ਲੁਧਿਆਣਾ: ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ਼ ਪੋਤਣ ਦੇ ਮਾਮਲੇ 'ਚ ਕਾਰਵਾਈ ਦੇ ਹੁਕਮ

ਰਾਜੀਵ ਗਾਂਧੀ

ਤਸਵੀਰ ਸਰੋਤ, twitter/Amrinder Singh

ਲੁਧਿਆਣਾ ਵਿਚ ਸਾਬਕਾ ਪ੍ਰਧਾਨ ਮੰਤਰੀ ਤੇ ਕਾਂਗਰਸ ਆਗੂ ਰਾਜੀਵ ਗਾਂਧੀ ਦੇ ਬੁੱਤ ਉੱਤੇ ਕਾਲਖ਼ ਪੋਤਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਨੂੰ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸ ਘਟਨਾ ਦੀ ਤਿੱਖੇ ਸ਼ਬਦਾਂ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੂੰ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।

ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ

ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਦਾ ਮਕਸਦ 1984 ਸਿੱਖ ਕਤਲੇਆਮ ਦੇ ਸਬੰਧ ਵਿੱਚ ਸਾਬਕਾ ਪੀਐੱਮ ਰਾਜੀਵ ਗਾਂਧੀ ਤੋਂ ਭਾਰਤ ਰਤਨ ਪੁਰਸਕਾਰ ਵਾਪਸ ਲਏ ਜਾਣ ਦੀ ਮੰਗ ਸੀ।

ਰਾਜੀਵ ਗਾਂਧੀ ਤਤਕਾਲੀ ਪੀਐੱਮ ਇੰਦਰਾ ਗਾਂਧੀ ਦੇ ਕਤਲ ਮਗਰੋਂ ਪ੍ਰਧਾਨ ਮੰਤਰੀ ਬਣਾਏ ਗਏ ਸਨ। 31 ਅਕਤੂਬਰ 1984 ਨੂੰ ਇੰਦਰਾ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਭਾਰਤ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਖਿਲਾਫ ਹਿੰਸਾ ਸ਼ੁਰੂ ਹੋ ਗਈ ਤੇ ਵੱਡੀ ਗਿਣਤੀ ਵਿੱਚ ਸਿੱਖਾਂ ਦੀ ਮੌਤ ਹੋਈ।

ਦਿੱਲੀ ਵਿਧਾਨ ਸਭਾ ਵਿੱਚ ਵੀ ਉੱਠ ਚੁੱਕੀ ਸੀ ਮੰਗ

ਕੁਝ ਦਿਨ ਪਹਿਲਾਂ ਦਿੱਲੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਰਾਜੀਵ ਗਾਂਧੀ ਤੋਂ ਪੁਰਸਕਾਰ ਵਾਪਸ ਲੈਣ ਦਾ ਮਤਾ ਪੇਸ਼ ਕੀਤਾ ਸੀ।

ਵਿਵਾਦ ਵਧਿਆ ਤਾਂ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਸਾਹਮਣੇ ਆਏ ਅਤੇ ਸਾਫ਼ ਕੀਤਾ ਕਿ ਜਰਨੈਲ ਸਿੰਘ ਵੱਲੋਂ ਹੀ ਮਤਾ ਪੇਸ਼ ਕੀਤਾ ਗਿਆ ਸੀ, ਸਾਡਾ ਮਕਸਦ ਅਜਿਹਾ ਨਹੀਂ ਸੀ।

ਇਹ ਵੀ ਪੜ੍ਹੋ-

ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੇ ਵੀ ਉਸ਼ ਵੇਲੇ ਜਦੋਂ ਮਤਾ ਪੇਸ਼ ਕੀਤਾ ਗਿਆ ਸੀ ਤਾਂ ਤਿੱਖਾ ਇਤਰਾਜ਼ ਜ਼ਾਹਿਰ ਕੀਤਾ ਸੀ।

ਕਿੱਥੇ-ਕਿੱਥੇ ਪਹੁੰਚਾਇਆ ਬੁੱਤਾਂ ਨੂੰ ਨੁਕਸਾਨ?

ਇਸ ਸਾਲ ਫਰਵਰੀ ਵਿੱਚ ਉੱਤਰ ਪੂਰਬੀ ਸੂਬੇ ਤ੍ਰਿਪੁਰਾ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਸੀਪੀਐੱਮ ਦੀ ਹਾਰ ਤੋਂ ਬਾਅਦ ਰੂਸੀ ਇਨਕਲਾਬ ਦੇ ਹੀਰੋ ਵਲਾਦੀਮੀਰ ਲੈਨਿਨ ਦਾ ਬੁੱਤ ਢਾਹ ਦਿੱਤਾ ਗਿਆ ਸੀ। 'ਭਾਰਤ ਮਾਤਾ ਦੀ ਜੈ'' ਦੇ ਨਾਅਰੇ ਲਗਾਉਂਦੀ ਭੀੜ ਨੇ ਜੇਸੀਬੀ ਨਾਲ ਇਸ ਬੁੱਤ ਨੂੰ ਢਹਿ ਢੇਰੀ ਕਰ ਦਿੱਤਾ ਸੀ।

ਤਸਵੀਰ ਸਰੋਤ, TWITTER

ਤਸਵੀਰ ਕੈਪਸ਼ਨ,

ਤ੍ਰਿਪੁਰਾ ਦੇ ਬੇਲੋਨੀਆ ਵਿੱਚ ਡਿਗਾਈ ਗਈ ਲੈਨਿਨ ਦੀ ਮੂਰਤੀ

ਇਹ ਘਟਨਾ ਰਾਜਧਾਨੀ ਅਗਰਤਲਾ ਤੋਂ ਸਿਰਫ਼ 90 ਕਿਲੋਮੀਟਰ ਦੂਰ ਬੋਲੇਨੀਆ ਦੇ ਸੈਂਟਰ ਫਾਰ ਕਾਲਜ ਸਕੁਏਅਰ ਵਿੱਚ ਵਾਪਰੀ ਸੀ।

ਪੇਰੀਆਰ ਦੀ ਮੂਰਤੀ ਨੂੰ ਨੁਕਸਾਨ

ਇਸ ਤੋਂ ਬਾਅਦ ਤਾਮਿਲਨਾਡੂ ਵਿੱਚ ਪੇਰੀਆਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੀ ਰਿਪੋਰਟ ਮਿਲੀ ਸੀ।

ਤਸਵੀਰ ਸਰੋਤ, FACEBOOK/DRAVIDARKAZHAGAM

ਪੁਲਿਸ ਅਨੁਸਾਰ ਵੇਲੂਰ ਦੇ ਤਿਰੁਪੱਤੂਰ ਤਾਲੁਕਾ ਵਿੱਚ ਦੋ ਲੋਕ ਪੇਰੀਆਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਮੂਰਤੀ ਦੇ ਚਿਹਰੇ ਨੂੰ ਹਥੌੜੇ ਮਾਰ ਕੇ ਤੋੜ ਦਿੱਤਾ ਗਿਆ ਸੀ।

ਸ਼ਾਮਾ ਪ੍ਰਸਾਦ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼

ਇਸ ਤੋਂ ਬਾਅਦ ਉਸ ਮਹੀਨੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਸ਼ਾਮਾ ਪ੍ਰਸਾਦ ਮੁਖਰਜੀ ਦੇ ਇੱਕ ਬੁੱਤ ਨਾਲ ਛੇੜਛਾੜ ਕੀਤੀ ਗਈ ਸੀ।

ਤਸਵੀਰ ਸਰੋਤ, SANJAY DAS/BBC

ਤਸਵੀਰ ਕੈਪਸ਼ਨ,

ਸ਼ਾਮਾ ਪ੍ਰਸਾਦ ਮੁਖਰਜੀ ਦੀ ਮੂਰਤੀ

ਸ਼ਾਮਾ ਪ੍ਰਸਾਦ ਦਾ ਇਹ ਬੁੱਤ ਕੇਓਰਤਾਲਾ ਵਿੱਚ ਹੈ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਬੁੱਤ ਦੇ ਇੱਕ ਹਿੱਸੇ ਨੂੰ ਹਥੌੜੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਪੂਰੇ ਮੂੰਹ 'ਤੇ ਸਿਆਹੀ ਸੁੱਟੀ ਗਈ ਸੀ।

ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਕੀ ਹੈ ਸਜ਼ਾ?

  • 1984 ਵਿੱਚ ਆਏ ਕਾਨੂੰਨ ਤਹਿਤ ਅਜਿਹਾ ਕਰਨਾ ਜ਼ੁਰਮ ਹੈ। ਜਿਸਦੇ ਤਹਿਤ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ ਅਤੇ ਜ਼ੁਰਮਾਨਾ ਵੀ।
  • ਸਰਕਾਰ ਦੀ ਮਨਜ਼ੂਰੀ ਨਾਲ ਜਨਤਕ ਥਾਵਾਂ 'ਤੇ ਬਣੀਆਂ ਚੀਜ਼ਾਂ ਜਨਤਕ ਜਾਇਦਾਦ ਹੁੰਦੀਆਂ ਹਨ। ਇਸ ਨੂੰ ਨੁਕਸਾਨ ਪਹੁੰਚਾਉਣਾ 1984 ਦੇ ਐਕਟ ਹੇਠਾਂ ਆਵੇਗਾ।
  • ਇਸ ਐਕਟ ਤਹਿਤ ਕਿਸੇ ਬੁੱਤ ਨੂੰ ਤੋੜਨ ਦੀ ਸਜ਼ਾ 6 ਮਹੀਨੇ ਤੋਂ ਘੱਟ ਨਹੀਂ ਹੁੰਦੀ ਜਿਹੜੀ ਵਧ ਕੇ 5 ਸਾਲ ਤੱਕ ਹੋ ਸਕਦੀ ਹੈ।
  • ਬੁੱਤ ਨੂੰ ਪਹੁੰਚਾਏ ਗਏ ਨੁਕਸਾਨ ਦੇ ਮੁਤਾਬਿਕ ਸਜ਼ਾ ਤੈਅ ਕੀਤੀ ਜਾਂਦਾ ਹੈ।
  • ਅੱਗ ਅਤੇ ਵਿਸਫੋਟਕ ਪਦਾਰਥ ਤਹਿਤ ਜੁਰਮ ਕਰਨ ਵਾਲੇ ਨੂੰ ਇੱਕ ਸਾਲ ਤੋਂ ਘੱਟ ਸਜ਼ਾ ਨਹੀਂ ਹੁੰਦੀ। ਇਹ ਸਜ਼ਾ ਕੇ ਵਧਾ ਕੇ 10 ਸਾਲ ਤੱਕ ਵੀ ਕੀਤੀ ਜਾ ਸਕਦੀ ਹੈ।
  • ਜਨਤਕ ਜਾਇਦਾਦ ਰੋਕੂ ਐਕਟ ਤੋਂ ਇਲਾਵਾ ਇੰਡੀਅਨ ਪੀਨਲ ਕੋਡ ਦੇ ਤਹਿਤ ਵੀ ਸਜ਼ਾ ਦਿੱਤੀ ਜਾਂਦੀ ਹੈ।
  • ਆਈਪੀਸੀ ਦੀ ਧਾਰਾ 141-160 ਦੇ ਤਹਿਤ ਜਨਤਕ ਅਦਾਰਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਜੁਰਮ ਦੀਆਂ ਮਦਾਂ ਬਾਰੇ ਦੱਸਿਆ ਗਿਆ ਹੈ।
  • ਗ਼ੈਰਕਾਨੂੰਨੀ ਸਭਾ, ਦੰਗੇ, ਹੰਗਾਮਾ ਮੁੱਖ ਜੁਰਮ ਹਨ। ਅਜਿਹੇ ਜੁਰਮ ਸ਼ਾਂਤੀ ਭੰਗ ਕਰਦੇ ਹਨ।

ਇਹ ਵੀ ਪੜ੍ਹੋ:

  • ਪੰਜਾਬ ਵਿੱਚ ਇਹ ਜੁਰਮ 1997 ਦੇ ਐਕਟ ਤਹਿਤ ਮੰਨਿਆ ਜਾਂਦਾ ਹੈ ਜਿਸ ਤਹਿਤ ਘੱਟੋ - ਘੱਟ 6 ਮਹੀਨੇ ਦੀ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)