ਬਾਦਲਾਂ ਦਾ ਵਿਰੋਧ ਕਰਨ ਵਾਲੇ ਕਾਂਗਰਸੀ ਪਿੱਠੂ ਤੇ ਖਾਲਿਸਤਾਨੀ ਹੋ ਜਾਂਦੇ ਹਨ - ਐੱਚਐੱਸ ਫੂਲਕਾ ਨੇ ਕਿਹਾ

ਐੱਚ.ਐੱਸ. ਫੂਲਕਾ

“ਅਸੀਂ ਸ਼੍ਰੋਮਣੀ ਕਮੇਟੀ ਦਾ ਸੁਧਾਰ ਕਰਨ ਲਈ, ਉਸ ਦਾ ਸਿਆਸੀਕਰਨ ਖ਼ਤਮ ਕਰਨ ਲਈ ਅੰਨਾ ਹਜ਼ਾਰੇ ਦੇ ਅੰਦੋਲਨ ਦੀ ਤਰਜ਼ 'ਤੇ ਪੰਜਾਬ ਵਿੱਚ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਇਹ ਬਹੁਤ ਔਖਾ ਕੰਮ ਹੈ।”

ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜਨ ਵਾਲੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੇ ਬੀਬੀਸੀ ਪੱਤਰਕਾਰ ਖ਼ੁਸ਼ਹਾਲ ਲਾਲੀ ਨਾਲ ਖ਼ਾਸ ਗੱਲਬਾਤ ਵਿੱਚ ਕਹੇ।

ਫੂਲਕਾ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖ਼ਤਮ ਕਰਨ ਲਈ ਕੰਮ ਕਰਨਾ ਚਾਹੁੰਦੇ ਹਨ।

ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਵੇਲੇ ਉਨ੍ਹਾਂ ਨੇ ਕਿਹਾ ਸੀ, "ਅੰਨਾ ਹਜ਼ਾਰੇ ਵਰਗੀ ਮੁਹਿੰਮ ਫਿਰ ਸ਼ੁਰੂ ਕਰਨ ਦੀ ਲੋੜ ਹੈ। ਪੰਜਾਬ ਵਿੱਚ ਨਸ਼ਿਆਂ ਦੀ ਸਮਸਿਆ ਹੈ। ਮੈਂ ਇੱਕ ਸੰਗਠਨ ਇਸ ਨਾਲ ਲੜਨ ਲਈ ਖੜਾ ਕਰਾਂਗਾ।"

ਪੰਜਾਬ ਦੇ ਲੋਕਾਂ ਨੂੰ ਤੁਹਾਡੇ ਕੋਲੋਂ ਸਿਆਸਤ ਚ ਕਾਫੀ ਉਮੀਦਾਂ ਸੀ ਪਰ ਤੁਸੀਂ ਹੁਣ ਸਿਆਸਤ ਹੀ ਛੱਡ ਦਿੱਤੀ। ਕੀ ਤੁਹਾਡੇ ਪਾਰਟੀ ਛੱਡਣ ਦਾ ਕਾਰਨ ਇਹ ਹੈ ਕਿ ਪਾਰਟੀ ਸਿਧਾਂਤਾਂ ਤੋਂ ਭਟਕ ਗਈ ਜਾਂ ਤੁਹਾਨੂੰ ਇਹ ਲਗਦਾ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਖ਼ਤਮ ਹੋ ਗਈ ਹੈ?

ਇਹ ਵੀ ਪੜ੍ਹੋ:

“ਪਾਰਟੀ ਭਟਕੀ ਜਾਂ ਨਹੀਂ ਇਸ ਬਾਰੇ ਉਹੀ ਜਾਣਦੇ ਪਰ ਜਿਸ ਤਰ੍ਹਾਂ ਮੈਂ ਚਾਹੁੰਦਾ ਸੀ ਕਿ ਚੱਲਿਆ ਜਾਵੇ, ਉਹ ਤਰੀਕਾ ਨਹੀਂ ਸੀ ਤਾਂ ਇਸ ਕਰਕੇ ਮੈਂ ਪਾਰਟੀ ਛੱਡ ਕੇ ਆਪਣੀ ਸਮਾਜਿਕ ਮੁਹਿੰਮ ਚਲਾਉਣੀ ਹੈ।”

“ਇਸ ਲਈ ਮੈਂ ਪਾਰਟੀ ਛੱਡ ਦਿੱਤੀ ਹੈ ਅਤੇ ਪਾਰਟੀ ਛੱਡ ਕਿ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖ਼ਤਮ ਕਰਨਾ ਹੈ। ਮੈਂ ਜਾਣਦਾ ਹਾਂ ਕਿ ਇਹ ਕੋਈ ਸੌਖਾ ਕੰਮ ਨਹੀਂ ਪਰ ਕੀ ਸਾਨੂੰ ਹੱਥ ਤੇ ਹੱਥ ਧਰਕੇ ਬੈਠ ਜਾਣਾ ਚਾਹੀਦਾ ਹੈ। ਬਿਲਕੁੱਲ ਨਹੀਂ“

ਤੁਸੀਂ ਅਕਸਰ ਸਿਆਸਤ 'ਚੋਂ ਗਾਇਬ ਰਹਿੰਦੇ ਸੀ ਅਤੇ ਕਹਿੰਦੇ ਸੀ ਕਿ ਤੁਹਾਡੀ ਜ਼ਿੰਦਗੀ ਦਾ ਮੁੱਖ ਉਦੇਸ਼ ਹੈ '84 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਤੇ ਇਸ ਲਈ ਤੁਹਾਡੇ ਕੋਲ ਸਮਾਂ ਸੀਮਤ ਹੁੰਦਾ ਹੈ, ਅਜਿਹੇ ਆਪਣੀ ਮੁਹਿੰਮ ਲਈ ਤੁਸੀਂ ਸਮਾਂ ਕੱਢ ਸਕੋਗੇ?

“ਹੁਣ ਸੱਜਣ ਕੁਮਾਰ ਜੇਲ੍ਹ 'ਚ ਗਿਆ ਹੈ ਅਤੇ ਦਬਾਅ ਥੋੜ੍ਹਾ ਘੱਟ ਹੋਇਆ ਹੈ। ਹੁਣ ਜਿਹੜਾ ਟਾਈਟਲਰ ਤੇ ਸੱਜਣ ਕੁਮਾਰ ਵਾਲਾ ਕੇਸ ਅਤੇ ਕਮਲ ਨਾਥ ਦਾ ਸ਼ੁਰੂ ਵੀ ਕਰਵਾਉਣਾ ਹੈ ਪਰ ਇਨ੍ਹਾਂ ਦਾ ਇੰਨਾ ਦਬਾਅ ਨਹੀਂ ਹੈ ਇਸ ਲਈ ਮੈਂ ਸਮਾਂ ਕੱਢਾਂਗਾ ਅਤੇ ਮੈਂ ਸਮਾਂ ਲਗਾ ਸਕਦਾ।”

ਇਹ ਬਹੁਤ ਔਖਾ ਕੰਮ ਹੈ ਅਤੇ ਸਮਾਂ ਤਾਂ ਮੈਨੂੰ ਕੱਢਣਾ ਹੀ ਪੈਣਾ ਹੈ, ਇਸ ਲਈ ਕੇਸਾਂ ਦਾ ਦਬਾਅ ਘੱਟ ਹੋਣ ਕਰਕੇ ਮੈਂ ਕੰਮ ਕਰ ਸਕਾਂਗਾ।

ਅਜਿਹੀ ਮੁਹਿੰਮ ਦਾ ਵਾਅਦਾ ਤੁਸੀਂ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਕੀਤਾ ਸੀ ਕਿ ਅਸੀਂ ਪੰਜਾਬ ਦੀ ਸਿਆਸਤ ਨੂੰ ਬਦਲ ਦੇਵੇਗਾ ਪਰ ਤੁਹਾਡੇ ਅਸਤੀਫ਼ੇ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਤੁਹਾਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ, ਅਜਿਹੇ 'ਚ ਲੋਕ ਤੁਹਾਡੇ ਉੱਤੇ ਭਰੋਸਾ ਕਿਵੇਂ ਕਰਨ?”

ਫੂਲਕਾ ਨਾਲ ਬੀਬਸੀ ਦਾ ਖ਼ਾਸ ਇੰਟਰਵਿਊ ਦੇਖੋ:

“ਮੈਂ ਜੋ ਵੀ ਵਾਅਦੇ ਕੀਤੇ ਆਖ਼ਰ ਉਹੀ ਕਰਨ ਜਾ ਰਿਹਾ ਹਾਂ। ਮੇਰਾ ਹਲਕਾ ਦੇਸ ਦਾ ਅਜਿਹਾ ਪਹਿਲਾ ਹਲਕਾ ਜਿੱਥੇ 118 ਸਰਕਾਰੀ ਸਕੂਲ ਹਨ ਤੇ ਸਾਰਿਆਂ 'ਚ ਹੀ ਸਮਾਰਟ ਕਲਾਸ ਰੂਮ ਬਣਾਏ ਗਏ ਹਨ।”

“ਇਹ ਅਸੀਂ ਇਹ ਕੰਮ ਬਿਨਾਂ ਦੀ ਸਰਕਾਰ ਦੀ ਮਦਦ ਤੋਂ ਆਪਣੇ ਨਿੱਜੀ ਸਰੋਤਾਂ ਤੇ ਦੋਸਤਾਂ ਦੀ ਮਦਦ ਨਾਲ ਕੀਤਾ।”

“ਮੇਰੇ ਹਲਕੇ 'ਚ ਇੱਕ ਮੋਬਾਈਲ ਡਿਸਪੈਂਸਰੀ ਚੱਲਦੀ ਹੈ, ਜੋ 20 ਪਿੰਡਾਂ 'ਚ ਜਾਂਦੀ ਹੈ ਅਤੇ ਆਲ-ਦੁਆਲੇ ਦੇ ਕਰੀਬ 35 ਪਿੰਡ ਉਸ ਦਾ ਲਾਹਾ ਲੈਂਦੇ ਹਨ ਤੇ ਹੁਣ ਤੱਕ ਇਸ ਤੋਂ 45 ਹਜ਼ਾਰ ਮਰੀਜ਼ ਫਾਇਦਾ ਲੈ ਚੁੱਕਿਆ ਹੈ।”

“ਜਿਸ ਮੁਫ਼ਤ ਦਵਾਈਆਂ, ਮੁਫ਼ਤ ਇਲਾਜ ਅਤੇ ਮੁਫ਼ਤ ਟੈਸਟ ਹੁੰਦੇ ਹਨ।”

ਇਹ ਵੀ ਪੜ੍ਹੋ:

“ਜਿੰਨੇ ਕੰਮ ਵਿਧਾਇਕ ਬਣ ਕੇ ਸ਼ੁਰੂ ਕੀਤੇ ਸੀ ਉਹ ਚੱਲਦੇ ਰਹਿਣਗੇ ਅਤੇ ਹੁਣ ਜੋ ਪੰਜਾਬ ਨੂੰ ਬਦਲਣ ਵਾਲੇ ਪਾਸੇ ਵੀ ਕੰਮ ਕਰਨ ਲੱਗੇ ਹਾਂ।”

ਜੋ ਕੰਮ ਤੁਸੀਂ ਵਿਧਾਇਕ ਹੁੰਦਿਆਂ ਆਪਣੇ ਹਲਕੇ 'ਚ ਕਰਵਾਏ ਉਹੀ ਕੰਮ ਪਾਰਟੀ ਰਾਹੀ ਪੰਜਾਬ ਦੇ ਦੂਜੇ ਹਿੱਸਿਆ ਵਿਚ ਕਿਉਂ ਨਾ ਕਰਵਾ ਸਕੇ?

“ਇਹ ਕੰਮ ਤਾਂ ਮੈਂ ਆਪਣੇ ਪੱਧਰ 'ਤੇ ਕਰਵਾਏ ਹਨ, ਜਿਨਾਂ ਕੁ ਮੈਂ ਕਰ ਸਕਿਆ ਕੀਤਾ। ਅਸੀਂ ਸਰਕਾਰ ਵਿਚ ਹੁੰਦੇ ਤਾਂ ਗੱਲ ਕੁਝ ਹੋਰ ਹੁੰਦੀ।”

“ਪਰ ਮੈਂ ਇਸ ਗੱਲ 'ਚ ਵਿਸ਼ਵਾਸ਼ ਨਹੀਂ ਕਰਦਾ ਕਿ ਪਹਿਲਾਂ ਸਾਡੀ ਪਾਰਟੀ ਬਣਾਉ ਤੇ ਫਿਰ ਅਸੀਂ ਕੰਮ ਕਰਾਂਗੇ।”

ਪੰਜਾਬ 'ਚ ਪਾਰਟੀ ਜਿਵੇਂ ਅੱਜ ਧੜਿਆਂ 'ਚ ਵੰਡੀ ਗਈ ਹੈ ਜਾਂ ਜੋ ਹਸ਼ਰ ਹੋਇਆ ਉਸ ਨਾਲ ਕਿਤੇ ਮਨ ਖੱਟਾ ਤਾਂ ਨਹੀਂ ਹੋਇਆ?

“ਪਹਿਲੀ ਗੱਲ, ਮੈਨੂੰ ਲਗਦਾ ਹੈ ਕਿ ਜੇਕਰ ਮੈਂ ਉੱਥੇ ਵਿਰੋਧੀ ਧਿਰ ਦਾ ਆਗੂ ਬਣਿਆ ਰਹਿੰਦਾ ਤਾਂ ਸ਼ਾਇਦ ਪਾਰਟੀ ਧੜਿਆ 'ਚ ਵੰਡੀ ਹੀ ਨਹੀਂ ਜਾਣੀ ਸੀ।”

“ਪਰ ਮੈਂ ਤਾਂ ਪਾਰਟੀ ਉਦੋਂ ਛੱਡੀ ਸੀ ਜਦੋਂ ਅਜਿਹਾ ਕੁਝ ਵੀ ਨਹੀਂ ਸੀ, ਸਾਰੇ ਇਕੱਠੇ ਸੀ। ਮੈਂ ਖ਼ੁਦ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਵਾਇਆ ਸੀ।”

ਆਮ ਆਦਮੀ ਪਾਰਟੀ ਵਿੱਚ ਪੰਜਾਬ ਸਮਝੌਤਾ ਕਿਉਂ ਨਹੀਂ ਹੋ ਸਕਿਆ, ਇਸ ਲਈ ਕੌਣ ਜ਼ਿੰਮੇਵਾਰ ਹੈ?

“ਦੋਵਾਂ ਦੀ ਆਪਣੀ-ਆਪਣੀ ਜ਼ਿੱਦ ਹੈ ਤੇ ਉਨ੍ਹਾਂ ਨੂੰ ਹੀ ਮੁਬਾਰਕ, ਅਸੀਂ ਤਾਂ ਹੁਣ ਵੱਡਾ ਕੰਮ ਕਰਨ ਚੱਲੇ ਹਾਂ।”

Image copyright Getty Images

ਪਰ ਮੀਰੀ-ਪਾਰੀ ਦੇ ਸਿਧਾਂਤ ਮੁਤਾਬਕ ਧਰਮ ਤੇ ਸਿਆਸਤ ਇਕੱਠੇ ਚੱਲਦੇ ਹਨ, ਫਿਰ ਤੁਸੀਂ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖ਼ਤਮ ਕਿਵੇਂ ਕਰੋਗੇ?

“ਜਦੋਂ ਅਸੀਂ ਸ਼੍ਰੋਮਣੀ ਕਮੇਟੀ ਵਿਚੋਂ ਕੁਰੀਤੀਆਂ ਕੱਢਾਂਗੇ ਤਾਂ ਹੀ ਤਾਂ ਸੂਬੇ 'ਤੋਂ ਕੱਢਾਂਗੇ। ਮੀਰੀ-ਪੀਰੀ ਦਾ ਸਿਧਾਂਤ ਕਹਿੰਦਾ ਹੈ ਸਿਆਸਤ ਨੂੰ ਧਰਮ ਰਾਹੀ ਚਲਾਉ ਪਰ ਇਨ੍ਹਾਂ ਨੇ ਸਾਸ਼ਨ ਦੀਆਂ ਜਿੰਨੀਆਂ ਕੁਰੀਤੀਆਂ ਨੇ ਇਨ੍ਹਾਂ ਜਿੰਨੀਆਂ ਰਾਜ ਦੀਆਂ ਕੁਰੀਤੀਆਂ ਨੇ ਉਹ ਸ਼੍ਰੋਮਣੀ ਕਮੇਟੀ 'ਚ ਪਾ ਦਿੱਤੀਆਂ ਹਨ।”

“ਸ਼੍ਰੋਮਟੀ ਕਮੇਟੀ 'ਚ ਤਾਂ ਕੋਈ ਅਸੂਲ ਇਨ੍ਹਾਂ ਨੇ ਛੱਡਿਆ ਨਹੀਂ ਤਾਂ ਉਸ ਨੂੰ ਸਿਆਸਤ 'ਚ ਕਿਵੇਂ ਲੈ ਕੇ ਜਾਈਏ।”

“ਪਹਿਲਾਂ ਅਸੀਂ ਸ਼੍ਰੋਮਣੀ ਕਮੇਟੀ ਨੂੰ ਸੁਧਾਰਾਗੇ ਅਤੇ ਫਿਰ ਇਨ੍ਹਾਂ ਅਸੂਲਾਂ ਨੂੰ ਸਾਸ਼ਨ 'ਚ ਸ਼ਾਮਿਲ ਕਰਿਓ।”

ਜਿਹੜੀ ਮੁਹਿੰਮ ਚਲਾਉਣ ਦੀ ਗੱਲ ਕਰਦੇ ਹੋ ਉਸ ਵਿੱਚ ਪੰਜਾਬ ਦੇ ਆਗੂ ਹੋਣਗੇ ਤੇ ਉਹ ਆਗੂ ਕਿਹੜੇ ਹੋਣਗੇ?

“ਹਰੇਕ ਪਿੰਡ ਵਿੱਚ ਜੱਥੇ ਬੈਠੇ ਨੇ ਜੋ ਸ਼ਰਧਾ ਨਾਲ ਜੋੜਿਆਂ ਦੀ ਸੇਵਾ ਕਰਦੇ ਨੇ ਜਾਂ ਹੋਰ ਸੇਵਾਵਾਂ ਕਰਦੇ ਨੇ। ਇਨ੍ਹਾਂ ਨੂੰ ਇਹ ਆਗੂ ਅੱਗੇ ਨਹੀਂ ਆਉਣ ਦਿੰਦੇ ਅਤੇ ਅਸੀਂ ਇਨ੍ਹਾਂ ਨੂੰ ਸਰੋਤ ਮੁਹੱਈਆ ਕਰਾਂਗੇ।”

“ਅਜਿਹੀ ਸ਼ਰਧਾ ਵਾਲੇ ਜਥਿਆਂ ਦਾ ਇੱਕ ਇਕੱਠ ਬਣਾਂਗੇ ਅਤੇ ਇਨ੍ਹਾਂ ਦੀ ਸੰਗਠਨ ਬਣਾਵਾਂਗੇ ਤੇ ਇਨ੍ਹਾਂ ਨੂੰ ਅਸੀਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸੌਪਾਂਗੇ।”

ਤੁਸੀਂ ਆਪਣਾ ਜਥੇਦਾਰ ਕਿਸ ਨੂੰ ਮੰਨੋਗੇ, ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂ ਜਗਤਾਰ ਸਿੰਘ ਹਵਾਰਾ ਨੂੰ?

“ਇਹ ਜਿੰਨੇ ਵੀ ਪਾੜੇ ਨੇ ਬਾਦਲਾਂ ਦੇ ਪਾਏ ਹੋਏ ਨੇ, ਤੁਸੀਂ ਸੰਤ ਸਮਾਜ ਨੂੰ ਮੰਨੋਗੇ ਜਾਂ ਪ੍ਰਚਾਰਕਾਂ ਨੂੰ, ਦਸਮ ਗ੍ਰੰਥ ਨੂੰ ਮੰਨੋਗੇ ਜਾਂ ਉਲਟ ਜਾਓਗੇ ਆਦਿ ਪਰ ਅਸੀਂ ਇਨ੍ਹਾਂ ਮਤਭੇਦਾਂ ਨੂੰ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।”

ਪਰ ਵੱਡਾ ਵਿਵਾਦ ਤਾਂ ਮਿਸ਼ਨਰੀ ਪ੍ਰਚਾਰਕਾਂ ਨੇ ਆਪਸ ਵਿੱਚ ਸ਼ੁਰੂ ਕੀਤਾ ਹੋਇਆ ਹੈ?

“ਮਿਸ਼ਨਰੀ ਤੇ ਪ੍ਰਚਾਰਕਾਂ ਵਿਚਾਲੇ ਆਪਸ 'ਚ ਮਤਭੇਦ ਨਹੀਂ ਹਨ ਬਲਕਿ ਇਹ ਵਿਵਾਦ ਪੈਦਾ ਕੀਤੇ ਗਏ ਹਨ ਅਸੀਂ ਇਨ੍ਹਾਂ ਸਾਰਿਆਂ ਨੂੰ ਘੱਟੋ ਘੱਟ ਸਾਂਝਾ ਪ੍ਰੋਗਰਾਮ ਉੱਤੇ ਸਹਿਮਤ ਕਰਾਂਗੇ।”

ਇਹ ਵੀ ਪੜ੍ਹੋ:

“ਇਨ੍ਹਾਂ ਮੁੱਦਿਆਂ 'ਤੇ ਵਿਚਕਾਰਲਾ ਰਸਤਾ ਕੱਢਿਆ ਜਾਵੇਗਾ, ਜਿੰਨ੍ਹਾਂ 'ਤੇ ਇਨ੍ਹਾਂ ਦੀ ਸਹਿਮਤੀ ਹੈ। ਘੱਟੋ-ਘੱਟ ਉਨ੍ਹਾਂ 'ਤੇ ਤਾਂ ਮਿਲ ਚੱਲੋ।”

“ਇਨ੍ਹਾਂ 'ਤੇ 5 ਸਾਲ ਦੀ ਸਮਾਂ ਸੀਮਾ ਤੈਅ ਕੀਤੀ ਜਾਵੇਗੀ ਕਿ 5 ਸਾਲ ਵਿਵਾਦਤ ਮੁੱਦਿਆਂ 'ਤੇ ਗੱਲ ਨਹੀਂ ਕਰਨੀ।”

ਖ਼ਾਲਿਸਤਾਨ ਦੀ ਸਿਆਸਤ ਜਾਂ ਮੰਗ ਬਾਰੇ ਤੁਹਾਡਾ ਕੀ ਨਜ਼ਰੀਆ ਹੈ?

“ਮੈਂ ਅੱਜ ਤੱਕ ਇਸ ਦੇ ਹੱਕ 'ਚ ਨਹੀਂ ਰਿਹਾ ਤੇ ਨਾ ਹੀ ਇਸ ਬਾਰੇ ਮੈਂ ਕਦੇ ਬੋਲਿਆ।”

Image copyright H s phoolka/ facebook

ਪੰਜਾਬ ਵਿੱਚ ਜਦੋਂ ਵੀ ਕੋਈ ਪੰਥਕ ਮੁੱਦਿਆਂ ਬਾਰੇ ਗੱਲ ਕਰਦਾ ਹੈ ਤਾਂ ਉਸ ਦੇ ਦੋਸ਼ ਲਗਦੇ ਹਨ ਕਿ ਇਹ ਗਰਮ ਖ਼ਿਆਲੀ ਹੈ ਖ਼ਾਲਿਸਤਾਨੀ, ਇਸ ਬਾਰੇ ਤੁਹਾਡੀ ਰਾਇ।

“ਜਦੋਂ ਵੀ ਕੋਈ ਬਾਦਲਾਂ ਦੇ ਖ਼ਿਲਾਫ਼ ਬੋਲਦਾ ਤਾਂ ਦੋ ਦੋਸ਼ ਲਗਦੇ ਹਨ, ਪਹਿਲਾਂ ਕਿਹਾ ਜਾਂਦਾ ਹੈ ਕਿ ਇਹ ਕਾਂਗਰਸੀ ਪਿੱਠੂ ਹੈ ਤੇ ਦੂਜਾ ਖ਼ਾਲਿਸਤਾਨੀ ਦੱਸ ਦਿੱਤਾ ਜਾਂਦਾ ਹੈ।”

“ਮੈਨੂੰ ਕਹਿ ਲੈਣ ਕਿ ਮੈਂ ਕਾਂਗਰਸੀ ਹਾਂ, ਮੈਂ ਤਾਂ ਸਾਰੀ ਉਮਰ ਕਾਂਗਰਸ ਨੂੰ ਕਾਤਲ ਜਮਾਤ ਕਿਹਾ ਤੇ ਕਦੇ ਖ਼ਾਲਿਸਤਾਨ ਦੇ ਪੱਖ 'ਚ ਨਹੀਂ ਬੋਲਿਆ।”

ਇਹ ਤਾਂ ਬਸ ਘਬਰਾਏ ਹੀ ਹੋਏ ਹਨ। ਜਦੋਂ ਤੋਂ ਮੈਂ ਬਿਆਨ ਜਾਰੀ ਕੀਤਾ ਉਦੋਂ ਤੋਂ ਹੀ ਉਨ੍ਹਾਂ 'ਚ ਘਬਰਾਹਟ ਚੱਲ ਰਹੀ ਹੈ।”

ਦਿੱਲੀ ਵਿਚਲੇ ਅਕਾਲੀ ਦਲ ਦੇ ਆਗੂ ਹਮੇਸ਼ਾ ਹੀ ਤੁਹਾਡੇ ’ਤੇ '84 ਦੇ ਮੁੱਦੇ ’ਤੇ ਨਿਸ਼ਾਨਾ ਸਾਧਦੇ ਰਹੇ ਹਨ?

“7 ਸਤੰਬਰ 2013 ਨੂੰ ਦਿੱਲੀ ਕਮੇਟੀ ਨੇ ਬੁਲਾ ਕੇ ਮੇਰਾ ਸਨਮਾਨ ਕੀਤਾ ਅਤੇ 31 ਦਸੰਬਰ 2014 ਨੂੰ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਇਨ੍ਹਾਂ ਨੇ ਮੇਰੀਆਂ ਤਾਰੀਫ਼ਾਂ ਕੀਤੀਆਂ।”

“7 ਜਨਵਰੀ 2014 ਨੂੰ ਮੈਂ ਆਮ ਆਦਮੀ ਪਾਰਟੀ 'ਚ ਚਲਾ ਗਿਆ ਤੇ ਬੱਸ ਉਦੋਂ ਹੀ ਹਫ਼ਤੇ ਵਿੱਚ ਹੈ, ਜਦੋਂ ਮੈਂ ਸਿਆਸਤ 'ਚ ਦਾਖ਼ਲ ਹੋ ਗਿਆ ਤਾਂ ਇਨ੍ਹਾਂ ਚੁੰਭਣ ਲੱਗ ਗਿਆ।”

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)