ਕੰਗਨਾ ਰਣੌਤ : 'ਅਣਚਾਹੀ ਬੱਚੀ’ ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ'

  • ਨਵੀਨ ਨੇਗੀ
  • ਬੀਬੀਸੀ ਪੱਤਰਕਾਰ
ਤਸਵੀਰ ਕੈਪਸ਼ਨ,

ਮਣੀਕਰਣਿਕਾ ਫਿਲਮ ਦਾ ਦ੍ਰਿਸ਼

ਸਾਲ 2009- "ਫ਼ਿਲਮ ਇੰਡਸਟਰੀ ਵਿਚ ਕੰਮ ਕਰਨ ਵਾਲੀਆਂ ਕੁੜੀਆਂ ਖੁਦ ਨੂੰ ਸਿਰਫ਼ ਸੈਕਸ ਓਬਜੈਕਟ ਦੇ ਤੌਰ 'ਤੇ ਪੇਸ਼ ਕਰਦੀਆਂ ਹਨ। ਅਦਾਕਾਰੀ ਤੋਂ ਜ਼ਿਆਦਾ ਉਨ੍ਹਾਂ ਨੂੰ ਆਪਣੀ ਲੁਕਸ ਦੀ ਚਿੰਤਾ ਰਹਿੰਦੀ ਹੈ।"

ਸਾਲ 2019- "ਚਾਰ ਇਤਿਹਾਸਕਾਰ ਮਣੀਕਰਣੀਕਾ ਨੂੰ ਪਾਸ ਕਰ ਚੁੱਕੇ ਹਨ। ਜੇਕਰ ਕਰਣੀ ਸੈਨਾ ਨੇ ਮੇਰੀ ਫ਼ਿਲਮ ਦਾ ਵਿਰੋਧ ਕੀਤਾ ਤਾਂ ਮੈਂ ਵੀ ਰਾਜਪੂਤ ਹਾਂ, ਮੈਂ ਉਨ੍ਹਾਂ ਨੂੰ ਤਬਾਹ ਕਰ ਦਿਆਂਗੀ।"

ਜੇਕਰ ਕੰਗਨਾ ਦੁਆਰਾ ਉੱਪਰ ਦਿੱਤੇ ਗਏ ਦੋਵਾਂ ਬਿਆਨਾਂ ਨੂੰ ਸੋਸ਼ਲ ਮੀਡੀਆ 'ਤੇ ਚੱਲ ਰਹੇ 10 YEAR CHALLENGE ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਪਿਛਲੇ 10 ਸਾਲਾਂ ਦੌਰਾਨ ਉਨ੍ਹਾਂ ਦੀ ਜ਼ੁਬਾਨ ਦੀ ਧਾਰ ਤੇਜ਼ ਹੀ ਹੋਈ ਹੈ।

ਇਸ ਤਿੱਖੀ ਧਾਰ ਵਾਲੀ ਤਲਵਾਰ ਰੂਪੀ ਜ਼ੁਬਾਨ ਦੀ ਮੱਲਿਕਾ ਕੰਗਨਾ ਰਨੌਤ, ਜਿੰਨ੍ਹਾਂ ਦੀ ਜ਼ੁਬਾਨ ਦੀ ਧਾਰ ਨਾਲ ਫ਼ਿਲਮ ਇੰਡਸਟਰੀ ਦੇ ਵੱਡੇ-ਵੱਡੇ ਅਦਾਕਾਰ ਅਤੇ ਡਾਇਰੈਕਟਰ ਵੀ ਜ਼ਖਮੀ ਹੋ ਚੁੱਕੇ ਹਨ।

ਇਹ ਉਹੀ ਕੰਗਨਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੀ ਫ਼ਿਲਮਾਂ ਦੇ ਹਿਸਾਬ ਨਾਲ ਕਦੇ 'ਰਾਣੀ', ਕਦੇ 'ਤਨੁ' ਅਤੇ ਕਦੇ 'ਸਿਮਰਨ' ਕਹਿ ਕੇ ਬੁਲਾਇਆ ਜਾਂਦਾ ਹੈ ਅਤੇ ਫ਼ਿਲਮ ਥਿਏਟਰਾਂ ਵਿੱਚ ਖੂਬ ਤਾੜੀਆਂ ਅਤੇ ਸੀਟੀਆਂ ਮਾਰਦੇ ਹਨ।

ਇਨ੍ਹਾਂ ਸਾਰੀਆਂ ਤਾੜੀਆਂ ਅਤੇ ਸੀਟੀਆਂ ਦੇ ਰੌਲੇ ਤੋਂ ਬਾਅਦ ਵੀ ਕੰਗਨਾ ਦਾ ਜ਼ੁਬਾਨੀ ਸ਼ੋਰ ਘੱਟ ਨਹੀਂ ਹੁੰਦਾ। ਉਹ ਬਾਲੀਵੁਡ ਵਿੱਚ ਭਾਈ-ਭਤੀਜਾਵਾਦ 'ਤੇ ਖੁੱਲ੍ਹਕੇ ਬੋਲਦੀ ਹੈ ਤਾਂ ਉੱਥੇ ਹੀ ਰਿਸ਼ਤਿਆਂ ਵਿੱਚ ਆਈ ਤਰੇੜ 'ਤੇ ਵੀ ਸਾਹਮਣੇ ਵਾਲੇ ਨੂੰ ਡੱਟ ਕੇ ਸੁਣਾਉਂਦੀ ਹੈ।

ਕਰੀਅਰ ਦੇ ਉਸ ਦੌਰ ਵਿੱਚ ਜਦੋਂ ਅਦਾਕਾਰਾਂ ਆਪਣੇ ਲਈ ਗੌਡਫ਼ਾਦਰ ਦੀ ਭਾਲ ਕਰ ਰਹੀਆਂ ਹੁੰਦੀਆਂ ਹਨ ਠੀਕ ਉਸੇ ਵੇਲੇ ਕੰਗਨਾ ਬਾਲੀਵੁਡ ਵਿੱਚ ਕਿਸੇ ਬਾਗ਼ੀ ਦੇ ਤੌਰ 'ਤੇ ਖ਼ੁਦ ਨੂੰ ਪੇਸ਼ ਕਰਦੀ ਹੈ।

ਇਹ ਵੀ ਪੜ੍ਹੋ:

ਉਹ ਫ਼ਿਲਮੀ ਦੁਨੀਆ ਦੀ ਰੰਗ-ਬਿਰੰਗੀਆਂ ਪਰ ਭੀੜੀਆਂ ਗਲੀਆਂ ਵਿੱਚ ਲਿਖੇ ਜਾਣ ਵਾਲੀ ਸਕ੍ਰਿਪਟ ਵਿੱਚ ਆਪਣਾ ਦਖ਼ਲ ਚਾਹੁੰਦੀ ਹੈ, ਆਪਣੇ ਡਾਇਲਾਗ ਖ਼ੁਦ ਚੁਣਦੀ ਹੈ ਅਤੇ ਡਾਇਰੈਕਸ਼ਨ ਵਿੱਚ ਵੀ ਆਪਣਾ ਹੱਥ ਅਜ਼ਮਾਉਂਦੀ ਹੈ।

ਪਰ ਫ਼ਿਲਮੀ ਦੁਨੀਆ ਦੀ ਇਸ ਰੰਗੀਨ ਜ਼ਿੰਦਗੀ ਤੋਂ ਪਹਿਲਾਂ ਆਓ ਪਹਾੜਾਂ ਦੀ ਸੈਰ ਕਰਦੇ ਹਾਂ।

ਪਹਾੜੀ ਕੁੜੀ ਜਿਸਦੇ ਜਨਮ 'ਤੇ ਪਸਰਿਆ ਮਾਤਮ

ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿਚ 23 ਮਾਰਚ 1987 ਨੂੰ ਅਮਰਦੀਪ ਰਨੌਤ ਅਤੇ ਆਸ਼ਾ ਰਨੌਤ ਦੇ ਘਰ ਇੱਕ ਕੁੜੀ ਦਾ ਜਨਮ ਹੋਇਆ ਪਰ ਘਰ ਵਿਚ ਖੁਸ਼ੀਆਂ ਦੀ ਥਾਂ ਮਾਤਮ ਨੇ ਲੈ ਲਈ। ਇਸ ਦਾ ਕਾਰਨ ਇਹ ਸੀ ਕਿ ਇਸ ਘਰ ਵਿਚ ਪਹਿਲਾਂ ਤੋਂ ਹੀ ਇੱਕ ਕੁੜੀ ਸੀ। ਪਰਿਵਾਰ ਚਾਹੁੰਦਾ ਸੀ ਕਿ ਹੁਣ ਘਰ ਵਿਚ ਮੁੰਡੇ ਦਾ ਜਨਮ ਹੋਵੇ।

ਘਰਾਂ ਵਿਚ ਮੁੰਡਿਆਂ ਅਤੇ ਕੁੜੀਆਂ ਵਿਚਕਾਰ ਹੋਣ ਵਾਲੇ ਵਿਤਕਰੇ 'ਤੇ ਕੰਗਨਾ ਨੇ ਕਈ ਮੌਕਿਆਂ 'ਤੇ ਆਪਣੇ ਹੀ ਘਰ ਦਾ ਉਦਾਹਰਨ ਦਿੱਤਾ ਹੈ।

ਉਨ੍ਹਾਂ ਨੇ ਖੁੱਲ੍ਹਕੇ ਦੱਸਿਆ ਕਿ ਜਨਮ ਤੋਂ ਬਾਅਦ ਉਨ੍ਹਾਂ ਦੇ ਘਰ ਵਿਚ ਮਾਤਮ ਦਾ ਮਾਹੌਲ ਸੀ। ਉਨ੍ਹਾਂ ਦੱਸਿਆ ਜਦੋਂ ਵੀ ਘਰ ਵਿਚ ਕੋਈ ਮਹਿਮਾਨ ਆਉਂਦਾ ਤਾਂ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਇਹ ਕਹਾਣੀ ਸੁਣਾਉਂਦਾ ਕਿ ਕਿਵੇਂ ਕੰਗਨਾ ਇੱਕ 'ਅਨਵਾਂਟਿਡ ਚਾਈਲਡ' ਸੀ।

'ਅਨਵਾਂਟਿਡ ਬੱਚੀ' ਯਾਨਿ ਕਿ ਪਰਿਵਾਰ ਜਿਸਦਾ ਜਨਮ ਨਹੀਂ ਚਾਹੁੰਦਾ ਸੀ, ਫਿਰ ਵੀ ਪਰਿਵਾਰ ਵਿਚ ਆ ਗਈ। ਸ਼ਾਇਦ ਇਹੀ ਕਾਰਨ ਸੀ ਇਹ ਅਨਵਾਂਟਿਡ ਕੰਗਨਾ ਹੌਲੀ-ਹੌਲੀ ਵਿਰੋਧੀ ਸੁਭਾਅ ਦੀ ਹੋਣ ਲੱਗੀ।

ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਗਏ ਇੰਟਰਵਿਊ ਵਿਚ ਕੰਗਨਾ ਨੇ ਆਪਣੇ ਬਚਪਨ ਬਾਰੇ ਦੱਸਿਆ, "ਬਚਪਨ ਤੋਂ ਹੀ ਮੈਂ ਜ਼ਿੱਦੀ ਅਤੇ ਵਿਰੋਧੀ ਸੁਭਾਅ ਦੀ ਰਹੀ ਹਾਂ। ਜੇ ਮੇਰੇ ਪਿਤਾ ਮੇਰੇ ਲਈ ਗੁੱਡੀ ਲੈਕੇ ਆਉਂਦੇ ਅਤੇ ਭਰਾ ਲਈ ਪਲਾਸਟਿਕ ਦੀ ਬੰਦੂਕ ਤਾਂ ਮੈਂ ਗੁੱਡੀ ਲੈਣ ਤੋਂ ਇਨਕਾਰ ਕਰ ਦਿੰਦੀ ਸੀ। ਮੈਨੂੰ ਵਿਤਕਰਾ ਪਸੰਦ ਨਹੀਂ ਸੀ।"

ਕੰਗਨਾ ਪਹਿਲਾਂ ਹਿਮਾਚਲ ਤੋਂ ਨਿਕਲਕੇ ਚੰਡੀਗੜ੍ਹ ਪਹੁੰਚੀ ਅਤੇ ਫਿਰ 16 ਸਾਲ ਦੀ ਉਮਰ ਵਿਚ ਦਿੱਲੀ ਆ ਗਈ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਮਾਡਲਿੰਗ ਦੇ ਮੌਕੇ ਮਿਲਣ ਲੱਗੇ ਅਤੇ ਕੰਗਨਾ ਹੌਲੀ-ਹੌਲੀ ਪਹਾੜਾਂ ਤੋਂ ਉੱਤਰ ਕੇ ਮੈਦਾਨੀ ਖੇਤਰ ਦੇ ਰੰਗ ਵਿਚ ਰੰਗਣ ਲੱਗੀ। ਉਨ੍ਹਾਂ ਨੇ ਕੁਝ ਮਹੀਨਿਆਂ ਲਈ ਅਸਮਿਤਾ ਥੀਏਟਰ ਗਰੁੱਪ ਵਿਚ ਕੰਮ ਵੀ ਸਿੱਖਿਆ।

ਇਹ ਵੀ ਪੜ੍ਹੋ

ਐਵਾਰਡ ਕੁਈਨ ਕੰਗਨਾ ਨੇ ਛੱਡ ਦਿੱਤਾ ਐਵਾਰਡ ਲੈਣਾ

ਜਦੋਂ ਕੰਗਨਾ ਨੇ ਫ਼ਿਲਮ ਇੰਡਸਟਰੀ ਵਿਚ ਕਰੀਅਰ ਬਨਾਉਣ ਦਾ ਫ਼ੈਸਲਾ ਲਿਆ ਤਾਂ ਉਨ੍ਹਾਂ ਦਾ ਪਰਿਵਾਰ ਇਸ ਨਾਲ ਸਹਿਮਤ ਨਹੀਂ ਸੀ। ਇਸ ਬਾਰੇ ਕੰਗਨਾ ਦੱਸਦੀ ਹੈ ਕਿ, "ਜਦੋਂ ਮੈਨੂੰ ਪਹਿਲੀ ਫ਼ਿਲਮ ਦਾ ਆਫ਼ਰ ਮਿਲਿਆ ਤਾਂ ਖੁਸ਼ ਹੋਕੇ ਆਪਣੇ ਘਰ ਦੱਸਿਆ। ਮੇਰੀ ਮਾਂ ਨੂੰ ਜਦੋਂ ਪਤਾ ਲੱਗਾ ਕਿ ਇਸ ਫ਼ਿਲਮ ਨੂੰ ਉਹੀ ਡਾਇਰੈਕਟਰ ਦੁਆਰਾ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਨੇ 'ਮਰਡਰ' ਫ਼ਿਲਮ ਬਣਾਈ ਸੀ ਤਾਂ ਉਨ੍ਹਾਂ ਨੂੰ ਚਿੰਤਾ ਹੋਣ ਲੱਗੀ। ਉਨ੍ਹਾਂ ਨੂੰ ਲੱਗਾ ਕਿ ਕੋਈ ਮੇਰੀ ਬਲੂ ਫ਼ਿਲਮ ਬਣਾ ਦੇਵੇਗਾ।"

ਤਸਵੀਰ ਕੈਪਸ਼ਨ,

ਕੰਗਨਾ ਨੂੰ ਪਹਿਲੀ ਹੀ ਫ਼ਿਲਮ ਲਈ ਫ਼ਿਲਮਫੇਅਰ ਦਾ ਬੈਸਟ ਫੀਮੇਲ ਡੈਬਿਊ ਐਵਾਰਡ ਮਿਲਿਆ

ਕੰਗਨਾ ਦੀ ਪਹਿਲੀ ਫ਼ਿਲਮ 'ਗੈਂਗਸਟਰ' ਸੀ। ਘੁੰਘਰਾਲੇ ਵਾਲਾਂ ਵਾਲੀ, ਪਤਲੀ ਜਿਹੀ ਇੱਕ ਕੁੜੀ ਜੋ ਸਿਰਫ਼ ਹਿੰਦੀ ਭਾਸ਼ਾ ਵਿਚ ਹੀ ਬੋਲ ਸਕਦੀ ਸੀ। ਉਸ ਨੂੰ ਦੇਖ ਕੇ ਲੋਕਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਹ ਇੱਕ ਦਿਨ ਫ਼ਿਲਮ ਇੰਡਸਟਰੀ ਦੇ ਵੱਡੇ-ਵੱਡੇ ਮਾਹਿਰ ਕਲਾਕਾਰਾਂ ਦੇ ਖਿਲਾਫ਼ ਮੋਰਚਾ ਖੋਲ੍ਹੇਗੀ।

ਸਾਲ 2006 ਵਿਚ 'ਗੈਂਗਸਟਰ' ਦੇ ਨਾਲ 'ਰੰਗ ਦੇ ਬਸੰਤੀ', 'ਲਗੇ ਰਹੋ ਮੁੰਨਾ ਭਾਈ' ਅਤੇ 'ਫ਼ਨ੍ਹਾ' ਵਰਗੀਆਂ ਵੱਡੀਆਂ ਫ਼ਿਲਮਾਂ ਆਈਆਂ। ਕੰਗਨਾ ਨੇ ਆਪਣੀ ਪਹਿਲੀ ਹੀ ਫ਼ਿਲਮ ਵਿਚ ਆਪਣੀ ਅਦਾਕਾਰੀ ਨਾਲ ਫ਼ਿਲਮਫੇਅਰ ਦਾ ਬੈਸਟ ਫੀਮੇਲ ਡੈਬਿਊ ਐਵਾਰਡ ਜਿੱਤ ਲਿਆ।

ਪਹਿਲੀ ਫ਼ਿਲਮ ਨਾਲ ਸ਼ੁਰੂ ਹੋਇਆ ਐਵਾਰਡਜ਼ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। 'ਫੈਸ਼ਨ' ਫ਼ਿਲਮ ਵਿਚ ਉਨ੍ਹਾਂ ਨੇ ਬਿਗੜੀ ਹੋਈ, ਸ਼ਰਾਬ ਦੇ ਨਸ਼ੇ ਵਿਚ ਡੁੱਬੀ ਹੋਈ ਅਤੇ ਆਪਣੇ ਆਪ ਵਿਚ ਹੀ ਖੋਈ ਹੋਈ ਮੌਡਲ ਦੀ ਭੁਮਿਕਾ ਅਦਾ ਕੀਤੀ ਸੀ। ਉਨ੍ਹਾਂ ਨੇ ਆਪਣੀ ਭੁਮਿਕਾ ਨੂੰ ਇੰਨੀ ਖੂਬਸੂਰਤੀ ਨਾਲ ਨਿਭਾਇਆ ਕਿ ਕੌਮੀ ਪੁਰਸਕਾਰ ਵੀ ਜਿੱਤਿਆ।

ਇਸ ਤੋਂ ਬਾਅਦ ਕੰਗਨਾ ਨੇ 'ਕੁਈਨ' ਅਤੇ 'ਤਨੁ ਵੈਡਜ਼ ਮਨੁ' ਫ਼ਿਲਮ ਲਈ ਸਾਲ 2015 ਅਤੇ 2016 ਦਾ ਕੌਮੀ ਪੁਰਸਕਾਰ ਆਪਣੇ ਨਾਂ ਕੀਤਾ।

ਹਾਲਾਂਕਿ ਇਸ ਵਿਚਕਾਰ ਕੰਗਨਾ ਦੁਆਰਾ ਸਾਲ 2014 ਵਿਚ ਵੱਖ-ਵੱਖ ਨਿੱਜੀ ਸੰਸਥਾਵਾਂ ਵੱਲੋਂ ਮਿਲਣ ਵਾਲੇ ਐਵਾਰਡ ਸ਼ੋਅਜ਼ ਦਾ ਬਾਈਕਾਟ ਕੀਤਾ। ਉਨ੍ਹਾਂ ਨੇ ਇਨ੍ਹਾਂ ਸਾਰੇ ਐਵਾਰਡ ਸ਼ੋਅਜ਼ ਨੂੰ ਨਿਰਾਧਾਰ ਕਰਾਰ ਦਿੱਤਾ ਸੀ।

ਤਸਵੀਰ ਕੈਪਸ਼ਨ,

ਕੰਗਨਾ ਨੇ 2014 ਵਿਚ ਵੱਖ-ਵੱਖ ਨਿੱਜੀ ਸੰਸਥਾਵਾਂ ਵੱਲੋਂ ਮਿਲਣ ਵਾਲੇ ਐਵਾਰਡ ਸ਼ੋਅਜ਼ ਦਾ ਬਾਈਕਾਟ ਕੀਤਾ

ਇੱਕ ਇੰਟਰਵਿਊ ਦੌਰਾਨ ਕੰਗਨਾ ਨੇ ਕਿਹਾ ਸੀ, "ਇਨ੍ਹਾਂ ਐਵਾਰਡਜ਼ ਦਾ ਮਤਲਬ ਸਿਰਫ਼ ਆਪਣੇ ਵਿਕੀਪੀਡੀਆ ਦੇ ਪੇਜ ਹੀ ਭਰਨਾ ਹੁੰਦਾ ਹੈ। ਸ਼ੁਰੂਆਤ ਵਿਚ ਤਾਂ ਮੈਂ ਬਹੁਤ ਤਿਆਰ ਹੋਕੇ ਇਨ੍ਹਾਂ ਪੁਰਸਕਾਰ ਸਮਾਗਮਾਂ ਵਿਚ ਜਾਇਆ ਕਰਦੀ ਸੀ ਪਰ ਇੱਕ ਵਾਰ ਮੈਨੂੰ 'ਲਾਈਫ਼ ਇੰਨ ਅ ਮੈਟਰੋ' ਫ਼ਿਲਮ ਲਈ ਪੁਰਸਕਾਰ ਮਿਲਣਾ ਸੀ, ਮੈਂ ਰਸਤੇ ਵਿਚ ਟ੍ਰੈਫਿਕ ਵਿਚ ਫੱਸ ਗਈ ਪਰ ਜਦੋਂ ਤੱਕ ਮੈਂ ਫੰਕਸ਼ਨ ਵਿਚ ਪਹੁੰਚੀ ਤਾਂ ਮੇਰਾ ਐਵਾਰਡ ਸੋਹਾ ਅਲੀ ਖ਼ਾਨ ਨੂੰ ਦੇ ਦਿੱਤਾ ਗਿਆ ਸੀ।"

ਭੈਣ ਰੰਗੋਲੀ 'ਤੇ ਹੋਇਆ ਐਸਿਡ ਅਟੈਕ

ਕੰਗਨਾ ਰਨੌਤ ਦੇ ਸਭ ਤੋਂ ਕਰੀਬੀ ਇਨਸਾਨ ਵਜੋਂ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਨੂੰ ਮੰਨਿਆ ਜਾਂਦਾ ਹੈ। ਕੰਗਨਾ ਖੁਦ ਇਹ ਗੱਲ ਆਖ ਚੁੱਕੀ ਹੈ ਕਿ ਜਿਵੇਂ ਹਰ ਆਦਮੀ ਦੀ ਸਫ਼ਲਤਾ ਪਿੱਛੇ ਇੱਕ ਔਰਤ ਹੁੰਦੀ ਹੈ, ਉਸੀ ਤਰ੍ਹਾਂ ਉਨ੍ਹਾਂ ਦੀ ਸਫ਼ਲਤਾ ਪਿੱਛੇ ਵੀ ਇੱਕ ਔਰਤ ਹੀ ਸੀ।

ਰੰਗੋਲੀ 'ਤੇ ਐਸਿਡ ਅਟੈਕ ਹੋ ਚੁੱਕਾ ਹੈ। ਪਿੰਕਵਿਲਾ ਵੈਬਸਾਇਟ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ ਸੀ।

ਸਾਲ 2006 ਵਿਚ ਜਦੋਂ ਰੰਗੋਲੀ 23 ਸਾਲਾਂ ਦੀ ਸੀ ਤਾਂ ਦੇਹਰਾਦੂਨ ਦੇ ਇੱਕ ਕਾਲਜ ਵਿਚ ਪੜ੍ਹਾਈ ਕਰਦੀ ਸੀ। ਉਸ ਸਮੇਂ ਉਸ 'ਤੇ ਤੇਜ਼ਾਬੀ ਹਮਲਾ ਹੋਇਆ ਸੀ। ਇੱਕ ਮੁੰਡਾ ਜੋ ਰੰਗੋਲੀ ਨੂੰ ਇੱਕ-ਪਾਸੜ ਪਿਆਰ ਕਰਦਾ ਸੀ ਉਸ ਨੇ ਰੰਗੋਲੀ 'ਤੇ ਤੇਜ਼ਾਬ ਨਾਲ ਹਮਲਾ ਕੀਤਾ।

ਤਸਵੀਰ ਕੈਪਸ਼ਨ,

ਭੈਣ ਰੰਗੋਲੀ ਉੱਤੇ ਹੋਏ ਤੇਜ਼ਾਬੀ ਹਮਲੇ ਦਾ ਜ਼ਿਕਰ ਕੰਗਨਾ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ

ਉਸ ਸਮੇਂ ਕੰਗਨਾ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਸੀ। ਇਲਾਜ ਤੋਂ ਬਾਅਦ ਵੀ ਰੰਗੋਲੀ ਦੀ ਇੱਕ ਅੱਖ ਦੀ 90 ਫ਼ੀਸਦੀ ਨਿਗ੍ਹਾ ਜਾ ਚੁੱਕੀ ਸੀ, ਹਮਲੇ ਨਾਲ ਉਨ੍ਹਾਂ ਦੀ ਬ੍ਰੈਸਟ ਦੇ ਇੱਕ ਹਿੱਸੇ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਸੀ।

ਰੰਗੋਲੀ ਦੱਸਦੀ ਹੈ ਕਿ ਉਸ ਹਮਲੇ ਤੋਂ ਬਾਅਦ ਉਹ ਤਿੰਨ ਮਹੀਨੇ ਤੱਕ ਆਪਣਾ ਚਿਹਰਾ ਦੇਖਣ ਦੀ ਵੀ ਹਿੰਮਤ ਨਹੀਂ ਕਰ ਪਾ ਰਹੀ ਸੀ। ਕੰਗਨਾ ਨੇ ਹੀ ਉਸ ਨੂੰ ਸੰਭਾਲਿਆ ਅਤੇ ਪਲਾਸਟਿਕ ਸਰਜਰੀ ਕਰਵਾਈ।

ਹਾਲ ਦੇ ਸਮੇਂ ਵਿਚ ਰੰਗੋਲੀ ਹੀ ਕੰਗਨਾ ਦਾ ਮੀਡੀਆ ਮੈਨੇਜਮੈਂਟ ਦੇਖਦੀ ਹੈ। ਕੰਗਨਾ ਸੋਸ਼ਲ ਮੀਡੀਆ ਤੋਂ ਦੂਰ ਹੈ, ਇਸ ਵਿਚਕਾਰ ਰੰਗੋਲੀ ਰਾਹੀਂ ਹੀ ਉਨ੍ਹਾਂ ਬਾਰੇ ਤਾਜ਼ਾ ਜਾਣਕਾਰੀ ਮਿਲਦੀ ਹੈ।

ਕੰਗਨਾ ਦੇ ਬਗ਼ਾਵਤੀ ਸੁਰ

ਕੰਗਨਾ ਨੇ ਕਰਨ ਜੌਹਰ ਨੂੰ ਉਨ੍ਹਾਂ ਦੇ ਸ਼ੋਅ 'ਕੌਫ਼ੀ ਵਿਦ ਕਰਨ' ਵਿਚ ਮੂਵੀ ਮਾਫ਼ੀਆ ਅਤੇ ਆਪਣੀਆਂ ਫ਼ਿਲਮਾਂ ਰਾਹੀਂ ਨੈਪੋਟਿਜ਼ਮ ਨੂੰ ਵਧਾਵਾ ਦੇਣ ਵਾਲਾ ਕਿਹਾ ਸੀ।

ਕੰਗਨਾ ਦੇ ਇਸ ਇੰਟਰਵਿਊ ਤੋਂ ਬਾਅਦ ਪੂਰੇ ਬਾਲੀਵੁਡ ਵਿਚ ਨੇਪੋਟਿਜ਼ਮ 'ਤੇ ਵੱਡੀ ਬਹਿਸ ਛਿੜ ਗਈ ਸੀ। ਫ਼ਿਲਮ ਇੰਡਸਟਰੀ ਦੋ ਧਿਰਾਂ ਵਿਚ ਵੰਡੀ ਹੋਈ ਦਿਖਾਈ ਦਿੱਤੀ। ਕਰਨ ਜੌਹਰ ਅਤੇ ਉਨ੍ਹਾਂ ਦੇ ਖਾਸ ਲੋਕਾਂ ਨੇ ਕੰਗਨਾ ਤੋਂ ਦੂਰੀ ਬਣਾ ਲਈ ਸੀ।

ਇਹ ਵੀ ਮੰਨਿਆ ਜਾ ਰਿਹਾ ਸੀ ਕਿ ਇਸ ਬਿਆਨ ਤੋਂ ਬਾਅਦ ਕੰਗਨਾ ਦਾ ਫ਼ਿਲਮ ਇੰਡਸਟਰੀ ਵਿਚ ਰੁਕਣਾ ਮੁਸ਼ਕਿਲ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਫ਼ਿਲਮਾਂ ਮਿਲਣੀਆਂ ਵੀ ਬੰਦ ਹੋ ਜਾਣਗੀਆਂ।

ਪਰ ਇਨ੍ਹਾਂ ਕਿਆਸਾਂ ਤੋਂ ਬਾਅਦ ਵੀ ਕੰਗਨਾ ਦੀ ਤੇਜ਼ ਜ਼ੁਬਾਨ ਨਹੀਂ ਰੁਕੀ। ਉਨ੍ਹਾਂ ਨੇ ਇੱਕ ਵਾਰ ਫਿਰ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ਇੰਡਸਟਰੀ ਵਿਚ ਕਿਸੇ ਖ਼ਾਨ ਜਾਂ ਕਪੂਰ ਦੀ ਜ਼ਰੂਰਤ ਨਹੀਂ ਹੈ।

ਕੰਗਨਾ ਆਪਣੇ ਨਿੱਜੀ ਸਬੰਧਾਂ ਬਾਰੇ ਵੀ ਖੁੱਲ੍ਹ ਕੇ ਗੱਲ ਕਰਦੀ ਰਹੀ ਹੈ। ਆਪਣੇ ਤੋਂ ਉਮਰ ਦੇ ਕਾਫ਼ੀ ਵੱਡੇ ਆਦਿੱਤਿਯਾ ਪੰਚੋਲੀ ਨਾਲ ਉਨ੍ਹਾਂ ਦੇ ਸਬੰਧ ਕਾਫ਼ੀ ਲੰਬੇ ਸਮੇਂ ਤੱਕ ਮੀਡੀਆ ਵਿਚ ਚਰਚਾ ਦਾ ਵਿਸ਼ਾ ਰਹੇ ਹਨ।

ਇੱਕ ਟੀਵੀ ਇੰਟਰਵਿਊ ਦੌਰਾਨ ਕੰਗਨਾ ਨੇ ਆਦਿੱਤਿਯਾ ਪੰਚੋਲੀ ਨਾਲ ਆਪਣੇ ਰਿਸ਼ਤਿਆਂ ਬਾਰੇ ਕਿਹਾ ਸੀ, "ਮੈਂ ਮੁੰਬਈ ਵਿਚ ਬਿਲਕੁਲ ਇਕੱਲੀ ਸੀ। 18 ਸਾਲ ਦੀ ਵੀ ਉਮਰ ਨਹੀਂ ਸੀ ਅਤੇ ਹੋਸਟਲ ਵਿਚ ਰਹਿੰਦੀ ਸੀ। ਉਦੋਂ ਆਦਿੱਤਿਆ ਪੰਚੋਲੀ ਨੇ ਮੈਨੂੰ ਫਲੈਟ ਦਿੱਤਾ ਪਰ ਉਨ੍ਹਾਂ ਨੇ ਮੈਨੂੰ ਉੱਥੇ ਨਜ਼ਰਬੰਦ ਕਰ ਦਿੱਤਾ। ਮੈਂ ਇਸ ਬਾਰੇ ਉਨ੍ਹਾਂ ਦੀ ਪਤਨੀ ਨਾਲ ਗੱਲ ਕੀਤੀ, ਉਨ੍ਹਾਂ ਨੇ ਵੀ ਮੇਰੀ ਮਦਦ ਕਰਨ ਤੋਂ ਮਨ੍ਹਾ ਕਰ ਦਿੱਤਾ। ਖਿੜਕੀ ਤੋਂ ਛਾਲ ਮਾਰਕੇ ਬੜੀ ਮੁਸ਼ਕਿਲ ਨਾਲ ਮੈਂ ਉਸ ਘਰ ਤੋਂ ਨਿੱਕਲ ਸਕੀ। ਬਾਅਦ ਵਿਚ ਅਨੁਰਾਗ ਬਾਸੂ ਅਤੇ ਉਨ੍ਹਾਂ ਦੀ ਪਤਨੀ ਨੇ ਮੇਰੀ ਸਹਾਇਤਾ ਕੀਤੀ। ਅਨੁਰਾਗ ਨੇ 15 ਦਿਨਾਂ ਤੱਕ ਮੈਨੂੰ ਆਪਣੇ ਦਫ਼ਤਰ ਵਿਚ ਲੁਕਾ ਕੇ ਰੱਖਿਆ।"

ਕੰਗਨਾ ਦੇ ਇਨ੍ਹਾਂ ਇਲਜ਼ਾਮਾਂ 'ਤੇ ਆਦਿੱਤਿਆ ਪੰਚੋਲੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਉਨ੍ਹਾਂ 'ਤੇ ਲੱਗੇ ਸਾਰੇ ਇਲਜ਼ਾਮ ਝੂਠੇ ਹਨ। ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਜੇਕਰ ਹੁਣੇ ਕੰਗਨਾ ਉਨ੍ਹਾਂ ਦੇ ਸਾਹਮਣੇ ਆ ਜਾਵੇ ਤਾਂ ਉਹ ਕੀ ਕਰਨਗੇ। ਜਵਾਬ ਵਿਚ ਪੰਚੋਲੀ ਨੇ ਹੱਸਦੇ ਹੋਏ ਹੱਥ ਜੋੜ ਕੇ ਕਿਹਾ ਕਿ, "ਨਮਸਤੇ ਕਵੀਨ, ਹਮੇਂ ਮਾਫ਼ ਕਰਦੋ।"

ਆਦਿੱਤਿਆ ਪੰਚੋਲੀ ਨੇ ਕਿਹਾ ਕਿ, "ਜਦੋਂ ਉਹ(ਕੰਗਨਾ) ਇੰਡਸਟਰੀ ਵਿਚ ਨਵੀਂ-ਨਵੀਂ ਆਈ ਸੀ ਤਾਂ ਮੈਂ ਆਪਣੀਆਂ ਅੱਖਾਂ ਨਾਲ ਉਸ ਦੇ ਸੰਘਰਸ਼ ਨੂੰ ਦੇਖਿਆ ਹੈ। ਮੈਨੂੰ ਬਹੁਤ ਅਫ਼ਸੋਸ ਹੈ ਕਿ ਅੱਜ ਉਹ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਰਹੀ ਹੈ। ਉਸਨੇ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਕਰਨਾ ਹੈ ਇਸ ਲਈ ਇਸ ਤਰ੍ਹਾਂ 15 ਸਾਲਾਂ ਬਾਅਦ ਪੁਰਾਣੀ ਗੱਲਾਂ ਗਲਤ ਢੰਗ ਨਾਲ ਸਾਹਮਣੇ ਰੱਖ ਰਹੀ ਹੈ।"

ਅਦਾਕਾਰ ਰਿਤਿਕ ਰੌਸ਼ਨ ਨਾਲ ਆਪਣੀ ਨੇੜਤਾ ਬਾਰੇ ਵੀ ਕੰਗਨਾ ਨੇ ਸਾਫ਼ ਤੌਰ 'ਤੇ ਆਪਣੀ ਗੱਲ ਰੱਖੀ ਸੀ। ਇੱਕ ਇੰਟਰਵਿਊ ਦੌਰਾਨ ਕੰਗਨਾ ਨੇ ਰਿਤਿਕ ਨੂੰ 'ਸਿਲੀ ਐਕਸ' ਕਿਹਾ ਸੀ।

ਇਸ ਤੋਂ ਬਾਅਦ ਦੋਹਾਂ ਵਿਚਕਾਰ ਕਈ ਤਰ੍ਹਾਂ ਦੇ 'ਈ-ਮੇਲ' ਖੁੱਲਣੇ ਸ਼ੁਰੂ ਹੋਏ ਅਤੇ ਬਾਲੀਵੁਡ ਇੱਕ ਵਾਰ ਫਿਰ ਕਈ ਧਿਰਾਂ ਵਿਚ ਵੰਡਿਆ ਹੋਇਆ ਦਿਖਾਈ ਦਿੱਤਾ। ਸਿਰਫ਼ ਇੰਨਾ ਹੀ ਨਹੀਂ ਕੰਗਨਾ ਦੇ ਕਿਰਦਾਰ 'ਤੇ ਵੀ ਸਵਾਲ ਚੁੱਕੇ ਜਾਣ ਲੱਗੇ।

ਕਿਸੇ ਜ਼ਮਾਨੇ ਦੌਰਾਨ ਕੰਗਨਾ ਦੇ ਪ੍ਰਮੀ ਰਹਿ ਚੁੱਕੇ ਅਧਿਐਨ ਸੁਮਨ ਨੇ ਤਾਂ ਇਹ ਤੱਕ ਆਖ ਦਿੱਤਾ ਕਿ ਕੰਗਨਾ ਨੇ ਉਨ੍ਹਾਂ 'ਤੇ ਕਾਲਾ ਜਾਦੂ ਕੀਤਾ ਸੀ।

ਇਹ ਵੀ ਪੜ੍ਹੋ:

ਹਾਲਾਂਕਿ ਇਨ੍ਹਾਂ ਸਭ ਗੱਲਾਂ ਅਤੇ ਵਿਵਾਦਾਂ ਤੋਂ ਬਾਅਦ ਵੀ ਕੰਗਨਾ ਲਗਾਤਾਰ ਬਾਲੀਵੁਡ ਵਿਚ ਕਾਇਮ ਹੈ ਅਤੇ ਉਹ ਵੀ ਮੁਸਕਰਾਉਂਦੇ ਹੋਏ।

ਆਪਣੀ ਫ਼ਿਲਮ 'ਕੁਈਨ' ਦੇ ਆਖ਼ਰੀ ਦ੍ਰਿਸ਼ ਵਾਂਗ, ਜਿੱਥੇ ਰਾਨੀ ਵਿਜੈ ਦੇ ਹੱਥਾਂ ਵਿਚ ਅੰਗੂਠੀ ਵਾਪਿਸ ਕਰਦੇ ਹੋਏ ਉਸਨੂੰ 'ਥੈਂਕ ਯੂ' ਬੋਲ ਕੇ ਚਲੀ ਜਾਂਦੀ ਹੈ।

ਇਸੀ ਤਰ੍ਹਾਂ ਹੀ ਕੰਗਨਾ ਆਪਣੀ ਜ਼ੁਬਾਨ ਨਾਲ ਕੋਈ 'ਥੈਂਕ ਯੂ' ਰੂਪੀ ਅੰਗੂਠੀ ਆਪਣੇ ਆਲੋਚਕਾਂ ਅਤੇ ਵਿਰੋਧੀਆਂ ਨੂੰ ਫੜਾ ਦਿੰਦੀ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

Skip YouTube post, 1
Video caption, Warning: Third party content may contain adverts

End of YouTube post, 1

Skip YouTube post, 2
Video caption, Warning: Third party content may contain adverts

End of YouTube post, 2

Skip YouTube post, 3
Video caption, Warning: Third party content may contain adverts

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)