ਯੋਗ ਗੁਰੂ ਬਾਬਾ ਰਾਮਦੇਵ ਕਿਉਂ ਬਣਾ ਰਹੇ ਹਨ ਭਾਜਪਾ ਅਤੇ ਮੋਦੀ ਤੋਂ ਦੂਰੀ

  • ਇਮਰਾਨ ਕੁਰੈਸ਼ੀ
  • ਬੀਬੀਸੀ ਦੇ ਲਈ
ਮੋਦੀ ਰਾਮਦੇਵ

ਤਸਵੀਰ ਸਰੋਤ, Getty Images

ਯੋਗ ਗੁਰੂ ਬਾਬਾ ਰਾਮਦੇਵ ਦੇ ਸਿਆਸੀ ਤੌਰ 'ਤੇ 'ਨਿਰਪੱਖ' ਰਹਿਣ ਦੇ ਫ਼ੈਸਲੇ ਅਤੇ ਠੀਕ 6 ਮਹੀਨੇ ਪਹਿਲਾਂ ਅਪਣਾਏ ਰੁਖ ਨੂੰ ਬਦਲਣ ਨਾਲ ਕਈ ਸਵਾਲ ਉੱਠ ਰਹੇ ਹਨ।

ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕਿਸੇ ਸਮੇਂ ਭਾਰਤੀ ਜਨਤਾ ਪਾਰਟੀ ਦੇ ਸਮਰਥਨ 'ਚ ਮੁਹਿੰਮ ਚਲਾਉਣ ਵਾਲੇ ਯੋਗ ਗੁਰੂ ਰਾਮ ਦੇਵ ਹੁਣ ਖ਼ੁਦ ਨੂੰ 'ਹਰ ਦਲ ਅਤੇ ਕਿਸੇ ਦਲ ਨਾਲ ਵੀ ਨਹੀਂ' ਕਿਉਂ ਦੱਸ ਰਹੇ ਹਨ?

ਸਵਾਲ ਦਾ ਕਾਰਨ ਵੀ ਹੈ। ਤਿੰਨ ਮਹੀਨੇ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਬਾਬਾ ਰਾਮਦੇਵ ਨੇ ਖ਼ੁਦ ਨੂੰ ਭਾਜਪਾ ਤੋਂ ਵੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ ਇੱਕ ਪ੍ਰੋਗਰਾਮ ਦੌਰਾਨ ਰਾਮਦੇਵ ਨੇ ਕਿਹਾ ਸੀ ਕਿ ਉਹ ਅਗਲੀਆਂ ਚੋਣਾਂ ਵਿੱਚ ਭਾਜਪਾ ਲਈ ਪ੍ਰਚਾਰ ਨਹੀਂ ਕਰਨਗੇ।

ਪਰ, ਉਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਜ਼ਿਆਦਾ ਕੁਝ ਨਹੀਂ ਕਿਹਾ ਸੀ। ਪਰ ਮੰਗਲਵਾਰ ਨੂੰ ਰਾਮਦੇਵ ਨੇ ਖ਼ੁਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਵੀ ਵੱਖ ਦਿਖਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਉਹ 'ਕਿਸੇ ਵਿਅਕਤੀ ਦਾ ਸਮਰਥਨ ਨਹੀਂ ਕਰਦੇ।' ਪਿਛਲੇ ਕਈ ਸਾਲਾਂ 'ਚ ਤਮਾਮ ਮੌਕਿਆਂ 'ਤੇ ਨਰਿੰਦਰ ਮੋਦੀ ਦੀ ਤਾਰੀਫ਼ ਕਰ ਚੁੱਕੇ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਭਵਿੱਖਬਾਣੀ ਕਰਦੇ ਰਹੇ ਰਾਮਦੇਵ ਨੇ ਅਗਲੀਆਂ ਚੋਣਾਂ ਨੂੰ ਲੈ ਕੇ ਕਿਹਾ ਕਿ ਉਹ ਨਹੀਂ ਜਾਣਦੇ ਕਿ 'ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ'।

'ਕਿਸੇ ਦਾ ਸਮਰਥਨ ਨਹੀਂ'

ਯੋਗ ਗੁਰੂ ਰਾਮਦੇਵ ਨੇ ਮੰਗਲਵਾਰ ਨੂੰ ਮਦੁਰਈ ਏਅਰਪੋਰਟ 'ਤੇ ਪੱਤਰਕਾਰਾਂ ਨੂੰ ਕਿਹਾ, "ਫਿਲਹਾਲ ਸਿਆਸਤ ਬਹੁਤ ਗੁੰਝਲਦਾਰ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਜਾਂ ਫਿਰ ਦੇਸ ਦੀ ਅਗਵਾਈ ਕੌਣ ਕਰੇਗਾ। ਪਰ ਹਾਲਾਤ ਬਹੁਤ ਦਿਲਚਸਪ ਹਨ। ਸੰਘਰਸ਼ ਵਾਲੀ ਸਥਿਤੀ ਹੈ।"

ਤਸਵੀਰ ਸਰੋਤ, Getty Images

ਉਨ੍ਹਾਂ ਨੇ ਅੱਗੇ ਕਿਹਾ, "ਹੁਣ ਮੈਂ ਸਿਆਸਤ ਵੱਲ ਧਿਆਨ ਨਹੀਂ ਲਗਾ ਰਿਹਾ ਹਾਂ। ਮੈਂ ਨਾ ਤਾਂ ਕਿਸੇ ਵਿਅਕਤੀ ਅਤੇ ਨਾ ਹੀ ਕਿਸੇ ਪਾਰਟੀ ਦਾ ਸਮਰਥਨ ਕਰ ਰਿਹਾ ਹਾਂ।"

ਯੋਗ ਗੁਰੂ ਰਾਮਦੇਵ ਦਾ ਤਾਜ਼ਾ ਬਿਆਨ ਬਹੁਤ ਸਾਰੇ ਲੋਕਾਂ ਲਈ ਹੈਰਾਨ ਕਰਨ ਵਾਲਾ ਹੈ। ਖਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਨੇ ਰਾਮਦੇਵ ਨੂੰ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ 'ਚ ਸਰਗਰਮ ਹੋ ਕੇ ਮੁਹਿੰਮ ਚਲਾਉਂਦੇ ਵੇਖਿਆ ਹੈ।

ਇਹ ਵੀ ਪੜ੍ਹੋ:

ਛੇ ਮਹੀਨੇ 'ਚ ਬਦਲੇ ਸੁਰ

ਕਰੀਬ ਛੇ ਮਹੀਨੇ ਪਹਿਲਾਂ 3 ਜੂਨ ਨੂੰ ਬਾਬਾ ਰਾਮਦੇਵ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਮੌਜੂਦ ਸਨ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ 4 ਸਾਲ ਦੇ ਕੰਮਕਾਜ ਦੀ ਤਾਰੀਫ਼ ਵਿੱਚ ਜੁਟੇ ਹੋਏ ਸਨ।

ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਰਿਪੋਰਟਾਂ ਵਿੱਚ ਰਾਮਦੇਵ ਦੇ ਹਵਾਲੇ ਨਾਲ ਕਿਹਾ ਗਿਆ, "ਪ੍ਰਧਾਨ ਮੰਤਰੀ ਦਾ ਇਰਾਦਾ ਅਤੇ ਅਗਵਾਈ ਦੇਸ ਨੂੰ ਅੱਗੇ ਲਿਜਾ ਰਹੀ ਹੈ।"

ਇਹ ਬਿਆਨ ਉਸ ਵੇਲੇ ਆਇਆ ਜਦੋਂ ਅਮਿਤ ਸ਼ਾਹ ਯੋਗ ਗੁਰੂ ਰਾਮਦੇਵ ਨੂੰ ਮਿਲਣ ਪਹੁੰਚੇ ਸਨ।

ਉਦੋਂ ਅਮਿਤ ਸ਼ਾਹ ਨੇ ਕਿਹਾ ਸੀ, "ਮੈਂ ਬਾਬਾ ਰਾਮਦੇਵ ਦਾ ਸਮਰਥਨ ਲੈਣ ਆਇਆ ਹਾਂ। ਮੈਂ ਜੋ ਕੁਝ ਕਹਿਣਾ ਸੀ, ਉਨ੍ਹਾਂ ਨੇ ਬੜੇ ਧਿਆਨ ਨਾਲ ਸਭ ਸੁਣਿਆ।"

ਅਮਿਤ ਸ਼ਾਹ ਨੇ ਅੱਗੇ ਕਿਹਾ, "ਜੇਕਰ ਸਾਨੂੰ ਬਾਬਾ ਰਾਮਦੇਵ ਦੀ ਮਦਦ ਮਿਲਦੀ ਹੈ ਤਾਂ ਅਸੀਂ ਉਨ੍ਹਾਂ ਦੇ ਕਰੋੜਾਂ ਸਮਰਥਕਾਂ ਤੱਕ ਪਹੁੰਚ ਸਕਦੇ ਹਾਂ। ਜਿਹੜੇ 2014 ਵਿੱਚ ਸਾਡੇ ਨਾਲ ਸਨ, ਅਸੀਂ ਉਨ੍ਹਾਂ ਸਾਰਿਆਂ ਦਾ ਆਸ਼ੀਰਵਾਦ ਮੰਗ ਰਹੇ ਹਾਂ।"

ਬਾਬਾ ਨੂੰ ਵਪਾਰ ਦੀ ਚਿੰਤਾ?

ਜੂਨ ਤੋਂ ਲੈ ਕੇ ਦਸੰਬਰ ਤੱਕ ਦੇਸ ਵਿੱਚ ਸਿਆਸੀ ਤੌਰ 'ਤੇ ਸਿਰਫ਼ ਇੱਕ ਬਦਲਾਅ ਹੋਇਆ ਹੈ। ਭਾਜਪਾ ਨੇ ਤਿੰਨ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਸੱਤਾ ਗੁਆ ਦਿੱਤੀ ਹੈ।

ਕਰੀਬ ਸਾਢੇ ਚਾਰ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਸਮਰਥਨ ਵਿੱਚ ਮੁਹਿੰਮ ਚਲਾਉਣ ਵਾਲੇ ਯੋਗ ਗੁਰੂ ਦਾ ਰੁਖ ਕੀ ਇਸੇ ਕਾਰਨ ਬਦਲ ਗਿਆ ਹੈ?

ਤਸਵੀਰ ਸਰੋਤ, Getty Images

ਇਸ ਸਵਾਲ 'ਤੇ ਸੀਨੀਅਰ ਸਿਆਸੀ ਵਿਸ਼ਲੇਸ਼ਕ ਅਨਿਕੇਂਦਰਨਾਥ ਸੇਨ ਕਹਿੰਦੇ ਹਨ, "ਹੁਣ ਰਾਮਦੇਵ ਦੀ ਵੱਡੀ ਭੂਮਿਕਾ ਇੱਕ ਬਾਬਾ ਜਾਂ ਸਵਾਮੀ ਦੀ ਬਜਾਏ ਵਪਾਰੀ ਦੀ ਹੈ। ਇਸ ਲਈ ਉਹ ਸੰਭਲ ਕੇ ਚੱਲ ਰਹੇ ਹਨ। ਉਹ ਇੱਕ ਫੈਲਦੇ ਕਾਰੋਬਾਰ ਦੇ ਸ਼ਾਸਕ ਦੀ ਤਰ੍ਹਾਂ ਹੀ ਹਾਲਾਤ 'ਤੇ ਪ੍ਰਤੀਕਿਰਿਆ ਦੇ ਰਹੇ ਹਨ।"

ਸੇਨ ਅੱਗੇ ਕਹਿੰਦੇ ਹਨ, "ਦੂਜੀ ਗੱਲ ਇਹ ਹੈ ਕਿ ਹਿੰਦੀ ਭਾਸ਼ੀ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਨਾਲ ਉਨ੍ਹਾਂ ਨੇ ਕੰਧ 'ਤੇ ਲਿਖੇ ਸ਼ਬਦਾਂ ਨੂੰ ਪੜ੍ਹ ਲਿਆ ਹੈ। ਇਨ੍ਹਾਂ ਸੂਬਿਆਂ ਵਿੱਚ ਲੋਕ ਸਭਾ ਦੀ ਚੰਗੀ ਗਿਣਤੀ ਵਿੱਚ ਸੀਟਾਂ ਆਉਂਦੀਆਂ ਹਨ।"

ਸੇਨ ਕਹਿੰਦੇ ਹਨ, ''ਨਿਰਪੱਖ ਭੂਮਿਕਾ ਅਪਣਾ ਕੇ ਬਾਬਾ ਰਾਮਦੇਵ 2014 ਦੀ ਸਥਿਤੀ ਤੋਂ ਵੱਖ ਹੋ ਗਏ ਹਨ। ਪਹਿਲਾਂ ਉਹ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦਾ ਹਿੱਸਾ ਸਨ। ਫਿਰ ਉਹ ਰਾਮਲੀਲਾ ਮੈਦਾਨ ਵਿੱਚ ਖ਼ੁਦ ਆਏ ਜਿੱਥੋਂ ਉਹ ਔਰਤਾਂ ਦੇ ਕੱਪੜਿਆਂ 'ਚ ਬਚ ਕੇ ਨਿਕਲੇ। ਆਪਣੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦਾ ਫਾਇਦਾ ਭਾਜਪਾ ਨੂੰ ਹੋਇਆ। ਹੁਣ ਮੋਦੀ 'ਤੇ ਇਲਜ਼ਾਮ ਲੱਗ ਰਹੇ ਹਨ। ਹੁਣ ਉਹ ਅੰਦੋਲਨ ਖ਼ਤਮ ਹੋ ਚੁੱਕਿਆ ਹੈ।"

ਭਾਜਪਾ ਅਤੇ ਨਰਿੰਦਰ ਮੋਦੀ ਦਾ ਸਮਰਥਨ ਕਰਦੇ ਰਹੇ ਬਾਬਾ ਰਾਮਦੇਵ ਨੇ ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ ਇੱਕ ਪ੍ਰੋਗਰਾਮ 'ਚ ਕਿਹਾ ਸੀ ਉਹ ਅਗਲੀਆਂ ਚੋਣਾਂ ਵਿੱਚ ਭਾਜਪਾ ਦਾ ਪ੍ਰਚਾਰ ਨਹੀਂ ਕਰਨਗੇ।

ਇਸ ਮੌਕੇ 'ਤੇ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਕਾਲਾ ਧਨ, ਭ੍ਰਿਸ਼ਟਾਚਾਰ ਅਤੇ ਪ੍ਰਬੰਧ ਵਿੱਚ ਬਦਲਾਅ ਨਾਲ ਜੁੜੇ ਮੁੱਦਿਆਂ 'ਤੇ ਉਨ੍ਹਾਂ ਦਾ ਮੋਦੀ 'ਤੇ ਭਰੋਸਾ ਸੀ।

ਇਹ ਭਰੋਸਾ ਅਜੇ ਹੈ ਜਾਂ ਨਹੀਂ, ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ 'ਤੇ ਫਿਲਹਾਲ ਉਨ੍ਹਾਂ ਨੇ ਚੁੱਪੀ ਧਾਰੀ ਹੋਈ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)