ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਨਸ਼ੇ ਖਿਲਾਫ਼ ਪੰਜਾਬ ਪੁਲਿਸ ਨੂੰ 25 ਨਿਰਦੇਸ਼ - 5 ਅਹਿਮ ਖਬਰਾਂ

ਨਸ਼ਾ Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਦਿ ਟ੍ਰਿਬਿਊਨ ਮੁਤਾਬਕ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ 25 ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿੱਚ ਪੰਜਾਬ ਦੇ ਡੀਜੀਪੀ ਨੂੰ ਐਸਟੀਐਫ਼ ਨੂੰ ਮਜ਼ਬੂਤ ਕਰਨ ਲਈ ਕਿਹਾ ਹੈ। ਇਨ੍ਹਾਂ ਨੁਕਤਿਆਂ ਵਿੱਚੋਂ ਕੁਝ ਹੇਠ ਲਿਖੇ ਹਨ

  • ਸਿੱਖਿਅਕ ਅਦਾਰਿਆਂ ਵਿੱਚ ਸਵੇਰੇ 8 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਕਿ ਨਸ਼ੇ ਦੇ ਸਪਲਾਇਰਾਂ ਨੂੰ ਫੜ੍ਹਿਆ ਜਾਵੇ।
  • 11ਵੀਂ ਅਤੇ 12ਵੀਂ ਕਲਾਸ ਵਿੱਚ ਨਸ਼ੇ ਅਤੇ ਇਸ ਦੀ ਗੈਰ-ਕਾਨੂੰਨੀ ਸਮਗਲਿੰਗ ਸਬੰਧੀ ਸਲੇਬਸ ਵਿੱਚ ਪਾਠ ਹੋਵੇ।
  • ਮੀਡੀਆ ਅਤੇ ਇੰਟਰਨੈੱਟ ਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਜੇਲ੍ਹ ਵਿੱਚ ਬੰਦ ਸਾਰੇ ਨਸ਼ੇ ਦੇ ਪੀੜਤਾਂ ਨੂੰ ਰਜਿਸਟਰ ਕੀਤਾ ਜਾਵੇ ਅਤੇ ਲਾਜ਼ਮੀ ਤੌਰ ਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਿਆ ਜਾਵੇ।
  • ਜੇਲ੍ਹਾਂ ਵਿੱਚ ਕੈਦੀਆਂ ਨੂੰ ਮਿਲਣ ਆਉਣ ਵਾਲਿਆਂ ਦੀ ਜਾਂਚ ਹੋਵੇ ਅਤੇ ਖੋਜੀ ਕੁੱਤੇ ਤਾਇਨਾਤ ਕੀਤੇ ਜਾਣ।

ਕਰਤਾਰਪੁਰ ਲਾਂਘਾ: ਪਾਕਿਸਤਾਨੀ ਵਫ਼ਦ ਦੇ ਦੌਰੇ ਲਈ ਭਾਰਤ ਨੇ 2 ਤਰੀਕਾਂ ਕੀਤੀਆਂ ਤੈਅ

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕਰਤਾਰਪੁਰ ਲਾਘੇ ਲਈ ਅੱਗੇ ਦੀ ਕਾਰਵਾਈ ਲਈ ਭਾਰਤ ਸਰਕਾਰ ਨੇ ਇਸਲਾਮਾਬਾਦ ਦੀ ਇੱਕ ਟੀਮ ਦੇ ਭਾਰਤ ਦੌਰੇ ਲਈ ਦੋ ਤਰੀਕਾਂ ਤੈਅ ਕੀਤੀਆਂ ਹਨ।

ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਮੁਤਾਬਕ, "ਭਾਰਤ ਸਰਕਾਰ ਨੇ ਪਾਕਿਸਤਾਨੀ ਵਫ਼ਦ ਦੇ ਲਈ 26 ਫਰਵਰੀ ਅਤੇ 7 ਮਾਰਚ ਦੋ ਤਰੀਕਾਂ ਦੀ ਪੇਸ਼ਕਸ਼ ਕੀਤੀ ਹੈ। ਇਸ ਦੌਰਾਨ ਚਰਚਾ ਕਰਕੇ ਸਭ ਕੁਝ ਫਾਈਨਲ ਕੀਤਾ ਜਾਵੇਗਾ ਤਾਂ ਕਿ ਭਾਰਤੀ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਲਦੀ ਤੋਂ ਜਲਦੀ ਕਰ ਸਕਣ।"

ਦੂਜੇ ਪਾਸੇ ਦੋਹਾ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਅਤੇ ਕਰਤਾਰਪੁਰ ਲਾਂਘੇ ਲਈ ਚੁੱਕੇ ਗਏ ਕਦਮ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ:

ਸਬਰੀਮਾਲਾ ਮੰਦਿਰ ਵਿੱਚ ਦਾਖਲ ਹੋਣ ਵਾਲੀ ਔਰਤ ਲਈ ਘਰ ਦੇ ਦਰਵਾਜ਼ੇ ਬੰਦ

ਕੇਰਲ ਵਿੱਚ ਸਬਰੀਮਾਲਾ ਮੰਦਿਰ ਵਿੱਚ ਦਾਖਿਲ ਹੋ ਕੇ ਇਤਿਹਾਸ ਰਚਨ ਵਾਲੀ ਔਰਤ ਕਣਕਦੁਰਗਾ ਨੂੰ ਉਨ੍ਹਾਂ ਦੇ ਪਤੀ ਨੇ ਘਰੋਂ ਬਾਹਰ ਕੱਢ ਦਿੱਤਾ ਹੈ।

ਇਸ ਸਾਲ ਦੀ ਸ਼ੁਰੂਆਤ ਵਿੱਚ 50 ਸਾਲ ਤੋਂ ਘੱਟ ਉਮਰ ਦੀ ਇੱਕ ਹੋਰ ਔਰਤ ਦੇ ਨਾਲ ਕਣਕਦੁਰਗਾ ਨੇ ਸਬਰੀਮਾਲਾ ਵਿੱਚ ਮੌਜੂਦ ਸਵਾਮੀ ਅਯੱਪਾ ਦੇ ਮੰਦਿਰ ਵਿੱਚ ਦਾਖਲ ਹੋਈ ਸੀ।

Image copyright AFP/Getty Images

ਸਮਾਜਸੇਵੀ ਤੰਕਾਚਨ ਵਿਠਯਾਟਿਲ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਪਤੀ ਨੇ ਘਰ ਛੱਡ ਦਿੱਤਾ ਹੈ ਅਤੇ ਦਰਵਾਜ਼ੇ ਨੂੰ ਜਿੰਦਰਾ ਲਾ ਦਿੱਤਾ ਹੈ। ਉਹ ਕਣਕਦੁਰਗਾ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਹਨ। ਕਣਕਦੁਰਗਾ ਦੇ ਨਾਲ ਪੁਲਿਸ ਵੀ ਮੌਜੂਦ ਸੀ ਜੋ ਉਨ੍ਹਾਂ ਨੂੰ ਸੋਮਵਾਰ ਰਾਤ ਨੂੰ ਇੱਕ ਸਰਕਾਰੀ ਮਹਿਲਾ ਸਹਾਇਤਾ ਕੇਂਦਰ ਵਿੱਚ ਲੈ ਆਈ।"

ਪੀਰੀਅਡਜ਼ ਅਧਾਰਿਤ ਫਿਲਮ ਆਸਕਰ ਵਿੱਚ

ਟਾਈਮਜ਼ ਆਫ਼ ਇੰਡੀਆ ਮੁਤਾਬਕ ਪੀਰੀਅਡਜ਼ 'ਤੇ ਬਣੀ ਭਾਰਤੀ ਫਿਲਮ 'ਪੀਰੀਅਡ. ਦਿ ਐਂਡ ਆਫ਼ ਸੈਨਟੈਂਸ' ਓਸਕਰ ਦੇ ਲਈ ਨਾਮਜ਼ਦ ਹੋ ਗਈ ਹੈ। ਦਸਤਾਵੇਜ਼ੀ ਫਿਲਮਾਂ ਵਿੱਚ ਪਹਿਲੀਆਂ ਪੰਜ ਦੀ ਸੂਚੀ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਹੋਈ ਹੈ।

26 ਮਿੰਟ ਦੀ ਇਹ ਫਿਲਮ ਗੁਨੀਤ ਮੋਂਗਾ ਨੇ ਪ੍ਰੋਡਿਊਸ ਕੀਤੀ ਹੈ। ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਪਹਿਲਾਂ ਵੀ 'ਲੰਚਬਾਕਸ' ਅਤੇ 'ਮਸਾਨ' ਫਿਲਮਾਂ ਦਾ ਸਹਿ-ਨਿਰਦੇਸ਼ਨ ਕੀਤਾ ਗਿਆ ਹੈ।

ਇਹ ਫਿਲਮ ਉੱਤਰੀ ਭਾਰਤ ਵਿੱਚ ਹਾਪੁੜ ਦੀਆਂ ਕੁੜੀਆਂ ਤੇ ਔਰਤਾਂ ਦੀ ਕਹਾਣੀ ਬਿਆਨ ਕਰਦੀ ਹੈ। ਫਿਲਮ ਵਿੱਚ ਉਨ੍ਹਾਂ ਦਾ ਤਜਰਬਾ ਪੇਸ਼ ਕੀਤਾ ਗਿਆ ਹੈ ਜਦੋਂ ਉਨ੍ਹਾਂ ਦੇ ਪਿੰਡ ਵਿੱਚ ਪੈਡ ਮਸ਼ੀਨ ਲਾਈ ਗਈ।

ਅਮਰੀਕੀ ਫੌਜ ਵਿੱਚ ਟਰਾਂਸਜੈਂਡਰ ਬੈਨ ਸਬੰਧੀ ਸੁਪਰੀਪ ਕੋਰਟ ਟਰੰਪ ਦੇ ਨਾਲ

ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਹਰੀ ਝੰਡੀ ਦੇ ਦਿੱਤੀ ਹੈ ਕਿ ਉਹ ਟਰਾਂਸਜੈਂਡਰਜ਼ ਨੂੰ ਫੌਜ ਵਿੱਚ ਰੋਕਣ ਦੀ ਨੀਤੀ ਲਾਗੂ ਕਰ ਸਕਦੇ ਹਨ। ਹਾਲਾਂਕਿ ਹੇਠਲੀ ਅਦਾਲਤ ਵਿੱਚ ਇਸ ਨੀਤੀ ਨੂੰ ਚੁਣੌਤੀ ਦੇਣ ਦੇ ਮਾਮਲੇ ਚੱਲਦੇ ਰਹਿਣਗੇ।

Image copyright Reuters

ਇਸ ਨੀਤੀ ਦੇ ਤਹਿਤ ਟਰਾਂਸਜੈਂਡਰ ਲੋਕਾਂ ਨੂੰ ਫੌਜ ਵਿੱਚ ਆਉਣ ਤੋਂ ਰੋਕਿਆ ਜਾਵੇਗਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟਰਾਂਸਜੈਂਡਰ ਲੋਕਾਂ ਨੂੰ ਨਿਯੁਕਤ ਕਰਨ ਤੇ ਫੌਜ ਦੇ ਅਸਰ ਅਤੇ ਕਾਬਲੀਅਤ 'ਤੇ ਖਤਰਾ ਖੜ੍ਹਾ ਹੋ ਸਕਦਾ ਹੈ।

ਟਰੰਪ ਤੋਂ ਪਹਿਲਾਂ ਰਾਸ਼ਟਰਪਤੀ ਰਹੇ ਬਰਾਕ ਓਬਾਮਾ ਦੇ ਵੇਲੇ ਟਰਾਂਸਜੈਂਡਰਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਨੀਤੀ ਨੂੰ ਲਾਗੂ ਕੀਤਾ ਗਿਆ ਸੀ। ਇਸ ਨੀਤੀ ਦੇ ਤਹਿਤ ਟਰਾਂਸਜੈਂਡਰ ਨਾ ਸਿਰਫ਼ ਫੌਜ ਵਿੱਚ ਭਰਤੀ ਹੋ ਸਕਦੇ ਸਨ ਸਗੋਂ ਉਨ੍ਹਾਂ ਨੂੰ ਲਿੰਗ ਸਰਜਰੀ ਲਈ ਵੀ ਸਰਕਾਰੀ ਮਦਦ ਮਿਲਣ ਦੀ ਤਜਵੀਜ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)