ਜਸਟਿਸ ਜ਼ੋਰਾ ਸਿੰਘ ਨੂੰ ਆਮ ਆਦਮੀ ਪਾਰਟੀ 'ਚ ਕੌਣ ਲਿਆਇਆ - 5 ਅਹਿਮ ਖਬਰਾਂ

justice zora singh

ਤਸਵੀਰ ਸਰੋਤ, Bhagwant Mann/Twitter

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਪਿਛਲੀ ਬਾਦਲ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੇ ਮੁਖੀ ਰਹੇ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਉਧਰ ਬਾਗ਼ੀ ਧੜੇ ਨਾਲ ਰਲੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਮੁੜ 'ਆਪ' ਨਾਲ ਜੁੜ ਗਏ ਹਨ। ਦਿੱਲੀ 'ਚ 'ਆਪ' ਦੇ ਮੁੱਖ ਦਫ਼ਤਰ ਵਿਖੇ ਜਸਟਿਸ ਜ਼ੋਰਾ ਸਿੰਘ ਨੂੰ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿਚ ਪਾਰਟੀ ਵਿੱਚ ਸ਼ਾਮਲ ਕੀਤਾ।

ਜ਼ੋਰਾ ਸਿੰਘ ਨੇ ਕਿਹਾ ਕਿ 35 ਸਾਲ ਦੀਆਂ ਸੇਵਾਵਾਂ ਮਗਰੋਂ ਉਨ੍ਹਾਂ ਸਮਾਜ ਸੇਵਾ ਵੱਲ ਆਉਣ ਦਾ ਫ਼ੈਸਲਾ ਲਿਆ ਹੈ।

ਦਿ ਟ੍ਰਿਬਿਊਨ ਮੁਤਾਬਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੇਵਾਮੁਕਤ ਜੱਜ ਜ਼ੋਰਾ ਸਿੰਘ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਸਕਦੇ ਹਨ।

ਇਹ ਵੀ ਪੜ੍ਹੋ:

ਸੂਤਰਾਂ ਅਨੁਸਾਰ ਖਹਿਰਾ ਧੜੇ ਨੂੰ ਛੱਡ ਕੇ ਮੁੜ ਪਾਰਟੀ ਦੇ ਖੇਮੇ ਵਿੱਚ ਆਏ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਤਕਰੀਬਨ ਮਹੀਨਾ ਪਹਿਲਾਂ ਹੀ ਜ਼ੋਰਾ ਸਿੰਘ ਦੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਵਾ ਦਿੱਤੀ ਸੀ।

ਫਤਿਹਗੜ੍ਹ ਸਾਹਿਬ ਤੋਂ 'ਆਪ' ਦੇ ਮੌਜੂਦਾ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਲੰਮੇ ਸਮੇਂ ਤੋਂ ਪਾਰਟੀ ਤੋਂ ਦੂਰੀ ਬਣਾਈ ਬੈਠੇ ਹਨ ਅਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਮੁਅੱਤਲ ਕੀਤਾ ਜਾ ਚੁੱਕਾ ਹੈ।

ਸ਼੍ਰੋਮਣੀ ਕਮੇਟੀ ਚੋਣਾਂ ਲਈ ਨਵਾਂ ਮੰਚ ਉਸਾਰਨ ਦੀ ਕਵਾਇਦ

ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹੁਣ ਸ਼੍ਰੋਮਣੀ ਅਕਾਲੀ ਦਲ (1920) ਦੇ ਸਹਿਯੋਗ ਨਾਲ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਨਵਾਂ ਮੰਚ ਉਸਾਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।

ਇਸੇ ਤਹਿਤ ਅਕਾਲੀ ਦਲ (1920) ਦੇ ਜਰਨਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ 22 ਫਰਵਰੀ ਨੂੰ ਮੋਗਾ ਦੇ ਪਿੰਡ ਰਣਸੀਂਹ ਕਲਾਂ ਵਿੱਚ ਮੀਰੀ-ਪੀਰੀ ਕਾਨਫਰੰਸ ਕਰਨ ਦਾ ਐਲਾਨ ਕੀਤਾ ਹੈ।

ਤਸਵੀਰ ਸਰੋਤ, Getty Images

ਪਾਰਟੀ ਨੇ ਕਾਨਫਰੰਸ ਦੀ ਅਗਵਾਈ ਮੁਤਵਾਜ਼ੀ ਜਥੇਦਾਰ ਦਾਦੂਵਾਲ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਾਨਫ਼ਰੰਸ ਲਈ ਮੁੱਖ ਸਿਆਸੀ ਧਿਰਾਂ ਨੂੰ ਛੱਡ ਕੇ ਹੋਰ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ ਹੈ।

ਪੰਜਾਬੀ ਟ੍ਰਿਬਿਊਨ ਦੇ ਸੂਤਰਾਂ ਮੁਤਾਬਕ ਇਹ ਪੰਥਕ ਧਿਰਾਂ ਹੁਣ ਅਕਾਲੀ ਦਲ (ਅੰਮ੍ਰਿਤਸਰ) ਤੋਂ ਪਾਸਾ ਵੱਟਣ ਦੇ ਰੌਂਅ ਵਿਚ ਹਨ ਅਤੇ ਖ਼ਾਲਿਸਤਾਨ ਦੇ ਮੁੱਦੇ ਕਰਕੇ ਇਨ੍ਹਾਂ ਨੇ ਮਾਨ ਦਲ ਤੋਂ ਆਪਣੇ ਆਪ ਨੂੰ ਲਾਂਭੇ ਕਰਨਾ ਸ਼ੁਰੂ ਕਰ ਦਿੱਤਾ ਹੈ।

ਦਿੱਲੀ ਵਿਧਾਨ ਸਭਾ ਨੇ ਰਾਜੀਵ ਗਾਂਧੀ ਦਾ ਜ਼ਿਕਰ ਹਟਾਇਆ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦਾ ਮਤਾ ਪਾਸ ਕਰਨ ਤੋਂ ਤਿੰਨ ਦਿਨ ਬਾਅਦ ਦਿੱਲੀ ਵਿਧਾਨ ਸਭਾ ਨੇ ਕਾਰਵਾਈ ਦਾ ਬੁਲੇਟਿਨ ਜਾਰੀ ਕੀਤਾ ਪਰ ਇਸ ਵਿੱਚੋਂ ਇਸ ਦਾ ਜ਼ਿਕਰ ਹਟਾ ਦਿੱਤਾ ਗਿਆ ਹੈ।

ਦੋ ਦਿਨ ਦੇ ਵਿਸ਼ੇਸ਼ ਇਜਲਾਸ ਦੇ ਆਖਿਰੀ ਦਿਨ ਸਦਨ ਨੇ 1984 ਸਿੱਖ ਕਤਲੇਆਮ ਸਬੰਧੀ ਇੱਕ ਮਤਾ ਪਾਸ ਕੀਤਾ ਸੀ, ਜਿਸ ਵਿੱਚ ਰਾਜੀਵ ਗਾਂਧੀ ਸਬੰਧੀ ਇੱਕ ਲਾਈਨ ਵਿੱਚ ਜ਼ਿਕਰ ਕੀਤਾ ਗਿਆ ਸੀ।

ਤਸਵੀਰ ਸਰੋਤ, Getty Images

ਦਿ ਇੰਡੀਅਨ ਐਕਸਪ੍ਰੈਸ ਨੂੰ ਜਾਣਕਾਰੀ ਮਿਲੀ ਹੈ ਕਿ ਸਪੀਕਰ ਰਾਮ ਨਿਵਾਸ ਗੋਇਲ ਨੇ ਰੂਲ 291 ਅਕੇ ਰੂਲ 293 ਦੀ ਵਰਤੋਂ ਕਰਕੇ ਰਾਜੀਵ ਗਾਂਧੀ ਸਬੰਧੀ ਇੱਕ ਪੈਰਾ ਹਟਾ ਦਿੱਤੀ ਹੈ।

12% ਤੋਂ 18% ਵਿਚਾਲੇ ਜਲਦੀ ਹੋ ਸਕਦਾ ਹੈ ਇੱਕ ਜੀਐਸਟੀ ਰੇਟ ਤੈਅ

ਹਿੰਦੁਸਤਾਨ ਟਾਈਮਜ਼ ਮੁਤਾਬਕ ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ 12 ਤੇ 18 ਫੀਸਦ ਦੀ ਟੈਕਸ ਸਲੈਬ ਵਿਚਾਲੇ ਇੱਕ ਸਟੈਂਡਰਡ ਜੀਐਸਟੀ ਰੇਟ ਤੈਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੈਕਸ ਦੀ ਇਹ ਨਵੀਂ ਦਰ ਜ਼ਰੂਰੀ ਵਸਤਾਂ 'ਤੇ ਲਗਦੇ ਸਿਫ਼ਰ ਤੋਂ ਪੰਜ ਫੀਸਦ ਅਤੇ ਲਗਜ਼ਰੀ ਤੇ ਐਸ਼ੋ-ਆਰਾਮ ਵਾਲੀਆਂ ਵਸਤਾਂ 'ਤੇ ਲਗਦੇ ਸਿਖਰਲੇ ਟੈਕਸ ਤੋਂ ਵੱਖਰੀ ਹੈ।

ਤਸਵੀਰ ਸਰੋਤ, Getty Images

ਅਰੁਣ ਜੇਤਲੀ ਨੇ 'ਜੀਐਸਟੀ ਦੇ 18 ਮਹੀਨੇ' ਸਿਰਲੇਖ ਅਧੀਨ ਇਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਮੌਜੂਦਾ ਸਮੇਂ ਵਿੱਚ 1216 ਦੇ ਕਰੀਬ ਵਸਤਾਂ ਹਨ, ਜਿਨ੍ਹਾਂ ਦਾ ਇਸਤੇਮਾਲ ਹੁੰਦਾ ਹੈ।

ਇਨ੍ਹਾਂ ਵਿੱਚੋਂ 183 ਵਸਤਾਂ 'ਤੇ ਕੋਈ ਟੈਕਸ ਨਹੀਂ ਲਗਦਾ ਜਦੋਂਕਿ 308 ਵਸਤਾਂ 'ਤੇ 5 ਫੀਸਦ, 178 'ਤੇ 12 ਫੀਸਦ ਤੇ 517 ਵਸਤਾਂ 18 ਫੀਸਦ ਟੈਕਸ ਦੇ ਘੇਰੇ ਵਿੱਚ ਆਉਂਦੀਆਂ ਹਨ। ਉਨ੍ਹਾਂ ਕਿਹਾ, '28 ਫੀਸਦ ਸਲੈਬ ਹੁਣ ਖਤਮ ਹੋਣ ਕਿਨਾਰੇ ਪੁੱਜ ਗਈ ਹੈ।'

ਅਫ਼ਗਾਨਿਸਤਾਨ ਦੀ ਸਰਕਾਰੀ ਇਮਾਰਤ ਤੇ ਹਮਲਾ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਇੱਕ ਸਰਕਾਰੀ ਇਮਾਰਤ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਵਿੱਚ ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ। ਜਵਾਬੀ ਕਾਰਵਾਈ ਵਿੱਚ ਤਿੰਨ ਹਮਲਾਵਰਾਂ ਦੀ ਵੀ ਮੌਤ ਹੋ ਗਈ ਹੈ।

ਤਸਵੀਰ ਸਰੋਤ, EPA

ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪਬਲਿਕ ਵਰਕਸ ਮੰਤਰਾਲੇ ਦੀ ਇਮਾਰਤ ਦੀ ਨਾਕੇਬੰਦੀ ਦੌਰਾਨ ਘੱਟ-ਘੱਟ 20 ਹੋਰ ਲੋਕ ਜ਼ਖਮੀ ਹੋਏ ਹਨ।

ਹਮਲੇ ਵੇਲੇ ਇਮਾਰਰਤ ਵਿੱਚ ਸੈਂਕੜੇ ਮੁਲਾਜ਼ਮ ਮੌਜੂਦ ਸਨ, ਜੋ ਅੰਦਰ ਫਸੇ ਹੋਏ ਸਨ। ਰਿਪੋਰਟਾਂ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਮੁਲਾਜ਼ਮਾਂ ਨੇ ਸੁਰੱਖਿਅਤ ਬਚ ਨਿਕਲਣ ਲਈ ਇਮਾਰਤ ਦੇ ਬਾਹਰ ਛਾਲ ਮਾਰ ਦਿੱਤੀ।

ਹਾਲੇ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਹਮਲਾ ਕਿਸ ਸੰਗਠਨ ਨੇ ਕੀਤਾ ਹੈ। ਰਿਪੋਰਟਾਂ ਮੁਤਾਬਕ ਮੰਤਰਾਲੇ ਦੀ ਇਮਾਰਤ ਦੇ ਦਰਵਾਜ਼ੇ ਦੇ ਨੇੜੇ ਆਤਮਘਾਤੀ ਹਮਲਾਵਰ ਨੇ ਕਾਰ ਬੰਬ ਨਾਲ ਧਮਾਕਾ ਕੀਤਾ। ਇਸ ਤੋਂ ਬਾਅਦ ਬੰਦੂਕਧਾਰੀ ਹਮਲਾਵਰ ਇਮਾਰਤ ਵਿੱਚ ਦਾਖਿਲ ਹੋਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)