ਮੋਦੀ ਦੀ ਕੁਰਸੀ ਉੱਤੇ ਗਡਕਰੀ ਦੀ ਅੱਖ, 2019 ਦੂਰ ਨਹੀਂ — ਨਜ਼ਰੀਆ

ਨਿਤਿਨ ਗਡਕਰੀ ਆਪਣੀ ਸਾਫ਼ਗੋਈ ਲਈ ਜਾਣੇ ਜਾਂਦੇ ਹਨ Image copyright Getty Images
ਫੋਟੋ ਕੈਪਸ਼ਨ ਨਿਤਿਨ ਗਡਕਰੀ ਆਪਣੀ ਸਾਫ਼ਗੋਈ ਲਈ ਜਾਣੇ ਜਾਂਦੇ ਹਨ

ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ 'ਚ ਅੰਦਰੂਨੀ ਹਲਚਲ ਨਜ਼ਰ ਆ ਰਹੀ ਹੈ ਅਤੇ ਮੁੜ ਇੱਕ ਵਾਰ '160 ਕਲੱਬ' ਦੀ ਗੱਲ ਹੋਣ ਲੱਗੀ ਹੈ।

2014 ਵਿੱਚ ਮੋਦੀ ਦੀ ਵਿਸ਼ਾਲ ਜਿੱਤ ਤੋਂ ਪਹਿਲਾਂ ਇਸ ਕਥਿਤ 'ਕਲੱਬ' ਦਾ ਜਨਮ ਹੋਇਆ ਸੀ। ਇਸ ਦਾ ਟੀਚਾ ਸੀ ਕਿ ਜੇ ਭਾਜਪਾ ਲੋਕ ਸਭਾ ਚੋਣਾਂ 'ਚ 272 ਦਾ ਬਹੁਮਤ ਅੰਕੜਾ ਨਾ ਪਾਰ ਕਰ ਸਕੀ — ਅਤੇ '160' ਤੱਕ ਹੀ ਰਹਿ ਗਈ — ਤਾਂ ਬਾਕੀ ਪਾਰਟੀਆਂ ਨਾਲ ਗੁਣਾ-ਭਾਗ ਕਰ ਕੇ ਪ੍ਰਧਾਨ ਮੰਤਰੀ ਕੌਣ ਬਣ ਸਕੇਗਾ। ਉਸ ਵੇਲੇ ਇਹ ਟੀਚਾ ਇੱਕ ਸੁਪਨਾ ਹੀ ਰਹਿ ਗਿਆ ਪਰ ਹੁਣ ਇਹ ਮੁੜ ਸਰਗਰਮ ਹੈ ਅਤੇ ਇਸ ਦੇ ਮੋਹਰੀ ਹਨ, ਕੈਬਨਿਟ ਮੰਤਰੀ ਨਿਤਿਨ ਗਡਕਰੀ।

ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਨਿਤਿਨ ਗਡਕਰੀ ਆਪਣੀ ਸਾਫ਼ਗੋਈ ਲਈ ਜਾਣੇ ਜਾਂਦੇ ਹਨ। ਇਸ ਦਾ ਇਹ ਮਤਲਬ ਨਹੀਂ ਕਿ ਉਹ ਬਿਨਾਂ ਸੋਚੇ-ਸਮਝੇ ਬੋਲਦੇ ਹਨ।

ਉਹ ਆਪਣੇ ਟੀਚੇ ਨੂੰ ਕਦੇ ਵੀ ਨਜ਼ਰ ਤੋਂ ਦੂਰ ਨਹੀਂ ਹੋਣ ਦਿੰਦੇ। ਉਨ੍ਹਾਂ ਦੀ ਤਾਕਤ ਰਾਸ਼ਟਰੀ ਸਵੈਮ-ਸੇਵਕ ਸੰਘ ਤੋਂ ਆਉਂਦੀ ਹੈ। ਉਹ ਰਹਿਣ ਵਾਲੇ ਵੀ ਨਾਗਪੁਰ ਦੇ ਹਨ ਜਿੱਥੇ ਸੰਘ ਦਾ ਹੈੱਡਕੁਆਰਟਰ ਹੈ।

Image copyright Getty Images

ਮੰਨਿਆ ਜਾਂਦਾ ਹੈ ਕਿ ਭਾਜਪਾ ਦੀ ਰਾਜਨੀਤੀ 'ਚ ਕਾਮਯਾਬ ਹੋਣ ਲਈ ਸੰਘ ਦਾ ਹੱਥ ਸਿਰ 'ਤੇ ਹੋਣਾ ਹੀ ਬਹੁਤ ਹੈ। ਸੰਘ ਵੱਲੋਂ ਵਿਰੋਧ ਹੋਵੇ ਤਾਂ ਕੋਈ ਭਾਜਪਾ 'ਚ ਅਗਾਂਹ ਨਹੀਂ ਵੱਧ ਸਕਦਾ।

ਇਹ ਇੱਕ ਨਿਯਮ ਵਾਂਗ ਹੈ ਪਰ ਹਰ ਨਿਯਮ ਦੇ ਕੁਝ ਅਪਵਾਦ ਅਤੇ ਤੋੜ ਹੁੰਦੇ ਹਨ।

ਇਹ ਵੀ ਜ਼ਰੂਰ ਪੜ੍ਹੋ

ਸੰਘ ਦੇ ਵਿਰੋਧ ਦੇ ਬਾਵਜੂਦ ਭਾਜਪਾ 'ਚ ਅੱਗੇ ਵਧਣ ਵਾਲਿਆਂ 'ਚ ਸਾਬਕਾ ਉੱਪ-ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਅਤੇ ਰਾਜਸਥਾਨ ਦੀ ਸਾਬਕਾ ਮੁੱਖ-ਮੰਤਰੀ ਵਸੁੰਧਰਾ ਰਾਜੇ ਗਿਣੇ ਜਾ ਸਕਦੇ ਹਨ। ਸਾਲ 2014 'ਚ ਵੀ ਸੰਘ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਸਵੀਕਾਰ ਕਰਨ ਲਈ ਮਜਬੂਰ ਹੋਣਾ ਪਿਆ ਸੀ।

Image copyright Getty Images
ਫੋਟੋ ਕੈਪਸ਼ਨ ਰਾਜਸਥਾਨ ਦੀ ਸਾਬਕਾ ਮੁੱਖ-ਮੰਤਰੀ ਵਸੁੰਧਰਾ ਰਾਜੇ ਅਤੇ ਸਾਬਕਾ ਉੱਪ-ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ

ਉਸ ਵੇਲੇ ਭਾਜਪਾ ਵਿੱਚ ਇੱਕ ਤਾਕਤਵਰ ਧਿਰ ਸੀ ਜਿਸ ਦਾ ਮੰਨਣਾ ਸੀ ਕਿ ਪਾਰਟੀ ਨੂੰ 160 ਤੋਂ 180 ਸੀਟਾਂ ਹੀ ਮਿਲਣਗੀਆਂ।

ਧਾਰਨਾ ਇਹ ਸੀ ਕਿ ਜੇ ਵਾਕਈ ਅਜਿਹਾ ਹੁੰਦਾ ਹੈ ਤਾਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਸਹਿਯੋਗੀ ਪਾਰਟੀਆਂ ਪ੍ਰਧਾਨ ਮੰਤਰੀ ਵਜੋਂ ਨਹੀਂ ਸਵੀਕਾਰਨਗੀਆਂ।

ਅਜਿਹੇ ਮੌਕੇ ਲਈ ਤਿੰਨ ਹੋਰ ਨਾਂ ਪ੍ਰਧਾਨ ਮੰਤਰੀ ਅਹੁਦੇ ਲਈ ਚੱਲੇ।

ਇਹ ਵੀ ਪੜ੍ਹੋ

Image copyright Getty Images

ਉਸ ਵੇਲੇ ਲੋਕ ਸਭਾ 'ਚ ਵਿਰੋਧੀ ਧਿਰ ਦੀ ਅਗਵਾਈ ਸੁਸ਼ਮਾ ਸਵਰਾਜ ਕਰ ਰਹੇ ਸਨ। ਇਨ੍ਹਾਂ ਨੂੰ ਲਾਲ ਕ੍ਰਿਸ਼ਨ ਅਡਵਾਨੀ ਦਾ ਸਮਰਥਨ ਪ੍ਰਾਪਤ ਸੀ।

ਦੂਜੇ ਨਿਤਿਨ ਗਡਕਰੀ ਸਨ, ਹਾਲਾਂਕਿ ਉਹ ਸੰਘ ਦੀ ਪਸੰਦ ਹੋਣ ਦੇ ਬਾਵਜੂਦ ਪਾਰਟੀ ਦੀ ਪ੍ਰਧਾਨਗੀ ਮੁੜ ਹਾਸਲ ਨਹੀਂ ਕਰ ਸਕੇ ਸਨ। ਤੀਜੇ ਉਮੀਦਵਾਰ ਸਨ ਪਾਰਟੀ ਦੇ ਉਸੇ ਵੇਲੇ ਦੇ ਪ੍ਰਧਾਨ, ਰਾਜਨਾਥ ਸਿੰਘ।

ਤਿੰਨੋਂ ਇੱਕ-ਦੂਜੇ ਨੂੰ ਪਸੰਦ ਨਹੀਂ ਕਰਦੇ ਸਨ ਪਰ ਉਨ੍ਹਾਂ ਦੀ ਇੱਕ ਗੱਲ 'ਤੇ ਸਹਿਮਤੀ ਸੀ — ਮੋਦੀ ਦੀ ਖ਼ਿਲਾਫ਼ਤ।

ਇਹ ਵੀ ਜ਼ਰੂਰ ਪੜ੍ਹੋ

ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਭਾਜਪਾ ਦਾ ਹੱਥ ਛੱਡਣ ਤੋਂ ਪਹਿਲਾਂ ਭਾਜਪਾ ਦੇ ਆਗੂਆਂ ਨਾਲ ਗੱਲ ਕੀਤੀ ਸੀ।

ਰਾਜਨਾਥ ਨਾਲ ਹੋਈ ਗੱਲ ਦਾ ਕਿੱਸਾ ਕਿਸੇ ਹੋਰ ਵੇਲੇ ਛੇੜਾਂਗੇ, ਫਿਲਹਾਲ ਗਡਕਰੀ ਦੀ ਗੱਲ ਕਰਦੇ ਹਾਂ।

ਨੀਤੀਸ਼ ਕੁਮਾਰ ਨੇ ਗਡਕਰੀ ਨੂੰ ਸਿੱਧਾ ਸਵਾਲ ਕੀਤਾ: ਕੀ ਤੁਸੀਂ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਓਗੇ? ਗਡਕਰੀ ਦਾ ਸਿੱਧਾ ਜਵਾਬ ਸੀ: ਮੈਂ ਇਸ ਗੱਲ ਦੀ ਗਰੰਟੀ ਦਿੰਦਾ ਹਾਂ ਕਿ ਸਾਡੀ ਪਾਰਟੀ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਹੁਦੇ ਦਾ ਕੋਈ ਉਮੀਦਵਾਰ ਨਹੀਂ ਐਲਾਨੇਗੀ।

ਗਡਕਰੀ ਮੰਨ ਕੇ ਚੱਲ ਰਹੇ ਸਨ ਕਿ ਪਾਰਟੀ ਦੀ ਪ੍ਰਧਾਨਗੀ ਉਨ੍ਹਾਂ ਕੋਲ ਹੀ ਰਹੇਗੀ ਅਤੇ ਚੋਣਾਂ ਵਿੱਚ ਅਗੁਆਈ ਵੀ ਉਹੀ ਕਰਨਗੇ।

ਪੂਰਤੀ ਘੁਟਾਲੇ ਦੀ ਖਬਰ ਕਰਕੇ ਉਨ੍ਹਾਂ ਨੂੰ ਦੂਜਾ ਕਾਰਜਕਾਲ ਨਹੀਂ ਮਿਲਿਆ। ਇਸ ਲਈ ਉਹ ਅੱਜ ਵੀ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਨੂੰ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪਾਰਟੀ ਦੀ ਪ੍ਰਧਾਨਗੀ ਤਾਂ ਗਈ, ਨਾਲ ਹੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਵੀ ਗਿਆ।

ਹੁਣ ਮੌਜੂਦਾ ਸਮੇਂ 'ਚ ਮੁੜ ਆਉਂਦੇ ਹਾਂ। ਨਿਤਿਨ ਗਡਕਰੀ ਨੇ ਸੋਮਵਾਰ ਨੂੰ ਖੂਫੀਆ ਬਿਊਰੌ ਦੇ ਅਫਸਰਾਂ ਦੇ ਇੱਕ ਕਾਰਜਕ੍ਰਮ ਵਿੱਚ ਭਾਸ਼ਣ ਦਿੰਦਿਆਂ ਆਪਣੀ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਜ਼ਿਕਰ ਕਰਦੇ ਨਜ਼ਰ ਆਏ।

ਉਨ੍ਹਾਂ ਨੇ ਨਿਸ਼ਾਨ ਸਿੱਧਾ ਪਾਰਟੀ ਪ੍ਰਧਾਨ ਅਮਿਤ ਸ਼ਾਹ 'ਤੇ ਲਗਾਇਆ ਅਤੇ ਕਿਹਾ ਕਿ ਜੇ ਵਿਧਾਇਕ ਜਾਂ ਸੰਸਦ ਮੈਂਬਰ ਹਾਰਦੇ ਹਨ ਤਾਂ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਦੀ ਹੁੰਦੀ ਹੈ।

Image copyright Getty Images

ਗਡਕਰੀ ਇਹ ਸ਼ਾਇਦ ਭੁੱਲ ਗਏ ਕਿ ਉਨ੍ਹਾਂ ਦੀ ਪ੍ਰਧਾਨਗੀ 'ਚ ਹੀ ਭਾਜਪਾ ਦੀ ਉੱਤਰ ਪ੍ਰਦੇਸ਼ 'ਚ ਦੋ ਦਹਾਕਿਆਂ 'ਚ ਸਭ ਤੋਂ ਮਾੜੀ ਹਾਰ ਹੋਈ ਸੀ। ਉਸ ਵੇਲੇ ਉਨ੍ਹਾਂ ਨੇ ਮੋਦੀ ਦੇ ਕੱਟੜ ਵਿਰੋਧੀ ਸੰਜੇ ਜੋਸ਼ੀ ਨੂੰ ਉੱਤਰ ਪ੍ਰਦੇਸ਼ 'ਚ ਪਾਰਟੀ ਪ੍ਰਭਾਰੀ ਬਣਾਇਆ ਸੀ। ਮੋਦੀ ਨੇ ਧਮਕੀ ਦਿੱਤੀ ਸੀ ਕਿ ਜੇ ਸੰਜੇ ਜੋਸ਼ੀ ਨੂੰ ਨਾ ਹਟਾਇਆ ਤਾਂ ਉਹ ਪ੍ਰਚਾਰ ਨਹੀਂ ਕਰਨਗੇ। ਗਡਕਰੀ ਨੇ ਮੋਦੀ ਦੀ ਜ਼ਿੱਦ ਮੰਨੀ ਨਹੀਂ ਸੀ।

ਮੋਦੀ-ਗੜਕਰੀ ਤੋਂ ਪਹਿਲਾਂ ਅਮਿਤ ਸ਼ਾਹ-ਗਡਕਰੀ ਬਾਰੇ ਵੀ ਗੱਲ ਕਰਦੇ ਹਾਂ। ਇਸ ਲਈ ਜ਼ਰਾ ਪਿਛਾਂਹ ਜਾਣਾ ਪਏਗਾ।

ਇਹ ਦੋਵੇਂ ਇੱਕ ਦੂਜੇ ਨੂੰ ਕੌੜੀ ਅੱਖ ਨਾਲ ਵੀ ਵੇਖ ਕੇ ਰਾਜ਼ੀ ਨਹੀਂ। ਕਿੱਸਾ ਮੁੜ ਗਡਕਰੀ ਦੇ ਪਾਰਟੀ ਪ੍ਰਧਾਨ ਹੋਣੇ ਵੇਲੇ ਦਾ ਹੀ ਹੈ।

ਉਸ ਵੇਲੇ ਅਦਾਲਤ ਦੇ ਹੁਕਮ ਮੁਤਾਬਕ ਅਮਿਤ ਸ਼ਾਹ ਗੁਜਰਾਤ ਤੋਂ ਬਾਹਰ ਸਨ ਅਤੇ ਦਿੱਲੀ ਰਹਿ ਰਹੇ ਸਨ। ਅਮਿਤ ਸ਼ਾਹ ਜਦੋਂ ਵੀ ਪ੍ਰਧਾਨ ਗਡਕਰੀ ਨੂੰ ਮਿਲਣ ਜਾਂਦੇ ਤਾਂ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ। ਉਸ ਵੇਲੇ ਸ਼ਾਹ ਦੇ ਮਾੜੇ ਦਿਨ ਸਨ। ਗਡਕਰੀ ਮਹਾਰਾਸਟਰ ਤੋਂ ਉੱਠ ਕੇ ਅਚਾਨਕ ਪਾਰਟੀ ਪ੍ਰਧਾਨ ਬਣ ਚੁੱਕੇ ਸਨ।

Image copyright Getty Images

ਪਰ ਸਮੇਂ ਦਾ ਚੱਕਰ ਮੁੜ ਘੁੰਮਿਆ। ਮਈ 2014 'ਚ ਮੋਦੀ ਪੀਐੱਮ ਬਣ ਗਏ। ਅਮਿਤ ਸ਼ਾਹ ਪਾਰਟੀ ਪ੍ਰਧਾਨ ਸਨ। ਦਸੰਬਰ 2014 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਨਾਂ ਤੈਅ ਹੋਣਾ ਸੀ ਪਰ ਗਡਕਰੀ ਇਹ ਅਹੁਦਾ ਚਾਹ ਕੇ ਵੀ ਹਾਸਲ ਨਾ ਕਰ ਸਕੇ।

ਇਸ ਤੋਂ ਵੱਡਾ ਧੱਕਾ ਇਹ ਸੀ ਕਿ ਨਾਗਪੁਰ ਦੇ ਹੀ ਦੇਵਿੰਦਰ ਫੜਨਵੀਸ, ਜਿਨ੍ਹਾਂ ਨੂੰ ਗਡਕਰੀ ਆਪਣੇ ਸਾਹਮਣੇ ਨਿਆਣਾ ਮੰਨਦੇ ਸਨ, ਮੁੱਖ ਮੰਤਰੀ ਬਣੇ।

ਉਦੋਂ ਦੇ ਹੀ ਮੌਕਾ ਭਾਲ ਰਹੇ ਗਡਕਰੀ ਦੇ ਹੱਥ ਹੁਣ ਮੌਕਾ ਆਇਆ ਹੈ। ਉਨ੍ਹਾਂ ਨੂੰ ਜਾਪ ਰਿਹਾ ਹੈ ਕਿ ਇਹੀ ਵੇਲਾ ਹੈ ਜਦੋਂ ਮੋਦੀ-ਸ਼ਾਹ ਉੱਪਰ ਹਮਲਾ ਕੀਤਾ ਜਾ ਸਕਦਾ ਹੈ। ਹੁਣ ਵੇਖਣਾ ਇਹ ਹੈ ਕਿ ਪਾਰਟੀ ਦਾ ਕੋਈ ਹੋਰ ਵੀ ਆਗੂ ਉਨ੍ਹਾਂ ਨਾਲ ਰਲੇਗਾ ਕਿ ਨਹੀਂ।

ਇਹ ਵੀ ਜ਼ਰੂਰ ਪੜ੍ਹੋ

ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਮੋਦੀ ਦਾ ਜਾਦੂ ਪਹਿਲਾਂ ਵਾਂਗ ਨਹੀਂ ਚੱਲ ਰਿਹਾ। ਮੰਨਿਆ ਜਾ ਰਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀਆਂ ਸੀਟਾਂ ਘਟਣਗੀਆਂ ਅਤੇ ਕਾਂਗਰਸ ਦੀਆਂ ਵਧਣਗੀਆਂ।

ਫਿਰ ਵੀ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਭਾਜਪਾ ਦੇ ਗੱਠਜੋੜ ਐੱਨਡੀਏ ਦੀ ਹੀ ਬਣੇਗੀ। ਭਾਜਪਾ ਵਿੱਚ ਅਜਿਹੇ ਲੋਕਾਂ ਦੀ ਘਾਟ ਨਹੀਂ ਜੋ ਮੰਨਦੇ ਹਨ ਕਿ ਫਿਰ ਪਾਰਟੀ ਨੂੰ ਮੋਦੀ ਦੇ ਬਦਲ ਦੀ ਲੋੜ ਪਏਗੀ।

Image copyright Getty Images

ਮੋਦੀ ਉੱਪਰ ਗਡਕਰੀ ਦਾ ਅਸਿੱਧਾ ਹਮਲਾ ਆਪਣੀ ਦਾਅਵੇਦਾਰੀ ਦੀ ਪੇਸ਼ਕਸ਼ ਹੈ। ਗਡਕਰੀ ਨੇ ਆਪਣੇ ਮੰਤਰਾਲੇ ਦੇ ਕੰਮ ਨਾਲ ਵੀ ਸ਼ਲਾਘਾ ਕਮਾਈ ਹੈ।

ਉਨ੍ਹਾਂ ਨੇ ਆਪਣੀ ਪਛਾਣ ਅਜਿਹੀ ਬਣਾਈ ਹੈ ਕਿ ਉਹ ਤਾਂ ਕੰਮ ਕਰਵਾਉਣ 'ਚ ਮਾਹਰ ਹਨ ਅਤੇ ਸਮਝੌਤੇ ਨਾਲ ਵੀ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ।

ਇਹ ਵੀ ਪੜ੍ਹੋ:

ਗਡਕਰੀ ਭ੍ਰਿਸ਼ਟਾਚਾਰ ਦੇ ਸਮਰਥਕ ਨਹੀਂ ਹਨ ਪਰ ਇਸ ਨੂੰ ਇੰਨੀ ਬੁਰੀ ਚੀਜ਼ ਵੀ ਨਹੀਂ ਮੰਨਦੇ ਕਿ ਇਸ ਕਰਕੇ ਕੰਮ ਹੀ ਰੋਕ ਦੇਣ।

ਗਡਕਰੀ ਦੇ ਬਿਆਨਾਂ ਨਾਲ ਮੋਦੀ-ਸ਼ਾਹ ਦੇ ਖ਼ਿਲਾਫ਼ ਭਾਜਪਾ ਵਿੱਚ ਗੋਲਬੰਦੀ ਦੀ ਗੱਲ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸਵਾਲ ਇਹ ਹੈ ਕਿ ਗਡਕਰੀ ਦੀ ਇਹ ਪੇਸ਼ਕਸ਼ ਕਿੰਨੀ ਕੁ ਦੂਰ ਜਾਵੇਗੀ। ਸਵਾਲ ਇਹ ਵੀ ਹੈ ਕਿ ਅਮਿਤ ਸ਼ਾਹ ਵੱਲੋਂ ਕੋਈ ਜਵਾਬ ਆਏਗਾ ਕਿ ਨਹੀਂ।

ਜੋ ਵੀ ਹੋਵੇ, ਇਹ ਸਾਫ ਹੈ ਕਿ ਗਡਕਰੀ ਨੇ ਪ੍ਰਧਾਨ ਮੰਤਰੀ ਬਣਨ ਦੀ ਆਪਣੀ ਦਾਅਵੇਦਾਰੀ ਦਾ ਇਰਾਦਾ ਸਾਫ ਕਰ ਦਿੱਤਾ ਹੈ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)