ਸਵਾਈਨ ਫਲੂ ਦੇ ਲੱਛਣ ਕੀ ਹਨ ਤੇ ਇਸ ਤੋਂ ਕਿਵੇਂ ਕੀਤਾ ਜਾ ਸਕਦਾ ਹੈ ਬਚਾਅ

 • ਸਤ ਸਿੰਘ
 • ਬੀਬੀਸੀ ਪੰਜਾਬੀ ਲਈ
ਸਵਾਈਨ ਫਲੂ

ਤਸਵੀਰ ਸਰੋਤ, AFP

ਹਰਿਆਣਾ ਦੇ ਹਿਸਾਰ ਵਿੱਚ ਬੀਤੇ 10 ਦਿਨਾਂ ਵਿੱਚ 7 ਲੋਕਾਂ ਦੀ ਮੌਤ ਸਵਾਈਨ ਫਲੂ ਕਾਰਨ ਹੋਈ ਹੈ ਅਤੇ ਕੁੱਲ ਮਿਲਾ ਕੇ 29 ਮਾਮਲੇ ਪੌਜ਼ੀਟਿਵ ਮਿਲੇ ਹਨ।

ਇਹ ਜਾਣਕਾਰੀ ਹਿਸਾਰ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਮੀਣਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਨਾਲ ਹੋਈਆਂ ਮੌਤਾਂ ਵਿੱਚ 5 ਔਰਤਾਂ ਸ਼ਾਮਿਲ ਹਨ।

ਸੂਬੇ ਦੇ ਸਾਰੇ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਦਵਾਈਆਂ ਵੀ ਮੁਹੱਈਆਂ ਕਰਵਾਉਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ:

ਹਿਸਾਰ ਦੇ ਚੀਫ ਮੈਡੀਕਲ ਅਫ਼ਸਰ ਡਾ. ਦਯਾਨੰਦ ਨੇ ਵੀ ਮੌਤਾਂ ਦਾ ਕਾਰਨ H1N1 ਹੋਣ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਕਿਹਾ, "ਰੋਕਥਾਮ ਦੇ ਉਪਾਅ ਕਰਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਪਿੰਡਾਂ 'ਚ ਸ਼ੱਕੀ ਰੋਗੀਆਂ ਦੇ ਘਰਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਇਸ ਨੂੰ ਖ਼ਤਮ ਕਰਨ ਲਈ ਜਾਗਰੂਕਤਾ ਮੁਹਿੰਮ ਚਲਾ ਰਹੀਆਂ ਹਨ।"

ਸਵਾਈਨ ਫਲੂ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ,

ਜਾਗਰੂਕਤਾ ਫੈਲਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਕਰ ਰਹੀਆਂ ਹਨ ਪਿੰਡਾਂ ਦਾ ਦੌਰਾ

ਭਿਵਾਨੀ ਸਿਵਲ ਹਸਪਤਾਲ ਤੋਂ ਡਾ. ਜੋਤੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਚਾਰ ਪੌਜ਼ੀਟਿਵ ਕੇਸ ਮਿਲੇ, ਜਿਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ ਹੈ।

ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ

ਉਨ੍ਹਾਂ ਨੇ ਕਿਹਾ, "ਭਿਵਾਨੀ ਵਿੱਚ ਜੋ ਇੱਕ ਮਰੀਜ਼ ਦੀ ਮੌਤ ਹੋਈ ਹੈ ਉਸ ਵਿੱਚ ਭਾਵੇਂ H1N1 ਵਾਇਰਸ ਮਿਲਿਆ ਸੀ ਪਰ ਉਸ ਦੀ ਮੌਤ ਸਵਾਈਨ ਫਲੂ ਕਾਰਨ ਨਹੀਂ ਹੋਈ ਹੈ।''

ਡਾ. ਜੋਤੀ ਨੇ ਦੱਸਿਆ ਕਿ ਪਿੰਡਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਵਿਭਾਗ ਦੀਆਂ ਟੀਮਾਂ ਦੌਰੇ ਕਰ ਰਹੀਆਂ ਹਨ।

ਭਿਵਾਨੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਸਵਾਈਨ ਫਲੂ ਦੇ ਸ਼ੱਕੀ ਮਰੀਜ਼ ਸੁਰੇਸ਼ ਕੁਮਾਰ ਨੇ ਦੱਸਿਆ, "ਮੈਂ ਤਿੰਨ ਦਿਨ ਪਹਿਲਾਂ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਕੰਮ ’ਤੇ ਗਿਆ ਸੀ। ਉਸ ਦੌਰਾਨ ਮੈਨੂੰ ਜ਼ੁਕਾਮ ਹੋ ਗਿਆ। ਜਦੋਂ ਹਾਲਤ ਜ਼ਿਆਦਾ ਵਿਗੜੀ ਤੇ ਮੈਂ ਹਸਪਤਾਲ ਦਾਖਿਲ ਹੋਇਆ।''

ਸਵਾਈਨ ਫਲੂ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ,

ਸਵਾਈਨ ਫਲੂ ਸ਼ੱਕੀ ਮਰੀਜ਼ ਸੁਰੇਸ਼ ਕੁਮਾਰ ਨੇ ਇਲਾਜ ਨਾਲ ਜਤਾਈ ਸੰਤੁਸ਼ਟੀ

ਸੁਰੇਸ਼ ਮੁਤਾਬਕ ਉਹ ਹਸਪਤਾਲ 'ਚ ਸਵਾਈਨ ਫਲੂ ਦੇ ਮਰੀਜ਼ਾਂ ਲਈ ਬਣਾਏ ਗਏ ਵੱਖਰੇ ਵਾਰਡ ਵਿੱਚ ਮਿਲਦੇ ਇਲਾਜ ਤੋਂ ਸੰਤੁਸ਼ਟ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਉਸ ਜਲਦੀ ਠੀਕ ਵੀ ਹੋ ਜਾਣਗੇ।

ਹਾਲਾਂਕਿ, ਪੇਂਡੂ ਇਲਾਕਿਆਂ 'ਚ ਸਰਕਾਰੀ ਹਸਪਤਾਲ 'ਚ ਕੰਮ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਉੱਥੋਂ ਦੇ ਮਰੀਜ਼ ਵੀ ਵਾਇਰਸ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਹਨ।

ਪਰ ਸਰਕਾਰੀ ਹਸਪਤਾਲ 'ਚ ਦਵਾਈਆਂ ਦੀ ਕਮੀ ਅਤੇ ਲੈਬੋਰਟਰੀ ਦੀ ਮੌਜੂਦਗੀ ਨਾ ਹੋਣ ਕਾਰਨ ਮਰੀਜ਼ ਨਿੱਜੀ ਹਸਪਤਾਲਾਂ ਦਾ ਰੁਖ਼ ਕਰ ਰਹੇ ਹਨ।

ਇਹ ਵੀ ਪੜ੍ਹੋ:

ਪੀਜੀਆਈਐਮਐਸ ਰੋਹਤਕ ਦੇ ਚੀਫ ਮੈਡੀਕਲ ਅਫਸਰ ਡਾ. ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਹਾਲ ਵਿੱਚ ਸਵਾਈਨ ਫਲੂ ਵਾਲੇ ਕੇਵਲ ਦੋ ਹੀ ਮਰੀਜ਼ ਹਸਪਤਾਲ 'ਚ ਭਰਤੀ ਹੋਏ ਸਨ ਅਤੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਛੁੱਟੀ ਦੇ ਦਿੱਤੀ ਗਈ ਸੀ।

ਸਵਾਈਨ ਫਲੂ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ,

ਸਵਾਈਨ ਪਲੂ ਹੁਣ ਤੱਤ ਸੂਬੇ ਵਿੱਚ 7 ਮੌਤਾਂ

ਉਨ੍ਹਾਂ ਕਿਹਾ, "ਸਵਾਈਨ ਫਲੂ ਦੇ ਮਾਮਲਿਆਂ ਲਈ ਵੱਖਰਾ ਵਾਰਡ ਬਣਾਇਆ ਗਿਆ ਹੈ ਅਤੇ ਨਾਲ ਹੀ ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ।"

ਹਾਲਾਂਕਿ, ਜਦੋਂ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਐਮਰਜੈਂਸੀ ਵਾਰਡ ਕੋਲ ਸਵਾਈਨ ਫਲੂ ਲਈ ਸਥਾਪਿਤ ਵੱਖਰੇ ਵਾਰਡ 'ਚ ਕੋਈ ਡਾਕਟਰ ਜਾਂ ਗਰਾਊਂਡ ਸਟਾਫ ਨਹੀਂ ਮਿਲਿਆ।

60-70 ਸ਼ੱਕੀ ਮਾਮਲੇ

ਸਿਹਤ ਮੰਤਰੀ ਅਨਿਲ ਵਿਜ ਨੇ ਸਾਰੇ ਹਸਪਤਾਲਾਂ ਵਿੱਚ ਹਾਲਾਤ ਨਾਲ ਨਜਿੱਠਣ ਲਈ ਹਾਈ ਅਲਰਟ ਜਾਰੀ ਕਰ ਦਿੱਤਾ ਹੈ।

ਸਵਾਈਨ ਫਲੂ

ਤਸਵੀਰ ਸਰੋਤ, Sat singh/bbc

ਸਿਹਤ ਮੰਤਰੀ ਨੇ ਕਿਹਾ, "ਰਾਜਸਥਾਨ ਨਾਲ ਲਗਦੇ ਜ਼ਿਲ੍ਹਿਆਂ 'ਚ ਸਵਾਈਨ ਪਲੂ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਸੂਬੇ 'ਚ 29 ਮਾਮਲੇ ਪਾਜ਼ੀਟਿਵ ਮਿਲੇ ਹਨ। ਇਸ ਤੋਂ ਇਲਾਵਾ ਹੁਣ ਤੱਕ 60-70 ਸ਼ੱਕੀ ਮਾਮਲੇ ਵੀ ਮਿਲੇ ਹਨ।"

ਉਨ੍ਹਾਂ ਨੇ ਕਿਹਾ ਸਾਰੇ ਹਸਪਤਾਲਾਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ ਅਤੇ ਵੱਖਰੇ ਵਾਰਡ ਤੇ ਦਵਾਈਆਂ ਤਿਆਰ ਰੱਖਣ ਲਈ ਕਿਹਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਉਸ ਤੋਂ ਬਚਾਅ ਲਈ ਡਾਕਟਰ ਦੂਜਿਆਂ ਦੇ ਸਰੀਰ ਦੇ ਸੰਪਰਕ 'ਚ ਆਉਣ ਤੋਂ ਬਚਣ ਦੀ ਸਲਾਹ ਦੇ ਰਹੇ ਹਨ।

ਸਵਾਈਨ ਫਲੂ

ਤਸਵੀਰ ਸਰੋਤ, SPL

ਸਵਾਈਨ ਫਲੂ ਕੀ ਹੁੰਦਾ ਹੈ?

 • ਇਹ ਸਾਹ ਨਾਲ ਜੁੜੀ ਬਿਮਾਰੀ ਹੈ। ਜੋ ਇਨਫਲੂਏਂਜ਼ਾ ਟਾਈਪ-ਏ ਵਾਇਰਸ ਕਾਰਨ ਹੁੰਦੀ ਹੈ। ਸਵਾਈਨ ਫਲੂ ਸੂਰਾਂ ਨੂੰ ਵੀ ਹੁੰਦੀ ਹੈ।
 • ਸਵਾਈਨ ਫਲੂ ਦੇ ਸ਼ੁਰੂਆਤੀ ਮਾਮਲੇ ਵਿੱਚ 2009 ਵਿੱਚ ਅਮਰੀਕਾ ਦੇ ਮੈਕਸਿਕੋ ਵਿੱਚ ਸਾਹਮਣੇ ਆਏ ਸਨ। ਉਸ ਤੋਂ ਬਾਅਦ ਲਗਪਗ 100 ਦੇਸਾਂ ਵਿੱਚ ਇਸ ਦੇ ਕੇਸ ਸਾਹਮਣੇ ਆ ਚੁੱਕੇ ਹਨ।
 • ਪ੍ਰਯੋਗਸ਼ਾਲਾ ਵਿੱਚ ਕੀਤੇ ਗਏ ਤਜ਼ਰਬਿਆਂ ਮੁਤਾਬਕ ਵਾਇਰਸ ਦੇ ਜੀਨ ਉੱਤਰੀ ਅਮਰੀਕਾ ਦੇ ਸੂਰਾਂ ਵਰਗੇ ਜੀਨ ਹੁੰਦੇ ਹਨ। ਇਸੇ ਕਾਰਨ ਇਸ ਨੂੰ ਸਵਾਈਨ ਫਲੂ ਕਿਹਾ ਜਾਂਦਾ ਹੈ।
 • ਵਿਗਿਆਨਕ ਭਾਸ਼ਾ ਵਿੱਚ ਇਸ ਵਾਇਰਸ ਨੂੰ ਇੰਫਲੂਏਂਜ਼ਾ-ਏ (ਐਚ1ਏ1) ਕਿਹਾ ਜਾਂਦਾ ਹੈ। ਇਸ ਦੀ ਇੱਕ ਹੋਰ ਕਿਸਮ ਕਾਰਨ 1918 ਵਿੱਚ ਇੱਕ ਬਿਮਾਰੀ ਫੈਲ ਵੀ ਚੁੱਕੀ ਹੈ।

ਕਿਵੇਂ ਹੁੰਦਾ ਹੈ ਸਵਾਈਨ ਫਲੂ?

 • ਸ਼ੁਰੂਆਤੀ ਸਮੇਂ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਇਸ ਵਿੱਚ ਸੂਰਾਂ ਦੀ ਭੂਮਿਕਾ ਹੁੰਦੀ ਹੈ।
 • ਬਾਅਦ ਵਿੱਚ ਪਤਾ ਲੱਗਿਆ ਕਿ ਇਹ ਇਨਸਾਨਾਂ ਤੋਂ ਇਨਸਾਨਾਂ ਵਿੱਚ ਫੈਲਦਾ ਹੈ, ਖ਼ਾਸ ਕਰਕੇ ਖੰਘਣ ਅਤੇ ਛਿੱਕਣ ਨਾਲ।
 • ਸਧਾਰਣ ਜ਼ੁਖ਼ਾਮ ਵੀ ਇਸੇ ਵਾਇਰਸ ਕਾਰਨ ਹੁੰਦਾ ਹੈ ਪਰ ਸਵਾਈਨ ਫਲੂ ਇਸ ਦੀ ਇੱਕ ਖ਼ਾਸ ਕਿਸਮ ਕਾਰਨ ਹੀ ਹੁੰਦਾ ਹੈ।

ਸਵਾਈਨ ਫਲੂ ਦੇ ਲੱਛਣ

 • ਆਮ ਫਲੂ ਵਰਗੇ ਹੀ ਹੁੰਦੇ ਹਨ।
 • ਪਛਾਣ ਖੂਨ ਦੀ ਜਾਂਚ ਰਾਹੀਂ ਕੀਤੀ ਜਾਂਦੀ ਹੈ।
 • ਸਿਰ ਦਰਦ, ਬੁਖ਼ਾਰ, ਗਲੇ ਵਿੱਚ ਖ਼ੁਰਕ, ਖੰਘ, ਪਿੰਡੇ ਵਿੱਚ ਦਰਦ, ਸਾਹ ਲੈਣ ਵਿੱਚ ਮੁਸ਼ਕਿਲ ਇਸ ਦੇ ਮੁੱਖ ਲੱਛਣ ਹਨ।
 • ਗੰਭੀਰ ਹੋ ਜਾਵੇ ਤਾਂ ਕਈ ਅੰਗ ਵੀ ਨਕਾਰਾ ਹੋ ਸਕਦੇ ਹਨ ਅਤੇ ਮੌਤ ਵੀ ਹੋ ਸਕਦੀ ਹੈ।
ਬੱਚੇ

ਤਸਵੀਰ ਸਰੋਤ, EPA

ਕੀ ਇਲਾਜ ਸੰਭਵ ਹੈ?

ਕੁਝ ਹੱਦ ਤੱਕ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਦੇ ਮਰੀਜ਼ਾਂ ਨੂੰ ਸ਼ੁਰੂ ਵਿੱਚ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਹਾਲਾਂ ਕਿ ਇਹ ਦਵਾਈਆਂ ਪੂਰੀ ਤਰ੍ਹਾਂ ਤਾਂ ਕਾਬੂ ਨਹੀਂ ਕਰ ਸਕਦੀਆਂ ਪਰ ਖ਼ਤਰਨਾਕ ਅਸਰ ਨੂੰ ਰੋਕ ਸਕਦੀਆਂ ਹਨ।

ਇਸ ਦੇ ਬਚਾਅ ਲਈ ਕੀ ਕੀਤਾ ਜਾ ਸਕਦਾ ਹੈ?

 • ਸਵਾਈਨ ਫਲੂ ਤੋਂ ਬਚਣ ਲਈ ਸਾਫ-ਸਫਾਈ ਦਾ ਖ਼ਿਆਲ ਰੱਖੋ।
 • ਭੀੜ-ਭੜੱਕੇ ਵਾਲੀਆਂ ਥਾਵਾਂ ਤੇ ਜਾਣ ਤੋਂ ਬਚੋ।
 • ਖੰਘਣ ਤੇ ਛਿੱਕਣ ਸਮੇਂ ਮੂੰਹ ਰੁਮਾਲ ਨਾਲ ਢਕ ਕੇ ਰੱਖੋ।
 • ਫਲੂ ਦੇ ਮਰੀਜ਼ਾਂ ਨੂੰ ਵੱਖਰੇ ਰੱਖੋ ਉਨ੍ਹਾਂ ਦੀ ਸਾਂਭ ਸੰਭਾਲ ਵਾਲੇ ਮਾਸਕ ਦੀ ਵਰਤੋਂ ਜਰੂਰ ਕਰਨ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)