ਪੰਜਾਬ ਦੀ ਖਹਿਰਾ-ਟਕਸਾਲੀ ਧਿਰ ਦਾ ਭਵਿੱਖ : 'ਸਾਰੇ ਹੀ ਬਾਦਲਾਂ ਦੀਆਂ ਵੋਟਾਂ ਖੋਹਣ ਦਾ ਸੌਖਾ ਰਾਹ ਲੱਭ ਰਹੇ ਹਨ' - ਨਜ਼ਰੀਆ

ਅਕਾਲੀ ਦਲ-ਟਕਸਾਲੀ ਦੇ ਪ੍ਰਧਾਨ ਰੰਜੀਤ ਸਿੰਘ ਬ੍ਰਹਮਪੁਰਾ ਨਾਲ ਸੁਖਪਾਲ ਸਿੰਘ ਖਹਿਰਾ Image copyright Rajnit singh brahmpura/fb
ਫੋਟੋ ਕੈਪਸ਼ਨ ਅਕਾਲੀ ਦਲ-ਟਕਸਾਲੀ ਦੇ ਪ੍ਰਧਾਨ ਰੰਜੀਤ ਸਿੰਘ ਬ੍ਰਹਮਪੁਰਾ ਨਾਲ ਸੁਖਪਾਲ ਸਿੰਘ ਖਹਿਰਾ

ਤੀਜਾ ਧਿਰ ਆਖੀਏ ਜਾਂ ਮਹਾਂਗੱਠਜੋੜ, ਪੰਜਾਬ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਰਵਾਇਤੀ ਸਿਆਸਤ ਤੋਂ ਵੱਖਰਾ ਕੁਝ ਕਰਨ ਦੇ ਵਾਅਦੇ ਨਾਲ ਇੱਕ ਨਵਾਂ ਸਮੀਕਰਨ ਬਣਿਆ ਹੈ।

ਲੁਧਿਆਣਾ 'ਚ ਮੰਗਲਵਾਰ ਨੂੰ ਹੋਈ ਬੈਠਕ ਵਿੱਚ ਆਮ ਆਦਮੀ ਪਾਰਟੀ ਤੋਂ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਵੇਂ ਦਲ ਪੰਜਾਬੀ ਏਕਤਾ ਪਾਰਟੀ ਤੋਂ ਇਲਾਵਾ ਹੁਣ ਸ਼੍ਰੋਮਣੀ ਅਕਾਲੀ ਦਲ-ਟਕਸਾਲੀ ਨੇ ਵੀ ਇਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਪਟਿਆਲਾ ਤੋਂ 'ਆਪ' ਦੀ ਟਿਕਟ ਉੱਤੇ ਜਿੱਤੇ ਹੋਏ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਪੰਜਾਬ ਫਰੰਟ ਅਤੇ ਲੁਧਿਆਣਾ ਦੇ ਵਿਧਾਇਕ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਵੀ ਇਸ ਵਿੱਚ ਸ਼ਾਮਲ ਹਨ, ਬਹੁਜਨ ਸਮਾਜ ਪਾਰਟੀ ਵੀ ਨਾਲ ਹੈ।

ਫਿਲਹਾਲ ਇਸ ਦੀ ਅਗਵਾਈ ਅਤੇ ਹੋਰ ਬਣਤਰ ਦਾ ਪੂਰਾ ਪਤਾ ਨਹੀਂ ਹੈ, ਸਿਰਫ ਇੱਕ ਸਾਂਝਾ ਏਜੰਡਾ ਬਣਾਉਣ ਦਾ ਕੰਮ ਸ਼ੁਰੂ ਹੋਇਆ ਹੈ। ਅਗਲੇ ਹਫਤੇ ਫਿਰ ਮੀਟਿੰਗ ਹੈ।

ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਸਿਰਸਾ ਡੇਰਾ ਮੁਖੀ ਦੇ ਕਥਿਤ ਤੌਰ 'ਤੇ ਦਿੱਤੇ ਸਾਥ ਕਰਕੇ ਪਾਰਟੀ ਛੱਡਣ ਵਾਲੇ 'ਟਕਸਾਲੀ' ਆਗੂ, ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ, ''ਸਾਡੀ ਪਾਰਟੀ ਦਾ ਇਸ ਗਠਬੰਧਨ ਨਾਲ ਰਿਸ਼ਤਾ ਤਾਂ ਸਾਫ ਹੀ ਹੈ... ਜਦੋਂ ਇਕੱਠੇ ਹੋਕੇ ਬਾਹਵਾਂ ਵਿੱਚ ਬਾਹਵਾਂ ਪਾ ਲਈਆਂ ਤਾਂ ਇਸ ਤੋਂ ਵੱਡਾ ਫੈਸਲਾ ਕੀ ਹੋ ਸਕਦਾ ਹੈ?"

ਇਹ ਵੀ ਪੜ੍ਹੋ

ਅਜੇ ਇਹ ਸਵਾਲ ਵੀ ਬਾਕੀ ਹੈ ਕਿ ਆਮ ਆਦਮੀ ਪਾਰਟੀ ਇਸ ਦਾ ਹਿੱਸਾ ਕਿਵੇਂ ਬਣ ਸਕਦੀ ਹੈ, ਕਿਉਂਕਿ ਬ੍ਰਹਮਪੁਰਾ ਨੇ ਤਾਂ ਕਿਹਾ ਹੈ ਕਿ ਉਨ੍ਹਾਂ ਦਾ ਸੁਆਗਤ ਹੈ ਪਰ ਕੀ ਬਾਗੀ ਖਹਿਰਾ ਨਾਲ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਰਲ ਸਕਦੀ ਹੈ? ਸੀਟਾਂ ਦਾ ਕੀ ਹਿਸਾਬ-ਕਿਤਾਬ ਹੋਵੇਗਾ?

ਅਸਲ ਮੁੱਦਾ ਕੀ ਹੈ?

ਸਵਾਲ ਇਸ ਤੋਂ ਵੱਧ ਹਨ, ਵੱਡੇ ਵੀ ਹਨ। ਜਵਾਬਾਂ ਦਾ ਅੰਦਾਜ਼ਾ ਲਗਾਉਣ ਲਈ ਅਤੇ ਇਸ ਵਿੱਚੋਂ ਉਭਰਦੀ ਸਿਆਸਤ ਬਾਰੇ, ਅਸੀਂ ਅਜਿਹੇ ਆਗੂਆਂ ਨਾਲ ਗੱਲ ਕੀਤੀ ਜਿਹੜੇ ਹੁਣ ਸਰਗਰਮ ਰਾਜਨੀਤੀ ਨੂੰ ਦੂਰੋਂ ਵੇਖਣ ਦੀ ਵੀ ਸਮਰੱਥਾ ਰੱਖਦੇ ਹਨ।

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹਿ ਚੁੱਕੇ ਬੀਰ ਦੇਵਿੰਦਰ ਸਿੰਘ ਨੇ ਕਿਹਾ, "ਤੀਜਾ ਧਿਰ ਹੁਣ ਅਸੀਂ ਕਿਸ ਨੂੰ ਮੰਨ ਸਕਦੇ ਹਾਂ? ਇਹ ਜਿਹੜੇ ਲੋਕ 'ਤੀਜੇ ਧਿਰ' ਦਾ ਹਿੱਸਾ ਹਨ ਇਨ੍ਹਾਂ ਨੇ ਆਪਣੇ ਬਲਬੂਤੇ ਪੰਜਾਬ ਵਿੱਚ ਕਦੇ ਆਪਣੀ ਤਾਕਤ ਨਹੀਂ ਅਜ਼ਮਾਈ। ਇਨ੍ਹਾਂ ਦੀ ਮਿਲ ਕੇ ਬਣੀ ਤਾਕਤ ਦੀ ਪਰਖ ਤਾਂ ਪਹਿਲੀ ਵਾਰ ਹੀ ਹੋਵੇਗੀ।"

ਇਹ ਵੀ ਜ਼ਰੂਰ ਪੜ੍ਹੋ

Image copyright Getty Images

ਬੀਰ ਦੇਵਿੰਦਰ ਮੁਤਾਬਕ ਇਹ ਇੰਨਾ ਵੀ ਨਹੀਂ ਕਰ ਸਕੇ ਕਿ ਇੱਕੋ ਪਾਰਟੀ ਬਣਾ ਲੈਂਦੇ। "ਇਹ ਗਠਜੋੜ ਵਿਅਕਤੀ-ਕੇਂਦਰਿਤ ਪਾਰਟੀਆਂ ਦਾ ਹੈ। ਸਾਰੇ ਹੀ ਨਾਰਾਜ਼ ਲੋਕ ਹਨ, ਰੁੱਸੇ ਹੋ ਲੋਕ ਹਨ। ਰੁੱਸੇ ਹੋਇਆਂ ਦਾ ਤਸੱਵੁਰ ਕੀ ਹੋ ਸਕਦਾ ਹੈ? ਇਹ ਲੋਕਾਂ ਨੂੰ ਕੀ ਪੇਸ਼ ਕਰਨਗੇ? ਰੋਸਿਆਂ ਦੀ ਪਿਟਾਰੀ ਵਿਚੋਂ ਕੀ ਵੇਚਣਗੇ ਪੰਜਾਬ ਨੂੰ?" ਉਨ੍ਹਾਂ ਮੁਤਾਬਕ ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਕੁਝ ਵੇਖ ਚੁੱਕੇ ਹਨ, "ਥੱਕ ਚੁੱਕੇ ਹਨ ਲਾਰਿਆਂ ਤੋਂ"।

'ਬਰਗਾੜੀ ਮੋਰਚਾ ਵੀ ਐਵੇਂ ਹੀ...'

ਬੀਰ ਦੇਵਿੰਦਰ ਨੇ ਹਾਲੀਆ ਬਰਗਾੜੀ ਮੋਰਚੇ ਨੂੰ ਵੀ ਲੋਕਾਂ ਦੀਆਂ ਚਾਹਤਾਂ ਨਾਲ "ਧੋਖਾ" ਆਖਿਆ ਅਤੇ ਕਿਹਾ ਕਿ ਉਸ ਦੀ ਕੋਈ ਪ੍ਰਾਪਤੀ ਨਹੀਂ ਰਹੀ। "ਬਾਦਲ ਪਰਿਵਾਰ ਦੇ ਨੁਕਸਾਨ ਨਾਲ ਪੈਦਾ ਹੋਏ ਖਲਾਅ ਨੂੰ ਭਰਨ ਦੀ ਸਮਰੱਥਾ ਉਸ ਮੋਰਚੇ ਵਿੱਚ ਨਜ਼ਰ ਆਈ ਸੀ।"

ਉਨ੍ਹਾਂ ਮੁਤਾਬਕ ਇਸ ਵੇਲੇ ਕੋਈ ਵਿਸ਼ਵਾਸ-ਲਾਇਕ ਆਗੂ ਲਿਆਉਣਾ ਵੱਡੀ ਚੁਣੌਤੀ ਹੈ। "ਜਿਵੇਂ ਸੁਖਪਾਲ ਖਹਿਰਾ ਹੈ, ਉਹ ਬਹੁਤ ਤੇਜ਼ ਮੁਸਾਫ਼ਿਰ ਹੈ... ਅਜਿਹਾ ਜਿਸ ਨੂੰ ਲਗਦਾ ਹੈ ਕਿ ਮੈਂ ਸਭ ਤੋਂ ਸਿਆਣਾ ਹਾਂ, ਹਰ ਸੂਬੇਦਾਰੀ ਦਾ ਮੈਂ ਹੀ ਠੇਕੇਦਾਰ, ਦਾਅਵੇਦਾਰ ਹਾਂ। ਇਹ ਤਾਂ ਸਾਮੰਤਵਾਦੀ ਸੋਚ ਹੈ।"

ਖਹਿਰਾ ਦੀ ਸੰਤੁਸ਼ਟੀ

ਬੀਰ ਦੇਵਿੰਦਰ ਨੇ ਖਹਿਰਾ ਦੀ ਕਾਂਗਰਸ ਤੋਂ 'ਆਪ' ਜਾ ਕੇ ਵੀ “ਸੰਤੁਸ਼ਟੀ ਨਾ” ਹੋਣ ਬਾਰੇ ਵਿਅੰਗ ਕਰਦਿਆਂ ਕਿਹਾ, "ਵਾਰ-ਵਾਰ ਮੀਡੀਆ 'ਚ ਆਉਣਾ, ਦਸਤਾਰਾਂ ਦੇ ਰੰਗ ਬਦਲ-ਬਦਲ ਕੇ ਟੀਵੀ 'ਤੇ ਆਉਣ ਨਾਲ ਅਜਿਹੇ ਆਗੂਆਂ ਨੂੰ ਲਗਦਾ ਹੈ ਕਿ ਲੋਕ ਉਨ੍ਹਾਂ ਦੀ ਇਸ ਪੇਸ਼ਕਾਰੀ ਨੂੰ ਪਸੰਦ ਕਰ ਰਹੇ ਹਨ... ਤੁਸੀਂ ਆਪਣੇ ਆਪ ਨੂੰ ਵੇਚ ਤਾਂ ਰਹੇ ਹੋ, ਪਰ ਉਸ ਦਾ ਗਾਹਕ ਵੀ ਕੋਈ ਹੈ ਜਾਂ ਨਹੀਂ?"

ਇਹ ਵੀ ਜ਼ਰੂਰ ਪੜ੍ਹੋ

ਇਹ ਪੁੱਛੇ ਜਾਣ 'ਤੇ ਕੀ ਪੰਥਕ ਸਿਆਸਤ ਹੀ ਪੰਜਾਬ 'ਚ ਨਵਾਂ ਰਾਹ ਕੱਢ ਸਕਦੀ ਹੀ, ਬੀਰ ਦੇਵਿੰਦਰ ਨੇ ਕਿਹਾ, "ਖਹਿਰਾ ਨੇ ਵੀ ਇਹ ਕੋਸ਼ਿਸ਼ ਕੀਤੀ ਪਰ ਗੁਰੂ ਨਾਲ ਜੁੜੇ ਹੋਏ ਸਿੱਖ ਪੁੱਛਦੇ ਹਨ ਕਿ ਉਸ ਨੇ ਦਾੜ੍ਹੀ ਵੀ ਨਹੀਂ ਪੂਰੀ ਰੱਖੀ... 'ਅਸਲੀ ਰੂਪ ਤਾਂ ਦਿਖਾ'।" ਉਨ੍ਹਾਂ ਮੁਤਾਬਕ ਖਹਿਰਾ ਨਾਲ ਤਾਂ 'ਆਪ' ਦੇ 'ਬਾਗੀ' ਵਿਧਾਇਕ ਵੀ ਨਹੀਂ ਖੜ੍ਹ ਰਹੇ।

ਉਨ੍ਹਾਂ ਨੇ ਖਹਿਰਾ ਅਤੇ ਗਾਂਧੀ ਵੱਲੋਂ ਵਿਧਾਨ ਸਭਾ ਅਤੇ ਸੰਸਦ ਤੋਂ 'ਆਪ' ਲੀਡਰਾਂ ਦੇ ਤੌਰ 'ਤੇ ਤਨਖਾਹ ਲੈਣ ਉੱਪਰ ਵੀ ਸਵਾਲ ਚੁੱਕਿਆ। "ਮੈਂ ਸਮਝਦਾ ਹਾਂ ਕਿ ਜਦੋਂ ਅਸਲ ਮਧਾਣੀ ਪੈਣੀ ਹੈ ਤਾਂ ਲੋਕਾਂ ਨੇ ਮੁੜ ਦੋਹਾਂ ਰਵਾਇਤੀ ਪਾਰਟੀਆਂ ਨਾਲ ਹੀ ਜਾ ਕੇ ਖੜ੍ਹ ਜਾਣਾ ਹੈ।"

ਸਾਰਿਆਂ ਤੋਂ ਕੁਝ-ਕੁਝ

ਚੋਣ ਰਾਜਨੀਤੀ ਬਾਰੇ ਬੀਰ ਦੇਵਿੰਦਰ ਨੇ ਕਿਹਾ ਕਿ ਇਹ ਧਿਰ ਦੋਵਾਂ ਹੀ ਰਵਾਇਤੀ ਪਾਰਟੀਆਂ ਦੀਆਂ ਵੋਟਾਂ ਕੁਝ-ਕੁਝ ਲਵੇਗਾ। "ਪਰ ਜਿਹੜੇ ਲੋਕ ਬਾਦਲਾਂ ਤੋਂ ਬਹੁਤ ਨਾਰਾਜ਼ ਹਨ ਉਹ ਤਾਂ ਕਾਂਗਰਸ ਨੂੰ ਵੀ ਵੋਟ ਪਾ ਸਕਦੇ ਹਨ। ਇਸ ਨੂੰ ਅਜੇ 'ਤੀਜਾ' ਬਦਲ ਕਿਹਾ ਹੀ ਨਹੀਂ ਜਾ ਸਕਦਾ।"

Image copyright Getty Images

ਉਨ੍ਹਾਂ ਨੇ ਰਵਾਇਤੀ ਪਾਰਟੀਆਂ ਦੀ ਖਿੱਚ ਨੂੰ ਉਲੀਕਦਿਆਂ ਬਲਵੰਤ ਸਿੰਘ ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਅਤੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਦੇ ਵੀ ਉਦਾਹਰਣ ਦਿੱਤੇ।

ਕਾਂਗਰਸ ਵਿਚ ਰਲ ਚੁੱਕੀ ਪੀਪੀਪੀ ਵੱਲੋਂ ਵੀ ਇੱਕ ਵਾਰ ਚੋਣ ਲੜ ਚੁੱਕੇ ਸਾਬਕਾ ਕਾਂਗਰਸ ਆਗੂ, ਬੀਰ ਦੇਵਿੰਦਰ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਤ ਨੂੰ "ਟੋਟਲ ਕੰਫਿਊਜ਼ਨ" ਜਾਂ "ਭੰਬਲਭੂਸਿਆਂ ਦੀ ਘੁੱਮਣਘੇਰੀ" ਆਖਿਆ। "ਕੋਈ ਵੀ ਅਸਲ ਮੁੱਦਿਆਂ ਦੀ ਪਾਲੀਟਿਕਸ ਨਹੀਂ ਕਰ ਰਿਹਾ।"

ਉਨ੍ਹਾਂ ਇੱਕ ਸ਼ਿਅਰ ਵੀ ਆਖਿਆ, ਹਾਲਾਂਕਿ ਉਨ੍ਹਾਂ ਨੂੰ ਸ਼ਾਇਰ ਦਾ ਨਾਂ ਯਾਦ ਨਹੀਂ ਸੀ: "'ਸਵਾਲ ਯੇ ਹੈ ਕਿ ਇਸ ਪੁਰ-ਫਰੇਬ ਦੁਨੀਆ ਮੇਂ, ਖੁਦਾ ਕੇ ਨਾਮ ਪਰ ਅਬ ਕਿਸ-ਕਿਸ ਕਾ ਅਹਿਤਰਾਮ ਕਰੇਂ।' ਲੋਕ ਸੋਚ ਰਹਿ ਹਨ ਕਿ ਹੁਣ ਕਿਸ ਕਿਸ ਦਾ ਵਿਸ਼ਵਾਸ ਕਰੀਏ।"

'ਬਾਦਲਾਂ ਨਾਲ ਨਰਾਜ਼ਗੀ ਦੀ ਵੋਟ ਹੀ ਟੀਚਾ'

ਬੀਬੀਸੀ ਨਾਲ ਹੀ ਗੱਲਬਾਤ ਕਰਦਿਆਂ ਕੰਮਿਊਨਿਸਟ ਪਾਰਟੀ ਆਫ ਇੰਡੀਆ ਦੇ ਸੀਨੀਅਰ ਆਗੂ ਅਤੇ ਖੱਬੇਪੱਖੀ ਚਿੰਤਕ ਡਾ. ਜੋਗਿੰਦਰ ਦਿਆਲ ਨੇ ਅੰਦਾਜ਼ਾ ਲਗਾਇਆ ਕਿ ਟਕਸਾਲੀ ਅਕਾਲੀ ਦਲ ਆਖਰ ਆਮ ਆਦਮੀ ਪਾਰਟੀ ਨਾਲ ਹੀ ਜਾਵੇਗਾ, "ਸ਼ਰਤ ਹੈ ਕਿ 'ਆਪ' ਦਾ ਕਾਂਗਰਸ ਨਾਲ ਕੋਈ ਹਿਸਾਬ-ਕਿਤਾਬ ਨਾ ਬਣੇ"।

"ਸਿੱਖ ਵੋਟ ਦਾ ਵੱਡਾ ਹਿਸਾ ਤਾਂ ਬਾਦਲਾਂ ਤੋਂ ਟੁੱਟ ਚੁੱਕਾ ਹੈ... ਤਾਂ ਹੀ ਬਗੈਰ ਬੁਲਾਏ ਸੇਵਾ ਕਰਨ (ਤੇ ਮਾਫੀ ਮੰਗਣ ਦਰਬਾਰ ਸਾਹਿਬ) ਚਲੇ ਗਏ।"

Image copyright Getty Images
ਫੋਟੋ ਕੈਪਸ਼ਨ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਹੁਣ ਤਾਂ ਬਲਾਤਕਾਰ ਅਤੇ ਕਤਲ ਮਾਮਲਿਆਂ 'ਚ ਜੇਲ੍ਹ ਵਿੱਚ ਹੈ

‘ਇੱਕੋ ਮੁੱਦੇ ਪਿੱਛੇ...’

ਦਿਆਲ ਮੁਤਾਬਕ ਮੁੱਖ ਤੌਰ 'ਤੇ ਪੰਜਾਬ ਦੀ ਸਿਆਸਤ ਪੰਥਕ ਹੋ ਗਈ ਹੈ, "ਲੋਕਾਂ ਦੀਆਂ ਨੌਕਰੀਆਂ ਵਰਗੇ ਮਾਮਲੇ ਲੈਫਟ ਚੁੱਕਦਾ ਹੈ, 'ਆਪ' ਵੀ ਵਿੱਚੋਂ-ਵਿੱਚੋਂ ਚੁਕਦੀ ਹੈ, ਪਰ ਇਸ ਦਾ ਵੱਡਾ ਰਿਸਪਾਂਸ ਨਹੀਂ ਮਿਲ ਰਿਹਾ। ਪਿਛਲੇ ਛੇ ਮਹੀਨੇ ਵਿੱਚ ਇੱਕੋ ਧਾਰਮਿਕ ਮਸਲਾ ਇੰਨਾ ਚੁੱਕਿਆ ਗਿਆ ਕਿ ਬਾਕੀ ਮੁੱਦੇ ਬਹੁਤ ਪਿਛਾਂਹ ਹੋ ਗਏ ਹਨ। ਅਸਲ ਵਿੱਚ ਤਾਂ ਅਕਾਲੀਆਂ ਦੀ 2017 ਦੀ ਹਾਰ ਪਿੱਛੇ ਵੀ ਸਿਰਸਾ ਡੇਰਾ ਦੇ ਮੁਖੀ ਨੂੰ ਮਿਲੀ (ਅਕਾਲ ਤਖਤ ਤੋਂ) ਮੁਆਫੀ ਹੀ ਸੀ।"

Image copyright Getty Images
ਫੋਟੋ ਕੈਪਸ਼ਨ ਸੁਖਬੀਰ ਬਾਦਲ (ਸੱਜੇ) ਅਤੇ ਬਿਕਰਮ ਮਜੀਠੀਆ ਦਾ ਅਕਾਲੀ ਦਲ ਉੱਪਰ ਪੂਰਾ ਕਬਜ਼ਾ ਮੰਨਿਆ ਜਾਂਦਾ ਹੈ

ਇਸ ਸਵਾਲ 'ਤੇ, ਕਿ ਹੁਣ ਸਿਆਸੀ ਖਲਾਅ ਕੌਣ ਭਰੇਗਾ, ਜੋਗਿੰਦਰ ਦਿਆਲ ਨੇ ਕਿਹਾ, "ਬਾਦਲਾਂ ਦੀਆਂ ਵੋਟਾਂ ਨੂੰ ਲੈਣ ਦਾ ਸੌਖਾ ਰਾਹ ਸਾਰੇ ਹੀ ਲੱਭ ਰਹੇ ਹਨ। 'ਆਪ' ਵੱਲ ਵੀ ਬਾਦਲਾਂ ਨਾਲ ਤੰਗ ਲੋਕ ਹੀ ਗਏ ਸਨ ਜੋ ਨੌਕਰੀਆਂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਵਰਗੇ ਮੁੱਦਿਆਂ ਉੱਪਰ ਸੁਖਬੀਰ-ਮਜੀਠੀਆ ਦੇ ਦਲ ਦੀ ਬੇਧਿਆਨੀ ਤੋਂ ਨਾਰਾਜ਼ ਸਨ।"

ਕੀ ਲੈਫਟ ਦਾ ਕਾਂਗਰਸ ਨਾਲ ਪੰਜਾਬ 'ਚ ਗੱਠਜੋੜ ਹੋ ਸਕਦਾ ਹੈ? ਇਸ ਉੱਪਰ ਉਨ੍ਹਾਂ ਨਾਂਹ ਹੀ ਕੀਤੀ ਪਰ ਕਿਹਾ ਕਿ ਕੌਮੀ ਗੱਠਜੋੜ ਤਾਂ ਕਾਇਮ ਰਹੇਗਾ।

ਭਵਿੱਖਵਾਣੀ - ਨਵਾਂ ਅਕਾਲੀ ਦਲ, ਵਾਇਆ ਮਾਝਾ

ਬੀਬੀਸੀ ਨਾਲ ਗੱਲਬਾਤ ਕਰਦਿਆਂ, ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜੇ ਰਹੇ, ਅਕਾਲੀ ਸਿਆਸਤ ਦੇ ਵਿਸ਼ਲੇਸ਼ਕ ਹਰਵਿੰਦਰ ਸਿੰਘ ਖਾਲਸਾ ਨੇ ਕਿਹਾ, "ਪੰਜਾਬ ਦੇ ਲੋਕ ਬਹੁਤ ਚਿਰ ਤੋਂ ਤੀਜਾ ਧਿਰ ਚਾਹੁੰਦੇ ਹਨ ਪਰ ਅਕਾਲੀ ਦਲ ਤੇ ਕਾਂਗਰਸ ਇਸ ਦੇ ਪਰ ਨਹੀਂ ਲੱਗਣ ਦੇ ਰਹੇ ਸੀ। ਪਰ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਮਸਲੇ ਤੋਂ ਬਾਅਦ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਹੈ ਅਤੇ ਅੱਗੇ ਹੋਰ ਨੁਕਸਾਨ ਹੋਵੇਗਾ।"

Image copyright Getty Images
ਫੋਟੋ ਕੈਪਸ਼ਨ ਕੇਜਰੀਵਾਲ ਨੇ ਫਿਲਹਾਲ ਭਗਵੰਤ ਮਾਨ ਉੱਪਰ ਪੂਰਾ ਭਰੋਸਾ ਜਤਾਇਆ ਹੈ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੀ ਇਹੀ ਨਾਰਾਜ਼ ਅਕਾਲੀ ਵੋਟ ਹੀ ਪਈ ਸੀ। "'ਆਪ' ਆਪਸ ਵਿੱਚ ਲੜ ਕੇ ਆਪਣਾ ਨੁਕਸਾਨ ਕਰ ਚੁੱਕੀ ਹੈ। ਪੰਜਾਬ ਦੇ ਪਾਣੀ ਦੇ ਮਸਲੇ ਉੱਪਰ ਵੀ ਅਰਵਿੰਦ ਕੇਜਰੀਵਾਲ ਨੇ ਨਹੀਂ ਕੁਝ ਬੋਲਿਆ।"

ਉਨ੍ਹਾਂ ਮੁਤਾਬਕ, "ਹੁਣ ਜਿਹੜਾ 'ਤੀਜਾ ਧਿਰ' ਬਣਿਆ ਹੈ, ਇਹ ਵੀ ਜੇ ਗੰਭੀਰ ਰਿਹਾ ਅਤੇ ਇਨ੍ਹਾਂ ਦੀ ਆਪਸ 'ਚ ਬਣੀ ਤਾਂ ਹੀ ਕੋਈ ਫਾਇਦਾ ਹੋ ਸਕਦਾ ਹੈ।"

ਖਹਿਰਾ ਬਾਰੇ ਖਾਲਸਾ ਨੇ ਕਿਹਾ ਕਿ ਅਕਾਲੀ ਦਲ 'ਚ ਰਹਿੰਦਿਆਂ ਖਹਿਰਾ ਦੇ ਪਿਤਾ ਨੂੰ ਵੀ ਅਹੁਦਿਆਂ ਦਾ ਚਾਅ ਸੀ। "ਖਹਿਰਾ ਇੰਨੀਆਂ ਮਾਰਾਂ ਖਾ ਚੁੱਕਾ ਹੈ ਤਾਂ ਇਸ ਵਾਰੀ ਜੇ ਰਲ ਕੇ ਨਾ ਚੱਲਿਆ ਤਾਂ ਲੋਕਾਂ ਨੇ ਬਿਲਕੁਲ ਉਸ ਉੱਪਰ ਵਿਸ਼ਵਾਸ ਨਹੀਂ ਕਰਨਾ।"

Image copyright Getty Images
ਫੋਟੋ ਕੈਪਸ਼ਨ ਪਿਛਲੇ ਮਹੀਨੇ ਸ਼੍ਰੋਮਣੀ ਅਕਾਲੀ ਦਲ-ਟਕਸਾਲੀ ਬਣਾਉਣ ਦਾ ਰਸਮੀ ਐਲਾਨ ਕਰਦਿਆਂ ਬ੍ਰਹਮਪੁਰਾ ਅਤੇ ਹੋਰ

ਪੰਜਾਬ ਦੀ ਸਿਆਸਤ ਵਿੱਚ ਪੰਥ ਅਤੇ ਪੰਜਾਬੀ ਖ਼ਿੱਤੇਵਾਦ ਬਾਰੇ ਉਨ੍ਹਾਂ ਕਿਹਾ, "ਕਾਂਗਰਸ ਵੀ ਤਾਂ ਕਾਮਯਾਬ ਕੈਪਟਨ ਅਮਰਿੰਦਰ ਸਿੰਘ ਕਰਕੇ ਹੋਈ ਹੈ ਕਿਉਂਕਿ ਉਸ ਨੇ ਪੰਜਾਬ ਅਤੇ ਪੰਥ ਨਾਲ ਜੁੜੇ ਮੁੱਦੇ ਚੁੱਕੇ।"

ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੀ ਅਸਲ ਪਾਰਟੀ ਅਕਾਲੀ ਦਲ ਹੈ ਜਿਸ ਨੂੰ "ਸੁਖਬੀਰ ਅਤੇ ਮਜੀਠੀਏ ਨੇ ਜ਼ੀਰੋ ਕਰ ਕੇ ਰੱਖ ਦਿੱਤਾ"।

ਇਹ ਵੀ ਜ਼ਰੂਰ ਪੜ੍ਹੋ

ਅਗਾਂਹ ਪੰਜਾਬ ਦੀ ਸਿਆਸਤ ਕਿੱਧਰ ਜਾਵੇਗੀ? "ਮੈਂ ਪਹਿਲਾਂ ਵੀ ਜਨਤਕ ਤੌਰ 'ਤੇ ਕਿਹਾ ਹੈ ਕਿ ਅਕਾਲੀ ਦਲ ਵਿੱਚ ਮਾਝੇ ਵਾਲੇ ਉੱਠਣਗੇ। ਹਮੇਸ਼ਾ ਪੰਜਾਬ ਵਿੱਚ ਕੋਈ ਵੀ ਮੂਵਮੈਂਟ ਮਾਝੇ ਤੋਂ ਚੱਲ ਕੇ ਦੁਆਬੇ 'ਚ ਆਈ ਹੈ ਅਤੇ ਫਿਰ ਮਾਲਵੇ 'ਚ।"

ਟਕਸਾਲੀ ਅਕਾਲੀ ਦਲ ਅਤੇ ਹੋਰਨਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰ ਹੀ ਇਹ ਮੁੜ ਭਾਰੂ ਹੋ ਜਾਣਗੇ ਅਤੇ ਫਿਰ ਸਿਆਸਤ ਮੁੜ ਆਪਣੇ "ਅਸਲ" ਰੰਗ ਵਿੱਚ ਆਵੇਗੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)