ਮਾਲਟਾ ਕਾਂਡ : ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ

  • ਦਲਜੀਤ ਅਮੀ
  • ਬੀਬੀਸੀ ਪੱਤਰਕਾਰ
ਕਾਗਜ਼ ਦੀ ਕਿਸ਼ਤੀ ਗ੍ਰਾਫਿਕ

ਤਸਵੀਰ ਸਰੋਤ, Getty Images

ਮਾਲਟਾ ਕਾਂਡ ਪੰਜਾਬੀਆਂ ਦੇ ਵਿਦੇਸ਼ ਜਾਣ ਨਾਲ ਜੁੜੀਆਂ ਤ੍ਰਾਸਦੀਆਂ ਦੀ ਨੁਮਾਇੰਦਗੀ ਕਰਦਾ ਹੈ। ਜੇ ਇੰਟਰਨੈੱਟ ਉੱਤੇ ਸਰਸਰੀ ਜਿਹੀ ਖੋਜ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਮਾਲਟਾ ਦੇ ਨਾਮ ਨਾਲ ਹੁੰਦੀਆਂ ਤ੍ਰਾਸਦੀਆਂ ਦੀ ਕੜੀ ਅਟੁੱਟ ਹੈ।

ਇਸ ਤਰ੍ਹਾਂ ਮਾਲਟਾ ਕਾਂਡ ਸਿਰਫ਼ ਪੰਜਾਬੀਆਂ ਦੇ ਪਰਦੇਸੀਂ ਜਾਣ ਵਿੱਚੋਂ ਉਪਜੀ ਤ੍ਰਾਸਦੀ ਨਾ ਹੋ ਕੇ ਸਮੁੱਚੀ ਦੁਨੀਆਂ ਵਿੱਚ ਪਰਵਾਸ ਦੇ ਰੁਝਾਨ ਵਿੱਚੋਂ ਉਪਜਦੀਆਂ ਤ੍ਰਾਸਦੀਆਂ ਦੀ ਨੁਮਾਇੰਦਗੀ ਕਰਦੀ ਜਾਪਦੀ ਹੈ।

ਕ੍ਰਿਸਮਿਸ ਵਾਲੇ ਦਿਨ 1996 ਨੂੰ ਅਫ਼ਰੀਕਾ ਤੋਂ ਯੂਰਪ ਜਾਣ ਦਾ ਤਰੱਦਦ ਕਰਦੇ ਮੁੰਡਿਆਂ ਦੀ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ।

ਇਸ ਕਾਂਡ ਵਿੱਚ ਮਰਨ ਵਾਲਿਆਂ ਵਿੱਚ 170 ਮੁੰਡੇ ਪੂਰਬੀ ਪੰਜਾਬ (ਭਾਰਤ), 40 ਮੁੰਡੇ ਪੱਛਮੀ ਪੰਜਾਬ (ਪਾਕਿਸਤਾਨ) ਅਤੇ 90 ਸ਼੍ਰੀਲੰਕਾ ਤੋਂ ਸਨ। ਕੁੱਲ ਮੌਤਾਂ ਦੀ ਗਿਣਤੀ ਤਕਰੀਬਨ 270 ਸੀ।

ਮਾਲਟਾ ਕਿੱਥੇ ਹੈ?

ਮਾਲਟਾ ਰੂਮ ਸਾਗਰ ਦਾ ਟਾਪੂ ਹੈ ਜੋ ਇਟਲੀ ਤੋਂ ਅੱਸੀ ਕਿਲੋਮੀਟਰ, ਟਿਊਨੇਸ਼ੀਆ ਤੋਂ 284 ਕਿਲੋਮੀਟਰ ਅਤੇ ਲਿਬੀਆ ਤੋਂ 333 ਕਿਲੋਮੀਟਰ ਦੂਰ ਹੈ। ਤਕਰੀਬਨ 316 ਵਰਗ ਕਿਲੋਮੀਟਰ ਦਾ ਇਹ ਮੁਲਕ ਦੁਨੀਆਂ ਦਾ ਦਸਵੇਂ ਨੰਬਰ ਦਾ ਸਭ ਤੋਂ ਛੋਟਾ ਮੁਲਕ ਹੈ ਪਰ ਆਬਾਦੀ ਦੇ ਸੰਘਣੇਪਣ ਪੱਖੋਂ ਦੁਨੀਆਂ ਦਾ ਪੰਜਵੇਂ ਨੰਬਰ ਦਾ ਮੁਲਕ ਹੈ।

ਇਹ ਵੀ ਪੜ੍ਹੋ:

ਪੰਜ ਲੱਖ ਤੋਂ ਘੱਟ ਦੀ ਆਬਾਦੀ ਵਾਲੇ ਮਾਲਟਾ ਵਿੱਚ ਸਾਲਾਨਾ ਸੋਲਾਂ ਲੱਖ ਤੋਂ ਜ਼ਿਆਦਾ ਸੈਲਾਨੀ ਆਉਂਦੇ ਹਨ। ਯੂਰਪ ਅਤੇ ਅਫ਼ਰੀਕਾ ਦੇ ਵਿਚਕਾਰ ਹੋਣ ਕਾਰਨ ਇਹ ਸਮੁੰਦਰੀ ਜਹਾਜ਼ਾਂ ਦਾ ਅਹਿਮ ਟਿਕਾਣਾ ਹੈ ਜਿਸ ਦੀ ਅਹਿਮੀਅਤ ਰੂਮ ਸਾਗਰ ਅਤੇ ਲਾਲ ਸਾਗਰ ਨੂੰ ਜੋੜਣ ਵਾਲੀ ਸਵੇਜ ਨਹਿਰ ਬਣਨ ਨਾਲ ਹੋਰ ਵਧ ਗਈ।

ਮਾਲਟਾ

ਇਸ ਦੀਆਂ ਬੰਦਰਗਾਹਾਂ ਉੱਤੇ ਬਰਾਮਦ/ਦਰਾਮਦ ਦਾ ਸਾਮਾਨ ਚੜ੍ਹਾਉਣ/ਉਤਾਰਨ ਤੋਂ ਇਲਾਵਾ ਸਮੁੰਦਰੀ ਜਹਾਜ਼ ਤੇਲ/ਪਾਣੀ/ਰਾਸ਼ਣ ਲਈ ਰੁਕਦੇ ਹਨ। ਇਹ ਯਾਤਰੀਆਂ ਅਤੇ ਵਪਾਰੀਆਂ ਦਾ ਪਸੰਦੀਦਾ ਟਿਕਾਣਾ ਬਣ ਜਾਂਦਾ ਹੈ।

ਮਾਲਟਾ ਕਾਂਡ ਕਿਵੇਂ ਵਾਪਰਿਆ?

ਮਾਲਟਾ ਕਾਂਡ ਤੋਂ 22 ਸਾਲ ਬਾਅਦ ਉਸ ਕਾਂਡ ਦਾ ਸਿਲਸਿਲਾ ਕ੍ਰਮਵਾਰ ਲਿਖਣਾ ਸੁਖਾਲਾ ਹੈ ਕਿਉਂਕਿ ਇਸ ਦੌਰਾਨ ਵੱਖ-ਵੱਖ ਮੌਕਿਆਂ ਅਤੇ ਮੁਲਕਾਂ ਵਿੱਚੋਂ ਗਵਾਹੀਆਂ ਮਿਲਦੀਆਂ ਰਹੀਆਂ ਹਨ। ਦਸਤਾਵੇਜ਼ੀ ਫਿਲਮਸਾਜ਼ਾਂ ਨੇ ਫਿਲਮਾਂ ਬਣਾਈਆਂ ਹਨ। ਇਸ ਤੋਂ ਬਾਅਦ ਵਾਪਰੀਆਂ ਤ੍ਰਾਸਦੀਆਂ ਰਾਹੀਂ ਪੁਰਾਣੀਆਂ ਤ੍ਰਾਸਦੀਆਂ ਬਾਬਤ ਅੰਦਾਜ਼ੇ ਲਗਾਉਣੇ ਸੁਖਾਲੇ ਹੋਏ ਹਨ।

ਮਾਲਟਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਪੀੜਤਾਂ ਦੇ ਪਰਿਵਾਰਾਂ ਲਈ ਮੌਤ ਦਾ ਸਰਟੀਫਿਕੇਟ ਹਾਸਿਲ ਕਰਨਾ ਵੀ ਵੱਡਾ ਮੁੱਦਾ ਸੀ

ਅਫ਼ਰੀਕਾ ਤੋਂ ਯੂਰਪ ਜਾਣ ਲਈ ਨਾ ਸਿਰਫ਼ ਅਫ਼ਰੀਕੀ ਮੂਲ ਦੇ ਲੋਕ ਰੂਮ ਸਾਗਰ ਪਾਰ ਕਰਨ ਦਾ ਤਰੱਦਦ ਕਰਦੇ ਸਨ ਸਗੋਂ ਏਸ਼ੀਆ ਤੋਂ ਵੀ ਲੋਕ ਇਸ ਲਾਂਘੇ ਦਾ ਇਸਤੇਮਾਲ ਕਰਦੇ ਹਨ। ਇਸ ਕਾਰਨ ਇਹ ਮਨੁੱਖੀ ਤਸਕਰੀ ਦਾ ਬਦਨਾਮ ਖਿੱਤਾ ਹੈ ਜਿੱਥੇ ਤਸਕਰਾਂ ਦੇ ਕੌਮਾਂਤਰੀ ਗਰੋਹ ਸਰਗਰਮ ਹਨ।

ਮਾਲਟਾ ਜਹਾਜ਼ ਦੁਰਘਟਨਾ ਜਾਂਚ ਮਿਸ਼ਨ ਦੇ ਬਾਨੀ ਬਲਵੰਤ ਸਿੰਘ ਖੇੜਾ ਨੇ ਇਸ ਕਾਂਡ ਦੇ ਤੱਥਾਂ ਅਤੇ ਸਿਲਸਿਲੇ ਦੀ ਥਹੁ ਪਾਉਣ ਲਈ ਮੌਕੇ ਦੇ ਗਵਾਹਾਂ ਨਾਲ ਮੁਲਾਕਾਤਾਂ ਕੀਤੀਆਂ ਹਨ ਅਤੇ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਹੈ।

ਹਾਦਸੇ ਵਾਲੀ ਕਿਸ਼ਤੀ ਤੱਕ ਦਾ ਸਫ਼ਰ

ਅਫ਼ਰੀਕਾ ਦੇ ਸਮੁੰਦਰੀ ਤਟ ਤੋਂ ਸਭ ਦੇ ਨੇੜੇ ਯੂਰਪ ਦੇ ਦੋ ਮੁਲਕ ਸਪੇਨ ਅਤੇ ਮਾਲਟਾ ਹਨ। ਇਸ ਸਮੁੰਦਰ ਨੂੰ ਪਾਰ ਕਰਨ ਲਈ ਕਿਸ਼ਤੀਆਂ ਅਤੇ ਜਹਾਜ਼ਾਂ ਦਾ ਇਸਤੇਮਾਲ ਹੁੰਦਾ ਹੈ।

ਮਾਲਟਾ ਕਾਂਡ ਵਿੱਚ ਸਿਲਸਿਲਾ ਕਿਸ਼ਤੀਆਂ ਰਾਹੀਂ ਸ਼ੁਰੂ ਹੁੰਦਾ ਹੋਇਆ ਜਹਾਜ਼ ਰਾਹੀਂ ਕਿਸ਼ਤੀ ਤੱਕ ਪੁੱਜਿਆ। ਤਸਕਰਾਂ ਨੇ ਉਸ ਜਹਾਜ਼ ਵਿੱਚ ਵੱਖ-ਵੱਖ ਮੁਲਕਾਂ ਤੋਂ ਸਵਾਰੀਆਂ ਚੜ੍ਹਾਈਆਂ ਜੋ ਕਿਸ਼ਤੀਆਂ ਰਾਹੀਂ ਸਮੁੰਦਰੀ ਵਿੱਚ ਖੜ੍ਹੇ ਜਹਾਜ਼ ਤੱਕ ਪੰਹੁਚਾਈਆਂ ਗਈਆਂ।

ਬਲਵੰਤ ਸਿੰਘ ਖੇੜਾ

ਤਸਵੀਰ ਸਰੋਤ, Khera Balwant Singh/BBC

ਤਸਵੀਰ ਕੈਪਸ਼ਨ,

ਬਲਵੰਤ ਸਿੰਘ ਖੇੜਾ ਨੇ ਪੀੜਤਾਂ ਦਾ ਮਾਮਲਾ ਅਦਾਲਤ ਤੱਕ ਪਹੁੰਚਾਇਆ ਸੀ ਤਾਂ ਜੋ ਜਾਇਦਾਦ ਦੀ ਦਾਅਵੇਦਾਰੀ ਦਾ ਮਸਲਾ ਸੁਲਝ ਸਕੇ

ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਉਸ ਜਹਾਜ਼ ਵਿੱਚ 565 ਮੁੰਡੇ ਸਵਾਰ ਸਨ ਅਤੇ ਇਹ ਦੋ-ਤਿੰਨ ਮਹੀਨੇ ਸਮੁੰਦਰ ਵਿੱਚ ਰਿਹਾ। ਕ੍ਰਿਸਮਿਸ ਦੇ ਦਿਹਾੜੇ ਨੂੰ ਢੁੱਕਵਾਂ ਮੌਕਾ ਸਮਝ ਕੇ ਕਿਸ਼ਤੀਆਂ ਰਾਹੀਂ ਇਨ੍ਹਾਂ ਮੁੰਡਿਆਂ ਨੂੰ ਵੱਖ-ਵੱਖ ਥਾਵਾਂ ਉੱਤੇ ਉਤਾਰਿਆ ਜਾਣਾ ਸੀ।

ਚਿਰਾਂ ਤੋਂ ਉਡੀਕ ਵਿੱਚ ਬੇਸਬਰੇ ਹੋਏ ਮੁੰਡਿਆਂ ਵਿੱਚ ਕਿਸ਼ਤੀ ਵਿੱਚ ਸਵਾਰ ਹੋਣ ਦੀ ਕਾਹਲ ਸੀ ਤਾਂ ਤਸਕਰ ਵੀ ਵੱਧ ਤੋਂ ਵੱਧ ਸਵਾਰੀਆਂ ਚੜ੍ਹਾਉਣੀਆਂ ਚਾਹੁੰਦੇ ਸਨ।

ਉਹ ਕਿਸ਼ਤੀ ਸਵਾਰੀਆਂ ਦੇ ਵਜ਼ਨ ਨਾਲ ਬੈਠ ਗਈ। ਜਿੱਥੇ ਤਸਕਰ ਗ਼ੈਰ-ਕਾਨੂੰਨੀ ਸਵਾਰੀਆਂ ਨੂੰ ਸਮੁੰਦਰੀ ਜਹਾਜ਼ ਵਿੱਚੋਂ ਕਿਸ਼ਤੀ ਵਿੱਚ ਚੜ੍ਹਾਉਣਗੇ, ਉਹ ਥਾਂ ਕਿਸੇ ਹੋਰ ਦੀ ਨਜ਼ਰ ਵਿੱਚ ਹੋਣ ਦੀ ਗੁੰਜ਼ਾਇਸ਼ ਘੱਟ ਹੈ।

ਖ਼ਬਰ ਕਿਵੇਂ ਆਈ?

ਮਾਲਟਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਾਲਟਾ ਕਾਂਡ ਦੇ ਗਵਾਹਾਂ ਦੇ ਪੰਜਾਬ ਵਿੱਚ ਪਰਤਣ ਨਾਲ ਇਸ ਦੀਆਂ ਤਫ਼ਸੀਲਾਂ ਸਾਹਮਣੇ ਆਈਆਂ ਪਰ ਨਾਲ ਹੀ ਉਨ੍ਹਾਂ ਦੇ ਵਿਦੇਸ਼ ਜਾਣ ਦੇ ਨਵੇਂ ਉਪਰਾਲਿਆਂ ਦੀਆਂ ਖ਼ਬਰਾਂ ਵੀ ਛਪੀਆਂ

ਤਸਕਰਾਂ ਨੇ ਜਹਾਜ਼ ਵਿੱਚ ਬਚੀਆਂ ਸਵਾਰੀਆਂ ਨੂੰ ਗਰੀਸ ਵਿੱਚ ਉਤਾਰਿਆ ਅਤੇ ਕਿਸੇ ਗੁਦਾਮ ਵਿੱਚ ਬੰਦ ਕਰ ਦਿੱਤਾ। ਜਦੋਂ ਇਨ੍ਹਾਂ ਵਿੱਚ ਕੁਝ ਭੱਜਣ ਵਿੱਚ ਕਾਮਯਾਬ ਹੋਏ ਤਾਂ ਖ਼ਬਰ ਬਾਹਰ ਆਈ।

ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਇਟਲੀ ਵਿੱਚ ਇੱਕ ਸੰਸਦੀ ਜਾਂਚ ਕਮੇਟੀ ਬਣਾਈ ਗਈ ਸੀ ਪਰ ਪੰਜ-ਛੇ ਮਹੀਨੇ ਬਾਅਦ ਸਬੂਤਾਂ ਦੀ ਅਣਹੋਂਦ ਕਾਰਨ ਇਹ ਜਾਂਚ ਬੰਦ ਕਰ ਦਿੱਤੀ ਗਈ।

ਪੰਜਾਬ ਵਿੱਚ ਲਾਪਤਾ ਮੁੰਡਿਆਂ ਦੇ ਮਾਪਿਆਂ ਦੀ ਬੇਚੈਨੀ ਖ਼ਬਰਾਂ ਦਾ ਸਬੱਬ ਬਣੀ ਸੀ ਪਰ ਜਦੋਂ ਕੋਈ ਸਬੂਤ ਨਾ ਮਿਲਣ ਦੀ ਗੱਲ ਆਉਂਦੀ ਸੀ ਤਾਂ ਇਨ੍ਹਾਂ ਮਾਪਿਆਂ ਦੀ ਆਸ ਬੱਝ ਜਾਂਦੀ ਸੀ।

ਇਹ ਵੀ ਪੜ੍ਹੋ:

ਬਲੰਵਤ ਸਿੰਘ ਖੇੜਾ ਦੱਸਦੇ ਹਨ ਕਿ ਜਦੋਂ ਉਹ ਵਫ਼ਦ ਬਣਾ ਕੇ ਤਤਕਾਲੀ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਸੀ ਕਿ ਰਿਕਾਰਡ ਮੁਤਾਬਕ ਅਜਿਹਾ ਕੋਈ ਕਾਂਡ ਨਹੀਂ ਹੋਇਆ।

ਉਸ ਕਾਂਡ ਦੇ ਗਵਾਹਾਂ ਦੇ ਪੰਜਾਬ ਵਿੱਚ ਪਰਤਣ ਨਾਲ ਇਸ ਦੀਆਂ ਤਫ਼ਸੀਲਾਂ ਸਾਹਮਣੇ ਆਈਆਂ ਪਰ ਨਾਲ ਹੀ ਉਨ੍ਹਾਂ ਦੇ ਵਿਦੇਸ਼ ਜਾਣ ਦੇ ਨਵੇਂ ਉਪਰਾਲਿਆਂ ਦੀਆਂ ਖ਼ਬਰਾਂ ਵੀ ਛਪੀਆਂ।

ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਕਿਸੇ ਦਸਤਾਵੇਜ਼ ਜਾਂ ਸਬੂਤ ਦੀ ਘਾਟ ਕਾਰਨ ਕਿਸੇ ਮੁਆਵਜ਼ੇ, ਰਾਹਤ ਜਾਂ ਕਾਨੂੰਨੀ ਕਾਰਵਾਈ ਦੀ ਗੁੰਜ਼ਾਇਸ਼ ਨਹੀਂ ਬਣਦੀ ਸੀ।

ਬਲਵੰਤ ਸਿੰਘ ਖੇੜਾ

ਤਸਵੀਰ ਸਰੋਤ, Khera Balwant Singh/BBC

ਤਸਵੀਰ ਕੈਪਸ਼ਨ,

ਬਲੰਵਤ ਸਿੰਘ ਖੇੜਾ ਵੱਲੋਂ ਇਸ ਕਾਂਡ ਦੀ ਕੌਮਾਂਤਰੀ ਪੱਧਰ ’ਤੇ ਜਾਂਚ ਕਰਵਾਉਣ ਲਈ ਮੁਹਿੰਮ ਵਿੱਢੀ ਗਈ ਸੀ

ਮੌਤ ਦੇ ਸਬੂਤ ਅਤੇ ਵਿਰਾਸਤ ਦਾ ਸੁਆਲ

ਮਾਲਟਾ ਕਾਂਡ ਵਿੱਚ ਸ਼ਿਕਾਰ ਹੋਣ ਵਾਲਿਆਂ ਦੀ ਮੌਤ ਦਾ ਕੋਈ ਸਬੂਤ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਮੌਤ ਦਾ ਸਰਟੀਫਿਕੇਟ ਜਾਰੀ ਹੋਇਆ ਸੀ।

ਸਰਟੀਫਿਕੇਟ ਦੀ ਅਣਹੋਂਦ ਕਾਰਨ ਬੈਂਕ ਖਾਤਿਆਂ, ਬੀਮੇ ਦੇ ਦਾਅਵਿਆਂ ਅਤੇ ਜੱਦੀ ਜਾਇਦਾਦ ਦੀ ਦਾਅਵੇਦਾਰੀ ਸੁਲਝਾਉਣਾ ਮੁਸ਼ਕਲ ਸੀ। ਬਲਵੰਤ ਸਿੰਘ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਗਏ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੀੜਤਾਂ ਦੇ ਮਾਮਲਿਆਂ ਦੀ ਪੈਰਵਾਈ ਕਰਨ ਵਾਲੀ ਵਕੀਲ ਜਤਿੰਦਰਜੀਤ ਕੌਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪੀੜਤਾਂ ਦੇ ਪਰਿਵਾਰਾਂ ਲਈ ਮੌਤ ਦਾ ਸਰਟੀਫਿਕੇਟ ਹਾਸਿਲ ਕਰਨਾ ਵੀ ਵੱਡਾ ਮੁੱਦਾ ਸੀ।

ਅਦਾਲਤ ਨੇ ਇਸ ਨੂੰ ਦੀਵਾਨੀ ਮਾਮਲਾ ਕਰਾਰ ਦਿੱਤਾ ਸੀ ਜਿਸ ਤਹਿਤ ਲਾਪਤਾ ਜੀਅ ਨੂੰ ਸੱਤ ਸਾਲ ਬਾਅਦ ਹੀ ਮੌਤ ਦਾ ਸਰਟੀਫਿਕੇਟ ਜਾਰੀ ਹੋ ਸਕਦਾ ਹੈ।

ਉਨ੍ਹਾਂ ਕਿਹਾ, "ਜਦੋਂ ਕੇਂਦਰ ਸਰਕਾਰ ਨੇ ਪੀੜਤਾਂ ਦੀ ਫਹਿਰਿਸਤ ਜਾਰੀ ਕਰ ਦਿੱਤੀ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਹ ਪੱਖ ਪੇਸ਼ ਕੀਤਾ ਅਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਦੀ ਮੰਗ ਕੀਤੀ। ਅਦਾਲਤ ਦੀਆਂ ਹਦਾਇਤਾਂ ਤੋਂ ਬਾਅਦ ਇਹ ਸਰਟੀਫਿਕੇਟ ਜਾਰੀ ਕੀਤੇ ਗਏ।"

ਮਾਲਟਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਾਲਟਾ ਕਾਂਡ ਵਿੱਚ ਸ਼ਿਕਾਰ ਹੋਣ ਵਾਲਿਆਂ ਦੀ ਮੌਤ ਦਾ ਕੋਈ ਸਬੂਤ ਨਹੀਂ ਸੀ ਜਿਸ ਕਾਰਨ ਪੀੜਤਾਂ ਦੇ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ

ਮੁਆਵਜ਼ਾ ਅਤੇ ਅਦਾਲਤੀ ਕਾਰਵਾਈ

ਪੀੜਤਾਂ ਲਈ ਪੰਜਾਬ ਸਰਕਾਰ ਨੇ ਪ੍ਰਤੀ ਜੀਅ ਪੰਜਾਹ ਹਜ਼ਾਰ ਰੁਪਏ ਐਕਸ ਗਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ।

ਕੁਝ ਪਰਿਵਾਰਾਂ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਅਦਾਲਤ ਵਿੱਚ ਇਸ ਮਾਮਲੇ ਨੂੰ ਮੌਤਾਂ ਦੀ ਰਸਮੀ ਪ੍ਰਵਾਨਗੀ ਵਜੋਂ ਪੇਸ਼ ਕੀਤਾ ਗਿਆ। ਸੈਸ਼ਨ ਅਦਾਲਤਾਂ ਵਿੱਚ ਸਾਰੇ ਪੀੜਤ ਪਰਿਵਾਰਾਂ ਨੇ ਆਪਣੇ ਮੁਕੱਦਮੇ ਪੇਸ਼ ਕੀਤੇ ਅਤੇ ਟਰੈਵਲ ਏਜੰਟਾਂ ਨੂੰ ਮੁਲਜ਼ਮ ਬਣਾਇਆ।

ਇੱਕ ਮਾਮਲੇ ਵਿੱਚ ਕਪੂਰਥਲਾ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਸਜ਼ਾ ਸੁਣਾਈ ਪਰ ਬਾਕੀ ਸਾਰੀਆਂ ਸੈਸ਼ਨ ਅਦਾਲਤਾਂ ਨੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਹੁਣ ਇਹ ਮਾਮਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁੜ-ਵਿਚਾਰ ਲਈ ਪਏ ਹਨ।

ਮਾਲਟਾ

ਤਸਵੀਰ ਸਰੋਤ, Getty Images

ਜਤਿੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਮੁਆਵਜ਼ੇ ਲਈ ਇਟਲੀ ਦੀਆਂ ਅਦਾਲਤਾਂ ਵਿੱਚ ਇਹ ਮਾਮਲਾ ਲਿਜਾਣ ਦਾ ਉਪਰਾਲਾ ਕੀਤਾ ਸੀ।

ਇਸ ਵਿੱਚ ਸ਼੍ਰੀਲੰਕਾ ਦੇ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੀ ਵਕੀਲ ਨੇ ਪਹਿਲਕਦਮੀ ਕੀਤੀ ਸੀ ਪਰ ਭਾਰਤ ਸਰਕਾਰ ਦੀ ਢੁਕਵੀਂ ਮਦਦ ਨਾ ਮਿਲਣ ਕਾਰਨ ਇਹ ਮਾਮਲਾ ਕਿਸੇ ਸਿਰੇ ਨਹੀਂ ਲੱਗਿਆ।

ਅਸਥੀਆਂ ਦੀ ਘਰ ਵਾਪਸੀ

ਬਲਵੰਤ ਸਿੰਘ ਖੇੜਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਸਮੁੰਦਰ ਦੀਆਂ ਤਸਵੀਰਾਂ ਨਾਲ ਕਿਸ਼ਤੀ ਦੇ ਮਲਬੇ ਦੀ ਨਿਸ਼ਾਨਦੇਹੀ ਹੋਈ ਹੈ ਜਿਸ ਨਾਲ ਪੀੜਤਾਂ ਦੀਆਂ ਲਾਸ਼ਾਂ ਦੀ ਸ਼ਨਾਖ਼ਤ ਦੀ ਗੁੰਜ਼ਾਇਸ਼ ਬਣੀ ਹੈ।

ਉਨ੍ਹਾਂ ਨੇ ਇਸ ਮਾਮਲੇ ਵਿੱਚ ਸਰਕਾਰੀ ਮਦਦ ਦੀ ਮੰਗ ਕੀਤੀ ਹੈ। ਉਹ ਅੱਗੇ ਕਹਿੰਦੇ ਹਨ, "ਇਹ ਪੈਸੇ ਵਾਲਾ ਮਾਮਲਾ ਹੈ ਅਤੇ ਸਰਕਾਰ ਇਸ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਕਾਇਦੇ ਨਾਲ ਤਾਂ ਇਹ ਅਸਥੀਆਂ ਲਿਆਉਣ ਦਾ ਬੰਦੋਬਸਤ ਹੋਣਾ ਚਾਹੀਦਾ ਹੈ।"

ਕਿਵੇਂ ਬਦਲੀ ਜ਼ਿੰਦਗੀ

ਬਲਵੰਤ ਸਿੰਘ ਖੇੜਾ ਦਾ ਨਾਮ ਮਾਲਟਾ ਜਹਾਜ਼ ਦੁਰਘਟਨਾ ਜਾਂਚ ਮਿਸ਼ਨ ਦੇ ਨਾਲ ਤਕਰੀਬਨ ਇੱਕ-ਮਿੱਕ ਹੋ ਗਿਆ ਹੈ ਪਰ ਉਹ ਇਸ ਕਾਂਡ ਦੇ ਨਾਲ ਸ਼ੁਰੂ ਤੋਂ ਨਹੀਂ ਜੁੜੇ ਸਨ।

ਉਹ ਦੱਸਦੇ ਹਨ, "ਬਾਕੀਆਂ ਵਾਂਗ ਮੈਂ ਵੀ ਇਹ ਖ਼ਬਰ ਅਖ਼ਬਾਰਾਂ ਵਿੱਚ ਪੜ੍ਹੀ ਸੀ। ਇਸ ਕਾਂਡ ਦੇ ਪੀੜਤਾਂ ਨੇ ਸਰਕਾਰੇ-ਦਰਬਾਰੇ ਪਹੁੰਚ ਕੀਤੀ ਪਰ ਕੁਝ ਹੱਥ-ਪੱਲੇ ਨਾ ਪਿਆ।”

“ਮੈਂ ਜਨਤਾ ਦਲ ਦਾ ਆਗੂ ਸਾਂ ਅਤੇ ਸਾਡੇ ਇੱਕ ਸਾਥੀ ਨੇ ਉਨ੍ਹਾਂ ਨੂੰ ਮੇਰੇ ਨਾਲ ਰਾਬਤਾ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਅਸੀਂ ਇਸ ਮਾਮਲੇ ਦੀ ਪੈਰਵਾਈ ਕੀਤੀ। ਹਰ ਥਾਂ ਵਫ਼ਦ ਬਣਾ ਕੇ ਮੋਹਤਬਰਾਂ ਨੂੰ ਮਿਲੇ ਅਤੇ ਧਰਨੇ-ਮੁਜ਼ਾਹਰੇ ਕੀਤੇ।"

ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਇਸ ਕਾਂਡ ਨੇ ਪੀੜਤਾਂ ਦੇ ਪਰਿਵਾਰਾਂ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਮੁਹਾਣ ਵੀ ਬਦਲ ਦਿੱਤਾ।

ਮਾਲਟਾ

ਤਸਵੀਰ ਸਰੋਤ, Getty Images

ਸੀ.ਬੀ.ਆਈ. ਜਾਂਚ ਅਤੇ ਅਦਾਲਤੀ ਕਾਰਵਾਈ

ਬਲਵੰਤ ਸਿੰਘ ਖੇੜਾ ਮੁਤਾਬਕ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੇ ਵੀ ਕੀਤੀ ਅਤੇ ਅਠਾਈ ਬੰਦਿਆਂ ਨੂੰ ਮੁਲਜ਼ਮ ਬਣਾਇਆ।

ਸੀ.ਬੀ.ਆਈ. ਦੇ ਚਾਰਜਸ਼ੀਟ ਦਾਖ਼ਲ ਕਰਨ ਵਾਲੇ ਤੱਕ ਹੀ ਇਨ੍ਹਾਂ ਵਿੱਚੋਂ ਕਈ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਸੀ। ਇਹ ਮਾਮਲਾ ਹਾਲੇ ਤੱਕ ਰੋਹਿਣੀ ਅਦਾਲਤ ਵਿੱਚ ਪਿਆ ਹੈ ਪਰ ਇਸ ਨਾਲ ਜੁੜੀ ਪੀੜਤ ਧਿਰ ਨਿਰਾਸ਼ ਹੋ ਚੁੱਕੀ ਹੈ।

ਬਲਵੰਤ ਸਿੰਘ ਦੱਸਦੇ ਹਨ, "ਪਹਿਲਾਂ ਸੀ.ਬੀ.ਆਈ. ਦੇ ਅਫ਼ਸਰ ਨਾਲ ਰਾਬਤਾ ਰਹਿੰਦਾ ਸੀ ਪਰ ਹੁਣ ਉਨ੍ਹਾਂ ਦੀ ਬਦਲੀ ਹੋ ਗਈ ਹੈ ਤਾਂ ਸਾਨੂੰ ਉਸ ਮਾਮਲੇ ਦੀ ਜਾਣਕਾਰੀ ਵੀ ਨਹੀਂ।"

ਮਾਲਟਾ

ਤਸਵੀਰ ਸਰੋਤ, Getty Images

ਮਾਲਟਾ ਕਾਂਡ ਹੈ ਜਾਂ ਰੁਝਾਨ

ਬੀਬੀਸੀ ਦੀ ਤਿੰਨ ਸਤੰਬਰ 2018 ਦੀ ਖ਼ਬਰ ਮੁਤਾਬਕ ਯੂਨਾਈਟਿੰਡ ਨੇਸ਼ਨਜ਼ ਹਾਈ ਕਮਿਸ਼ਨ ਆਫ਼ ਰਿਫਿਊਜੀਜ਼ ਨੇ ਆਪਣੀ ਰਪਟ ਵਿੱਚ ਦਰਜ ਕੀਤਾ ਹੈ, "ਪਰਵਾਸ ਕਰਨ ਵਾਲਿਆਂ ਅਤੇ ਪਨਾਹਗੀਰਾਂ ਲਈ ਰੂਮ ਸਾਗਰ ਪਾਰ ਕਰਨਾ ਪਹਿਲਾਂ ਤੋਂ ਜ਼ਿਆਦਾ ਖ਼ਤਰਨਾਕ ਹੈ। ਇਸ ਪਾਸਿਓਂ ਯੂਰਪ ਵਿੱਚ ਆਉਣ ਵਾਲਿਆਂ ਦੀ ਗਿਣਤੀ ਘੱਟ ਗਈ ਹੈ ਪਰ ਇਸ ਸਮੁੰਦਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ।"

ਇਸ ਰਪਟ ਵਿੱਚ ਦਰਜ ਹੈ ਕਿ 2018 ਵਿੱਚ ਪਹਿਲੇ ਸੱਤ ਮਹੀਨਿਆਂ ਦੌਰਾਨ 1600 ਲੋਕਾਂ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ:

ਇਸ ਦੌਰਾਨ ਯੂਰਪ ਵਿੱਚ ਰੂਮ ਸਾਗਰ ਰਾਹੀਂ ਦਾਖ਼ਲ ਹੋਣ ਵਾਲੇ ਹਰ ਅਠਾਰਾਂ ਜੀਆਂ ਪਿੱਛੇ ਇੱਕ ਲਾਪਤਾ ਹੈ ਜਾਂ ਮਰ ਗਿਆ ਹੈ। ਇਹ ਅੰਕੜਾ ਇਨ੍ਹਾਂ ਮਹੀਨਿਆਂ ਦੌਰਾਨ 2017 ਵਿੱਚ 42 ਪਿੱਛੇ ਇੱਕ ਸੀ। ਜੇ ਇਨ੍ਹਾਂ ਤ੍ਰਾਸਦੀਆਂ ਦੇ ਚਿਹਰੇ ਦੇਖਣੇ ਹੋਣ ਤਾਂ ਇੰਟਰਨੈੱਟ ਉੱਤੇ ਜ਼ਿਆਦਾ ਤਰੱਦਦ ਨਹੀਂ ਕਰਨਾ ਪੈਂਦਾ।

ਰੂਮ ਸਾਗਰ ਦੀਆਂ ਤ੍ਰਾਸਦੀਆਂ ਦਾ ਸ਼ਿਕਾਰ ਕੋਈ ਵੀ ਹੋਵੇ ਅਤੇ ਉਸ ਦੀ ਮਾਂ-ਬੋਲੀ ਕੋਈ ਵੀ ਹੋਵੇ ਪਰ ਉਸ ਦੇ ਬੋਲ ਸਭ ਨੂੰ ਸਮਝ ਆ ਸਕਦੇ ਹਨ। ਆਖ਼ਰ ਚੀਕਾਂ ਅਤੇ ਅੱਥਰੂਆਂ ਦੀ ਕੋਈ ਬੋਲੀ ਨਹੀਂ ਹੁੰਦੀ ਅਤੇ ਅਹਿਸਾਸ ਕਿਸੇ ਬੋਲੀ ਦੇ ਪਾਬੰਦ ਨਹੀਂ ਹੁੰਦੇ।

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)