫ਼ਤਰ ਦੇ ਪ੍ਰੋਗਰਾਮ ਚੱਲਦੇ ਹਨ ਜਾਂ ਬਾਹਰੋ ਆਉਣਾ-ਜਾਣਾ ਹੁੰਦਾ ਹੈ। ਅਜਿਹੇ ਵਿੱਚ ਕੈਬ ਲੈਣ ਤੋਂ ਪਹਿਲਾਂ ਤੁਸੀਂ ਕੀ ਸਾਵਧਾਨੀਆਂ ਵਰਤ ਸਕਦੇ ਹੋ।

Image copyright Getty Images
ਫੋਟੋ ਕੈਪਸ਼ਨ ਸੰਕੇਤਿਕ ਤਸਵੀਰ
  • ਇਸ ਬਾਰੇ ਇੰਸਪੈਕਟਰ ਉਦੈ ਪ੍ਰਤਾਪ ਸਿੰਘ ਕਹਿੰਦੇ ਹਨ ਕਿ ਲੁੱਟ ਦੀਆਂ ਜ਼ਿਆਦਾਤਰ ਵਾਰਦਾਤਾਂ ਉਨ੍ਹਾਂ ਲੋਕਾਂ ਨਾਲ ਹੁੰਦੀਆਂ ਹਨ ਜਿਹੜੇ ਰਾਹ ਚਲਦੀ ਕੈਬ ਫੜ ਲੈਂਦੇ ਹਨ। ਇਸ ਲਈ ਕੈਬ ਲੈਣੀ ਹੈ ਤਾਂ ਹਮੇਸ਼ਾ ਬੁਕਿੰਗ ਕਰਵਾਓ। ਜੇਕਰ ਕੈਬ ਬੁੱਕ ਨਹੀਂ ਹੋਵੇਗੀ ਤਾਂ ਦੋਸ਼ੀ ਨੂੰ ਫੜਨਾ ਮੁਸ਼ਕਿਲ ਹੋਵੇਗਾ ਅਤੇ ਕੈਬ ਸਰਵਿਸ ਵੀ ਇਸਦੀ ਜ਼ਿੰਮੇਵਾਰੀ ਨਹੀਂ ਲਵੇਗੀ।
  • ਬਿਨਾਂ ਬੁਕਿੰਗ ਕੀਤੀ ਕੈਬ ਨੂੰ ਉਸ ਕੰਪਨੀ ਦੇ ਐਪ 'ਤੇ ਟਰੈਕ ਨਹੀਂ ਕੀਤਾ ਜਾ ਸਕਦਾ। ਐਪ ਨਾਲ ਡਿਸਕਨੈਕਟ ਹੋਣ 'ਤੇ ਕੈਬ ਆਮ ਗੱਡੀ ਦੀ ਤਰ੍ਹਾਂ ਹੋ ਜਾਂਦੀ ਹੈ।
Image copyright Getty Images
ਫੋਟੋ ਕੈਪਸ਼ਨ ਸਾਵਧਾਨੀ ਲਈ ਕੈਬ ਹਮੇਸ਼ਾ ਬੁੱਕ ਕਰਵਾ ਕੇ ਹੀ ਲਓ
  • ਜੇਕਰ ਕੈਬ ਲੈਣੀ ਵੀ ਪੈ ਜਾਵੇ ਤਾਂ ਗੱਡੀ ਦਾ ਨੰਬਰ ਜ਼ਰੂਰ ਨੋਟ ਕਰ ਲਓ ਜਾਂ ਗੱਡੀ ਅਤੇ ਡਰਾਈਵਰ ਦੀ ਫੋਟੋ ਖਿੱਚ ਲਵੋ। ਇਹ ਜਾਣਕਾਰੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਮੈਸੇਜ ਕਰ ਦਿਓ।
  • ਜ਼ਰੂਰੀ ਨਹੀਂ ਕਿ ਕੈਬ ਵਿੱਚ ਜਿਹੜੇ ਲੋਕ ਪਹਿਲਾਂ ਤੋਂ ਬੈਠੇ ਹੋਣ, ਉਹ ਸਵਾਰੀਆਂ ਹੀ ਹੋਣ। ਸਿਰਫ਼ ਇਸ ਆਧਾਰ 'ਤੇ ਕੈਬ ਨੂੰ ਸੁਰੱਖਿਅਤ ਨਾ ਮੰਨੋ।
  • ਸੰਭਵ ਹੋਵੇ ਤਾਂ ਕੈਬ ਵਿੱਚ ਬੈਠ ਕੇ ਡਰਾਈਵਰ ਦੇ ਸਾਹਮਣੇ ਫ਼ੋਨ ਕਰਕੇ ਕਿਸੇ ਨੂੰ ਗੱਡੀ ਦਾ ਨੰਬਰ, ਪਛਾਣ ਅਤੇ ਰੂਟ ਬਾਰੇ ਦੱਸੋ। ਤੁਸੀਂ ਜੀਪੀਐਸ ਜ਼ਰੀਏ ਕਿਸੇ ਨਾਲ ਆਪਣੀ ਲੋਕੇਸ਼ਨ ਵੀ ਸਾਂਝੀ ਕਰ ਸਕਦੇ ਹੋ। ਅਜਿਹੇ ਵਿੱਚ ਫੜੇ ਜਾਣ ਦਾ ਡਰ ਵਧ ਜਾਵੇਗਾ ਅਤੇ ਅਪਰਾਧੀ ਵਾਰਦਾਤ ਕਰਨ ਤੋਂ ਬਚੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)