ਟਿੱਕ-ਟੋਕ ਵਿੱਚ ਅਜਿਹਾ ਕੀ ਹੈ ਜਿਸ ਦੇ ਦੀਵਾਨੇ ਹੋ ਰਹੇ ਹਨ ਲੋਕ?

tik tok Image copyright Getty Images

ਪਹਿਲਾ ਸੀਨ-'ਏਕ ਚੁਟਕੀ ਸਿੰਦੂਰ ਕੀ ਕੀਮਤ ਤੁਮ ਕਿਆ ਜਾਨੋ ਰਮੇਸ਼ ਬਾਬੂ?'

ਬੈਕਗਰਾਊਂਡ ਵਿੱਚ ਦੀਪਿਕਾ ਪਾਦੁਕੋਣ ਦੀ ਆਵਾਜ਼ ਵਿੱਚ 'ਓਮ ਸ਼ਾਂਤੀ ਓਮ' ਫਿਲਮ ਦਾ ਇਹ ਡਾਇਲਗ ਸੁਣਦਾ ਹੈ ਅਤੇ ਸਾਹਮਣੇ ਇੱਕ ਆਮ ਕੁੜੀ ਦਾ ਚਿਹਰਾ ਦਿਖਦਾ ਹੈ। ਕੁੜੀ ਆਪਣੀਆਂ ਉਂਗਲਾਂ ਮੱਥੇ ਵੱਲ ਲੈ ਕੇ ਜਾਂਦੀ ਹੈ ਅਤੇ ਭਾਵੁਕ ਅੱਖਾਂ ਨਾਲ ਡਾਇਲਗ ਦੀ ਤਰਜ 'ਤੇ ਆਪਣੇ ਬੁਲ ਹਿਲਾਉਂਦੀ ਹੈ।

ਦੂਜਾ ਸੀਨ

ਸਕੂਲ ਦੀ ਯੂਨੀਫਾਰਮ ਪਾ ਕੇ ਦੋ ਮੁੰਡੇ ਫ਼ਿਲਮ 'ਦੀਵਾਰ' ਦੇ ਡਾਇਲਗ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। 'ਮੇਰੇ ਕੋਲ ਇਕ ਕਾਰ ਹੈ, ਇਕ ਬੰਗਲਾ ਹੈ। ਤੁਹਾਡੇ ਕੋਲ ਕੀ ਹੈ? 'ਇਹ ਸਭ ਇੰਨਾ ਮਜ਼ੇਦਾਰ ਹੁੰਦਾ ਹੈ ਕਿ ਦੇਖਦੇ-ਦੇਖਦੇ ਹੀ ਹਾਸਾ ਨਿਕਲ ਜਾਂਦਾ ਹੈ।

ਇੰਟਰਨੈੱਟ ਦੀ ਵਰਤੋਂ ਕਰਨ ਵਾਲਾ ਹਰੇਕ ਵਿਅਕਤੀ ਅਜਿਹੇ ਛੋਟੇ-ਛੋਟੇ ਵੀਡੀਓਜ਼ ਦੇਖਦਾ ਰਹਿੰਦਾ ਹੈ। ਅਜਿਹੇ ਜ਼ਿਆਦਾਤਰ ਵੀਡੀਓ ਚੀਨੀ ਐਪ 'ਟਿੱਕ-ਟੋਕ' ਦੇ ਦੇਣ ਹਨ।

ਕੀ ਹੈ 'ਟਿੱਕ-ਟੋਕ'?

'ਟਿੱਕ-ਟੋਕ' ਇੱਕ ਸੋਸ਼ਲ ਮੀਡੀਆ ਐਪਲੀਕੇਸ਼ਨ ਹੈ ਜਿਸ ਰਾਹੀਂ ਸਮਾਰਟਫੋਨ ਯੂਜ਼ਰ ਛੋਟੇ-ਛੋਟੇ ਵੀਡੀਓਜ਼ (15 ਸਕਿੰਟ ਤੱਕ) ਬਣਾ ਕੇ ਅਤੇ ਸ਼ੇਅਰ ਕਰ ਸਕਦੇ ਹਨ।

ਇਹ ਵੀ ਪੜ੍ਹੋ:

'ਬਾਈਟ ਡਾਂਸ' ਇਸ ਦੀ ਪੇਰੈਂਟ ਕੰਪਨੀ ਹੈ ਜਿਸ ਨੇ ਸਤੰਬਰ 2016 ਵਿੱਚ ਚੀਨ ਵਿੱਚ ਟਿੱਕ-ਟੋਕ ਲਾਂਚ ਕੀਤਾ ਸੀ। ਸਾਲ 2018 ਵਿੱਚ ਟਿੱਕ-ਟੋਕ' ਦੀ ਪ੍ਰਸਿੱਧੀ ਵਧੀ ਅਤੇ ਅਕਤੂਬਰ 2018 ਵਿੱਚ ਅਮਰੀਕਾ ਵਿੱਚ ਇਹ ਸਭ ਤੋਂ ਵੱਧ ਡਾਊਨਲੋਡ ਕੀਤੀ ਗਈ ਐਪ ਸੀ।

Image copyright Tik Tok/Instagram

ਗੂਗਲ ਪਲੇਅ ਸਟੋਰ 'ਤੇ ਟਿੱਕ-ਟੋਕ ਨੂੰ 'Short videos for you' (ਤੁਹਾਡੇ ਲਈ ਛੋਟੇ ਵੀਡੀਓ) ਕਿਹਾ ਗਿਆ ਹੈ।

ਪਲੇ ਸਟੋਰ 'ਤੇ ਟਿੱਕ-ਟੋਕ ਦੀ ਪਰਿਭਾਸ਼ਾ ਦਿੰਦੇ ਹੋਏ ਲਿਖਿਆ ਹੋਇਆ ਹੈ :

ਟਿੱਕ-ਟੋਕ ਮੋਬਾਈਲ ਨਾਲ ਛੋਟੇ-ਛੋਟੇ ਵੀਡੀਓ ਬਣਾਉਣ ਦਾ ਕੋਈ ਸਧਾਰਾਨ ਜ਼ਰੀਆ ਨਹੀਂ ਹੈ। ਇਸ ਵਿੱਚ ਕੋਈ ਬਨਾਉਟੀਪਨ ਨਹੀਂ ਹੈ, ਇਹ ਅਸਲੀ ਹੈ ਅਤੇ ਇਸੀ ਦੀ ਕੋਈ ਹੱਦ ਨਹੀਂ ਹੈ।

ਚਾਹੇ ਤੁਸੀਂ ਸਵੇਰੇ 7:45 ਵਜੇ ਦੰਦ ਸਾਫ਼ ਕਰ ਰਹੇ ਹੋਵੋ ਜਾਂ ਨਾਸ਼ਤਾ ਬਣਾ ਰਹੇ ਹੋਵੋ - ਤੁਸੀਂ ਜੋ ਮਰਜ਼ੀ ਕਰ ਰਹੇ ਹੋਵੋ, ਟਿੱਕ-ਟੋਕ 'ਤੇ ਆ ਜਾਓ ਅਤੇ 15 ਸੈਕਿੰਡ ਵਿੱਚ ਦੁਨੀਆ ਨੂੰ ਆਪਣੀ ਕਹਾਣੀ ਦੱਸੋ।

ਟਿੱਕ-ਟਾਕ ਦੇ ਨਾਲ ਤੁਹਾਡੀ ਜ਼ਿੰਦਗੀ ਹੋਰ ਮਜ਼ੇਦਾਰ ਹੋ ਜਾਂਦੀ ਹੈ। ਤੁਸੀਂ ਜ਼ਿੰਦਗੀ ਨੂੰ ਹਰ ਪਲ ਜਿਊਂਦੇ ਹੋ ਅਤੇ ਹਰ ਵੇਲੇ ਕੁਝ ਨਵਾਂ ਲੱਭਦੇ ਹੋ।

ਤੁਸੀਂ ਆਪਣੇ ਵੀਡੀਓ ਨੂੰ ਸਪੈਸ਼ਲ ਇਫੈਕਟ ਫਿਲਟਰ, ਬਿਊਟੀ ਇਫੈਕਟ, ਮਜ਼ੇਦਾਰ ਇਮੋਜੀ ਸਟਿਕਰ ਅਤੇ ਮਿਊਜ਼ਿਕ ਦੇ ਨਾਲ ਇੱਕ ਨਵਾਂ ਰੰਗ ਦੇ ਸਕਦੇ ਹੋ।

ਭਾਰਤ ਵਿੱਚ ਟਿੱਕ-ਟੋਕ

ਭਾਰਤ ਵਿੱਚ ਟਿੱਕ-ਟੋਕ ਦੇ ਡਾਊਨਲੋਡ ਦਾ ਅੰਕੜਾ 100 ਮਿਲੀਅਨ ਤੋਂ ਜ਼ਿਆਦਾ ਹੈ। ਇਕਨੋਮਿਕ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ ਇਸ ਨੂੰ ਹਰ ਮਹੀਨੇ ਤਕਰੀਬਨ 20 ਮਿਲੀਅਨ ਭਾਰਤੀ ਇਸਤੇਮਾਲ ਕਰਦੇ ਹਨ।

ਭਾਰਤੀਆਂ ਵਿੱਚ ਟਿੱਕ-ਟੋਕ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅੱਠ ਮਿਲੀਅਨ ਲੋਕਾਂ ਨੇ ਗੂਗਲ ਪਲੇਅ ਸਟੋਰ 'ਤੇ ਇਸ ਦਾ ਰਿਵਿਊ ਕੀਤਾ ਹੈ।

ਦਿਲਚਸਪ ਗੱਲ ਇਹ ਹੈ ਕਿ ਟਿੱਕ-ਟੋਕ ਦੀ ਵਰਤੋਂ ਕਰਨ ਵਾਲਿਆਂ ਵਿੱਚ ਇੱਕ ਵੱਡੀ ਗਿਣਤੀ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਲੋਕਾਂ ਦੀ ਹੈ। ਇਸ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਟਿੱਕ-ਟੋਕ ਦੀ ਦੀਵਾਨਗੀ ਸੱਤ-ਅੱਠ ਸਾਲ ਦੀ ਉਮਰ ਦੇ ਛੋਟੇ-ਛੋਟੇ ਬੱਚਿਆਂ ਦੇ ਵੀ ਸਿਰ ਚੜ੍ਹ ਕੇ ਬੋਲ ਰਹੀ ਹੈ।

Image copyright Tik Tok/Sahil

ਇੰਨਾ ਹੀ ਨਹੀਂ, ਹੁਣ ਇਹ ਪਸੰਦ ਕੀਤਾ ਜਾਣ ਲੱਗਾ ਹੈ ਕਿ ਸ਼ਰਧਾ ਕਪੂਰ, ਟਾਈਗਰ ਸ਼ਰੋਫ ਅਤੇ ਨੇਹਾ ਕੱਕੜ ਵਰਗੇ ਬਾਲੀਵੁੱਡ ਸਿਤਾਰੇ ਵੀ ਟਿੱਕ-ਟੋਕ 'ਤੇ ਆ ਚੁੱਕੇ ਹਨ।

ਟਿੱਕ-ਟੋਕ ਦੀਆਂ ਖਾਸ ਗੱਲਾਂ

  • ਟਿੱਕ-ਟੋਕ ਤੋਂ ਵੀਡੀਓ ਬਣਾਉਂਦੇ ਹੋਏ ਤੁਸੀਂ ਆਪਣੀ ਆਵਾਜ਼ ਦੀ ਵਰਤੋਂ ਨਹੀਂ ਕਰ ਸਕਦੇ। ਤੁਸੀਂ 'ਲਿਪ-ਸਿੰਕ' ਕਰਨਾ ਹੁੰਦਾ ਹੈ।
  • ਜਿੱਥੇ ਫੇਸਬੁੱਕ ਅਤੇ ਟਵਿੱਟਰ 'ਤੇ 'ਬਲੂ ਟਿਕ' ਪਾਉਣ ਯਾਨੀ ਕਿ ਆਪਣਾ ਅਕਾਊਂਟ ਵੈਰੀਫਾਈ ਕਰਵਾਉਣ ਲਈ ਆਮ ਲੋਕਾਂ ਨੂੰ ਖਾਸੀ ਮੱਸ਼ਕਤ ਕਰਨੀ ਪੈਂਦੀ ਹੈ, ਉੱਥੇ ਹੀ ਟਿੱਕ-ਟਾਕ 'ਤੇ ਵੈਰੀਫਾਈਡ ਅਕਾਊਂਟ ਵਾਲੇ ਯੂਜ਼ਰਸ ਦੀ ਗਿਣਤੀ ਬਹੁਤ ਵੱਡੀ ਹੈ ਅਤੇ ਹਾਂ, ਇਸ ਵਿੱਚ 'ਬਲੂ-ਟਿਕ' ਨਹੀਂ ਸਗੋਂ 'ਆਰਿੰਜ ਟਿਕ' ਮਿਲਦਾ ਹੈ।
  • ਜਿਨ੍ਹਾਂ ਲੋਕਾਂ ਨੂੰ 'ਆਰਿੰਜ ਟਿਕ' ਮਿਲਦਾ ਹੈ ਉਨ੍ਹਾਂ ਦੇ ਅਕਾਊਂਟ ਵਿੱਚ 'ਪਾਪੂਲਰ ਕ੍ਰਿਏਟਰ' ਲਿਖਿਆ ਹੁੰਦਾ ਹੈ। ਨਾਲ ਹੀ ਅਕਾਊਂਟ ਦੇਖਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿੰਨੇ ਦਿਲ (Hearts) ਮਿਲੇ ਹਨ, ਯਾਨੀ ਕਿ ਹੁਣ ਤੱਕ ਕਿੰਨੇ ਲੋਕਾਂ ਨੇ ਵੀਡੀਓ ਪਸੰਦ ਕੀਤੇ ਹਨ।

ਪ੍ਰਸਿੱਧੀ ਅਤੇ ਆਮਦਨ ਦਾ ਜ਼ਰੀਆ

ਟਿੱਕ-ਟੋਕ ਦੇ ਕੁਝ ਫਾਇਦੇ ਵੀ ਹਨ। ਖਾਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਲਈ ਇਹ ਇੱਕ ਚੰਗੇ ਪਲੈਟਫਾਰਮ ਦੇ ਤੌਰ 'ਤੇ ਉਭਰਿਆ ਹੈ।

ਇਸ ਨਾਲ ਲੋਕ ਆਪਣੇ ਸ਼ੌਂਕ ਪੂਰੇ ਕਰ ਰਹੇ ਹਨ। ਜੇ ਕੋਈ ਚੰਗੀ ਕਾਮੇਡੀ ਕਰਦਾ ਹੈ ਜਾਂ ਚੰਗਾ ਡਾਂਸ ਕਰਦਾ ਹੈ ਤਾਂ ਉਸ ਲਈ ਟਿੱਕ-ਟੋਕ ਆਪਣੇ ਹੁਨਰ ਨੂੰ ਦਿਖਾਉਣ ਦਾ ਚੰਗਾ ਜ਼ਰੀਆ ਹੈ।

ਸਿਰਫ ਇਹ ਨਹੀਂ ਕਾਫ਼ੀ ਲੋਕ ਇਸ ਰਾਹੀਂ ਪੈਸੇ ਕਮਾ ਰਹੇ ਹਨ। ਹਰਿਆਣਾ ਦੇ ਰਹਿਣ ਵਾਲੇ ਸਾਹਿਲ ਦੇ ਟਿੱਕ-ਟੋਕ 'ਤੇ 3,03,200 ਫੋਲੋਅਰ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਆਪਣੇ ਵੀਡੀਓ ਰਾਹੀਂ ਉਹ ਹਰ ਮਹੀਨੇ 3,000-5,000 ਰੁਪਏ ਤੱਕ ਕਮਾ ਲੈਂਦੇ ਹਨ। ਸਾਹਿਲ ਚਾਹੁੰਦਾ ਹੈ ਕਿ ਉਸ ਦਾ ਅਕਾਊਂਟ ਵੈਰੀਫਾਈ ਹੋ ਜਾਵੇ ਅਤੇ ਉਸ ਦੇ ਫੋਲੋਅਰ 10 ਲੱਖ ਤੱਕ ਪਹੁੰਚ ਜਾਣ।

Image copyright Tik Tok

ਬਿਹਾਰ ਦੇ ਉਮੇਸ਼ ਨੇ ਹੁਣ ਤੱਕ ਵੀਗੋ ਐਪ 'ਤੇ ਆਪਣੀ ਕਾਮੇਡੀ ਦੇ ਵੀਡੀਓ ਪੋਸਟ ਕੀਤੇ ਹਨ। ਇਸ ਦੁਆਰਾ ਹਰ ਮਹੀਨੇ ਲਗਭਗ 5-10,000 ਦੀ ਕਮਾਈ ਹੁੰਦੀ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਮੇਸ਼ ਨੇ ਕਿਹਾ, "ਮੇਰੇ ਵਰਗੇ ਗਰੀਬ ਇਨਸਾਨ ਲਈ 10,000 ਰੁਪਏ ਬਹੁਤ ਮਾਇਨੇ ਰੱਖਦੇ ਹਨ। ਮੈਂ ਹੁਣ ਟਿੱਕ-ਟੋਕ ਅਜ਼ਮਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹਾਂ।"

ਕਿਵੇਂ ਹੁੰਦੀ ਹੈ ਕਮਾਈ?

ਟੈੱਕ ਵੈੱਬਸਾਈਟ 'ਗੈਜ਼ੇਟ ਬ੍ਰਿਜ' ਦੇ ਸੰਪਾਦਕ ਸੁਲਭ ਦੱਸਦੇ ਹਨ ਕਿ ਕਿਸੇ ਦੇਸ ਵਿੱਚ ਐਪ ਲਾਂਚ ਕਰਨ ਤੋਂ ਬਾਅਦ ਇਹ ਕੰਪਨੀਆਂ ਵੱਖ-ਵੱਖ ਥਾਵਾਂ ਤੋਂ ਲੋਕਾਂ ਨੂੰ ਬਾਕਾਇਦਾ ਨੌਕਰੀ 'ਤੇ ਰੱਖਦੀਆਂ ਹਨ।

ਆਮ ਤੌਰ 'ਤੇ ਅਜਿਹੇ ਲੋਕਾਂ ਨੂੰ ਨੌਕਰੀ 'ਤੇ ਰੱਖਿਆ ਜਾਂਦਾ ਹੈ ਜੋ ਦੇਖਣ ਵਿੱਚ ਚੰਗੇ ਹੋਣ, ਜਿਨ੍ਹਾਂ ਨੂੰ ਕਾਮੇਡੀ ਕਰਨਾ ਆਉਂਦੀ ਹੋਵੇ, ਜਿਨ੍ਹਾਂ ਵਿੱਚ ਗਾਣੇ ਗਾਉਣ ਜਾਂ ਡਾਂਸ ਕਰਨ ਵਰਗੀ ਕਾਬਲੀਅਤ ਹੋਵੇ। ਇਨ੍ਹਾਂ ਨੂੰ ਰੋਜ਼ਾਨਾ ਕੁਝ ਵੀਡੀਓ ਪਾਉਣੇ ਹੁੰਦੇ ਹਨ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਕੁਝ ਪੈਸੇ ਮਿਲਦੇ ਹਨ।

ਇਸ ਤੋਂ ਇਲਾਵਾ ਇਹ ਫਿਲਮੀ ਸਿਤਾਰਿਆਂ ਜਾਂ ਉਨ੍ਹਾਂ ਕਲਾਕਾਰਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰਦੇ ਹਨ ਜੋ ਸੰਘਰਸ਼ ਕਰ ਰਹੇ ਹਨ ਜਾਂ ਕਰੀਅਰ ਦੇ ਸ਼ੁਰੂਆਤੀ ਮੋੜ 'ਤੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਪੈਸੇ ਵੀ ਮਿਲਦੇ ਹਨ ਅਤੇ ਇੱਕ ਪਲੈਟਫਾਰਮ ਵੀ। ਦੂਜੇ ਪਾਸੇ ਕੰਪਨੀ ਦਾ ਪ੍ਰਚਾਰ-ਪਸਾਰ ਵੀ ਹੁੰਦਾ ਹੈ।

Image copyright Getty Images

ਸੁਲਭ ਦੱਸਦੇ ਹਨ, "ਇਸ ਤੋਂ ਇਲਾਵਾ ਕੰਪਨੀ ਅਤੇ ਯੂਜ਼ਰਸ ਲਈ ਕਮਾਈ ਦਾ ਇੱਕ ਵੱਖਰਾ ਮਾਡਲ ਵੀ ਹੈ। ਮਿਸਾਲ ਦੇ ਲਈ ਜੇ ਕੋਈ ਆਪਣੇ ਵੀਡੀਓ ਵਿੱਚ ਕੋਕਾ-ਕੋਲਾ ਦੀ ਇੱਕ ਬੋਤਲ ਦਿਖਾਉਂਦਾ ਹੈ ਜਾਂ ਕਿਸੇ ਸ਼ੈਂਪੂ ਦੀ ਬੋਤਲ ਦਿਖਾਉਂਦਾ ਹੈ ਤਾਂ ਬ੍ਰੈਂਡ ਪ੍ਰਮੋਸ਼ਨ ਜ਼ਰੀਏ ਵੀ ਦੋਹਾਂ ਦੀ ਕਮਾਈ ਹੁੰਦੀ ਹੈ।"

ਟੈੱਕ ਵੈੱਬਸਾਈਟ 'ਗਿਜ਼ਬੋਟ' ਦੇ ਟੀਮ ਲੀਡ ਰਾਹੁਲ ਸਚਾਨ ਮੁਤਾਬਕ ਜੇ ਯੂਜ਼ਰ ਦੀ ਕਮਾਈ ਦੀ ਗੱਲ ਕਰੀਏ ਤਾਂ ਇਹ ਵਿਊਜ਼, ਲਾਈਕ, ਕਮੈਂਟ ਅਤੇ ਸ਼ੇਅਰ ਦੇ ਅਨੁਪਾਤ ਨੂੰ ਦੇਖਦੇ ਹੋਏ ਤੈਅ ਹੁੰਦੀ ਹੈ।

ਰਾਹੁਲ ਦੱਸਦੇ ਹਨ ਕਿ ਅੱਜਕੱਲ੍ਹ ਜ਼ਿਆਦਾਤਰ ਸੋਸ਼ਲ ਮੀਡੀਆ ਐਪਸ ਵਿਊਜ਼ ਦੇ ਮੁਕਾਬਲੇ 'ਐਂਗੇਜਮੈਂਟ' ਅਤੇ 'ਕਨਵਰਸੇਸ਼ਨ' 'ਤੇ ਜ਼ਿਆਦਾ ਧਿਆਨ ਦੇ ਰਹੇ ਹਨ। ਇਸ ਦਾ ਮਤਲਬ ਹੈ ਕਿ ਤੁਹਾਡੇ ਵੀਡੀਓ 'ਤੇ ਜਿੰਨੇ ਲੋਕ ਰਿਐਕਟ ਕਰਨਗੇ, ਤੁਸੀਂ ਕਮਾਈ ਵੀ ਉੰਨੀ ਹੀ ਜ਼ਿਆਦਾ ਹੋਣ ਦੀ ਸੰਭਾਵਨਾ ਹੋਵੇਗੀ।

ਸਿਰਫ਼ ਫਾਇਦੇ ਨਹੀਂ ਖਤਰੇ ਵੀ ਹਨ

ਅਜਿਹਾ ਨਹੀਂ ਹੈ ਕਿ ਟਿੱਕ-ਟੋਕ ਵਿੱਚ ਸਭ ਕੁਝ ਚੰਗਾ ਹੀ ਹੈ। ਇਸ ਦਾ ਇੱਕ ਹੋਰ ਪਹਿਲੂ ਵੀ ਹੈ:

  • ਗੂਗਲ ਪਲੇ ਸਟੋਰ 'ਤੇ ਇਹ ਕਿਹਾ ਗਿਆ ਹੈ ਕਿ 13 ਸਾਲ ਤੋਂ ਵੱਧ ਉਮਰ ਵਾਲੇ ਲੋਕ ਹੀ ਇਸਦਾ ਇਸਤੇਮਾਲ ਕਰ ਸਕਦੇ ਹਨ। ਹਾਲਾਂਕਿ ਇਸਦਾ ਪਾਲਣਾ ਹੁੰਦੀ ਨਹੀਂ ਜਾਪਦੀ ਹੈ। ਭਾਰਤ ਸਮੇਤ ਸਾਰੇ ਦੇਸਾਂ ਵਿੱਚ ਟਿੱਕ-ਟੋਕ ਦੁਆਰਾ ਜੋ ਵੀਡੀਓਜ਼ ਬਣਾਏ ਜਾਂਦੇ ਹਨ ਉਸ ਵਿੱਚ ਵੱਡੀ ਗਿਣਤੀ ਵਿੱਚ 13 ਸਾਲ ਦੀ ਉਮਰ ਤੋਂ ਘੱਟ ਉਮਰ ਦੇ ਲੋਕ ਹਨ।
  • ਪ੍ਰਾਈਵਸੀ ਦੇ ਮਾਮਲੇ ਵਿੱਚ ਟਿੱਕ-ਟੋਕ ਖ਼ਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਇਸ ਵਿੱਚ ਸਿਰਫ਼ ਦੋ ਪ੍ਰਾਈਵੇਸੀ ਸੈਟਿੰਗਾਂ ਕੀਤੀਆਂ ਜਾ ਸਕਦੀਆਂ ਹਨ - 'ਪਬਲਿਕ' ਅਤੇ 'ਓਨਲੀ'। ਇਸਦਾ ਮਤਲਬ ਹੈ ਕਿ ਤੁਸੀਂ ਵੀਡੀਓ ਵਿਊਅਰ ਵਿੱਚ ਕੋਈ ਵੀ ਫਿਲਟਰ ਨਹੀਂ ਰੱਖ ਸਕਦੇ। ਜਾਂ ਤਾਂ ਤੁਸੀਂ ਆਪਣੇ ਵੀਡੀਓ ਦੇਖ ਸਕਦੇ ਹੋ ਜਾਂ ਫਿਰ ਹਰ ਉਹ ਸ਼ਖਸ ਜਿਸ ਦੇ ਕੋਲ ਇੰਟਰਨੈੱਟ ਹੈ।
  • ਜੇਕਰ ਕੋਈ ਉਪਭੋਗਤਾ ਟਿੱਕ-ਟੋਕ ਅਕਾਊਂਟ ਡਿਲੀਟ ਕਰਨਾ ਚਾਹੁੰਦਾ ਹੈ ਤਾਂ ਉਹ ਖੁਦ ਇਸ ਨੂੰ ਡਿਲੀਟ ਨਹੀਂ ਕਰ ਸਕਦਾ। ਇਸ ਲਈ ਉਸ ਨੂੰ ਟਿੱਕ-ਟੋਕ ਨੂੰ ਰਿਕੁਐਸਟ ਕਰਨੀ ਪੈਂਦੀ ਹੈ।
  • ਕਿਉਂਕਿ ਇਹ ਪੂਰੀ ਤਰ੍ਹਾਂ ਜਨਤਕ ਹੈ, ਇਸ ਲਈ ਕੋਈ ਵੀ ਕਿਸੇ ਨੂੰ ਵੀ ਫੋਲੋ ਕਰ ਸਕਦਾ ਹੈ, ਮੇਸੇਜ ਭੇਜ ਸਕਦਾ ਹੈ। ਅਜਿਹੇ ਵਿੱਚ ਅਪਰਾਧਕ ਜਾਂ ਸਮਾਜ ਵਿਰੋਧੀ ਰੁਝਾਨ ਵਾਲੇ ਲੋਕ ਆਸਾਨੀ ਨਾਲ ਛੋਟੀ ਉਮਰ ਦੇ ਬੱਚਿਆਂ ਜਾਂ ਨੌਜਵਾਨਾਂ ਨੂੰ ਭੜਕਾ ਸਕਦੇ ਹਨ।
  • ਕਈ ਟਿੱਕ-ਟੋਕ ਅਕਾਉਂਟ ਅਡਲਟ ਕੰਟੈਂਟ ਨਾਲ ਭਰੇ ਹੋਏ ਹਨ ਅਤੇ ਇਸ ਵਿੱਚ ਕੋਈ ਫਿਲਟਰ ਨਹੀਂ ਹੈ। ਹਰ ਟਿੱਕ-ਟੋਕ ਯੂਜ਼ਰ ਇਨ੍ਹਾਂ ਨੂੰ ਦੇਖ ਸਕਦਾ ਹੈ, ਇੱਥੋਂ ਤੱਕ ਕਿ ਬੱਚੇ ਵੀ।

ਸੁਲਭ ਪੁਰੀ ਦਾ ਕਹਿਣਾ ਹੈ ਕਿ ਚੀਨੀ ਐਪਸ ਜਿਵੇਂ ਕਿ ਟਿੱਕ-ਟੋਕ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਵਿੱਚ ਕਿਸੇ ਵੀ ਸਮੱਗਰੀ ਨੂੰ 'ਰਿਪੋਰਟ' ਜਾਂ 'ਫਲੈਗ' ਦਾ ਕੋਈ ਬਦਲ ਨਹੀਂ ਹੈ। ਇਹ ਸੁਰੱਖਿਆ ਅਤੇ ਨਿੱਜਤਾ ਲਈ ਬਹੁਤ ਵੱਡਾ ਖਤਰਾ ਹੋ ਸਕਦਾ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀਆਂ ਕੰਪਨੀਆਂ ਨੂੰ ਘੱਟੋ-ਘੱਟ ਇਹ ਤਾਂ ਕਰਨਾ ਹੀ ਚਾਹੀਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਸ ਦਾ ਇਸਤੇਮਾਲ ਕਰਨ ਤੋਂ ਰੋਕਣ।

ਸੁਲਭ ਪੁਰੀ ਮੁਤਾਬਕ ਇੱਥੇ ਦੂਜੀ ਵੱਡੀ ਮੁਸ਼ਕਿਲ ਹੈ 'ਸਾਈਬਰ ਬੁਲਿੰਗ' ਦੀ। ਸਾਈਬਰ ਬੁਲਿੰਗ ਯਾਨੀ ਕਿ ਇੰਟਰਨੈੱਟ 'ਤੇ ਲੋਕਾਂ ਦਾ ਮਜ਼ਾਕ ਉਡਾਉਣਾ, ਉਨ੍ਹਾਂ ਨੂੰ ਨੀਵਾਂ ਦਿਖਾਉਣਾ ਅਤੇ ਟਰੋਲ ਕਰਨਾ।

ਉਹ ਕਹਿੰਦੇ ਹਨ, "ਤੁਸੀਂ ਉਸ ਔਰਤ ਦਾ ਉਦਾਹਰਨ ਲੈ ਲਓ ਜੋ 'ਹੈਲੋ ਫਰੈਂਡਜ਼, ਚਾਹ ਪੀ ਲੋ' ਵਾਲੇ ਵੀਡੀਓ ਬਣਾ ਰਹੀ ਸੀ। ਤੁਸੀਂ ਕਹਿੰਦੇ ਹੋ ਉਹ ਮਸ਼ਹੂਰ ਜਾਂ ਵਾਇਰਲ ਹੋਣਾ ਚਾਹੁੰਦਾ ਸੀ।

ਹਰ ਕੋਈ ਮਸ਼ਹੂਰ ਅਤੇ ਵਾਇਰਲ ਹੋਣਾ ਚਾਹੁੰਦਾ ਹੈ। ਪਰ ਕੋਈ ਵੀ ਟਰੋਲ ਨਹੀਂ ਹੋਣਾ ਚਾਹੁੰਦਾ। ਟਿੱਕ-ਟੋਕ ਵਰਗੇ ਐਪਸ 'ਤੇ ਦੂਜਿਆਂ ਨੂੰ ਟਰੋਲ ਕਰਨਾ ਅਤੇ ਉਨ੍ਹਾਂ ਦਾ ਮਜ਼ਾਕ ਬਣਾਉਣ ਬਹੁਤ ਸੌਖਾ ਹੈ।"

ਪੇਸ਼ੇ ਤੋਂ ਥੈਰੇਪਿਸਟ ਅਤੇ ਕਾਊਂਸਲਰ ਸਮਿਤਾ ਬਰੂਆ ਦਾ ਕਹਿਣਾ ਹੈ ਕਿ ਟਿੱਕ-ਟੋਕ ਵਰਗੇ ਸੋਸ਼ਲ ਮੀਡੀਆ ਸਾਡੇ ਪੱਖਪਾਤ ਅਤੇ ਮਾਨਸਿਕਤਾ ਦਾ ਖੁਲਾਸਾ ਕਰਦੇ ਹਨ।

ਉਨ੍ਹਾਂ ਨੇ ਕਿਹਾ, "ਮੈਂ ਦੇਖਿਆ ਹੈ ਕਿ ਬਹੁਤ ਸਾਰੇ ਅਜਿਹੇ ਵੀਡੀਓਜ਼ ਵਿੱਚ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਲੋਕਾਂ ਦਾ ਮਖੌਲ ਬਣਾਇਆ ਜਾਂਦਾ ਹੈ। ਉਨ੍ਹਾਂ ਲੋਕਾਂ ਦਾ ਵੀ ਮਜ਼ਾਕ ਬਣਾਇਆ ਜਾਂਦਾ ਹੈ ਜੋ ਸੋਸ਼ਲ ਮੀਡੀਆ 'ਤੇ ਇੱਕ ਖਾਸ ਤਰੀਕੇ ਨਾਲ ਪੇਸ਼ ਨਹੀਂ ਆਉਂਦੇ। ਅਜਿਹੇ ਮੌਕੇ 'ਤੇ 'ਡਿਜੀਟਲ ਡਿਵਾਈਡ' ਸਪੱਸ਼ਟ ਤੌਰ 'ਤੇ ਨਜ਼ਰ ਆਉਂਦਾ ਹੈ।

ਰਾਹੁਲ ਸਚਾਨ ਵੀ ਮੰਨਦੇ ਹਨ ਕਿ ਟਿੱਕ-ਟੋਕ ਵਰਗੇ ਐਪਸ ਨੂੰ ਥੋੜ੍ਹਾ ਹੀ ਸਹੀ ਪਰ ਕਾਬੂ ਵਿੱਚ ਰੱਖਣ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ, "ਜੁਲਾਈ, 2018 ਵਿੱਚ ਇੰਡੋਨੇਸ਼ੀਆ ਨੇ ਟਿੱਕ-ਟੋਕ 'ਤੇ ਪਾਬੰਦੀ ਲਾ ਦਿੱਤੀ ਸੀ ਕਿਉਂਕਿ ਕਿਸ਼ੋਰਾਂ ਦੀ ਇੱਕ ਵੱਡੀ ਗਿਣਤੀ ਇਸ ਦੀ ਵਰਤੋਂ ਪੋਰਨੋਗ੍ਰਾਫਿਕ ਸਮੱਗਰੀ ਅਪਲੋਡ ਅਤੇ ਸ਼ੇਅਰ ਕਰਨ ਲਈ ਕਰ ਰਹੀ ਸੀ। ਬਾਅਦ ਵਿੱਚ ਕੁਝ ਬਦਲਾਅ ਅਤੇ ਸ਼ਰਤਾਂ ਤੋਂ ਬਾਅਦ ਇਸ ਨੂੰ ਦੁਬਾਰਾ ਲਿਆਂਦਾ ਗਿਆ।"

ਰਾਹੁਲ ਮੁਤਾਬਕ ਭਾਰਤ ਵਿੱਚ ਫੇਕ ਨਿਊਜ਼ ਜਿਸ ਰਫ਼ਤਾਰ ਨਾਲ ਫੈਲ ਰਹੀ ਹੈ ਉਸ ਨੂੰ ਦੇਖਦੇ ਹੋਏ ਵੀ ਟਿੱਕ-ਟੋਕ ਵਰਗੇ ਐਪਲੀਕੇਸ਼ਨਸ 'ਤੇ ਲਗਾਮ ਲਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ, "ਅਸੀਂ ਜਦੋਂ ਕੋਈ ਐਪ ਡਾਊਨਲੋਡ ਕਰਦੇ ਹਾਂ ਤਾਂ ਪ੍ਰਾਈਵੇਸੀ ਦੀਆਂ ਸ਼ਰਤਾਂ 'ਤੇ ਵੱਧ ਧਿਆਨ ਨਹੀਂ ਦਿੰਦੇ। ਬੱਸ ਯੈਸ, ਅਤੇ ਅਲਾਊ ਤੇ ਟਿੱਕ ਕਰ ਦਿੰਦੇ ਹਾਂ। ਅਸੀਂ ਆਪਣੀ ਫੋਟੋ ਗੈਲਰੀ, ਲੋਕੇਸ਼ਨ ਅਤੇ ਕੈਨਟੈਕਟ ਨੰਬਰ.. ਇਨ੍ਹਾਂ ਸਭ ਦਾ ਐਕਸੈਸ ਦੇ ਦਿੰਦੇ ਹਨ। ਇਸ ਤੋਂ ਬਾਅਦ ਸਾਡਾ ਡੇਟਾ ਕਿੱਥੇ ਜਾ ਰਿਹਾ, ਇਸ ਦਾ ਕੀ ਇਸਤੇਮਾਲ ਹੋ ਰਿਹਾ ਹੈ, ਸਾਨੂ ਕੁਝ ਨਹੀਂ ਪਤਾ ਚੱਲਦਾ।"

ਰਾਹੁਲ ਦੱਸਦੇ ਹਨ ਕਿ ਅੱਜਕੱਲ ਜ਼ਿਆਦਾਤਰ ਐਪਸ 'ਆਰਟੀਫਿਸ਼ਲ ਇੰਟੈਲੀਜੈਂਸ' ਦੀ ਮਦਦ ਨਾਲ ਕੰਮ ਕਰਦੇ ਹਨ। ਅਜਿਹੇ ਵਿੱਚ ਜੇ ਤੁਸੀਂ ਇਨ੍ਹਾਂ ਨੂੰ ਇੱਕ ਵਾਰੀ ਵੀ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੇ ਨਾਲ ਜੁੜੀਆਂ ਕਈ ਜਾਣਕਾਰੀਆਂ ਹਮੇਸ਼ਾਂ ਲਈ ਲੈ ਲੈਂਦੇ ਹਨ ਇਸ ਲਈ ਇਨ੍ਹਾਂ ਨੂੰ ਲੈ ਕੇ ਜ਼ਿਆਦਾ ਚੁਕੰਨੇ ਹੋਣ ਦੀ ਲੋੜ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਰਹੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)