ਮੋਦੀ ਦੇ ਜਲਸੇ ਵਿੱਚ ਡਿਊਟੀ ਕਰਕੇ ਮੁੜ ਰਹੇ ਪੁਲਿਸ 'ਤੇ ਹੋਏ ਪਥਰਾਅ ’ਚ ਸਿਪਾਹੀ ਦੀ ਮੌਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ Image copyright Getty Images

ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲਸੇ ਵਿੱਚ ਡਿਊਟੀ ਕਰਕੇ ਮੁੜ ਰਹੇ ਪੁਲਿਸ ਵਾਲਿਆਂ 'ਤੇ ਕੁਝ ਲੋਕਾਂ ਵੱਲੋਂ ਕੀਤੇ ਪਥਰਾਅ ਵਿੱਚ ਇੱਕ ਸਿਪਾਹੀ ਦੀ ਜਾਨ ਚਲੀ ਗਈ।

ਗਾਜ਼ੀਪੁਰ ਸਦਰ ਦੇ ਸਰਕਲ ਅਫ਼ਸਰ ਮਹੀਪਾਲ ਪਾਠਕ ਨੇ ਬੀਬੀਸੀ ਨੂੰ ਦੱਸਿਆ, "ਸਿਪਾਹੀ ਸੁਰੇਸ਼ ਵਤਸ ਪੀਐਮ ਦੇ ਜਲਸੇ ਵਿੱਚ ਡਿਊਟੀ ਪੂਰੀ ਕਰਕੇ ਮੁੜ ਰਹੇ ਸਨ। ਨਿਸ਼ਾਦ ਭਾਈਚਾਰੇ ਦੇ ਕੁਝ ਲੋਕ ਨੌਨੇਰਾ ਇਲਾਕੇ ਵਿੱਚਲੇ ਅਟਵਾ ਮੋੜ ਪੁਲਿਸ ਚੌਂਕੀ ’ਤੇ ਪ੍ਰਦਰਸ਼ਨ ਕਰ ਰਹੇ ਸਨ। ਉੱਥੇ ਹੀ ਕੁਝ ਲੋਕਾਂ ਨੇ ਪੱਥਰਾਅ ਕੀਤਾ ਜਿਸ ਵਿੱਚ ਉਨ੍ਹਾਂ ਨੂੰ ਜ਼ਿਆਦਾ ਸੱਟ ਲੱਗ ਗਈ। ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।"

ਘਟਨਾ ਤੋਂ ਬਾਅਦ ਗਾਜ਼ੀਪੁਰ ਦੇ ਡੀਐਮ ਕੇ. ਬਾਲਾਜੀ ਅਤੇ ਐੱਸਪੀ ਯਸ਼ਵੀਰ ਸਿੰਘ ਸਮੇਤ ਜ਼ਿਲ੍ਹੇ ਦੇ ਸਾਰੇ ਵੱਡੇ ਅਫ਼ਸਰ ਪਹਿਲਾਂ ਘਟਨਾ ਵਾਲੀ ਥਾਂ ਤੇ ਫੇਰ ਹਸਪਤਾਲ ਪਹੁੰਚੇ। ਘਟਨਾ ਵਿੱਚ ਦੋ ਹੋਰ ਲੋਕ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ ਜੋ ਕਿ ਜ਼ੇਰੇ-ਇਲਾਜ ਹਨ। ਕੁਝ ਹੋਰ ਪੁਲਿਸ ਵਾਲਿਆਂ ਦੇ ਵੀ ਸੱਟਾਂ ਲਗੀਆਂ ਸਨ।

ਇਹ ਵੀ ਪੜ੍ਹੋ:

ਦੱਸਿਆ ਜਾ ਰਿਹਾ ਹੈ ਕਿ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਨਿਸ਼ਾਦ ਸਮਾਜ ਦੇ ਲੋਕ ਧਰਨਾ-ਪ੍ਰਦਰਸ਼ਨ ਕਰ ਰਹੇ ਸਨ। ਪ੍ਰਧਾਨ ਮੰਤਰੀ ਦਾ ਜਲਸਾ ਮੁੱਕਣ ਮਗਰੋਂ ਮੁੜ ਰਹੀ ਕਰੀਮੁਦੀਨ ਥਾਣੇ ਦੀ ਪੁਲਿਸ ਜਾਮ ਖੋਲ੍ਹਣ ਦੀ ਕੋਸ਼ਿਸ਼ ਵਿੱਚ ਲੱਗ ਗਈ।

ਪੁਲਿਸ ’ਤੇ ਪਥਰਾਅ

ਪੁਲਿਸ ਦੇ ਸਰਕਲ ਅਫ਼ਸਰ ਸਦਰ ਮਹੀਪਾਲ ਪਾਠਕ ਮੁਤਾਬਕ, ਉਸੇ ਸਮੇਂ ਧਰਨੇ ’ਤੇ ਬੈਠੇ ਲੋਕਾਂ ਨੇ ਪੁਲਿਸ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਪ੍ਰਦਰਸ਼ਨਕਾਰੀਆਂ ਨੇ ਸਿਪਾਹੀ ਸੁਰੇਂਦਰ ਕੁਮਾਰ ਵਤਸ ’ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

Image copyright LAXMIKANT/BBC

ਸਥਾਨਕ ਲੋਕਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਨੋਨਹਰਾ ਥਾਣੇ ਦੇ ਇਲਾਕੇ ਵਿੱਚ ਪ੍ਰਦਰਸ਼ਨ ਕਰਨ ਲਈ ਨਿਸ਼ਾਦ ਭਾਈਚਾਰੇ ਨੇ ਸ਼ਨੀਵਾਰ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਤੋਂ ਇਲਾਵਾ ਪੀਐੱਮ ਨਰਿੰਦਰ ਮੋਦੀ ਦੇ ਪ੍ਰੋਗਰਾਮ ਵਿੱਚ ਅਸ਼ਾਂਤੀ ਫੈਲਾਉਣ ਦੇ ਸ਼ੱਕ ਕਾਰਨ ਪੁਲਿਸ ਨੇ ਨਿਸ਼ਾਦ ਭਾਈਚਾਰੇ ਦੇ ਇੱਕ ਆਗੂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਆਪਣੇ ਸਾਥੀ ਦੇ ਫੜੇ ਜਾਣ ਕਾਰਨ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਭੜਕ ਪਿਆ। ਘਟਨਾ ਵਾਲੀ ਥਾਂ ’ਤੇ ਮੌਜੂਦ ਪੱਰਕਾਰ ਅਤੇ ਸਮਾਜਿਕ ਕਾਰਕੁਨ ਉਮੇਸ਼ ਸ਼੍ਰੀਵਾਸਤਵ ਨੇ ਬੀਬੀਸੀ ਨੂੰ ਦੱਸਿਆ, "ਸ਼ਨਿੱਚਰਵਾਰ ਸਵੇਰ ਜਦੋਂ ਨਿਸ਼ਾਦ ਭਾਈਚਾਰੇ ਵਾਲੇ ਪ੍ਰਦਰਸ਼ਨ ਕਰ ਰਹੇ ਸਨ, ਉਸੇ ਸਮੇਂ ਉਨ੍ਹਾਂ ਦੀ ਰੈਲੀ ਵਿੱਚ ਸ਼ਾਮਲ ਹੋਣ ਆ ਰਹੇ ਭਾਜਪਾ ਆਗੂਆਂ ਨਾਲ ਟਕਰਾਅ ਹੋ ਗਿਆ। ”

“ਇਸ ਤੋਂ ਬਾਅਦ ਭਾਜਪਾ ਕਾਰਕੁਨਾਂ ਨੇ ਕਈ ਨਿਸ਼ਾਦ ਆਗੂਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਨਿਸ਼ਾਦ ਭਾਈਚਾਰੇ ਦੇ ਲੋਕ ਇਸ ਗੱਲ ਨੂੰ ਲੈ ਕੇ ਵੀ ਭੜਕੇ ਹੋਏ ਸਨ। ਜਲਸੇ ਤੋਂ ਬਾਅਦ ਜਦੋਂ ਉਨ੍ਹਾਂ ਦਾ ਪੁਲਿਸ ਵਾਲਿਆਂ ਨਾਲ ਟਕਰਾਅ ਹੋਇਆ ਤਾਂ ਕੁਝ ਲੋਕਾਂ ਨੇ ਪੱਥਰਾਅ ਸ਼ੁਰੂ ਕਰ ਦਿੱਤਾ।"

ਇਹ ਵੀ ਪੜ੍ਹੋ:

ਮੁੱਖ ਮੰਤਰੀ ਦੇ ਐਲਾਨ

ਮਾਰੇ ਗਏ ਸਿਪਾਹੀ ਸੁਰੇਸ਼ ਵਤਸ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਰਾਣੀਗੰਜ ਦੇ ਰਹਿਣ ਵਾਲੇ ਸਨ। ਉਹ ਇਨ੍ਹੀਂ ਦਿਨੀਂ ਗਾਜ਼ੀਪੁਰ ਦੇ ਕਰੀਮੁਦੀਨ ਥਾਣੇ ਵਿੱਚ ਤਾਇਨਾਅਤ ਸਨ।

ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਘਟਨਾ ਉੱਪਰ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਰਹੂਮ ਪੁਲਿਸ ਵਾਲੇ ਦੇ ਪਰਿਵਾਰ ਨੂੰ ਚਾਲੀ ਲੱਖ ਰੁਪਏ, ਉਨ੍ਹਾਂ ਦੇ ਮਾਤਾ-ਪਿਤਾ ਨੂੰ ਦਸ ਲੱਖ ਰੁਪਏ ਦੀ ਮਾਲੀ ਮਦਦ, ਪਤਨੀ ਨੂੰ ਅਸਾਧਾਰਣ ਪੈਨਸ਼ਨ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਗਾਜ਼ੀਪੁਰ ਦੇ ਡੀਐੱਮ ਅਤੇ ਐੱਸਪੀ ਨੂੰ ਮੁਲਜ਼ਮਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਫਿਲਹਾਲ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਪਰ ਹਾਲੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਗਾਜ਼ੀਪੁਰ ਦੇ ਪੁਲਿਸ ਸੁਪਰੀਡੈਂਟ ਯਸ਼ਵੀਰ ਸਿੰਘ ਦਾ ਕਹਿਣਾ ਹੈ ਕਿ ਨਿਸ਼ਾਦ ਪਾਰਟੀ ਦੇ ਲੋਕ ਸ਼ਨਿੱਚਰਵਾਰ ਸਵੇਰ ਤੋਂ ਹੀ ਇਜਾਜ਼ਤ ਨਾ ਮਿਲਣ ਦੇ ਬਾਵਜ਼ੂਦ ਸ਼ਹਿਰ ਭਰ ਵਿੱਤ ਥਾਂ-ਥਾਂ ਪ੍ਰਦਰਸ਼ਨ ਕਰ ਰਹੇ ਸਨ। ਦਿਨ ਵਿੱਚ ਵੀ ਜਦੋਂ ਉਨ੍ਹਾਂ ਨੂੰ ਰੋਕਣ ਦੇ ਯਤਨ ਕੀਤੇ ਗਏ ਤਾਂ ਉਨ੍ਹਾਂ ਨੇ ਪੁਲਿਸ ਨਾਲ ਟਕਰਾਉਣ ਦੀ ਕੋਸ਼ਿਸ਼ ਕੀਤੀ।

ਨਿਸ਼ਾਦ ਆਗੂ ਹੋਏ ਅੰਡਰ ਗ੍ਰਾਊਂਡ

ਫੋਟੋ ਕੈਪਸ਼ਨ (ਸੰਕੇਤਕ ਤਸਵੀਰ)

ਉੱਥੇ ਹੀ ਪ੍ਰਦਰਸ਼ਨ ਕਰ ਰਹੇ ਨਿਸ਼ਾਦ ਪਾਰਟੀ ਦੇ ਆਗੂਆਂ ਨੇ ਇਸ ਘਟਨਾ ਵਿੱਚ ਉਨ੍ਹਾਂ ਦੀ ਪਾਰਟੀ ਵਰਕਰਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਆਗੂਆਂ ਨੇ ਘਟਨਾ ਦੇ ਸੰਬੰਧ ਵਿੱਚ ਕੁਝ ਵੀ ਅਧਿਕਾਰਤ ਰੂਪ ਵਿੱਚ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।

ਨਿਸ਼ਾਦ ਸਮਾਜ ਦੇ ਲੋਕ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਕੁਝ ਦਿਨਾਂ ਤੋਂ ਧਰਨੇ-ਪ੍ਰਦਰਸ਼ਨ ਕਰ ਰਹੇ ਹਨ।

ਨਿਸ਼ਾਦ ਪਾਰਟੀ ਦੇ ਆਗੂ ਛਤਰਪਤੀ ਨਿਸ਼ਾਦ ਨੇ ਸ਼ਨਿੱਚਰਵਾਰ ਸਵੇਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, "ਅਸੀਂ ਨਿਸ਼ਾਦਾਂ ਲਈ ਰਾਖਵੇਂਕਰਨ ਦੀ ਮੰਗ ਕਰ ਰਹੇ ਹਾਂ ਅਤੇ ਆਪਣੇ ਲੋਕਾਂ ਵਿੱਚ ਰਾਖਵੇਂਕਰਨ ਬਾਰੇ ਸੰਦੇਸ਼ ਫੈਲਾਅ ਰਹੇ ਹਾਂ। ਇਲਾਹਾਬਾਦ ਤੋਂ ਸ਼ੁਰੂ ਕਰਕੇ ਅਸੀਂ ਪੂਰੇ ਸੂਬੇ ਵਿੱਚ ਪ੍ਰਦਰਸ਼ਨ ਕਰਾਂਗੇ। ਚਾਰ ਸਾਲ ਹੋ ਗਏ ਪਰ ਕੋਈ ਸਾਡੀਆਂ ਮੰਗਾਂ ਸੁਣ ਹੀ ਨਹੀਂ ਰਿਹਾ।"

ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਹੀ ਨਿਸ਼ਾਦ ਪਾਰਟੀ ਦੇ ਆਗੂ ਅੰਡਰ ਗ੍ਰਾਊਂਡ ਹੋ ਗਏ ਹਨ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)