ਕੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 'ਜੈ ਹਿੰਦ' ਨਾਅਰੇ ਬਾਰੇ ਝੂਠ ਬੋਲਿਆ?

ਅਮਿਤ ਸ਼ਾਹ Image copyright EPA

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵਿਰੋਧੀ ਧਿਰਾਂ 'ਤੇ ਇਲਜ਼ਾਮ ਲਗਾਏ ਹਨ ਕਿ 'ਯੂਨਾਈਟਡ ਇੰਡੀਆ ਰੈਲੀ' ਵਿੱਚ 'ਭਾਰਤ ਮਾਤਾ ਕੀ ਜੈ' ਅਤੇ 'ਜੈ ਹਿੰਦ' ਨਹੀਂ ਕਿਹਾ ਗਿਆ।

ਇਹ ਰੈਲੀ ਸ਼ਨੀਵਾਰ ਨੂੰ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤਮਾਮ ਲੀਡਰਾਂ ਵੱਲੋਂ ਕੀਤੀ ਗਈ।

ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਡੀਐਮਕੇ ਲੀਡਰ ਐਮ ਕੇ ਸਟਾਲੀਨ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਪਾਟੀਦਾਰ ਲੀਡਰ ਹਾਰਦਿਕ ਪਟੇਲ, ਕਾਂਗਰਸ ਲੀਡਰ ਮਲਿਕਾਅਰਜੁਨ ਖੜਗੇ ਅਤੇ ਐਨਸੀਪੀ ਲੀਡਰ ਸ਼ਰਦ ਪਵਾਰ ਸ਼ਾਮਲ ਸਨ।

Image copyright AFP

ਇਨ੍ਹਾਂ ਲੀਡਰਾਂ ਨੇ ਵਾਅਦਾ ਕੀਤਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਖਿਲਾਫ਼ ਇਕੱਠੇ ਹੋ ਕੇ ਲੜਨਗੇ।

ਇਹ ਵੀ ਪੜ੍ਹੋ:

ਇਸਦੇ ਜਵਾਬ ਵਿੱਚ ਵਿੱਚ ਸ਼ਾਹ ਨੇ ਕਿਹਾ ਨੇਤਾਵਾਂ ਵੱਲੋਂ ਰੈਲੀ ਵਿੱਚ 'ਜੈ ਹਿੰਦ' ਦਾ ਨਾਅਰਾ ਨਹੀਂ ਲਗਾਇਆ ਗਿਆ।

ਉਨ੍ਹਾਂ ਕਿਹਾ ਵਿਰੋਧੀ ਧਿਰਾਂ ਵੱਲੋਂ ਮਹਾਂਗਠਜੋੜ ਇੱਕ ਮੌਕਾਪ੍ਰਸਤੀ ਸੀ ਅਤੇ ਉਹ ਦੇਸ ਨਾਲ ਪਿਆਰ ਨਹੀਂ ਕਰਦੇ ਹਨ।

ਸ਼ਾਹ ਨੇ ਭਾਜਪਾ ਦੇ ਅਧਿਕਾਰਕ ਟਵਿੱਟਰ ਹੈਂਡਲਰ ਤੋਂ ਟਵੀਟ ਕਰਕੇ ਵੀ ਇਹ ਇਲਜ਼ਾਮ ਲਗਾਇਆ।

ਪਰ ਕੀ ਉਨ੍ਹਾਂ ਦਾ ਇਹ ਦਾਅਵਾ ਸਹੀ ਹੈ? ਉਨ੍ਹਾਂ ਦੀ ਸਿਆਸੀ ਬਿਆਨਬਾਜ਼ੀ ਨੂੰ ਇੱਕ ਪਾਸੇ ਰੱਖਦੇ ਹੋਏ ਸ਼ਾਹ ਦੇ ਇਹ ਇਲਜ਼ਾਮ ਝੂਠੇ ਹਨ।

ਅਸੀਂ ਆਪਣੀ ਜਾਂਚ ਵਿੱਚ ਇਹ ਦੇਖਿਆ ਕਿ ਵਿਰੋਧੀ ਲੀਡਰਾਂ ਨੇ 'ਭਾਰਤ ਮਾਤਾ ਦੀ ਜੈ' ਅਤੇ 'ਜੈ ਹਿੰਦ' ਕਿਹਾ ਸੀ।

ਪਾਟੀਦਾਰ ਲੀਡਰ ਹਾਰਦਿਕ ਪਟੇਲ ਨੇ ਆਪਣਾ ਭਾਸ਼ਣ 'ਭਾਰਤ ਮਾਤਾ ਦੀ ਜੈ' ਅਤੇ 'ਜੈ ਹਿੰਦ' ਦੇ ਨਾਲ ਖ਼ਤਮ ਕੀਤਾ।

2017 ਵਿੱਚ ਹੋਈਆਂ ਗੁਜਰਾਤ ਚੋਣਾਂ ਵਿੱਚ ਉਨ੍ਹਾਂ ਨੇ ਭਾਜਪਾ ਖ਼ਿਲਾਫ਼ ਮੁਹਿੰਮ ਚਲਾਈ ਸੀ। ਹਾਲਾਂਕਿ ਉਹ ਕਿਸੇ ਅਧਿਕਾਰਕ ਪਾਰਟੀ ਦਾ ਹਿੱਸਾ ਨਹੀਂ ਹਨ, ਪਰ ਉਹ ਦਾਅਵਾ ਕਰਦੇ ਹਨ ਕਿ ਉਹ ਗੁਜਰਾਤ ਵਿੱਚ ਪ੍ਰਭਾਵਸ਼ਾਲੀ ਪਟੇਲ ਭਾਈਚਾਰਾ ਉਨ੍ਹਾਂ ਨੂੰ ਸਮਰਥਨ ਕਰਦਾ ਹੈ।

ਇਹ ਵੀ ਪੜ੍ਹੋ:

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਆਪਣਾ ਭਾਸ਼ਣ 'ਜੈ ਹਿੰਦ' ਅਤੇ 'ਵੰਦੇ ਮਾਤਰਮ' ਦੇ ਨਾਅਰਿਆਂ ਨਾਲ ਖ਼ਤਮ ਕੀਤਾ।

ਸ਼ਾਹ ਪਹਿਲੇ ਸ਼ਖ਼ਸ ਨਹੀਂ ਹਨ ਜਿਨ੍ਹਾਂ ਨੇ ਯੂਨਾਇਟਡ ਇੰਡੀਆ ਰੈਲੀ ਵਿੱਚ ਇਨ੍ਹਾਂ ਨਾਅਰਿਆਂ 'ਤੇ ਸ਼ੱਕ ਜ਼ਾਹਿਰ ਕੀਤਾ ਹੈ।

Image copyright Newspaper

ਇੱਥੋਂ ਤੱਕ ਕਿ ਮਾਲਦਾ ਰੈਲੀ ਤੋਂ ਪਹਿਲਾਂ ਇੱਕ ਅਖ਼ਬਾਰ ਨੇ 'ਆਜ ਤੱਕ' ਦੀ ਐਂਕਰ ਸ਼ਵੇਤਾ ਸਿੰਘ ਦਾ ਟਵੀਟ ਪੋਸਟ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਅਜਿਹੇ ਹੀ ਸ਼ੱਕ ਜ਼ਾਹਿਰ ਕੀਤੇ ਸਨ।

ਅਖ਼ਬਾਰ ਦੀ ਇਹ ਕਲਿੱਪ ਸੱਜੇ ਪੱਖੀ ਸੋਸ਼ਲ ਮੀਡੀਆ ਪੇਜਾਂ 'ਤੇ ਕਾਫ਼ੀ ਵੱਡੇ ਪੱਧਰ 'ਤੇ ਸ਼ੇਅਰ ਹੋਈ ਸੀ।

ਹਾਲਾਂਕਿ ਉਨ੍ਹਾਂ ਨੇ ਅਜਿਹਾ ਟਵੀਟ ਅਤੇ ਸ਼ੱਕ ਜ਼ਾਹਿਰ ਕਰਨ ਤੋਂ ਇਨਕਾਰ ਕੀਤਾ ਹੈ।

ਇਹ ਮੁਹਿੰਮ ਜੰਗ ਭਾਜਪਾ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਪਹਿਲਾ ਹੀ ਤੇਜ਼ ਹੋ ਚੁੱਕੀ ਹੈ ਅਤੇ ਹਿੰਦੂਵਾਦ ਦਾ ਮੁੱਦਾ ਪਹਿਲਾਂ ਹੀ ਮੁੱਖ ਥਾਂ ਘੇਰਦਾ ਵਿਖਾਈ ਦੇ ਰਿਹਾ ਹੈ।

ਭਾਜਪਾ ਦੇ ਕਈ ਲੀਡਰ ਕਹਿੰਦੇ ਹਨ ਕਿ 'ਵੰਦੇ ਮਾਤਰਮ' ਅਤੇ 'ਜੈ ਹਿੰਦ' ਦੇ ਨਾਅਰੇ ਨਾ ਲਾਉਣ ਵਾਲੇ 'ਦੇਸਧ੍ਰੋਹੀ' ਹਨ।

ਇਹ ਵੀ ਪੜ੍ਹੋ:

ਖਾਸ ਤੌਰ 'ਤੇ ਮੁਸਲਮਾਨ ਲੀਡਰਾਂ ਵਿੱਚ ਵੀ ਇਹ ਬਹਿਸ ਦਾ ਮੁੱਦਾ ਹੈ। ਆਲ ਇੰਡੀਆ ਮਜੀਸ-ਏ-ਇੱਤੇਹਾਦੁੱਲ ਮੁਸਲੀਮੀਨ ਦੇ ਪ੍ਰਧਾਨ ਅਸਾਦੂਦੀਨ ਓਵੇਸੀ ਕਹਿੰਦੇ ਹਨ ''ਵੰਦੇ ਮਾਤਰਮ ਸਾਡੇ ਧਰਮ ਦੇ ਖ਼ਿਲਾਫ਼ ਹੈ।''

''ਵੰਦੇ ਮਾਤਰਮ'' ਸਾਡਾ ਰਾਸ਼ਟਰੀ ਗਾਣ ਹੈ ਪਰ ਅਜਿਹਾ ਕੋਈ ਕਾਨੂੰਨ ਨਹੀਂ ਹੈ ਜਿਸ ਵਿੱਚ ਇਸ ਨੂੰ ਗਾਉਣਾ ਜ਼ਰੂਰੀ ਹੀ ਹੈ, ਜਿਵੇਂ ਕੌਮੀ ਤਰਾਨੇ ਲਈ ਕਾਨੂੰਨ ਹੈ।

ਉਨ੍ਹਾਂ ਨੇ 2017 ਵਿੱਚ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ ਸੀ,''ਅਸੀਂ ਮੁਸਲਮਾਨ ਸਿਰਫ਼ ਅੱਲਾਹ ਦੀ ਪੂਜਾ ਕਰਦੇ ਹਾਂ ਨਾ ਕਿ ਮੱਕਾ ਅਤੇ ਪੈਗੰਬਰ ਮੁਹੰਮਦ ਦੀ। ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਦੇਸ ਨੂੰ ਪਿਆਰ ਨਹੀਂ ਕਰਦੇ।''

"ਇਤਿਹਾਸ ਗਵਾਹ ਰਿਹਾ ਹੈ ਕਿ ਅਸੀਂ ਦੇਸ ਲਈ ਆਪਣਾ ਸਭ ਕੁਝ ਵਾਰਿਆ ਹੈ ਅਤੇ ਅਜੇ ਵੀ ਇਸਦੇ ਲਈ ਤਿਆਰ ਹਾਂ। ਪਰ ਸੰਵਿਧਾਨ ਮੁਤਾਬਕ ਅਸੀਂ ਆਪਣੇ ਧਰਮ ਲਈ ਆਜ਼ਾਦ ਹਾਂ।''

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਭਾਜਪਾ ਨੇ ਵੰਦੇ ਮਾਤਰਮ ਅਤੇ ਭਾਰਤ ਮਾਤਾ ਕੀ ਜੈ ਦੇ ਮੁੱਦੇ 'ਤੇ ਵਿਰੋਧੀ ਲੀਡਰਾਂ ਨੂੰ ਘੇਰਿਆ ਹੈ।

ਭਾਜਪਾ ਦੇ ਕਿਸੇ ਵੀ ਸੀਨੀਅਰ ਲੀਡਰ ਨੇ ਸ਼ਾਹ ਦੀ ਇਸ ਟਿੱਪਣੀ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਪਰ ਭਾਜਪਾ ਦੇ ਟਵਿੱਟਰ ਹੈਂਡਲ 'ਤੇ ਇਹ ਸ਼ਾਹ ਦਾ ਝੂਠਾ ਦਾਅਵਾ ਕਰਨ ਵਾਲਾ ਟਵੀਟ ਲਗਾਤਾਰ ਚੱਲ ਰਿਹਾ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)