2018 ਵਿੱਚ ਸਭ ਤੋਂ ਵੱਧ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਨ ਵਾਲੀਆਂ ਔਰਤਾਂ

ਕਨੂਪ੍ਰਿਆ

ਤਸਵੀਰ ਸਰੋਤ, Kanu Priya/facebook

ਤਸਵੀਰ ਕੈਪਸ਼ਨ,

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਵਿਦਿਆਰਥਨ ਸਟੂਡੈਂਟ ਕੌਂਸਲ ਦੀ ਪ੍ਰਧਾਨ ਬਣੀ ਹੈ

ਸਾਲ 2018 ਵਿੱਚ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਉਭਰ ਕੇ ਸਾਹਮਣੇ ਆਈਆਂ ਜਿਹੜੀਆਂ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਵੀ ਬਣੀਆਂ ਅਤੇ ਔਰਤਾਂ ਨੂੰ ਆਪਣੇ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਹਿੰਮਤ ਵੀ ਦਿੱਤੀ।

ਕਨੂਪ੍ਰਿਆ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਵਿਦਿਆਰਥਣ ਸਟੂਡੈਂਟ ਕੌਂਸਲ ਦੀ ਪ੍ਰਧਾਨ ਬਣੀ ਹੈ। ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੀ ਪ੍ਰਧਾਨ ਚੁਣੀ ਗਈ ਕਨੂਪ੍ਰਿਆ ਦਾ ਸਬੰਧ ਸਟੂਡੈਂਟਸ ਫ਼ਾਰ ਸੁਸਾਇਟੀ ਪਾਰਟੀ ਨਾਲ ਹੈ।

ਪੰਜਾਬ ਦੇ ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਇਲਾਕੇ ਦੀ ਜੰਮਪਲ ਕਨੂਪ੍ਰਿਆ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਆਜ਼ਾਦੀ ਦੀ ਗੱਲ ਕੀਤੀ ਸੀ।

ਇਸ ਗੱਲਬਾਤ 'ਚ ਉਨ੍ਹਾਂ ਕਿਹਾ ਸੀ ਕਿ ਕੈਂਪਸ ਵਿੱਚ ਮੁੰਡਿਆਂ ਦੇ ਅਤੇ ਕੁੜੀਆਂ ਦੇ ਅਧਿਕਾਰ ਬਰਾਬਰ ਹੋਣੇ ਚਾਹੀਦੇ ਹਨ। ਹਾਲਾਂਕਿ ਕਨੂਪ੍ਰਿਆ ਦੇ ਪ੍ਰਧਾਨ ਬਣਨ ਤੋਂ ਬਾਅਦ ਪਿੰਜਰਾ ਤੋੜ ਮੁਹਿੰਮ ਤਹਿਤ ਕੁੜੀਆਂ ਨੂੰ ਮੁੰਡਿਆਂ ਵਾਂਗ 24 ਘੰਟੇ ਹੋਸਟਲ ਵਿੱਚ ਆਉਣ-ਜਾਣ ਦੀ ਆਜ਼ਾਦੀ ਮਿਲੀ ਹੈ।

ਕਨੂਪ੍ਰਿਆ 2015 ਵਿੱਚ ਐਸਐਫਐਸ ਵਿੱਚ ਸ਼ਾਮਲ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਪਾਰਟੀ ਦੇ ਵੱਖ ਵੱਖ ਅਹੁਦਿਆਂ ਉੱਤੇ ਕੰਮ ਕੀਤਾ।

ਇਹ ਵੀ ਪੜ੍ਹੋ:

ਤਨੁਸ਼੍ਰੀ ਦੱਤਾ

ਬਾਲੀਵੁੱਡ ਅਦਾਕਾਰ ਤਨੁਸ਼੍ਰੀ ਦੱਤਾ ਨੇ ਅਦਾਕਾਰ ਨਾਨਾ ਪਾਟੇਕਰ 'ਤੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਜਿਸ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਭਾਰਤ ਦੀ #MeToo ਮੁਹਿੰਮ ਦੱਸਿਆ।

ਤਸਵੀਰ ਸਰੋਤ, Getty Images

ਇਹ ਪਹਿਲੀ ਵਾਰ ਹੋਇਆ ਜਦੋਂ ਕਿਸੇ ਬਾਲੀਵੁੱਡ ਅਦਾਕਾਰਾ ਨੇ ਮੀਡੀਆ ਵਿੱਚ ਆ ਕੇ ਸਰੀਰਕ ਸ਼ੋਸ਼ਣ ਖ਼ਿਲਾਫ਼ ਆਵਾਜ਼ ਚੁੱਕੀ।

ਤਨੁਸ਼੍ਰੀ ਦੱਤਾ ਮੁਤਾਬਕ, ਫ਼ਿਲਮ 'ਹੌਰਨ ਓਕੇ ਪਲੀਜ਼' ਦੌਰਾਨ ਨਾਨਾ ਪਾਟੇਕਰ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ।

ਇਸ ਤੋਂ ਬਾਅਦ ਭਾਰਤ ਦੀਆਂ ਬਹੁਤ ਸਾਰੀਆਂ ਔਰਤਾਂ ਨੇ #MeToo ਦੀ ਵਰਤੋਂ ਕਰਕੇ ਸਰੀਰਕ ਸ਼ੋਸ਼ਣ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।

ਮਿਤਾਲੀ ਰਾਜ

ਭਾਰਤ ਦੀ ਚਰਚਿਤ ਮਹਿਲਾ ਕ੍ਰਿਕਟ ਖਿਡਾਰੀ ਮਿਤਾਲੀ ਰਾਜ ਨੂੰ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਆਖ਼ਰੀ 11 ਖਿਡਾਰੀਆਂ ਵਿੱਚੋਂ ਬਾਹਰ ਰੱਖਿਆ ਗਿਆ।

ਭਾਰਤੀ ਟੀਮ 20 ਓਵਰ ਵੀ ਨਹੀਂ ਖੇਡ ਸਕੀ ਅਤੇ 19.2 ਓਵਰਾਂ ਵਿੱਚ ਸਿਰਫ਼ 112 ਦੌੜਾਂ 'ਤੇ ਸਿਮਟ ਗਈ। ਜਿਸ ਤੋਂ ਬਾਅਦ ਇੰਗਲੈਡ ਨੇ ਭਾਰਤੀ ਟੀਮ ਨੂੰ ਕਰਾਰੀ ਮਾਤ ਦਿੱਤੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਿਤਾਲੀ ਰਾਜ ਨੇ ਟੀ-20 ਵਿੱਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੋਂ ਵੀ ਵੱਧ ਦੌੜਾਂ ਬਣਾਈਆਂ ਹਨ

ਮਿਤਾਲੀ ਨੂੰ ਟੀਮ ਤੋਂ ਬਾਹਰ ਰੱਖੇ ਜਾਣ ਦਾ ਟੀਮ ਪ੍ਰਬੰਧਕ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਹੋਈ। ਬਾਅਦ ਵਿੱਚ ਮਿਤਾਲੀ ਰਾਜ ਨੇ ਬੀਸੀਸੀਆਈ ਨੂੰ ਚਿੱਠੀ ਲਿਖ ਕੇ ਕੋਚ ਰਮੇਸ਼ ਪੋਵਾਰ 'ਤੇ ਕਈ ਇਲਜ਼ਾਮ ਲਗਾਏ। ਇਸ ਤੋਂ ਬਾਅਦ ਕੋਚ ਪੋਵਾਰ ਦਾ ਕੌਂਟਰੈਕਟ ਰਿਨਿਊ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦੀ ਥਾਂ ਡਬਲਿਊ ਵੀ ਰਮਨ ਨੂੰ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ।

ਇਹ ਵੀ ਪੜ੍ਹੋ:

ਕ੍ਰਿਸ਼ਨਾ ਕੁਮਾਰੀ

ਪਾਕਿਸਤਾਨ ਤੋਂ ਆਮ ਚੋਣਾਂ ਵਿੱਚ ਪਾਕਿਸਤਾਨ ਪੀਪਲਸ ਪਾਰਟੀ ਵੱਲੋਂ ਜਿੱਤੇ ਕੇ ਆਈ ਇੱਕ ਹਿੰਦੂ ਸੰਸਦ ਮੈਂਬਰ ਕ੍ਰਿਸ਼ਨਾ ਕੁਮਾਰੀ ਨੂੰ ਬੀਬੀਸੀ ਨੇ ਦੁਨੀਆਂ ਦੀਆਂ 100 ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਵਿੱਚ ਰੱਖਿਆ ਹੈ।

ਤਸਵੀਰ ਸਰੋਤ, FACEBOOK @AGHA.ARFATPATHAN.7

ਤਸਵੀਰ ਕੈਪਸ਼ਨ,

ਕ੍ਰਿਸ਼ਨਾ ਪਾਕਿਸਤਾਨ ਦੇ ਪਿਛੜੇ ਇਲਾਕੇ ਨਗਰਪਾਰਕਰ ਦੀ ਰਹਿਣ ਵਾਲੀ ਹੈ

ਕ੍ਰਿਸ਼ਨਾ ਨੂੰ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਲਈ ਆਵਾਜ਼ ਚੁੱਕਣ ਲਈ ਜਾਣਿਆ ਜਾਂਦਾ ਹੈ। ਉਹ ਪਾਕਿਸਤਾਨ ਵਿੱਚ ਹਿੰਦੂ ਦਲਿਤ ਭਾਈਚਾਰੇ ਦੀ ਪਹਿਲੀ ਮਹਿਲਾ ਸੀਨੇਟਰ ਹੈ।

ਉਨ੍ਹਾਂ ਨੇ ਪਾਕਿਸਤਾਨ ਵਿੱਚ ਬੰਧੂਆ ਮਜ਼ਦੂਰਾਂ ਅਤੇ ਔਰਤਾਂ ਦੀਆਂ ਸਮੱਸਿਆਵਾਂ 'ਤੇ ਸਾਲਾਂ ਤੱਕ ਸੰਘਰਸ਼ ਕੀਤਾ ਹੈ। ਕ੍ਰਿਸ਼ਨਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਤਿੰਨ ਸਾਲ ਤੱਕ ਖ਼ੁਦ ਵੀ ਬੰਧੂਆ ਮਜ਼ਦੂਰੀ ਕੀਤੀ ਹੈ। ਉਨ੍ਹਾਂ ਨੂੰ ਪੁਲਿਸ ਕਾਰਾਈ ਵਿੱਚ ਛੁਡਾਇਆ ਗਿਆ ਸੀ।

ਡੋਨਾ ਸਟ੍ਰਿਕਲੈਂਡ

ਸਾਲ 2018 ਵਿੱਚ ਡੋਨਾ ਸਟਿਰਕਲੈਂਡ ਫਿਜ਼ੀਕਸ ਦੇ ਖੇਤਰ ਵਿੱਚ 55 ਸਾਲ ਬਾਅਦ ਨੌਬਲ ਪੁਰਸਕਾਰ ਜਿੱਤਣ ਵਾਲੀ ਮਹਿਲਾ ਬਣੀ।

ਕੈਨੇਡਾ ਦੀ ਡੋਨਾ ਸਟ੍ਰਿਕਲੈਂਡ ਫਿਜ਼ੀਕਸ ਦੇ ਖੇਤਰ ਵਿੱਚ ਇਹ ਅਵਾਰਡ ਜਿੱਤਣ ਵਾਲੀ ਸਿਰਫ਼ ਤੀਜੀ ਔਰਤ ਹੈ। ਉਨ੍ਹਾਂ ਤੋਂ ਪਹਿਲਾਂ ਮੈਰੀ ਕਿਊਰੀ ਨੂੰ 1903 ਅਤੇ ਮਾਰੀਆ ਗੋਪਰਟ-ਮੇਅਰ ਨੂੰ 1963 ਵਿੱਚ ਭੌਤਿਕ ਦਾ ਨੋਬਲ ਮਿਲਿਆ ਸੀ।

ਸਟ੍ਰਿਕਲੈਂਡ ਨੇ ਪੁਰਸਕਾਰ ਨੂੰ ਅਮਰੀਕਾ ਦੇ ਅਰਥਰ ਅਸ਼ੀਕਨ ਅਤੇ ਫਰਾਂਸ ਦੇ ਜੇਰਾਰਡ ਮਰੂ ਨਾਲ ਸਾਂਝਾ ਕੀਤਾ।

ਉਨ੍ਹਾਂ ਨੇ ਇੱਕ ਅਜਿਹੀ ਲੇਜ਼ਰ ਤਕਨੀਕ ਵਿਕਸਿਤ ਕੀਤੀ ਜਿਹੜੀ ਜੀਵ ਵਿਗਿਆਨ ਨਾਲ ਜੁੜੀਆਂ ਪ੍ਰਣਾਲੀਆਂ ਦੇ ਅਧਿਐਨ ਵਿੱਚ ਵਰਤੀਆਂ ਜਾ ਰਹੀਆਂ ਹਨ।

ਪ੍ਰਿਆ ਪ੍ਰਕਾਸ਼ ਵਾਰੀਅਰ

ਇੱਕ ਵੀਡੀਓ ਵਿੱਚ ਆਪਣੀਆਂ ਆਦਾਵਾਂ ਨਾਲ ਦੇਸ-ਦੁਨੀਆਂ ਵਿੱਚ ਛਾ ਜਾਣ ਵਾਲੀ ਭਾਰਤੀ ਅਦਾਕਾਰ ਪ੍ਰਿਆ ਪ੍ਰਕਾਸ ਵਾਰੀਅਰ ਭਾਰਤ ਵਿੱਚ ਰਾਤੋ-ਰਾਤ ਚਰਚਿਤ ਹੋ ਗਈ।

ਤਸਵੀਰ ਸਰੋਤ, Muzik247/video grab

ਪ੍ਰਿਆ ਨੂੰ ਅੱਖ ਮਾਰਨ ਵਾਲੇ ਉਨ੍ਹਾਂ ਦੇ ਵੀਡੀਓ ਲਈ ਗੂਗਲ 'ਤੇ ਖ਼ੂਬ ਸਰਚ ਕੀਤਾ ਗਿਆ।

ਇਹ ਵੀ ਪੜ੍ਹੋ:

ਮੀਡੀਆ ਨੇ ਵੀ ਉਨ੍ਹਾਂ ਨੂੰ ਹੱਥੋਂ-ਹੱਥ ਲਿਆ ਅਤੇ ਉਨ੍ਹਾਂ ਦੀ ਤਸਵੀਰ ਅਤੇ ਉਨ੍ਹਾਂ ਨਾਲ ਜੁੜੀਆਂ ਕਈ ਖ਼ਬਰਾਂ ਕੀਤੀਆਂ ਗਈਆਂ। ਉਹ ਲਗਾਤਾਰ ਕਈ ਦਿਨਾਂ ਤੱਕ ਟੌਪ ਟ੍ਰੈਂਡ ਵਿੱਚ ਬਣੀ ਰਹੀ।

ਉਨ੍ਹਾਂ ਦੇ ਇੰਟਰਵਿਊ ਕੀਤੇ ਗਏ। ਅਜਿਹੇ ਹੀ ਇੱਕ ਇੰਟਰਵਿਊ ਵਿੱਚ ਪ੍ਰਿਆ ਵਾਰੀਅਰ ਨੇ ਬੀਬੀਸੀ ਨੂੰ ਦੱਸਿਆ ਕਿ ਵਾਇਰਲ ਹੋਇਆ ਉਨ੍ਹਾਂ ਦਾ ਵੀਡੀਓ ਕਿਵੇਂ ਹਿੱਟ ਹੋਇਆ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)