ਮਹਿਲਾ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆ, ਸੋਸ਼ਲ ਮੀਡੀਆ ਉੱਪਰ ਹੋਈ ਸ਼ਲਾਘਾ

ਮਹਿਲਾ ਕਾਂਸਟੇਬਲ ਪ੍ਰਿਯੰਕਾ ਹੈਦਰਾਬਾਦ ਦੇ ਬੇਗਮਪੇਟ ਪੁਲਿਸ ਸਟੇਸ਼ਨ 'ਚ ਤਾਇਨਾਤ ਹਨ Image copyright Priyanka
ਫੋਟੋ ਕੈਪਸ਼ਨ ਕਾਂਸਟੇਬਲ ਪ੍ਰਿਯੰਕਾ ਹੈਦਰਾਬਾਦ ਦੇ ਬੇਗਮਪੇਟ ਪੁਲਿਸ ਸਟੇਸ਼ਨ 'ਚ ਤਾਇਨਾਤ ਹਨ

“ਜਦੋਂ ਮੇਰੇ ਪਤੀ ਨੇ ਮੈਨੂੰ ਰਾਤੀ 1 ਵਜੇ ਪੁਲਿਸ ਸਟੇਸ਼ਨ ਤੋਂ ਫ਼ੋਨ ਕੀਤਾ ਤਾਂ ਮੈਨੂੰ ਪਿੱਛੋਂ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਈ। ਮੈਂ ਆਪਣੇ ਪਤੀ ਨੂੰ ਪੁੱਛਿਆ, ਇੰਨੀ ਰਾਤ ਨੂੰ ਉੱਥੇ ਕੌਣ ਰੋ ਰਿਹਾ ਹੈ?”

ਮਹਿਲਾ ਕਾਂਸਟੇਬਲ ਪ੍ਰਿਯੰਕਾ ਹੈਦਰਾਬਾਦ ਦੇ ਬੇਗਮਪੇਟ ਪੁਲਿਸ ਸਟੇਸ਼ਨ 'ਚ ਤਾਇਨਾਤ ਹਨ। ਉਨ੍ਹਾਂ ਦੇ ਪਤੀ, ਹੈੱਡ ਕਾਂਸਟੇਬਲ ਰਵਿੰਦਰ, ਦੀ ਡਿਊਟੀ ਅਫ਼ਜ਼ਲਗੰਜ ਪੁਲਿਸ਼ 'ਚ ਲੱਗੀ ਹੋਈ ਹੈ।

ਪ੍ਰਿਯੰਕਾ ਨੂੰ ਸੋਸ਼ਲ ਮੀਡੀਆ ਉੱਪਰ ਖੂਬ ਹੱਲਾਸ਼ੇਰੀ ਤੇ ਵਧਾਈ ਮਿਲ ਰਹੀ ਹੈ ਕਿਉਂਕਿ ਉਸ ਨੇ ਇੱਕ ਬੱਚੇ ਨੂੰ ਅਫ਼ਜ਼ਲਗੰਜ ਥਾਣੇ ਜਾ ਕੇ ਦੁੱਧ ਚੁੰਘਾਇਆ।

ਬੀਬੀਸੀ ਤੇਲੁਗੂ ਦੇ ਪੱਤਰਕਾਰ ਵੇਨੂਗੋਪਾਲ ਬੋਲਮਪੱਲੀ ਨੇ ਪ੍ਰਿਯੰਕਾ ਨਾਲ ਗੱਲਬਾਤ ਕੀਤੀ।

ਉਸ ਰਾਤ ਹੋਇਆ ਕੀ ਸੀ

30-31 ਦਸੰਬਰ ਦੇ ਵਿਚਲੀ ਰਾਤ ਸੀ। "ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਕੋਈ ਆਪਣੀ ਡੇਢ ਮਹੀਨੇ ਦੀ ਬੱਚੀ ਨੂੰ ਲਾਵਾਰਿਸ ਛੱਡ ਗਿਆ ਸੀ ਅਤੇ ਇੱਕ ਨੌਜਵਾਨ ਉਸ ਬੱਚੀ ਨੂੰ ਪੁਲਿਸ ਥਾਣੇ ਲੈ ਆਇਆ ਸੀ।"

ਪ੍ਰਿਯੰਕਾ ਦਾ ਆਪਣਾ ਵੀ ਅੱਠ ਮਹੀਨਿਆਂ ਦਾ ਇੱਕ ਬੱਚਾ ਹੈ, "ਇਸ ਲਈ ਮੈਂ ਉਸ ਬੱਚੀ ਦਾ ਦਰਦ ਸਮਝ ਸਕੀ ਅਤੇ ਥਾਣੇ ਚਲੀ ਗਈ। ਆਪਣੇ ਬੱਚੇ ਨੂੰ ਮੈਂ ਆਪਣੀ ਮਾਂ ਕੋਲ ਛੱਡ ਦਿੱਤਾ।"

ਪ੍ਰਿਯੰਕਾ ਦੇ ਪਹੁੰਚਣ ਤਕ ਵੀ ਉਹ ਬੱਚੀ ਰੋ ਰਹੀ ਸੀ ਅਤੇ ਉਸ ਦੇ ਸ਼ਰੀਰ ਉੱਪਰ ਜ਼ਰੂਰਤ ਮੁਤਾਬਕ ਕੱਪੜੇ ਵੀ ਨਹੀਂ ਸਨ, ਇਸ ਲਈ ਠੰਢ ਨਾਲ ਕੰਬ ਵੀ ਰਹੀ ਸੀ।

"ਮੈਂ ਆਪਣੇ ਹੰਝੂ ਰੋਕ ਨਹੀਂ ਸਕੀ। ਮੈਂ ਫਟਾਫਟ ਉਸ 'ਤੇ ਕੁਝ ਗਰਮ ਕੱਪੜੇ ਲਪੇਟੇ ਅਤੇ ਉਸ ਨੂੰ ਚੁੱਕ ਕੇ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ। ਬੱਚੀ ਭੁੱਖ ਨਾਲ ਰੋ ਰਹੀ ਸੀ। ਉਸ ਨੇ ਮੈਨੂੰ 40 ਮਿੰਟਾਂ ਤਕ ਨਹੀਂ ਛੱਡਿਆ।"

ਇਹ ਵੀ ਜ਼ਰੂਰ ਪੜ੍ਹੋ

ਉਂਝ ਇੱਕ ਸੱਟ ਕਰਕੇ ਪ੍ਰਿਯੰਕਾ ਛੁੱਟੀ 'ਤੇ ਸੀ ਅਤੇ ਜਦੋਂ ਉਸ ਦੇ ਪਤੀ ਦਾ ਫ਼ੋਨ ਆਇਆ ਉਹ ਘਰ ਸੀ।

ਉਨ੍ਹਾਂ ਅੱਗੇ ਦੱਸਿਆ, "ਬੱਚੀ ਨੇ ਆਪਣੀਆਂ ਅੱਖਾਂ ਉਦੋਂ ਹੀ ਖੋਲੀਆਂ ਜਦੋਂ ਉਸ ਦਾ ਢਿੱਡ ਭਰ ਗਿਆ। ਫਿਰ ਅਸੀਂ ਉਸ ਨੂੰ ਉਸਮਾਨੀਆ ਹਸਪਤਾਲ ਛੱਡ ਆਏ ਅਤੇ ਘਰ ਆ ਗਏ।"

ਬੱਚੀ ਹੈ ਕੌਣ ਤੇ ਕਿੱਥੇ

ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਬੱਚੀ ਦਾ ਪਿਤਾ ਫ਼ਿਰੋਜ਼ ਖ਼ਾਨ ਚੋਰੀ ਦੇ ਇਲਜ਼ਾਮ 'ਚ ਜੇਲ੍ਹ ਵਿੱਚ ਬੰਦ ਹੈ।

ਪਤਾ ਇੰਝ ਲੱਗਾ ਕਿ ਬੱਚੀ ਦੀ ਮਾਂ ਨੇ ਉਸ ਨੂੰ ਛੱਡਣ ਤੋਂ ਬਾਅਦ ਜੇਲ੍ਹ ਵਿੱਚ ਜਾ ਕੇ ਆਪਣੇ ਪਤੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ।

ਫ਼ਿਰੋਜ਼ ਤੇ ਉਸ ਦੀ ਪਤਨੀ ਉਂਝ ਉਸਮਾਨੀਆ ਹਸਪਤਾਲ ਦੇ ਨੇੜੇ ਹੀ ਇੱਕ ਝੁੱਗੀ ਵਿੱਚ ਰਹਿੰਦੇ ਹਨ।

ਹੁਣ ਬੱਚੀ ਉਨ੍ਹਾਂ ਨੂੰ ਵਾਪਸ ਕਰ ਦਿੱਤੀ ਗਈ ਹੈ ਪਰ ਸ਼ਰਤ ਹੈ ਕਿ ਉਹ ਰੋਜ਼ ਉਸ ਬਾਰੇ ਥਾਣੇ ਵਿੱਚ ਜਾਣਕਾਰੀ ਦੇਣ।

Image copyright Priyanka
ਫੋਟੋ ਕੈਪਸ਼ਨ ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਅੰਜਨੀ ਕੁਮਾਰ ਨੇ ਕਾਂਸਟੇਬਲ ਜੋੜੇ ਨੂੰ ਉਨ੍ਹਾਂ ਦੇ ਕੰਮ ਲਈ ਸ਼ਾਬਾਸ਼ੀ ਦਿੱਤੀ ਹੈ।

ਕਿਵੇਂ ਪੁੱਜੀ ਥਾਣੇ

ਪ੍ਰਿਯੰਕਾ ਦੇ ਪਤੀ ਰਵਿੰਦਰ ਨੇ ਬੀਬੀਸੀ ਨੂੰ ਦੱਸਿਆ ਕਿ 30 ਦਸੰਬਰ ਨੂੰ ਰਾਤ 11.30 ਵਜੇ ਦੇ ਕਰੀਬ ਇੱਕ ਨੌਜਵਾਨ ਆਪਣੇ ਹੱਥਾਂ 'ਚ ਇੱਕ ਜੁਆਕ ਨੂੰ ਚੁੱਕ ਕੇ ਲਿਆਇਆ।

ਇਹ ਵੀ ਜ਼ਰੂਰ ਪੜ੍ਹੋ

ਉਸ ਨੇ ਰਵਿੰਦਰ ਨੂੰ ਦੱਸਿਆ ਕਿ ਬੁਰਕੇ ਵਾਲੀ ਇੱਕ ਔਰਤ ਨੇ ਬੱਚੀ ਉਸ ਨੂੰ ਫੜ੍ਹਾਈ ਤਾਂ ਜੋ ਉਹ ਪਾਣੀ ਲੈ ਕੇ ਆ ਸਕੇ, ਪਰ ਉਹ ਔਰਤ ਵਾਪਸ ਨਹੀਂ ਆਈ।

ਬੱਚੀ ਰੋਣ ਲੱਗੀ ਤਾਂ ਉਹ ਨੌਜਵਾਨ ਉਸ ਨੂੰ ਪਹਿਲਾਂ ਆਪਣੇ ਘਰ ਲੈ ਗਿਆ। ਉਸ ਨੇ ਬੱਚੀ ਨੂੰ ਪੈਕੇਟ ਵਾਲਾ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਨਹੀਂ ਪੀਤਾ।

ਉਹ ਬੱਚੀ ਨੂੰ ਥਾਣੇ ਲਿਆਇਆ ਹੀ ਸੀ ਕਿ ਰਵਿੰਦਰ ਨੇ ਘਰ ਫ਼ੋਨ ਮਿਲਾਇਆ ਹੋਇਆ ਸੀ। "ਮੇਰੀ ਪਤਨੀ ਨੇ ਬੱਚੀ ਦੀਆਂ ਚੀਕਾਂ ਸੁਨ ਲਈਆਂ ਅਤੇ ਥਾਣੇ ਆ ਗਈ, ਜਿੱਥੇ ਉਸ ਨੇ ਬੱਚੀ ਨੂੰ ਦੁੱਧ ਪਿਲਾਇਆ।"

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)