ਰਾਕੇਸ਼ ਸ਼ਰਮਾ: ਜਦੋਂ ਪਹਿਲੀ ਵਾਰ ਪੁਲਾੜ ਤੋਂ ਪਰਤੇ ਤਾਂ ਲੋਕਾਂ ਨੇ ਕਿਹੜੇ ਸਵਾਲ ਪੁੱਛੇ

ਰਾਕੇਸ਼ ਸ਼ਰਮਾ Image copyright hari adivarekar
ਫੋਟੋ ਕੈਪਸ਼ਨ ਪੁਲਾੜ ਜਾਣ ਵਾਲੇ ਰਾਕੇਸ਼ ਸ਼ਰਮਾ ਇੱਕੋ-ਇੱਕ ਭਾਰਤੀ ਹਨ

ਪੁਲਾੜ ਜਾਣ ਵਾਲੇ ਪਹਿਲੇ ਭਾਰਤੀ ਰਾਕੇਸ਼ ਸ਼ਰਮਾ ਤੋਂ ਉੱਥੋਂ ਪਰਤਣ ਤੋਂ ਬਾਅਦ ਭਾਰਤ ਵਿੱਚ ਅਕਸਰ ਲੋਕ ਪੁੱਛਦੇ ਸਨ ਕਿ ਕੀ ਉਨ੍ਹਾਂ ਦੀ ਪੁਲਾੜ ਵਿੱਚ ਰੱਬ ਨਾਲ ਮੁਲਾਕਾਤ ਹੋਈ।

ਇਸ 'ਤੇ ਉਨ੍ਹਾਂ ਦਾ ਜਵਾਬ ਹੁੰਦਾ ਸੀ, ''ਨਹੀਂ ਮੈਨੂੰ ਉੱਥੇ ਰੱਬ ਨਹੀਂ ਮਿਲਿਆ।'' ਰਾਕੇਸ਼ ਸ਼ਰਮਾ 1984 ਵਿੱਚ ਪੁਲਾੜ ਯਾਤਰਾ 'ਤੇ ਗਏ ਸਨ।

ਉਨ੍ਹਾਂ ਦੀ ਪੁਲਾੜ ਯਾਤਰਾ ਨੂੰ ਤਿੰਨ ਦਹਾਕੇ ਤੋਂ ਵੱਧ ਹੋ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਮਿਲਣ ਵਾਲੇ ਉਨ੍ਹਾਂ ਦੇ ਪ੍ਰਸ਼ੰਸਕ ਸੱਚਾਈ ਅਤੇ ਆਪਣੀ ਕਾਲਪਨਿਕਤਾ ਵਿਚਾਲੇ ਦਾ ਫ਼ਰਕ ਬੜੀ ਆਸਾਨੀ ਨਾਲ ਮਿਟਾ ਰਹੇ ਹਨ।

ਉਹ ਕਹਿੰਦੇ ਹਨ, ''ਹੁਣ ਮੇਰੇ ਕੋਲ ਆਉਣ ਵਾਲੀਆਂ ਕਈ ਮਹਿਲਾਵਾਂ, ਆਪਣੇ ਬੱਚਿਆਂ ਨਾਲ ਮੇਰੀ ਪਛਾਣ ਇਹ ਕਹਿ ਕੇ ਕਰਵਾਉਂਦੀਆਂ ਹਨ ਕਿ ਇਹ ਅੰਕਲ ਚੰਦ 'ਤੇ ਗਏ ਸਨ।''

ਪੁਲਾੜ ਤੋਂ ਆਉਣ ਦੇ ਇੱਕ ਸਾਲ ਬਾਅਦ ਤੱਕ ਰਾਕੇਸ਼ ਸ਼ਰਮਾ ਹਮੇਸ਼ਾ ਪ੍ਰਸ਼ੰਸਕਾਂ ਨਾਲ ਘਿਰੇ ਰਹਿੰਦੇ ਸਨ। ਉਹ ਹਮੇਸ਼ਾ ਕਿਤੇ ਨਾ ਕਿਤੇ ਜਾਂਦੇ ਰਹਿੰਦੇ ਸਨ। ਹੋਟਲਾਂ ਅਤੇ ਗੈਸਟ ਹਾਊਸ 'ਚ ਰੁਕਦੇ ਸਨ। ਸਮਾਗਮਾਂ 'ਚ ਉਹ ਲੋਕਾਂ ਦੇ ਨਾਲ ਤਸਵੀਰਾਂ ਖਿਚਵਾਉਂਦੇ ਸਨ, ਭਾਸ਼ਣ ਦਿੰਦੇ ਸਨ।

ਇਹ ਵੀ ਜ਼ਰੂਰ ਪੜ੍ਹੋ:

Image copyright Getty Images

ਬਜ਼ੁਰਗ ਮਹਿਲਾਵਾਂ ਦੁਆਵਾਂ ਦਿੰਦੀਆਂ ਸਨ। ਪ੍ਰਸ਼ੰਸਕ ਉਨ੍ਹਾਂ ਦੇ ਕੱਪੜੇ ਤੱਕ ਫਾੜ ਦਿੰਦੇ ਸਨ। ਆਟੋਗ੍ਰਾਫ਼ ਲੈਣ ਦੇ ਲਈ ਰੌਲਾ ਪਾਉਂਦੇ ਸਨ। ਸਿਆਸਤਦਾਨ ਵੋਟਾਂ ਲੈਣ ਲਈ ਉਨ੍ਹਾਂ ਨੂੰ ਆਪਣੇ ਖ਼ੇਤਰਾਂ 'ਚ ਹੋਣ ਵਾਲੇ ਜੁਲੂਸਾਂ 'ਚ ਲੈ ਜਾਂਦੇ ਸਨ।

ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, ''ਇਹ ਇੱਕ ਬਿਲਕੁਲ ਹੀ ਵੱਖਰਾ ਅਹਿਸਾਸ ਸੀ, ਪ੍ਰਸ਼ੰਸਕਾਂ ਦੇ ਇਸ ਦੀਵਾਨੇਪਨ ਤੋਂ ਮੈਂ ਖਿਝ ਚੁੱਕਿਆ ਸੀ ਅਤੇ ਥੱਕ ਚੁੱਕਿਆ ਸੀ, ਹਰ ਸਮੇਂ ਮੈਨੂੰ ਹੱਸਦੇ ਰਹਿਣਾ ਹੁੰਦਾ ਸੀ।''

ਰਾਕੇਸ਼ ਸ਼ਰਮਾ 21 ਸਾਲ ਦੀ ਉਮਰ 'ਚ ਭਾਰਤੀ ਹਵਾਈ ਫ਼ੌਜ ਨਾਲ ਜੁੜੇ ਸਨ ਅਤੇ ਉੱਥੇ ਉਹ ਸੁਪਰਸੋਨਿਕ ਜੈੱਟ ਲੜਾਕੂ ਜਹਾਜ਼ ਉਡਾਉਂਦੇ ਸਨ।

ਪਾਕਿਸਤਾਨ ਦੇ ਨਾਲ 1971 ਦੀ ਲੜਾਈ 'ਚ ਉਨ੍ਹਾਂ ਨੇ 21 ਵਾਰ ਉਡਾਣ ਭਰੀ ਸੀ। ਉਸ ਸਮੇਂ ਉਹ 23 ਸਾਲ ਦੇ ਵੀ ਨਹੀਂ ਹੋਏ ਸਨ।

25 ਸਾਲ ਦੀ ਉਮਰ ਵਿੱਚ ਉਹ ਹਵਾਈ ਫ਼ੌਜ ਦੇ ਸਭ ਤੋਂ ਬਿਹਤਰੀਨ ਪਾਇਲਟ ਸਨ। ਉਨ੍ਹਾਂ ਨੇ ਪੁਲਾੜ 'ਚ 35 ਵਾਰ ਚਹਿਲ ਕਦਮੀ ਕੀਤੀ ਸੀ ਅਤੇ ਪੁਲਾੜ ਵਿੱਚ ਅਜਿਹਾ ਕਰਨਾ ਵਾਲੇ ਉਹ 128ਵੇਂ ਇਨਸਾਨ ਸਨ।

Image copyright Hindustan Times
ਫੋਟੋ ਕੈਪਸ਼ਨ ਰਾਕੇਸ਼ ਸ਼ਰਮਾ (ਵਿਚਕਾਰ) ਕਹਿੰਦੇ ਹਨ ਕਿ ਉਨ੍ਹਾਂ ਦੀ ਪੁਲਾੜ ਯਾਤਰਾ 'ਤੇ ਬਹੁਤ ਸ਼ਾਨਦਾਰ ਸਮਾਗਮ ਹੋਇਆ ਸੀ

ਜੋ ਗੱਲ ਸਭ ਤੋਂ ਆਸਾਨੀ ਨਾਲ ਭੁਲਾ ਦਿੱਤੀ ਗਈ ਉਹ ਇਹ ਸੀ ਕਿ ਜਿਸ ਸਾਲ ਰਾਕੇਸ਼ ਸ਼ਰਮਾ ਨੇ ਪੁਲਾੜ 'ਚ ਜਾਣ ਦੀ ਉਪਲਬਧੀ ਹਾਸਿਲ ਕੀਤੀ ਉਹ ਸਾਲ ਸਿਰਫ਼ ਇਸ ਉਪਲਬਧੀ ਨੂੰ ਛੱਡ ਦਈਏ ਤਾਂ ਭਾਰਤੀ ਇਤਿਹਾਸ ਦੇ ਸਭ ਤੋਂ ਖ਼ਰਾਬ ਸਾਲਾਂ 'ਚ ਸ਼ੁਮਾਰ ਕੀਤਾ ਜਾਂਦਾ ਹੈ।

1984 ਦਾ ਇਹ ਸਾਲ ਪੰਜਾਬ ਦੇ ਦਰਬਾਰ ਸਾਹਿਬ 'ਚ ਸਿੱਖ ਵੱਖਵਾਦੀਆਂ ਖ਼ਿਲਾਫ਼ ਫ਼ੌਜੀ ਕਾਰਵਾਈ ਅਤੇ ਇਸ ਕਾਰਨ ਸਿੱਖ ਅੰਗ ਰੱਖਿਅਕਾਂ ਵੱਲੋਂ ਇੰਦਰਾ ਗਾਂਧੀ ਦੇ ਕਤਲ ਲਈ ਵੀ ਜਾਣਿਆ ਜਾਂਦਾ ਹੈ।

ਇਸ ਤੋਂ ਬਾਅਦ ਦੇਸ਼ ਭਰ ਵਿੱਚ ਸਿੱਖਾਂ ਖ਼ਿਲਾਫ਼ ਦੰਗੇ ਭੜਕ ਗਏ ਸਨ।

ਇਸ ਸਾਲ ਦੇ ਅਖੀਰ ਵਿੱਚ ਭੋਪਾਲ ਗੈਸ ਕਾਂਡ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਇਹ ਦੁਨੀਆਂ ਦੀਆਂ ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇੱਕ ਸੀ।

ਇਹ ਵੀ ਜ਼ਰੂਰ ਪੜ੍ਹੋ:

Image copyright Hindustan Times
ਫੋਟੋ ਕੈਪਸ਼ਨ ਇੱਕ ਸੋਵੀਅਤ ਰਾਕੇਟ 'ਚ ਰਾਕੇਸ਼ ਸ਼ਰਮਾ ਅਤੇ ਦੋ ਰੂਸੀ ਪੁਲਾੜ ਯਾਤਰੀ ਯੂਰੀ ਮਾਲਯਸ਼ੇਵ ਅਤੇ ਗੇਨਾਡੀ ਸਟ੍ਰੇਕਾਲੋਵ ਪੁਲਾੜ ਯਾਤਰਾ 'ਤੇ ਗਏ ਸਨ

ਸਖ਼ਤ ਪ੍ਰੀਖਿਆ ਤੋਂ ਲੰਘਣਾ ਪਿਆ

ਇੰਦਰਾ ਗਾਂਧੀ 1984 ਵਿੱਚ ਪਹਿਲੇ ਭਾਰਤੀ ਪੁਲਾੜ ਸਮਾਗਮਾਂ ਨੂੰ ਸ਼ੁਰੂ ਕਰਨ ਲਈ ਕੋਸ਼ਿਸ਼ਾਂ ਵਿੱਚ ਸਨ। ਇਸ ਲਈ ਉਹ ਸੋਵੀਅਤ ਸੰਘ ਤੋਂ ਮਦਦ ਲੈ ਰਹੇ ਸਨ।

ਰਾਕੇਸ਼ ਸ਼ਰਮਾ ਨੂੰ 50 ਫਾਈਟਰ ਪਾਇਲਟਾਂ 'ਚ ਟੈਸਟ ਦੇ ਬਾਅਦ ਚੁਣਿਆ ਗਿਆ ਸੀ। ਉਨ੍ਹਾਂ ਤੋਂ ਇਲਾਵਾ ਰਵੀਸ਼ ਮਲਹੋਤਰਾ ਨੂੰ ਇਸ ਟੈਸਟ ਲਈ ਚੁਣਿਆ ਗਿਆ ਸੀ ਅਤੇ ਇਨ੍ਹਾਂ ਦੋਵਾਂ ਨੂੰ ਰੂਸ ਟ੍ਰੇਨਿੰਗ ਲਈ ਭੇਜਿਆ ਗਿਆ ਸੀ।

ਪੁਲਾੜ ਵਿੱਚ ਜਾਣ ਤੋਂ ਇੱਕ ਸਾਲ ਪਹਿਲਾਂ ਰਾਕੇਸ਼ ਸ਼ਰਮਾ ਅਤੇ ਰਵੀਸ਼ ਮਲਹੋਤਰਾ ਸਟਾਰ ਸਿਟੀ ਗਏ ਸਨ ਜੋ ਕਿ ਮਾਸਕੋ ਤੋਂ 70 ਕਿਲੋਮੀਟਰ ਦੂਰ ਸੀ ਅਤੇ ਪੁਲਾੜ ਯਾਤਰੀਆਂ ਦਾ ਟ੍ਰੇਨਿੰਗ ਸੈਂਟਰ ਸੀ।

ਰਾਕੇਸ਼ ਯਾਦਰ ਕਰਦੇ ਹੋਏ ਕਹਿੰਦੇ ਹਨ, ''ਉੱਥੇ ਠੰਡ ਬਹੁਤ ਸੀ, ਅਸੀਂ ਬਰਫ਼ 'ਚ ਇੱਕ ਇਮਾਰਤ ਤੋਂ ਦੂਜੀ ਇਮਾਰਤ ਤੱਕ ਪੈਦਲ ਜਾਣਾ ਹੁੰਦਾ ਸੀ।''

ਉਨ੍ਹਾਂ ਸਾਹਮਣੇ ਛੇਤੀ ਤੋਂ ਛੇਤੀ ਰੂਸੀ ਭਾਸ਼ਾ ਸਿੱਖਣ ਦੀ ਚੁਣੌਤੀ ਸੀ, ਕਿਉਂਕਿ ਜ਼ਿਆਦਾਤਰ ਉਨ੍ਹਾਂ ਦੀ ਟ੍ਰੇਨਿੰਗ ਰੂਸੀ ਭਾਸ਼ਾ 'ਚ ਹੀ ਹੋਣ ਵਾਲੀ ਸੀ।

ਹਰ ਦਿਨ ਉਹ ਛੇ ਤੋਂ ਸੱਤ ਘੰਟੇ ਰੂਸੀ ਭਾਸ਼ਾ ਸਿੱਖਦੇ ਸਨ। ਇਸਦਾ ਅਸਰ ਇਹ ਹੋਇਆ ਕਿ ਉਨ੍ਹਾਂ ਤਿੰਨ ਮਹੀਨੇ 'ਚ ਠੀਕ-ਠਾਕ ਰੂਸੀ ਸਿੱਖ ਲਈ ਸੀ।

Image copyright Hindustan Times
ਫੋਟੋ ਕੈਪਸ਼ਨ ਤਿੰਨਾਂ ਪੁਲਾੜ ਯਾਤਰੀਆਂ ਦੀ ਟ੍ਰੇਨਿੰਗ ਮਾਸਕੋ ਦੇ ਬਾਹਰ ਸਥਿਤ ਇੱਕ ਕੇਂਦਰ 'ਚ ਹੋਈ ਸੀ

ਉਨ੍ਹਾਂ ਦੇ ਖਾਣ-ਪੀਣ 'ਤੇ ਵੀ ਧਿਆਨ ਰੱਖਿਆ ਜਾਂਦਾ ਸੀ। ਓਲੰਪਿੰਕ ਟ੍ਰੇਨਰ ਉਨ੍ਹਾਂ ਦੇ ਸਟੇਮਿਨਾ, ਰਫ਼ਤਾਰ ਅਤੇ ਤਾਕਤ 'ਤੇ ਨਜ਼ਰ ਰੱਖਦੇ ਸਨ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦੇ ਰਹੇ ਸਨ।

ਟ੍ਰੇਨਿੰਗ ਦੌਰਾਨ ਹੀ ਮੈਨੂੰ ਦੱਸਿਆ ਗਿਆ ਕਿ ਮੈਨੂੰ ਚੁਣਿਆ ਗਿਆ ਹੈ ਅਤੇ ਰਵੀਸ਼ ਮਲਹੋਤਰਾ ਬੈਕਅੱਪ ਦੇ ਰੂਪ 'ਚ ਹੋਣਗੇ।

ਰਾਕੇਸ਼ ਸ਼ਰਮਾ ਬੜੀ ਹੀ ਨਿਮਰਤਾ ਨਾਲ ਮੰਨਦੇ ਹਨ, ''ਇਹ ਕੋਈ ਬਹੁਤਾ ਮੁਸ਼ਕਿਲ ਨਹੀਂ ਸੀ।''

ਪਰ ਵਿਗਿਆਨ 'ਤੇ ਲਿਖਣ ਵਾਲੇ ਲੇਖਕ ਪੱਲਵ ਬਾਗਲਾ ਦਾ ਮੰਨਣਾ ਹੈ ਕਿ ਰਾਕੇਸ਼ ਸ਼ਰਮਾ ਨੇ 'ਵਿਸ਼ਵਾਸ ਦੀ ਉੱਚੀ ਛਾਲ ਮਾਰੀ ਹੈ।'

ਉਨ੍ਹਾਂ ਨੇ ਲਿਖਿਆ ਹੈ, ''ਉਹ ਇੱਕ ਅਜਿਹੇ ਦੇਸ਼ ਤੋਂ ਸਨ ਜਿਸਦਾ ਕੋਈ ਆਪਣਾ ਪੁਲਾੜ ਪ੍ਰੋਗਰਾਮ ਨਹੀਂ ਸੀ, ਉਨ੍ਹਾਂ ਨੇ ਕਦੇ ਪੁਲਾੜ ਯਾਤਰੀ ਬਣਨ ਦਾ ਸੁਪਨਾ ਨਹੀਂ ਦੇਖਿਆ ਸੀ। ਪਰ ਉਨ੍ਹਾਂ ਨੇ ਔਖੇ ਹਾਲਾਤ 'ਚ ਇੱਕ ਦੂਜੇ ਮੁਲਕ ਜਾ ਕੇ ਸਖ਼ਤ ਟ੍ਰੇਨਿੰਗ ਲ਼ਈ, ਨਵੀਂ ਭਾਸ਼ਾ ਸਿੱਖੀ ਤੇ ਉਹ ਸੱਚ-ਮੁਚ ਇੱਕ ਹੀਰੋ ਹਨ।''

Image copyright Hari Adivarekar
ਫੋਟੋ ਕੈਪਸ਼ਨ ਇੰਦਰਾ ਗਾਂਧੀ ਆਮ ਚੋਣਾਂ ਤੋਂ ਪਹਿਲਾਂ ਇੱਕ ਭਾਰਤੀ ਨੂੰ ਪੁਲਾੜ 'ਚ ਭੇਜਣਾ ਚਾਹੁੰਦੇ ਸਨ

ਤਿੰਨ ਅਪ੍ਰੈਲ 1984 ਨੂੰ ਇੱਕ ਸੋਵੀਅਤ ਰਾਕੇਟ 'ਚ ਰਾਕੇਸ਼ ਸ਼ਰਮਾ ਅਤੇ ਦੋ ਰੂਸੀ ਪੁਲਾੜ ਯਾਤਰੀ ਯੂਰੀ ਮਾਲਯਸ਼ੇਵ ਅਤੇ ਗੇਨਾਡੀ ਸਟ੍ਰੇਕਾਲੋਵ ਪੁਲਾੜ ਦੇ ਲਈ ਰਵਾਨਾ ਹੋਏ ਸਨ।

ਇਹ ਉਸ ਸਮੇਂ ਦੇ ਸੋਵੀਅਤ ਰਿਪਬਲਿਕ ਆਫ਼ ਕਜਾਖ਼ਸਤਾਨ ਦੇ ਇੱਕ ਪੁਲਾੜ ਕੇਂਦਰ ਤੋਂ ਰਵਾਨਾ ਹੋਏ ਸਨ।

ਬੋਰਿੰਗ ਰਵਾਨਗੀ

ਰਾਕੇਸ਼ ਸ਼ਰਮਾ ਉਸ ਪਲ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, ''ਜਿਸ ਸਮੇਂ ਅਸੀਂ ਰਵਾਨਾ ਹੋ ਰਹੇ ਸੀ ਉਹ ਬਹੁਤ ਹੀ ਬੋਰਿੰਗ ਸੀ ਕਿਉਂਕਿ ਅਸੀਂ ਇਸਦਾ ਇੰਨਾ ਅਭਿਆਸ ਕੀਤਾ ਸੀ ਕਿ ਇਹ ਕਿਸੇ ਰੂਟੀਨ ਵਾਂਗ ਹੋ ਗਿਆ ਸੀ।''

ਜਦੋਂ ਮੈਂ ਪੁੱਛਿਆ ਕਿ ਧਰਤੀ ਤੋਂ ਪੁਲਾੜ 'ਚ ਜਾਂਦੇ ਸਮੇਂ ਕੀ ਉਹ ਪਰੇਸ਼ਾਨ ਵੀ ਸਨ।

ਰਾਕੇਸ਼ ਦਾ ਜਵਾਬ ਸੀ, ''ਦੇਖੋ ਪੁਲਾੜ ਵਿੱਚ ਜਾਣ ਵਾਲਾ ਮੈਂ 128ਵਾਂ ਇਨਸਾਨ ਸੀ। 127 ਲੋਕ ਜ਼ਿੰਦਾ ਵਾਪਸ ਆਏ ਸਨ। ਇਸ ਲਈ ਘਬਰਾਉਣ ਦੀ ਕੋਈ ਅਜਿਹੀ ਗੱਲ ਨਹੀਂ ਸੀ।''

ਮੀਡੀਆ ਨੇ ਇਸ ਪੁਲਾੜ ਮਿਸ਼ਨ ਨੂੰ ਭਾਰਤ ਅਤੇ ਸੋਵੀਅਤ ਸੰਘ ਦੀ ਦੋਸਤੀ ਨੂੰ ਹੋਰ ਡੁੰਘਾ ਹੁੰਦੇ ਦੇਖਿਆ।

ਰਾਕੇਸ਼ ਸ਼ਰਮਾ ਅਤੇ ਉਨ੍ਹਾਂ ਦੇ ਨਾਲ ਜਾਣ ਵਾਲੇ ਪੁਲਾੜ ਯਾਤਰੀਆਂ ਨੇ ਪੁਲਾੜ ਵਿੱਚ ਕਰੀਬ ਅੱਠ ਦਿਨ ਗੁਜ਼ਾਰੇ।

ਇਹ ਵੀ ਪੜ੍ਹੋ

'ਸਾਰੇ ਜਹਾਂ ਸੇ ਅੱਛਾ'

ਰਾਕੇਸ਼ ਸ਼ਰਮਾ ਉਹ ਪਹਿਲੇ ਇਨਸਾਨ ਸਨ ਜਿਨ੍ਹਾਂ ਨੇ ਪੁਲਾੜ ਵਿੱਚ ਯੋਗ ਦਾ ਅਭਿਆਸ ਕੀਤਾ। ਉਨ੍ਹਾਂ ਨੇ ਯੋਗ ਅਭਿਆਸ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਨਾਲ ਗ੍ਰੈਵੀਟੇਸ਼ਨ ਦੇ ਅਸਰ ਨੂੰ ਘੱਟ ਕਰਨ 'ਚ ਕੀ ਮਦਦ ਮਿਲ ਸਕਦੀ ਹੈ।

ਉਨ੍ਹਾਂ ਨੇ ਦੱਸਿਆ, ''ਇਹ ਬਹੁਤ ਮੁਸ਼ਕਿਲ ਸੀ, ਆਪਣੇ ਪੈਰਾਂ ਦੇ ਹੇਠਾਂ ਕਿਸੇ ਵੀ ਭਾਰ ਦਾ ਅਹਿਸਾਸ ਨਹੀਂ ਹੁੰਦਾ। ਤੁਸੀਂ ਪੂਰੀ ਤਰ੍ਹਾਂ ਹਵਾ ਵਿੱਚ ਤੈਰਦੇ ਰਹਿੰਦੇ ਹੋ, ਇਸ ਲਈ ਖ਼ੁਦ ਨੂੰ ਸਾਂਭ ਕੇ ਰੱਖਣ ਲਈ ਕੋਈ ਉਪਾਅ ਕਰਕੇ ਰੱਖਣਾ ਸੀ।''

ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰਾਕੇਸ਼ ਸ਼ਰਮਾ ਤੋਂ ਪੁੱਛਿਆ ਕਿ ਪੁਲਾੜ ਤੋਂ ਭਾਰਤ ਕਿਵੇਂ ਦਿਖ ਰਿਹਾ ਸੀ ਤਾਂ ਉਨ੍ਹਾਂ ਨੇ ਹਿੰਦੀ ਵਿੱਚ ਕਿਹਾ ਸੀ, 'ਸਾਰੇ ਜਹਾਂ ਸੇ ਅੱਛਾ।'

Image copyright Getty Images
ਫੋਟੋ ਕੈਪਸ਼ਨ ਰਾਕੇਸ਼ ਸ਼ਰਮਾ ਹਵਾਈ ਫ਼ੌਜ ਦੇ ਟੈਸਟ ਪਾਇਲਟ ਦੇ ਰੂਪ 'ਚ ਰਿਟਾਇਰ ਹੋਏ ਸਨ

ਇਹ ਮੁਹੰਮਦ ਇਕ਼ਬਾਲ ਦਾ ਇੱਕ ਕਲਾਮ ਹੈ ਜੋ ਉਹ ਸਕੂਲ ਦੇ ਦਿਨਾਂ ਵਿੱਚ ਹਰ ਰੋਜ਼ ਕੌਮੀ ਗੀਤ ਦੇ ਬਾਅਦ ਗਾਉਂਦੇ ਸਨ।

ਰਾਕੇਸ਼ ਸ਼ਰਮਾ ਬਿਆਨ ਕਰਦੇ ਹਨ, ਇਹ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇਸ ਵਿੱਚ ਕੁਝ ਵੀ ਦੇਸ਼ਭਗਤੀ ਦੇ ਪਾਗਲਪਨ ਵਰਗਾ ਨਹੀਂ ਸੀ। ਸੱਚ-ਮੁੱਚ ਪੁਲਾੜ ਤੋਂ ਭਾਰਤ ਸੋਹਣਾ ਦਿਖ ਰਿਹਾ ਸੀ।''

ਨਿਊ ਯਾਰਕ ਟਾਇਮਜ਼ ਨੇ ਉਸ ਵਕਤ ਲਿਖਿਆ ਸੀ ਕਿ ਲੰਬੇ ਸਮੇਂ ਤੱਕ ਭਾਰਤ ਦੀ ਆਪਣੀ ਕੋਈ ਮਨੁੱਖੀ ਪੁਲਾੜ ਯਾਤਰਾ ਨਹੀਂ ਹੋਣ ਵਾਲੀ। ਬਹੁਤ ਲੰਬੇ ਸਮੇਂ ਤੱਕ ਰਾਕੇਸ਼ ਸ਼ਰਮਾ ਪੁਲਾੜ ਜਾਣ ਵਾਲੇ ਇੱਕਲੇ ਭਾਰਤੀ ਬਣੇ ਰਹਿਣਗੇ।

ਇਹ ਵੀ ਪੜ੍ਹੋ

ਇਕੱਲੇ ਭਾਰਤੀ

ਨਿਊ ਯਾਰਕ ਟਾਇਮਜ਼ ਦੀ ਇਹ ਗੱਲ ਸਹੀ ਸਾਬਿਤ ਹੋ ਰਹੀ ਹੈ। ਅੱਜ 35 ਸਾਲਾਂ ਬਾਅਦ ਵੀ ਰਾਕੇਸ਼ ਸ਼ਰਮਾ ਇਕੱਲੇ ਅਜਿਹੇ ਭਾਰਤੀ ਪੁਲਾੜ ਯਾਤਰੀ ਹਨ ਜਿਨ੍ਹਾਂ ਨੇ ਪੁਲਾੜ ਵਿੱਚ ਚਹਿਲ ਕਦਮੀ ਕੀਤੀ ਹੈ।

ਭਾਰਤ ਅਜੇ ਤੱਕ ਆਪਣੇ ਲੋਕਾਂ ਨੂੰ ਆਪਣੀ ਧਰਤੀ ਤੋਂ ਆਪਣੇ ਰਾਕੇਟ ਵਿੱਚ ਪੁਲਾੜ ਭੇਜਣ ਦੇ ਖ਼ੁਆਬ ਹੀ ਦੇਖ ਰਿਹਾ ਹੈ।

ਰਾਕੇਸ਼ ਸ਼ਰਮਾ ਨੇ ਪੁਲਾੜ ਤੋਂ ਆਉਣ ਤੋਂ ਬਾਅਦ ਮੁੜ ਤੋਂ ਇੱਕ ਜੈੱਟ ਪਾਇਲਟ ਦੇ ਤੌਰ 'ਤੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ।

ਉਨ੍ਹਾਂ ਨੇ ਜਗੁਆਰ ਅਤੇ ਤੇਜਸ ਉਡਾਏ। ਉਨ੍ਹਾਂ ਨੇ ਬੋਸਟਨ ਦੀ ਇੱਕ ਕੰਪਨੀ ਵਿੱਚ ਚੀਫ਼ ਓਪਰੇਟਿੰਗ ਅਫ਼ਸਰ ਦੇ ਤੌਰ 'ਤੇ ਵੀ ਸੇਵਾਵਾਂ ਦਿੱਤੀਆਂ ਜੋ ਜਹਾਜ਼, ਟੈਂਕ ਅਤੇ ਪਨਡੁੱਬੀਆਂ ਦੇ ਲਈ ਸਾਫ਼ਟਵੇਅਰ ਤਿਆਰ ਕਰਦੀ ਸੀ।

Image copyright Hari Adaivarekar
ਫੋਟੋ ਕੈਪਸ਼ਨ ਰਾਕੇਸ਼ ਸ਼ਰਮਾ ਇਸ ਸਮੇਂ ਦੱਖਣ ਭਾਰਤ ਦੇ ਇੱਕ ਹਿੱਲ ਸਟੇਸ਼ਨ 'ਤੇ ਰਹਿ ਰਹੇ ਹਨ

ਦੱਸ ਸਾਲ ਪਹਿਲਾਂ

ਦੱਸ ਸਾਲ ਪਹਿਲਾਂ ਉਹ ਸੇਵਾਮੁਕਤ ਹੋਏ ਅਤੇ ਆਪਣੇ ਸੁਪਨਿਆਂ ਦਾ ਘਰ ਬਣਾਇਆ। ਇਸ ਘਰ ਦੀਆਂ ਛੱਤਾਂ ਤਿਰਛੀਆਂ ਹਨ, ਬਾਥਰੂਮ 'ਚ ਸੋਲਰ ਹੀਟਰ ਲੱਗੇ ਹੋਏ ਹਨ, ਮੀਂਹ ਦਾ ਪਾਣੀ ਇੱਕ ਥਾਂ ਇਕੱਠਾ ਹੁੰਦਾ ਹੈ।

ਉਹ ਆਪਣੀ ਇੰਟੀਰਿਅਰ ਡਿਜ਼ਾਈਨਰ ਪਤਨੀ ਮਧੁ ਨਾਲ ਇਸ ਘਰ ਵਿੱਚ ਰਹਿੰਦੇ ਹਨ।

ਉਨ੍ਹਾਂ ਉੱਤੇ ਇੱਕ ਬਾਇਓਪਿਕ ਬਣਨ ਦੀ ਚਰਚਾ ਹੈ ਜਿਸ 'ਚ ਸ਼ਾਹਰੁਖ਼ ਖ਼ਾਨ ਰਾਕੇਸ਼ ਸ਼ਰਮਾ ਦੀ ਭੂਮਿਕਾ ਅਦਾ ਕਰਨਗੇ।

ਮੇਰਾ ਉਨ੍ਹਾਂ ਨੂੰ ਆਖ਼ਰੀ ਸਵਾਲ ਸੀ, ਕੀ ਤੁਸੀਂ ਮੁੜ ਪੁਲਾੜ ਜਾਣਾ ਚਾਹੋਗੇ?

ਆਪਣੀ ਬਾਲਕੌਨੀ ਤੋਂ ਬਾਹਰ ਦੇਖਦੇ ਹੋਏ ਉਨ੍ਹਾਂ ਨੇ ਕਿਹਾ, ''ਮੈਂ ਪੁਲਾੜ 'ਚ ਦੁਬਾਰਾ ਜਾਣਾ ਪਸੰਦ ਕਰਾਂਗਾ, ਪਰ ਇਸ ਵਾਰ ਮੈਂ ਇੱਕ ਸੈਲਾਨੀ ਦੇ ਤੌਰ 'ਤੇ ਜਾਣਾ ਚਾਹਾਂਗਾ, ਜਦੋਂ ਮੈਂ ਉੱਥੇ ਗਿਆ ਸੀ ਤਾਂ ਸਾਡੇ ਕੋਲ ਬਹੁਤ ਸਾਰੇ ਕੰਮ ਕਰਨ ਨੂੰ ਸਨ।''

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)