ਲਕਸ਼ਮੀਕਾਂਤਾ ਚਾਵਲਾ : ਬੁਲੇਟ ਟਰੇਨ ਭੁੱਲ ਜਾਓ, ਪਹਿਲਾਂ ਮੌਜੂਦਾ ਟਰੇਨਾਂ ਚਲਾਓ - 5 ਅਹਿਮ ਖਬਰਾਂ

ਲਕਸ਼ਮੀ

ਤਸਵੀਰ ਸਰੋਤ, Getty Images

ਸੀਨੀਅਰ ਭਾਜਪਾ ਆਗੂ ਲਕਸ਼ੀਕਾਂਤਾ ਚਾਵਲਾ ਜਿਨ੍ਹਾਂ ਦੀ ਟਰੇਨ 10 ਘੰਟੇ ਦੇਰੀ ਨਾਲ ਚੱਲ ਰਹੀ ਸੀ ਨੇ ਇੱਕ ਵੀਡੀਓ ਰਾਹੀਂ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਵਿੱਚ 3 ਜਨਵਰੀ ਨੂੰ ਹੋਣ ਵਾਲੀ ਰੈਲੀ ਤੋਂ ਪਹਿਲਾਂ ਭਾਜਪਾ ਆਗੂ ਦੀ ਇਸ ਟਿੱਪਣੀ ਨੇ ਭਾਜਪਾ ਲਈ ਫਿਕਰ ਵਧਾ ਦਿੱਤੀ ਹੈ।

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਲਕਸ਼ਮੀਕਾਂਤਾ ਚਾਵਲਾ ਨੇ ਟਰੇਨ ਦੀ ਸੀਟ 'ਤੇ ਬੈਠੇ ਹੋਏ ਹੀ ਵੀਡੀਓ ਬਣਾਇਆ ਅਤੇ ਕਿਹਾ, "ਜਿਸ ਟਰੇਨ ਸਰਯੂ-ਯਮੁਨਾ-ਐਕਸਪ੍ਰੈਸ ਵਿੱਚ ਮੈਂ ਸਫ਼ਰ ਕਰ ਰਹੀ ਹਾਂ ਉਹ 9 ਤੋਂ ਵੀ ਵੱਧ ਘੰਟੇ ਦੇਰੀ ਨਾਲ ਚੱਲ ਰਹੀ ਹੈ। ਮੈਂ ਦੇਸ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿਣਾ ਚਾਹਾਂਗੀ ਕਿ ਜਦੋਂ ਟਰੇਨ ਦੀਆਂ ਸੀਟਾਂ ਦੀ ਹਾਲਤ ਮਾੜੀ ਹੈ, ਦਰਵਾਜ਼ੇ ਟੁੱਟੇ ਹੋਏ ਹਨ, ਟੁਆਇਲਟ ਦੀਆਂ ਟੂਟੀਆਂ ਖਰਾਬ ਹਨ...ਤਾਂ ਬੁਲੇਟ ਟਰੇਨ ਨੂੰ ਭੁੱਲ ਜਾਓ।"

ਉਨ੍ਹਾਂ ਅੱਗੇ ਕਿਹਾ, "ਉਹ ਟਰੇਨ ਭੁੱਲ ਜਾਓ ਜੋ 120 ਜਾਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜਦੀ ਹੈ। ਪਹਿਲਾਂ ਉਹ ਟਰੇਨਾਂ ਸਹੀ ਤਰ੍ਹਾਂ ਚਲਾਓ ਜੋ ਪਹਿਲਾਂ ਹੀ ਚੱਲ ਰਹੀਆਂ ਹਨ ਮੋਦੀ ਜੀ, ਪੀਊਸ਼ ਜੀ।"

ਗੌਲਫ਼ਰ ਜਯੋਤੀ ਰੰਧਾਵਾ ਗ੍ਰਿਫ਼ਤਾਰ

ਦਿ ਟ੍ਰਿਬਿਊਨ ਮੁਤਾਬਕ ਯੂਪੀ ਪੁਲੀਸ ਨੇ ਕੌਮਾਂਤਰੀ ਗੌਲਫ਼ਰ ਜਯੋਤੀ ਰੰਧਾਵਾ ਨੂੰ ਦੁਧਵਾ ਟਾਈਗਰ ਰਿਜ਼ਰਵ ਦੇ ਸੁਰੱਖਿਅਤ ਖੇਤਰ 'ਚ ਸ਼ਿਕਾਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਹੈ।

ਗੌਲਫ਼ਰ ਨਾਲ ਉਸ ਦੇ ਦੋਸਤ ਮਹੇਸ਼ ਵੀਰਾਜਦਾਰ ਨੂੰ ਵੀ ਕਾਬੂ ਕੀਤਾ ਗਿਆ ਹੈ, ਜੋ ਸਾਬਕਾ ਫ਼ੌਜੀ ਕਪਤਾਨ ਤੇ ਮਹਾਰਾਸ਼ਟਰ ਦਾ ਵਸਨੀਕ ਹੈ।

ਜੰਗਲੀ ਜੀਵ ਰੱਖਿਆ ਐਕਟ ਤਹਿਤ ਕੇਸ ਦਰਜ ਕਰਨ ਮਗਰੋਂ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਫੀਲਡ ਅਧਿਕਾਰੀ ਰਮੇਸ਼ ਪਾਂਡੇ ਨੇ ਦੱਸਿਆ ਕਿ ਰੰਧਾਵਾ, ਜਿਸ ਦਾ ਪੂਰਾ ਨਾਮ ਜਯੋਤਿੰਦਰ ਸਿੰਘ ਰੰਧਾਵਾ ਹੈ, ਕੋਲੋਂ ਇਕ ਰਾਈਫਲ ਵੀ ਬਰਾਮਦ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਰੰਧਾਵਾ ਤੇ ਵੀਰਾਜਦਾਰ ਨੂੰ ਕਟਾਰਨੀਆਘਾਟ ਦੀ ਮੋਤੀਪੁਰ ਰੇਂਜ ਨੇੜਿਓਂ ਹਰਿਆਣਾ ਦੇ ਰਜਿਸਟਰੇਸ਼ਨ ਨੰਬਰ ਵਾਲੇ ਵਾਹਨ ਤੇ ਕੁਝ ਹੋਰ ਸਾਜ਼ੋ-ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images

ਪਾਂਡੇ ਨੇ ਕਿਹਾ ਕਿ ਜੰਗਲਾਤ ਕਰਮੀਆਂ ਦੀ ਇਕ ਟੀਮ ਨੇ ਦੋਵਾਂ ਨੂੰ ਜਾਨਵਰਾਂ ਦਾ ਸ਼ਿਕਾਰ ਕਰਦਿਆਂ ਵੇਖਿਆ ਸੀ। ਅਧਿਕਾਰੀ ਮੁਤਾਬਕ ਉਨ੍ਹਾਂ ਦੇ ਵਾਹਨ 'ਚੋਂ ਹਿਰਨ ਦੀ ਚਮੜੀ ਤੇ ਇਕ ਰਾਈਫਲ ਬਰਾਮਦ ਹੋਈ ਹੈ।

ਵਾਹਨ 'ਚੋਂ ਜੰਗਲੀ ਸੂਰ ਦਾ ਪਿੰਜਰ ਤੇ ਇਕ ਚੀਤਲ ਵੀ ਮਿਲਿਆ ਹੈ। ਗੌਲਫਰ ਜਯੋਤੀ ਰੰਧਾਵਾ ਸਾਲ 2004 ਤੋਂ 2009 ਦੇ ਦਰਮਿਆਨ ਕਈ ਵਾਰ ਵਿਸ਼ਵ ਦੇ ਸਿਖਰਲੇ ਸੌ ਗੌਲਫਰਾਂ ਵਿੱਚ ਸ਼ੁਮਾਰ ਰਿਹਾ ਹੈ।

ਰੰਧਾਵਾ, ਬਾਲੀਵੁੱਡ ਅਦਾਕਾਰ ਚਿਤਰਾਂਗਦਾ ਸਿੰਘ ਨਾਲ ਵਿਆਹਿਆ ਸੀ, ਪਰ ਦੋਵੇਂ ਸਾਲ 2014 ਵਿੱਚ ਵੱਖ ਹੋ ਗਏ।

ਆਨਲਾਈਨ ਕੰਪਨੀਆਂ ਲਈ ਸਖ਼ਤੀ

ਹਿੰਦੁਸਤਾਨ ਟਾਈਮਜ਼ ਮੁਤਾਬਕ ਸਰਕਾਰ ਨੇ ਬੁੱਧਵਾਰ ਨੂੰ ਫਲਿਪਕਾਰਟ ਅਤੇ ਐਮਾਜ਼ੋਨ ਵਰਗੀਆਂ ਆਨਲਾਈਨ ਕੰਪਨੀਆਂ ਦੇ ਉਤਪਾਦ ਵੇਚਣ 'ਤੇ ਰੋਕ ਲਗਾ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਦੇ ਸ਼ੇਅਰ ਹਨ।

ਤਸਵੀਰ ਸਰੋਤ, Getty Images

ਇਸ ਤੋਂ ਇਲਾਵਾ ਉਨ੍ਹਾਂ ਨੂੰ ਵਪਾਰ ਲਈ ਵਿਸ਼ੇਸ਼ ਸੌਦੇ ਡੀਲਜ਼ ਦੇਣ ਤੋਂ ਵੀ ਪਾਬੰਦੀ ਲਾ ਦਿੱਤੀ ਹੈ ਕਿਉਂਕਿ ਇਸ ਕਾਰਨ ਭਾਰਤ ਦੀ 18 ਬਿਲੀਅਨ ਡਾਲਰ ਦੀ ਈ-ਕਾਮਰਸ ਸਨਅਤ ਨੂੰ ਨੁਕਸਾਨ ਹੋ ਸਕਦਾ ਹੈ।

ਇਹ ਐਮਾਜ਼ੋਨ ਅਤੇ ਫਲਿੱਪਕਾਰਟ ਲਈ ਵੱਡਾ ਝਟਕਾ ਸਾਬਿਤ ਹੋ ਸਕਦਾ ਹੈ ਕਿਉਂਕਿ ਦੋਹਾਂ ਦੀ ਹੀ ਰਿਟੇਲਰ ਕੰਪਨੀਆਂ ਦੇ ਨਾਲ ਹਿੱਸੇਦਾਰੀ ਹੈ।

ਐਮਾਜ਼ੋਨ ਦੀ ਕਲਾਊਡਟੇਲ ਅਤੇ ਅਪੈਰੀਓ ਨਾਲ ਸਾਂਝੇਦਾਰੀ ਹੈ। ਜਦੋਂਕਿ ਫਲਿੱਪਕਾਰਟ ਦੀ ਹਿੱਸੇਦਾਰੀ ਸ਼ੀਓਮੀ ਅਤੇ ਓਪੋ ਦੇ ਨਾਲ ਹੈ।

ਟਰੰਪ ਨੇ ਇਰਾਕ ਪਹੁੰਚ ਕੇ ਫੌਜੀਆਂ ਨੂੰ ਦਿੱਤੀ ਕ੍ਰਿਸਮਸ ਦੀ ਵਧਾਈ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕ੍ਰਿਸਮਸ ਦੇ ਮੌਕੇ 'ਤੇ ਇਰਾਕ ਵਿੱਚ ਮੌਜੂਦ ਅਮਰੀਕੀ ਫੌਜੀਆਂ ਨਾਲ ਮੁਲਾਕਾਤ ਕੀਤੀ। ਟਰੰਪ ਨੇ ਇਹ ਪ੍ਰੋਗਰਾਮ ਪਹਿਲਾਂ ਹੀ ਤੈਅ ਨਹੀਂ ਕੀਤਾ ਸੀ। ਉਨ੍ਹਾਂ ਦੇ ਨਾਲ ਅਮਰੀਕਾ ਦੀ ਫਰਸਟ ਲੇਡੀ ਮੈਲੇਨੀਆ ਟਰੰਪ ਵੀ ਸੀ।

ਤਸਵੀਰ ਸਰੋਤ, AFP

ਵਾਈਟ ਹਾਊਸ ਨੇ ਜਾਣਕਾਰੀ ਦਿੱਤੀ ਹੈ ਕਿ ਟਰੰਪ ਅਤੇ ਮੈਲੇਨੀਆ 'ਕ੍ਰਿਸਮਸ ਨੂੰ ਦੇਰ ਰਾਤ' ਇਰਾਕ ਪਹੁੰਚੇ। ਉਹ ਇਰਾਕ ਵਿੱਚ ਮੌਜੂਦ ਫੌਜੀਆਂ ਨੂੰ 'ਉਨ੍ਹਾਂ ਦੀਆਂ ਸੇਵਾਵਾਂ, ਉਨ੍ਹਾਂ ਦੀ ਕਾਮਯਾਬੀ ਅਤੇ ਕੁਰਬਾਨੀਆਂ' ਲਈ ਧੰਨਵਾਦ ਕਰਨ ਗਏ ਸਨ।

ਖਬਰ ਏਜੰਸੀ ਰਾਇਟਰਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦੀ ਇਰਾਕ ਤੋਂ ਫੌਜੀਆਂ ਨੂੰ ਹਟਾਉਣ ਦੀ ਕੋਈ ਯੋਜਨਾ ਨਹੀਂ ਹੈ।

ਅਫ਼ਗਾਨਿਸਤਾਨ ਚੋਣਾਂ ਤਿੰਨ ਮਹੀਨੇ ਦੇਰੀ ਨਾਲ

ਅਫ਼ਗਾਨਿਸਾਤਨ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਹੋਣ ਵਾਲੀਆਂ ਚੋਣਾਂ ਹੁਣ ਤਿੰਨ ਮਹੀਨੇ ਦੀ ਦੇਰੀ ਨਾਲ ਹੋਣਗੀਆਂ। ਚੋਣ ਅਧਿਕਾਰੀਆਂ ਮੁਤਾਬਕ ਇਹ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਹੋਣੀਆਂ ਸਨ ਪਰ ਹੁਣ ਇਹ ਚੋਣਾਂ ਮੱਧ-ਜੁਲਾਈ ਜਾਂ ਅਗਸਤ ਵਿੱਚ ਹੋਣਗੀਆਂ।

ਤਸਵੀਰ ਸਰੋਤ, Reuters

ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਬਹੁਤ ਸਾਰੇ ਸੰਭਾਵੀ ਉਮੀਦਵਾਰ ਰਜਿਸਟਰੇਸ਼ਨ ਲੋੜਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਸਨ ਅਤੇ ਖਰਾਬ ਮੌਸਮ ਹੋਣ ਕਾਰਨ ਵੀ ਬਸੰਤ ਵਿੱਚ ਤਾਰੀਖ ਦਾ ਐਲਾਨ ਮੁਸ਼ਕਿਲ ਸੀ।

ਇਹ ਐਲਾਨ ਅਮਰੀਕਾ ਵੱਲੋਂ ਅਫ਼ਗਾਨਿਸਤਾਨ ਵਿੱਚੋਂ ਹਜ਼ਾਰਾਂ ਸੈਨਿਕਾਂ ਨੂੰ ਵਾਪਸ ਸੱਦਣ ਦੀਆਂ ਖਬਰਾਂ ਤੋਂ ਬਾਅਦ ਆਇਆ ਹੈ।

ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਲਗਭਗ 7,000 ਸੈਨਿਕ ਕੁਝ ਮਹੀਨਿਆਂ ਅੰਦਰ ਹੀ ਘਰ ਪਰਤ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)