ਅੰਮ੍ਰਿਤਸਰ ’ਚ ਰਹਿੰਦੇ ’84 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇੱਕ ਹੋਰ ਉਜਾੜੇ ਦਾ ਡਰ- ਪੰਜ ਅਹਿਮ ਖ਼ਬਰਾਂ

ਸੰਕੇਤਕ ਤਸਵੀਰ Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

1984 ਵਿੱਚ ਦਿੱਲੀ ਤੋਂ ਉੱਜੜ ਕੇ ਆਏ ਅੰਮ੍ਰਿਤਸਰ ਦੇ ਬਾਹਰਵਾਰ ਵਸਾਏ ਗਏ, 9 ਪਰਿਵਾਰਾਂ ਨੂੰ ਦੁਬਾਰਾ ਉੱਜੜ ਜਾਣ ਦਾ ਡਰ ਸਤਾ ਰਿਹਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ ਅੰਮ੍ਰਿਤਸਰ ਦੇ ਚੱਬਾ ਨੇੜੇ ਇਨ੍ਹਾਂ ਪਰਿਵਾਰਾਂ ਨੂੰ ਵਸਾਇਆ ਗਿਆ ਸੀ ਪਰ ਹੁਣ ਉਨ੍ਹਾਂ ਨੂੰ ਵਸਾਉਣ ਵਾਲੇ ਹੀ ਸਿੱਖ ਸ਼ਹੀਦ ਪਰਿਵਾਰ ਟਰੱਸਟ ਨੇ ਉਨ੍ਹਾਂ ਉੱਪਰ ਨਾਜਾਇਜ਼ ਕਬਜ਼ੇ ਦਾ ਇਲਜ਼ਾਮ ਲਗਾ ਕੇ ਥਾਂ ਖਾਲ੍ਹੀ ਕਰਨ ਦਾ ਨੋਟਿਸ ਭੇਜ ਦਿੱਤਾ ਹੈ।

ਚੱਬਾ ਦੀ ਸ਼ਹੀਦ ਸਿੱਖ ਪਰਿਵਾਰ ਕਾਲੋਨੀ ਦੇ ਵਾਸੀ ਇਹ ਪਰਿਵਾਰ ਇੰਨੇ ਗਰੀਬ ਹਨ ਕਿ ਆਪਣੇ ਲਈ ਵਕੀਲ ਨਹੀਂ ਕਰ ਸਕਦੇ। ਪਰਿਵਾਰਾਂ ਦਾ ਕਹਿਣਾ ਹੈ ਕਿ ਕੁਝ ਪੰਥਕ ਆਗੂ ਉਨ੍ਹਾਂ ਦੀ ਥਾਂ ਹਥਿਆਉਣਾ ਚਾਹੁੰਦੇ ਹਨ।

ਟਰੱਸਟ ਮੁਤਾਬਕ ਉਨ੍ਹਾਂ ਨੇ ਇਹ ਜ਼ਮੀਨ ਸ਼੍ਰੋਮਣੀ ਕਮੇਟੀ ਨੂੰ ਦੇਣ ਲਈ ਖ਼ਰੀਦੀ ਸੀ ਜਿਸ ਨੇ ਇੱਥੇ ਇੱਕ ਤਕਨੀਕੀ ਕਾਲਜ ਖੋਲ੍ਹਣਾ ਸੀ ਅਤੇ ਇਨ੍ਹਾਂ ਲੋਕਾਂ ਵਿੱਚੋਂ ਕੋਈ ਵੀ 1984 ਦੇ ਸਿੱਖ ਕਤਲੇਆਮ ਦਾ ਪੀੜਤ ਨਹੀਂ ਹੈ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਪੰਚਾਇਤੀ ਚੋਣਾਂ ਸ਼ੁਰੂ ਤੋਂ ਹੀ ਕਿਸੇ ਪਾਰਟੀ ਦੇ ਚੋਣ ਨਿਸ਼ਾਨ ’ਤੇ ਨਹੀਂ ਹੁੰਦੀਆਂ।

ਪੰਜਾਬ ਪੰਚਾਇਤ ਚੋਣਾਂ ਅੱਜ

ਪੰਜਾਬ ਵਿੱਚ ਅੱਜ ਪੰਚਾਇਤ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਚੋਣਾਂ ਲਈ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕਈ ਪਿੰਡਾਂ ਵਿੱਚੋਂ ਪੈਸੇ ਅਤੇ ਦੇਸੀ ਸ਼ਰਾਬ ਵੰਡੇ ਜਾਣ ਦੀਆਂ ਖ਼ਬਰਾਂ ਵੀ ਹਨ ਅਤੇ ਪੁਲਿਸ ਨੇ ਹਰਿਆਣਾ-ਬਠਿੰਡਾ ਬਾਰਡਰ ਤੋਂ ਵੱਡੀ ਗਿਣਤੀ ਵਿੱਚ ਦੇਸੀ ਸ਼ਰਾਬ ਦੀਆਂ ਬੋਤਲਾਂ ਵੀ ਫੜੀਆਂ ਸਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ 13.276 ਪੰਚਾਇਤਾਂ ਲਈ 17,286 ਪੋਲਿੰਗ ਬੂਥਾਂ ਉੱਪਰ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਉਸ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋ ਜਾਵੇਗੀ।

ਚੋਣਾਂ ਬਾਰੇ ਕੁਝ ਦਿਲਚਸਪ ਤੱਥ ( ਦਿ ਟ੍ਰਿਬਿਊਨ )

ਕੁੱਲ ਵੋਟਰ- 1,27,87,395

ਮਹਿਲਾ ਵੋਟਰ- 60,66,245

ਪੁਰਸ਼ ਵੋਟਰ-66,88,245

ਤੀਸਰਾ ਲਿੰਗ-97

ਵੋਟਿੰਗ ਅਮਲਾ-86,340

ਸਰਪੰਚ- 13,276

ਸਰਬਸੰਮੀਤੀ ਨਾਲ ਚੁਣੇ ਗਏ- 4,363

ਉਮੀਦਵਾਰ- 22,801

ਪੰਚ- 83,831

ਸਰਬਸੰਮੀਤੀ ਨਾਲ ਚੁਣੇ ਗਏ- 46754

ਉਮੀਦਵਾਰ- 67,960

Image copyright AFP

ਦੱਖਣੀ ਅਫਰੀਕਾ ਵਿੱਚ ਨਸਲੀ ਵਿਤਕਰਾ

ਦੱਖਣੀ ਅਫਰੀਕਾ ਦੇ ਸਭ ਤੋਂ ਖ਼ੂਸਬਸੂਰਤ ਸਮੁੰਦਰੀ ਕੰਢੇ ’ਤੇ ਮੁਜ਼ਾਹਰੇ ਦੀ ਖ਼ਬਰ ਹੈ।

ਕੇਪ ਟਾਊਨ ਸ਼ਹਿਰ ਦੇ ਇਸ ਬੀਚ ਉੱਪਰ ਉੱਥੋਂ ਦੇ ਨਿੱਜੀ ਸੁਰੱਖਿਆ ਗਾਰਡਾਂ ਵੱਲੋਂ ਕਥਿਤ ਤੌਰ ’ਤੇ ਕਾਲੇ ਲੋਕਾਂ ਨੂੰ ਬੀਚ ਤੋਂ ਚਲੇ ਜਾਣ ਲਈ ਕਹੇ ਜਾਣ ਮਗਰੋਂ ਮਾਮਲਾ ਗਰਮਾਇਆ।

Image copyright AFP

ਸੁਰੱਖਿਆ ਫਰਮ ਨੇ ਹਾਲਾਂ ਕਿ ਇਲਜ਼ਾਮਾਂ ਨੂੰ ਨਕਾਰਿਆ ਹੈ ਪਰ ਸ਼ਹਿਰ ਦੇ ਮੇਅਰ ਦਾ ਕਹਿਣਾ ਹੈ ਕਿ ਫਰਮ ਕੋਲ ਕਿਸੇ ਨੂੰ ਵੀ ਬੀਚ ਤੋਂ ਚਲੇ ਜਾਣ ਲਈ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ। ਬੀਬੀਸੀ ਦੀ ਵੈੱਬਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

Image copyright LAXMIKANT/BBC

ਪੀਐੱਮ ਦੇ ਭਾਸ਼ਣ ਤੋਂ ਬਾਅਦ ਪੱਥਰਬਾਜ਼ੀ 'ਚ ਇੱਕ ਪੁਲਿਸ ਵਾਲੇ ਦੀ ਮੌਤ

ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਤੋਂ ਬਾਅਦ ਕੀਤੀ ਗਈ ਪੱਥਰਬਾਜ਼ੀ 'ਚ ਇੱਕ ਪੁਲਿਸ ਕਰਮੀ ਦੀ ਮੌਤ ਹੋ ਗਈ ਹੈ।

ਪੀਟੀਆਈ ਦੀ ਖ਼ਬਰ ਮੁਤਾਬਕ ਸ਼ਨਿੱਚਰਵਾਰ ਨੂੰ ਗਾਜ਼ੀਪੁਰ ਵਿਖੇ ਹੋਏ ਪ੍ਰਧਾਨ ਮੰਤਰੀ ਦੇ ਸਮਾਗਮ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਗਏ ਟ੍ਰੈਫਿਕ ਜਾਮ ਨੂੰ ਖੁਲ੍ਹਵਾਉਣ ਲਈ ਗਏ 48 ਸਾਲਾ ਸੁਰੇਸ਼ ਵਤਸ ਦੇ ਸਿਰ 'ਤੇ ਪੱਥਰ ਵੱਜਿਆ।

ਪੁਲਿਸ ਸੁਪਰਡੈਂਟ (ਗਾਜ਼ੀਪੁਰ) ਯਸ਼ਵੀਰ ਸਿੰਘ ਮੁਤਾਬਕ ਸੁਰੇਸ਼ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਉਨ੍ਹਾਂ ਨੇ ਦਮ ਤੋੜ ਦਿੱਤਾ।

ਫੋਟੋ ਕੈਪਸ਼ਨ ਸ਼ਾਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ।

ਕਰਤਾਰਪੁਰ ਲਈ ਵੀਜ਼ਾ ਰਹਿਤ ਲਾਂਘੇ ਲਈ ਪਾਕਿਸਤਾਨ ਦੀ ਤਜਵੀਜ਼

ਪਾਕਿਸਤਾਨ ਨੇ ਭਾਰਤ ਸਰਕਾਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਵੀਜ਼ਾ ਰਹਿਤ ਲਾਂਘੇ ਲਈ ਸਿਫਾਰਿਸ਼ਾਂ ਭੇਜੀਆਂ ਹਨ।

ਦਿ ਟ੍ਰਿਬਿਊਨ ਨੇ ਇੱਕ ਪਾਕਿਸਤਾਨੀ ਚੈਨਲ ਦੇ ਹਵਾਲੇ ਨਾਲ ਲਿਖਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਭਾਰਤ ਨੂੰ 59 ਸਫਿਆਂ ਦਾ ਦਸਤਾਵੇਜ਼ ਭੇਜਿਆ ਹੈ।

ਇਸ ਮਸੌਦੇ ਤਹਿਤ ਘੱਟੋ-ਘੱਟ 15 ਸ਼ਰਧਾਲੂਆਂ ਦੇ ਜੱਥਿਆਂ ਨੂੰ ਦਰਸ਼ਨਾਂ ਦੀ ਇਜਾਜ਼ਤ ਦੇਣ ਦੀ ਤਜਵੀਜ਼ ਰੱਖੀ ਗਈ ਹੈ ਜਿਨ੍ਹਾਂ ਨੂੰ ਪਾਕਿਸਤਾਨ ਵੱਲੋਂ ਖ਼ਾਸ ਪਰਮਿਟ ਦਿੱਤੇ ਜਾਇਆ ਕਰਨਗੇ। ਇੱਕ ਦਿਨ ਵਿੱਚ 500 ਸ਼ਰਧਾਲੂ ਦਰਸ਼ਨ ਕਰਨ ਸਕਣਗੇ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)