ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਜਨਰਲ ਬਾਜਵਾ ਦਾ ਕੈਨੇਡਾ ਦੀ ਸਿੱਖ ਜਥੇਬੰਦੀ ਵੱਲੋਂ ਸਨਮਾਨ -5 ਅਹਿਮ ਖਬਰਾਂ

imran khan, kartarpur

ਤਸਵੀਰ ਸਰੋਤ, Getty Images

ਟਾਈਮਜ਼ ਆਫ਼ ਇੰਡੀਆ ਮੁਤਾਬਕ ਸਿੱਖ ਜਥੇਬੰਦੀ ਨੇ ਕੈਨੇਡਾ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਸਨਮਾਨ ਕੀਤਾ ਹੈ।

ਕੈਨੇਡਾ ਦੇ ਬਰੈਂਪਟਨ ਵਿੱਚ 'ਐਨ ਈਵਨਿੰਗ ਆਫ਼ ਆਨਰ ਐਂਡ ਡਿਗਨਿਟੀ' ਨਾਮ ਤੋਂ ਕੀਤੇ ਗਏ ਇਸ ਸਮਾਗਮ ਵਿੱਚ ਪਾਕਿਸਤਾਨ ਦੇ ਕੌਂਸਲੇਟ ਜਨਰਲ ਇਮਰਾਨ ਅਹਿਮਦ ਸਿੱਦੀਕੀ ਨੂੰ ਇੱਕ ਸਰਟੀਫਿਕੇਟ ਦਿੱਤਾ ਗਿਆ। 24 ਕੈਰਟ ਦੇ ਸੋਨੇ ਵਾਲਾ ਇਹ ਸਰਟੀਫਿਕੇਟ ਸਿੱਖ ਨੇਤਾ ਸੁਖਮਿੰਦਰ ਸਿੰਘ ਹੰਸਾਰਾ ਨੇ ਦਿੱਤਾ ਹੈ।

ਹੰਸਾਰਾ ਨੇ ਸੰਬੋਧਨ ਕਰਦਿਆਂ ਸਿੱਖਾਂ ਦੇ ਸਮਰਥਨ ਲਈ ਭਾਰਤੀ ਕੌਂਸਲੇਟ ਨਾਲੋਂ ਵਧੇਰੇ ਪਾਕਿਸਤਾਨੀ ਕੌਂਸਲੇਟ ਨੂੰ ਸਨਮਾਨ ਦਿੱਤਾ ਹੈ।

ਕ੍ਰਿਸਮਸ ਮੌਕੇ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਨਵੇਂ ਪਾਕਿਸਤਾਨ ਵਿੱਚ ਇਹ ਧਿਆਨ ਰੱਖਿਆ ਜਾਵੇਗਾ ਕਿ ਘੱਟ-ਗਿਣਤੀਆਂ ਨੂੰ ਬਰਾਬਰੀ ਦੇ ਹੱਕ ਮਿਲਣ।

ਉਨ੍ਹਾਂ ਕਿਹਾ ਕਿ ਨਵੇਂ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ ਨਾਲ ਭਾਰਤ ਵਰਗਾ ਸਲੂਕ ਨਹੀਂ ਕੀਤਾ ਜਾਵੇਗਾ।

ਬਾਦਲਾਂ ਦੇ ਹੈਲੀਕਾਪਟਰ ਝੂਟੇ: ਕੈਗ ਦੇ ਬਹੀ ਖਾਤੇ 'ਚ ਅਟਕਿਆ ਹਿਸਾਬ

ਦਿ ਟ੍ਰਿਬਿਊਨ ਮੁਤਾਬਕ ਬਾਦਲਾਂ ਨੂੰ ਸੱਤਾ ਤੋਂ ਹਟਿਆਂ ਦੋ ਸਾਲ ਹੋਣ ਵਾਲੇ ਹਨ ਪਰ ਉਨ੍ਹਾਂ ਦੇ ਬਾਲਾਸਰ ਫਾਰਮ ਅਤੇ ਬਾਬਿਆਂ ਦੇ ਡੇਰਿਆਂ ਦੇ ਹਵਾਈ ਗੇੜਿਆਂ ਦਾ ਖਰਚਾ ਅਜੇ ਤੱਕ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ।

ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਪਹਿਲਾਂ ਸਫ਼ਾਈ ਦਿੱਤੀ ਸੀ ਕਿ ਇਹ ਸਾਰੇ ਹਵਾਈ ਗੇੜੇ ਲੋਕ ਹਿੱਤ ਵਿਚ ਲਾਏ ਗਏ ਸਨ, ਪਰ ਇਸ ਨਾਲ ਕੈਗ ਦੀ ਤਸੱਲੀ ਨਹੀਂ ਹੋਈ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਵਿਭਾਗ ਵੱਲੋ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਕੈਗ ਨੇ ਆਪਣੇ ਲੇਖੇ-ਜੋਖੇ ਵਿੱਚ ਇਨ੍ਹਾਂ ਖਰਚਿਆਂ 'ਤੇ ਸਹੀ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਅਕਤੂਬਰ ਮਹੀਨੇ ਕੈਗ ਨੇ ਆਪਣੇ ਨੋਟ ਵਿੱਚ ਕਿਹਾ ਸੀ ਕਿ 'ਵਿਭਾਗ ਵਲੋਂ ਦਿੱਤਾ ਗਿਆ ਸਪੱਸ਼ਟੀਕਰਨ ਤਸੱਲੀਬਖ਼ਸ਼ ਨਹੀਂ ਹੈ।'

ਬਾਦਲਾਂ ਨੇ ਆਪਣੇ ਦਸ ਸਾਲਾਂ ਦੇ ਰਾਜ ਦੌਰਾਨ ਹੈਲੀਕਾਪਟਰ ਦੇ ਝੂਟਿਆਂ 'ਤੇ 157 ਕਰੋੜ ਰੁਪਏ ਖਰਚ ਦਿੱਤੇ ਸਨ।

ਪੀਐਨਬੀ ਦੀ ਸਲਾਨਾ ਮੀਟਿੰਗ ਵਿੱਚ ਗਾਇਆ ਜਾਵੇਗਾ ਰਾਸ਼ਟਰ ਗੀਤ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪੰਜਾਬ ਨੈਸ਼ਨਲ ਬੈਂਕ ਨੇ ਫੈਸਲਾ ਕੀਤਾ ਹੈ ਕਿ ਹਰੇਕ ਸਲਾਨਾ ਜਨਰਲ ਮੀਟਿੰਗ ਅਤੇ ਈਜੀਐਮ (ਐਕਟਰਾਓਰਡੀਨਰੀ ਜਨਰਲ ਮੀਟਿੰਗ) ਦੌਰਾਨ ਰਾਸ਼ਟਰ ਗੀਤ ਗਾਇਆ ਜਾਵੇਗਾ।

ਇਹ ਮੀਟਿੰਗ ਆਮ ਤੌਰ 'ਤੇ ਸ਼ੇਅਰਹੋਲਡਰਾਂ ਦੇ ਨਾਲ ਕਈ ਅਹਿਮ ਫੈਸਲਿਆਂ 'ਤੇ ਪ੍ਰਵਾਨਗੀ ਲਈ ਕੀਤੀ ਜਾਂਦੀ ਹੈ।

ਇਹ ਆਈਡੀਆ ਪਿਛਲੀ ਏਜੀਐਮ ਵਿੱਚ ਇੱਕ ਸ਼ੇਅਰਹੋਲਡਰ ਵੱਲੋਂ ਦਿੱਤਾ ਗਿਆ ਸੀ ਜਿਸ ਨੂੰ ਪੀਐਨਬੀ ਦੇ ਗੈਰ-ਕਾਰਜਕਾਰੀ ਚੇਅਰਮੈਨ ਸੁਨੀਲ ਮਹਿਤਾ ਨੇ ਮਨਜ਼ੂਰ ਕਰ ਲਿਆ ਹੈ।

ਸੈਕਿਊਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ ਅਤੇ ਆਰਬੀਆਈ ਦੇ ਨਿਯਮ ਮੁਤਾਬਕ ਕਿਸੇ ਵੀ ਏਜੀਐਮ ਜਾਂ ਸਲਾਨਾ ਮੀਟਿੰਗ ਦੌਰਾਨ ਰਾਸਟਰ ਗੀਤ ਦੀ ਤਜਵੀਜ ਨਹੀਂ ਹੈ।

ਪੀਐਨਬੀ ਦੇ ਅਧਿਕਾਰੀਆਂ ਨਾਲ ਕਈ ਵਾਰੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਕੋਈ ਵੀ ਪ੍ਰਤੀਕਰਮ ਦੇਣ ਤੋਂ ਇਨਕਾਰ ਕਰ ਦਿੱਤਾ।

ਸੁਨਾਮੀ ਆਉਣ ਤੋਂ ਪਹਿਲਾਂ ਇੰਝ ਚੇਤਾਵਨੀ ਦਾ ਪਤਾ ਲੱਗੇਗਾ

ਇੰਡੋਨੇਸ਼ੀਆ ਵਿੱਚ ਸ਼ਨੀਵਾਰ ਨੂੰ ਅਚਾਨਕ ਆਈ ਸੁਨਾਮੀ ਨੇ ਇੱਕ ਵੱਡੇ ਇਲਾਕੇ ਨੂੰ ਪ੍ਰਭਾਵਿਤ ਕੀਤਾ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ ਚਾਰ ਸੌ ਤੋਂ ਵੱਧ ਹੋ ਚੁੱਕੀ ਹੈ।

ਇੰਡੋਨੇਸ਼ੀਆ ਦਾ ਕਹਿਣਾ ਹੈ ਕਿ ਉਸ ਨੇ ਇੱਕ ਅਜਿਹੀ ਨਵੀਂ ਵਾਰਨਿੰਗ ਮਸ਼ੀਨ (ਚੇਤਾਵਨੀ ਦੇਣ ਵਾਲੀ ਮਸ਼ੀਨ) ਤਿਆਰ ਕੀਤੀ ਹੈ ਜੋ ਸਮੁੰਦਰ ਦੇ ਹੇਠਾਂ ਲੈਂਡਸਲਾਈਡ ਕਾਰਨ ਆਉਣ ਵਾਲੀ ਸੁਨਾਮੀ ਦਾ ਪਹਿਲਾਂ ਹੀ ਪਤਾ ਲਗਾ ਲਏਗੀ।

ਤਸਵੀਰ ਸਰੋਤ, Getty Images

ਇੱਕ ਸਰਕਾਰੀ ਏਜੰਸੀ ਨੇ ਬੀਬੀਸੀ ਨੂੰ ਦੱਸਿਆ ਕਿ ਇਨ੍ਹਾਂ ਨਵੇਂ ਉਪਕਰਣਾਂ ਨੂੰ ਅਗਲੇ ਸਾਲ ਤੋਂ ਲਾਇਆ ਜਾਨ ਲੱਗੇਗਾ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕ੍ਰੇਕਾਟੋਆ ਜਵਾਲਾਮੁਖੀ ਦੇ ਫਟਣ ਕਾਰਨ ਸਮੁੰਦਰ ਵਿੱਚ ਹਲਚਲ ਹੋਈ ਜਿਸ ਕਾਰਨ ਤੇਜ਼ ਲਹਿਰਾਂ ਉੱਠੀਆਂ ਅਤੇ ਸੁਨਾਮੀ ਆਈ।

ਕ੍ਰਿਸਮਸ ਮੌਕੇ 40 ਪਰਵਾਸੀ ਬਚਾਏ

ਕ੍ਰਿਸਮਸ ਮੌਕੇ ਇੰਗਲਿਸ਼ ਚੈਨਲ ਵਿੱਚੋਂ ਪੰਜ ਵੱਖ-ਵੱਖ ਥਾਵਾਂ ਤੋਂ 40 ਪਰਵਾਸੀਆਂ ਨੂੰ ਬਚਾਅ ਲਿਆ ਗਿਆ ਹੈ। ਇਸ ਵਿੱਚ ਦੋ ਬੱਚੇ ਵੀ ਸ਼ਾਮਿਲ ਹਨ।

ਸਭ ਤੋਂ ਪਹਿਲਾਂ ਲਾਈਫਬੋਟਸ ਅਤੇ ਇੱਕ ਕੋਸਟਗਾਰਡ ਹੈਲੀਕਾਪਟਰ ਨੇ 12 ਲੋਕਾਂ ਅਤੇ ਇੱਕ ਬੱਚੇ ਨੂੰ ਕੈਂਟ ਦੇ ਸਮੁੰਦਰੀ ਕਿਨਾਰੇ ਕੰਢੇ 'ਤੇ ਇੱਕ ਕਿਸ਼ਤੀ ਨੂੰ ਰੋਕਿਆ।

ਤਸਵੀਰ ਸਰੋਤ, Marine nationale/BBC

ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਪਰਵਾਸੀ ਇਰਾਕੀ, ਇਰਾਨੀ ਅਤੇ ਅਫ਼ਗਾਨੀ ਹਨ।

ਇਹ ਵੀ ਪੜ੍ਹੋ:

ਬੱਚਿਆਂ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ ਹੈ ਅੇਤ ਨੌਜਵਾਨਾਂ ਨੂੰ ਇਮੀਗਰੇਸ਼ਨ ਅਧਿਕਾਰੀਆਂ ਕੋਲ ਭੇਜਿਆ ਗਿਆ ਹੈ ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)