'ਕਿੰਨਰਾਂ ਤੋਂ ਦੁਆਵਾਂ ਤਾਂ ਲਈਆਂ ਨੇ ਪਰ ਗੁਰੂ ਵਜੋਂ ਪਹਿਲੀ ਵਾਰ ਦੇਖਿਆ'

ਕਿੰਨਰ ਆਖਾੜੇ ਦੀ ਲਕਸ਼ਮੀ ਨਾਰਾਇਣ ਤ੍ਰਿਪਾਠੀ
ਫੋਟੋ ਕੈਪਸ਼ਨ ਲਕਸ਼ਮੀ ਨਾਰਾਇਣ ਤ੍ਰਿਪਾਠੀ ਵਰਗੇ ਕਿੰਨਰ ਗੁਰੂ ਇਸ ਸ਼ੋਭਾ ਯਾਤਰਾ ਨੂੰ ਤਬਦੀਲੀ ਵੱਲ ਇੱਕ ਕਦਮ ਵਜੋਂ ਦੇਖ ਰਹੇ ਹਨ।

ਇਲਾਹਾਬਾਦ ਵਿੱਚ ਸ਼ੁਰੂ ਹੋਣ ਵਾਲੇ ਮਹਾਂ ਕੁੰਭ ਤੋਂ ਪਹਿਲਾਂ ਕਿੰਨਰ ਧਰਮ ਗੁਰੂਆਂ ਦੀ ਅਗਵਾਈ ਵਿੱਚ ਇਤਿਹਾਸਕ ਸ਼ੋਭਾ-ਯਾਤਰਾ ਕੱਢੀ ਗਈ ਅਤੇ ਸ਼ਹਿਰ ਨਿਵਾਸੀ ਇਨ੍ਹਾਂ ਧਰਮ ਗੁਰੂਆਂ ਦੇ ਆਸ਼ੀਰਵਾਦ ਹਾਸਲ ਕਰਨ ਪਹੁੰਚੇ।

ਇਸ ਬਾਰੇ ਪੇਸ਼ ਹੈ ਫੋਟੋ ਪੱਤਰਕਾਰ ਅੰਕਿਤ ਸ਼੍ਰੀਨਿਵਾਸ ਦੀ ਰਿਪੋਰਟ

ਇਲਾਹਾਬਾਦ ਵਿੱਚ ਕੁੰਭ ਮੇਲਾ 15 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ 4 ਮਾਰਚ ਤੱਕ ਚੱਲੇਗਾ। ਇਹ ਹਿੰਦੂਆਂ ਦਾ ਦੁਨੀਆਂ ਵਿੱਚ ਕਿਤੇ ਵੀ ਹੋਣ ਵਾਲਾ ਸਭ ਤੋਂ ਵੱਡਾ ਇਕੱਠ ਹੈ ਜੋ ਸਦੀਆਂ ਤੋਂ ਕੁਝ ਸਾਲਾਂ ਦੇ ਵਕਫੇ ਦੇ ਬਾਅਦ ਹੁੰਦਾ ਹੈ।

ਹਿੰਦੂ ਰਵਾਇਤ ਮੁਤਾਬਕ ਗੰਗਾ ਨਦੀ ਦੇ ਕੰਢੇ ਵਸੇ ਚਾਰ ਸ਼ਹਿਰਾਂ ਵਿੱਚ ਵਾਰੋ-ਵਾਰੀ ਇਹ ਮੇਲਾ ਜੁੜਦਾ ਹੈ। ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਕੁੰਭ ਦੇ ਦਿਨਾਂ ਵਿੱਚ ਗੰਗਾ ਨਦੀ ਦਾ ਇਸ਼ਨਾਨ ਕਰਨ ਨਾਲ ਪਾਪਾਂ ਤੋਂ ਮੁਕਤੀ ਮਿਲਦੀ ਹੈ। ਇਸ ਕਾਰਨ ਲੱਖਾਂ ਸ਼ਰਧਾਲੂ ਤਾਂ ਮਹਿਜ਼ ਇਸ ਇਸ਼ਨਾਨ ਦੇ ਮੰਤਵ ਨਾਲ ਹੀ ਇਸ ਮੇਲੇ ਵਿੱਚ ਪਹੁੰਚਦੇ ਹਨ।

ਇਹ ਵੀ ਪੜ੍ਹੋ:

ਹਿੰਦੂ ਧਰਮ ਦੇ 13 ਅਖਾੜਿਆਂ ਦੇ ਸਾਧੂ ਇਸ ਮੇਲੇ ਵਿੱਚ ਆਪਣੇ ਆਖਾੜਾ ਮੁਖੀਆਂ ਦੀ ਅਗਵਾਈ ਵਿੱਚ ਇੱਥੇ ਪਹੁੰਚਦੇ ਹਨ। ਸਜੇ ਹੋਏ ਰਥਾਂ ’ਤੇ ਬੈਠੇ ਇਨ੍ਹਾਂ ਗੁਰੂਆਂ ਦੀਆਂ ਸ਼ੋਭਾ-ਯਾਤਰਾਵਾਂ ਕੁੰਭ ਦੀ ਖ਼ਾਸ ਖਿੱਚ ਹੁੰਦੀਆਂ ਹਨ ਅਤੇ ਲੋਕ ਸਾਧੂਆਂ ਤੇ ਸਾਧਵੀਆਂ ਦੇ ਦਰਸ਼ਨ ਕਰਨ ਪਹੁੰਚਦੇ ਹਨ।

ਐਤਵਾਰ ਦੀ ਸ਼ੋਭਾ ਯਾਤਰਾ ਇਨ੍ਹਾਂ ਰਵਾਇਤੀ ਸ਼ੋਭਾ ਯਾਤਰਵਾਂ ਵਰਗੀ ਹੀ ਸੀ ਜਿਵੇਂ— ਬੈਂਡ ਬਾਜਾ, ਊਠ- ਘੋੜੇ ਅਤੇ ਜਾਹੋ-ਜਲਾਲ ਪਰ ਇਸ ਦੀ ਅਗਵਾਈ ਕਰ ਰਹੇ ਗੁਰੂ—ਕਿੰਨਰ ਸਨ।

ਇੱਕ ਅਨੁਮਾਨ ਮੁਤਾਬਕ ਭਾਰਤ ਵਿੱਚ ਲਗਪਗ 20 ਲੱਖ ਕਿੰਨਰ ਹਨ ਪਰ ਸੁਪਰੀਮ ਕੋਰਟ ਨੇ ਕਿੰਨਰਾਂ ਨੂੰ ਸਾਲ 2014 ਦੇ ਇੱਕ ਇਤਿਹਾਸਕ ਫੈਸਲੇ ਰਾਹੀਂ ਤੀਸਰੇ ਲਿੰਗ ਦਾ ਦਰਜਾ ਦਿੱਤਾ ਹੈ।

ਸਾਲ 2018 ਵਿੱਚ ਸੁਪਰੀਮ ਕੋਰਟ ਨੇ ਬਰਤਾਨਵੀ ਰਾਜ ਦੇ ਇੱਕ ਕਾਨੂੰਨ ਨੂੰ ਦਰਕਿਨਾਰ ਕਰਦਿਆਂ ਹਮਜਿਣਸੀ ਸੈਕਸ ਨੂੰ ਮਾਨਤਾ ਦਿੱਤੀ ਸੀ।

ਕਿੰਨਰ ਆਖਾੜੇ ਦੀ ਮਹੰਤ ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਟ੍ਰਾਂਸਜੈਂਡਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ, "ਇਹ ਸਭ ਮਹੱਤਵਪੂਰਨ ਜਿੱਤਾਂ ਸਨ ਪਰ ਸਾਨੂੰ ਸਮਾਜਿਕ ਮਾਨਤਾ ਦਿਵਾਉਣਾ ਅਤੇ ਕੁੰਭ ਮੇਲੇ ਵਿੱਚ ਸਾਡੀ ਹਾਜ਼ਰੀ ਇਸੇ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।"

ਟ੍ਰਾਂਸਜੈਂਡਰ ਲੋਕਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਸੰਗਠਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਪ੍ਰਾਚੀਨ ਹਿੰਦੂ ਧਰਮ ਗ੍ਰੰਥਾਂ ਵਿੱਚ ਟ੍ਰਾਂਸਜੈਂਡਰਾਂ ਦਾ ਵਰਨਣ ਮਿਲਦਾ ਹੈ- ਕਈ ਦੇਵੀਆਂ ਅਤੇ ਦੇਵਤੇ ਟ੍ਰਾਂਸਜੈਂਡਰ ਹਨ।

ਪਰ ਫਿਰ ਵੀ ਭਾਈਚਾਰਾ ਸਮਾਜ ਤੋਂ ਇੱਕ ਛੇਕੀ ਹੋਈ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਅਤੇ ਉਨ੍ਹਾਂ ਨੂੰ ਆਪਣੀ ਲਿੰਗਕ ਪਛਾਣ ਕਾਰਨ ਸੰਘਰਸ਼ ਕਰਨਾ ਪੈ ਰਿਹਾ ਹੈ।

ਕਿੰਨਰ ਅਖਾੜੇ ਦੇ ਮੈਂਬਰ ਅਥਰਵ, ਆਪਣੇ ਪਹਿਲੇ ਨਾਮ ਨਾਲ ਹੀ ਜਾਣਿਆ ਜਾਣਾ ਚਾਹੁੰਦੇ ਹਨ। ਉਨ੍ਹਾ ਕਿਹਾ, "ਜੇ ਔਰਤਾਂ ਅਤੇ ਮਰਦਾਂ ਲਈ ਵੱਖੋ-ਵੱਖਰੇ 13 ਅਖਾੜੇ ਹੋ ਸਕਦੇ ਹਨ ਤਾਂ ਟ੍ਰਾਂਸਜੈਂਡਰਾਂ ਲਈ ਇੱਕ ਵੱਖਰਾ ਅਖਾੜਾ ਕਿਉਂ ਨਹੀਂ ਹੋ ਸਕਦਾ?"

ਪਰ ਇਹ ਰਾਹ ਇੰਨੀ ਸੁਖਾਲੀ ਨਹੀਂ ਹੈ। ਦੂਸਰੇ ਅਖਾੜਿਆਂ ਵਾਲੇ ਇਸ ਨੂੰ ਸਹਿਜਤਾ ਨਾਲ ਸਵੀਕਾਰ ਕਰਨ ਵਾਲੇ ਨਹੀਂ ਹਨ।

ਜੂਨਾ ਅਖਾੜਾ 13 ਵਿੱਚੋਂ ਸਭ ਤੋਂ ਵੱਡਾ ਅਖਾੜਾ ਹੈ। ਉਨ੍ਹਾਂ ਦੇ ਬੁਲਾਰੇ ਵਿਦਿਆਨੰਦ ਸਰਸਵਤੀ ਨੇ ਕਿਹਾ, ਕੁੰਭ ਵਿੱਚ ਸਾਰਿਆਂ ਦਾ ਸਵਾਗਤ ਹੈ ਅਤੇ ਅਸੀਂ ਕਿੰਨਰਾਂ ਦਾ ਵੀ ਸਵਾਗਤ ਕਰਦੇ ਹਾਂ ਪਰ ਉਨ੍ਹਾਂ ਨੂੰ ਅਖਾੜੇ ਦੀ ਮਾਨਤਾ ਨਹੀਂ ਦਿੱਤੀ ਜਾ ਸਕਦੀ।"

"ਜੇ ਕੋਈ ਅਧਿਆਤਮਿਕਤਾ ਦਾ ਪ੍ਰਚਾਰ ਕਰਨਾ ਚਾਹੁੰਦਾ ਹੈ ਤਾਂ ਖ਼ੁਸ਼ੀ ਨਾਲ ਕਰੇ ਪਰ ਉਹ ਕੁਝ ਮਸਲੇ ਸਾਡੇ ’ਤੇ ਛੱਡ ਦੇਣ।’’

ਕੁਝ ਧਾਰਮਿਕ ਆਗੂ ਟ੍ਰਾਂਸਜੈਂਡਰਾਂ ਦੇ ਪੱਖ ਵਿੱਚ ਵੀ ਹਨ।

ਇੱਕ ਮੰਦਿਰ ਦੇ ਪੁਜਾਰੀ ਨੇ ਮੈਨੂੰ ਦੱਸਿਆ, "ਹਿੰਦੂ ਧਰਮ ਨੇ ਹਮੇਸ਼ਾ ਟ੍ਰਾਂਸਜੈਂਡਰਾਂ ਨੂੰ ਹਮੇਸ਼ਾ ਮਾਨਤਾ ਦਿੱਤੀ ਹੈ ਅਤੇ ਉਨ੍ਹਾਂ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ। ਉਹ ਉਹੀ ਮੰਗ ਰਹੇ ਹਨ ਜੋ ਉਨ੍ਹਾਂ ਦਾ ਬਣਦਾ ਹੱਕ ਵੀ ਹੈ। ਅਸੀਂ ਉਨ੍ਹਾਂ ਨੂੰ ਮਨਾਂ ਕਰੀਏ?"

ਇਸ ਤੋਂ ਪਹਿਲਾਂ ਟ੍ਰਾਂਸਜੈਂਡਰ ਅਜਿਹੀ ਸ਼ੋਭਾ ਯਾਤਰਾ ਸਾਲ 2016 ਦੇ ਉੱਜੈਨ ਕੁੰਭ ਵਿੱਚ ਕੱਢ ਚੁੱਕੇ ਹਨ।

ਅਥਰਵ ਨੇ ਦੱਸਿਆ, "ਇਲਾਹਾਬਾਦ (ਜਿਸ ਦਾ ਨਾਂ ਪ੍ਰਯਾਗਰਾਜ ਹੋ ਗਿਆ ਹੈ) ਵਿੱਚ ਅਜਿਹੀ ਸ਼ੋਭਾ ਯਾਤਰਾ ਇਸ ਲਈ ਖ਼ਾਸ ਹੈ ਕਿਉਂਕਿ ਇਹ ਸ਼ਹਿਰ ਹਿੰਦੂ ਧਰਮ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਇੱਥੋਂ ਦਾ ਕੁੰਭ ਮੇਲਾ ਦੂਸਰਿਆਂ ਤੋਂ ਵੱਡਾ ਅਤੇ ਸ਼ੁੱਭ ਹੈ।"

ਕਿੰਨਰ ਅਖਾੜੇ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਾਲ ਦੇ ਕੁੰਭ ਵਿੱਚ ਥਾਂ ਹਾਸਲ ਕਰਨ ਵਿੱਚ ਦੋ ਸਾਲ ਲੱਗ ਗਏ। ਸਾਰੇ ਇਕੱਠਾਂ ਨੂੰ ਆਪਣੇ ਕੈਂਪ ਲਾਉਣ ਲਈ ਮੇਲੇ ਵਿੱਚ ਥਾਂ ਅਲਾਟ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ, "ਅਸੀਂ ਸਾਡਾ ਵਿਰੋਧ ਕਰਨ ਵਾਲੇ ਅਖਾੜਿਆਂ ਦਾ ਸਵਾਗਤ ਕਰਦੇ ਹਾਂ। ਮੈਨੂੰ ਯਕੀਨ ਹੈ ਕਿ ਇੱਕ ਦਿਨ ਉਹ ਸਮਝ ਲੈਣਗੇ ਕਿ ਹਿੰਦੂ ਧਰਮ ਟ੍ਰਾਂਸਜੈਂਡਰਾਂ ਸਮੇਤ ਸਾਰਿਆਂ ਦਾ ਸਤਿਕਾਰ ਕਰਦਾ ਹੈ।’’

"ਫ਼ਿਲਹਾਲ ਸਾਡੀ ਲੜਾਈ ਅਖਾੜੇ ਦੀ ਮਾਨਤਾ ਲੈਣਾ ਨਹੀਂ ਸਗੋਂ ਲੋਕਾਂ ਨੂੰ ਸਾਡੀਆਂ ਧਾਰਮਿਕ, ਅਧਿਆਤਮਿਕ ਅਤੇ ਸਮਾਜਿਕ ਪਛਾਣ ਦਾ ਅਹਿਸਾਸ ਕਰਵਾਉਣਾ ਹੈ। ਲੋਕਾਂ ਦਾ ਇਕੱਠ ਦੇਖ ਕੇ ਸਾਨੂੰ ਲੱਗ ਰਿਹਾ ਹੈ ਕਿ ਅਸੀਂ ਸਹੀ ਹਾਂ।"

ਇਲਾਹਾਬਾਦ ਦੇ ਇੱਕ ਨਾਗਰਿਕ ਨੇ ਦੱਸਿਆ, "ਅਸੀਂ ਹਮੇਸ਼ਾ ਟ੍ਰਾਂਸਜੈਂਡਰਾਂ ਦਾ ਸਤਿਕਾਰ ਕੀਤਾ ਹੈ ਅਤੇ ਬੱਚੇ ਦੇ ਜਨਮ ਤੋਂ ਲੈ ਕੇ ਵਿਆਹਾਂ ਤੱਕ ਉਨ੍ਹਾਂ ਤੋਂ ਦੁਆਵਾਂ ਲਈਆਂ ਹਨ।"

"ਪਰ ਮੈਂ ਉਨ੍ਹਾਂ ਨੂੰ ਗੁਰੂ ਵਜੋਂ ਕਦੇ ਨਹੀਂ ਦੇਖਿਆ ਇਹ ਸਾਡੇ ਲਈ ਇੱਕ ਵਖਰਾ ਅਨੁਭਵ ਹੈ।"

ਅਖਾੜੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸ਼ੋਭਾ ਯਾਤਰਾ ਟ੍ਰਾਂਸਜੈਂਡਰਾਂ ਦੇ ਹੱਕਾਂ ਦੀ ਲੜਾਈ ਵਿੱਚ ਇੱਕ ਮੀਲ ਪੱਥਰ ਹੈ।

ਫੋਟੋ ਕੈਪਸ਼ਨ ਭਵਾਨੀ ਮਾਂ ਮੁਤਾਬਕ “ਹਜੂਮ ਦੇਖ ਕੇ ਲਗਦਾ ਹੈ ਕਿ ਬਦਲਾਅ ਆ ਸਕਦਾ ਹੈ।”

ਇੱਕ ਮੈਂਬਰ ਭਵਾਨੀ ਮਾਂ ਨੇ ਕਿਹਾ, "ਹਜੂਮ ਦੇਖ ਕੇ ਲਗਦਾ ਹੈ ਕਿ ਬਦਲਾਅ ਆ ਸਕਦਾ ਹੈ।"

"ਮੈਂ ਕਦੇ ਨਹੀਂ ਸੀ ਸੋਚਿਆ ਕਿ ਸਾਨੂੰ ਇੰਨੀ ਹਮਾਇਤ ਮਿਲੇਗੀ। ਕੁੰਭ ਨੇ ਸਾਡੇ ਵਿੱਚ ਉਮੀਦ ਜਗਾਈ ਹੈ ਕਿ ਭਵਿੱਖ ਸਾਡੇ ਲਈ ਕੁਝ ਵਧੀਆ ਲੈ ਕੇ ਆਵੇਗਾ। ਅਸੀਂ ਪੀੜ੍ਹੀਆਂ ਤੋਂ ਅਣਦੇਖੀ,ਸ਼ੋਸ਼ਣ ਅਤੇ ਵੱਖਰੇਵਾਂ ਝੱਲਿਆ ਹੈ, ਇਸ ਲਈ ਇਸ ਹਜੂਮ ਦੀ ਸਾਡੇ ਲਈ ਬਹੁਤ ਅਹਿਮੀਅਤ ਹੈ।"

ਇੱਕ ਹੋਰ ਵਿਅਕਤੀ ਨੇ ਦੱਸਿਆ, "ਮੈਨੂੰ ਫ਼ਰਕ ਨਹੀਂ ਪੈਂਦਾ ਕਿ ਗੁਰੂ ਔਰਤ ਹੈ, ਮਰਦ ਹੈ ਜਾਂ ਕਿੰਨਰ ਹੈ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਅਜਿਹਾ ਨਹੀਂ ਸੋਚਦੇ ਪਰ ਉਨ੍ਹਾਂ ਦੀ ਸੋਚ ਕੁੰਭ ਆ ਕੇ ਅਤੇ ਕਿੰਨਰ ਅਖਾੜਾ ਦੇਖ ਕੇ ਬਦਲ ਜਾਵੇਗੀ।’’

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)