ਹਾਰਦਿਕ ਪਾਂਡਿਆ ਤੇ ਰਾਹੁਲ ਤੇ ਲੱਗੀ ਪਾਬੰਦੀ ਹਟੀ, ਟੀਮ ਵਿੱਚ ਸ਼ਾਮਿਲ - 5 ਅਹਿਮ ਖਬਰਾਂ

ਹਾਰਦਿਕ ਪੰਡਿਆ, ਰਾਹੁਲ Image copyright Twitter/@HARDIKPANDYA

ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਆਲ-ਰਾਊਂਡਰ ਹਾਰਦਿਕ ਪਾਂਡਿਆ ਅਤੇ ਓਪਨਰ ਕੇ ਐਲ ਰਾਹੁਲ ਉੱਤੇ ਲੱਗੀ ਪਾਬੰਦੀ ਵੀਰਵਾਰ ਨੂੰ ਹਟਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨਿਊਜ਼ੀਲੈਂਡ ਖਿਲਾਫ਼ ਹੋਣ ਵਾਲੀ ਸੀਰੀਜ਼ ਅਤੇ ਇੰਡੀਆ ਏ ਲਈ ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ।

ਬੀਸੀਸੀਆਈ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਹਾਰਦਿਕ ਪਾਂਡਿਆ ਅਤੇ ਰਾਹੁਲ ਤੋਂ ਪਾਬੰਦੀ ਹਟਾਉਣ ਦੇ ਫੈਸਲੇ ਤੋਂ ਬਾਅਦ ਸੀਨੀਅਰ ਚੋਣ ਕਮੇਟੀ ਨੇ ਪਾਂਡਿਆ ਨੂੰ ਨਿਊਜ਼ੀਲੈਂਡ ਖਿਲਾਫ਼ ਖੇਡੇ ਜਾਣ ਵਾਲੇ ਮੈਚ ਲਈ ਟੀਮ ਵਿੱਚ ਚੁਣ ਲਿਆ ਹੈ।"

"ਇਸ ਵਿਚਾਲੇ ਰਾਹੁਲ ਨੂੰ ਇੰਡੀਆ ਏ ਵਿੱਚ ਸ਼ਾਮਿਲ ਕੀਤਾ ਜਾਵੇਗਾ ਜੋ ਕਿ ਥਿਰੁਵੰਨਥਪੁਰਮ ਵਿੱਚ ਇੰਗਲੈਂਡ ਖਿਲਾਫ਼ ਖੇਡੇ ਜਾਣ ਵਾਲੇ 5 ਇੱਕ-ਰੋਜ਼ਾ ਮੈਚਾਂ 'ਚ ਖੇਡੇਗਾ।"

ਦਰਅਸਲ ਟੀਵੀ ਸ਼ੋਅ 'ਕੌਫ਼ੀ ਵਿਦ ਕਰਨ' ਵਿੱਚ ਦੋਹਾਂ ਵੱਲੋਂ ਔਰਤਾਂ ਖਿਲਾਫ਼ ਵਿਵਾਦਿਤ ਟਿੱਪਣੀ ਕਾਰਨ 11 ਜਨਵਰੀ ਨੂੰ ਦੋਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।

ਚੰਦਾ ਕੋਚਰ ਤੇ ਪਤੀ ਖਿਲਾਫ਼ ਮਾਮਲਾ ਦਰਜ

ਸੀਬੀਆਈ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਚੰਦਾ ਕੋਚਰ, ਉਨ੍ਹਾਂ ਦੇ ਪਤੀ ਦੀਪਕ ਕੋਚਰ ਅਤੇ ਵੀਡੀਓਕੋਨ ਗਰੁੱਪ ਦੇ ਮੁਖੀ ਵੈਣੂਗੋਪਾਲ ਧੂਤ ਵਿਰੁੱਧ ਅਪਰਾਧਿਕ ਸਾਜਿਸ਼ ਅਤੇ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ:

ਇਹ ਮਾਮਲਾ ਆਈਸੀਆਈਸੀਆਈ ਨਾਲ ਮਾਰਚ 2012 ਤੱਕ ਕਥਿਤ ਤੌਰ 'ਤੇ 1730 ਕਰੋੜ ਦੀ ਧੋਖਾਧੜੀ ਦੇ ਇਲਜ਼ਾਮ ਵਿੱਚ ਦਰਜ ਕੀਤਾ ਗਿਆ ਹੈ।

ਵੀਡੀਓਕੋਨ ਗਰੁੱਪ ਦੀਆਂ ਕੰਪਨੀਆਂ ਨੂੰ ਕਰਜ਼ ਦੇਣ ਦੇ ਮਾਮਲੇ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਸ਼ੁਰੂ ਕਰਨ ਤੋਂ 13 ਮਹੀਨਿਆਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

Image copyright Getty Images

ਕੋਚਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਬੈਂਕ ਤੋਂ ਅਸਤੀਫਾ ਦੇ ਦਿੱਤਾ ਸੀ। ਹਿੰਦੁਸਤਾਨ ਟਾਈਮਜ਼ ਮੁਤਾਬਕ ਧੂਤ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ, "ਮੈਂ ਇਸ ਸਮੇਂ ਇਸ ਬਾਰੇ ਗੱਲ ਨਹੀਂ ਕਰ ਸਕਦਾ।"

ਕੋਚਰ ਨੇ ਫੋਨ ਅਤੇ ਮੈਸੇਜਜ਼ ਦਾ ਜਵਾਬ ਨਹੀਂ ਦਿੱਤਾ। ਆਈਸੀਆਈਸੀਆਈ ਬੈਂਕ ਨੇ ਵੀ ਈ ਮੇਲਜ਼ ਦਾ ਕੋਈ ਜਵਾਬ ਨਹੀਂ ਦਿੱਤਾ।

ਇਸਰੋ ਨੇ ਲਾਂਚ ਕੀਤਾ 1.2 ਕਿੱਲੋ ਦਾ ਸੈਟੇਲਾਈਟ

ਭਾਰਤੀ ਪੁਲਾੜ ਏਜੰਸੀ ਇਸਰੋ ਨੇ ਦੁਨੀਆ ਦੇ ਸਭ ਤੋਂ ਹਲਕੇ ਸੈਟੇਲਾਈਟ ਕਲਾਮ-ਸੈਟ ਵੀਟੂ ਨੂੰ ਧਰਤੀ ਦੇ ਗਰਭ ਵਿੱਚ ਵੀਰਵਾਰ ਦੇਰ ਰਾਤ ਸਥਾਪਿਤ ਕਰ ਦਿੱਤਾ ਹੈ।

ਕਲਾਮ-ਸੈੱਟ ਵਿਦਿਆਰਥੀਆਂ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਮੇਜਿੰਗ ਸੈਟੇਲਾਈਟ ਮਾਈਕਰੋਸੈਟ-ਆਰ ਨੂੰ ਪੁਲਾੜ ਵਿੱਚ ਭੇਜ ਦਿੱਤਾ ਗਿਆ ਹੈ।

Image copyright www.isro.gov.in

ਸ੍ਰੀਹਰਿਕੋਟਾ ਦੇ ਸਤੀਸ਼ ਧਵਨ ਨੇ ਸਪੇਸ ਸੈਂਟਰ ਤੋਂ ਪੀਐਸਐਲਵੀ 44 ਲਾਂਚ ਵੀਹਕਲ ਰਾਹੀਂ ਇਹ ਦੋ ਸੈਟੇਲਾਈਟ ਲਾਂਚ ਕੀਤੇ ਹਨ।

ਇਸਰੋ ਦੇ ਚੇਅਰਮੈਨ ਡਾ. ਕੇ. ਸਿਵਾਨ ਨੇ ਲਾਂਚ ਤੋਂ ਬਾਅਦ ਦੇਰ ਰਾਤ ਇਸ ਮਿਸ਼ਨ ਦੇ ਕਾਮਯਾਬ ਹੋਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਲਾਮ-ਸੈੱਟ ਬਣਾਉਣ ਵਾਲੇ ਵਿਦਿਆਰਥੀਆਂ ਨੂੰ 'ਸਪੇਸ-ਕਿਡ' ਕਿਹਾ ਅਤੇ ਇਸ ਲਈ ਉਨ੍ਹਾਂ ਨੂੰ ਵਧਾਈ ਦਿੱਤੀ।

ਫਾਂਸੀ ਦੀ ਸਜ਼ਾ ਦੇ ਮਾਮਲੇ ਵਧੇ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਭਾਰਤ ਵਿੱਚ ਟਰਾਇਲ ਕੋਰਟ ਵੱਲੋਂ ਸਾਲ 2018 ਵਿੱਚ ਫਾਂਸੀ ਦੀ ਸਜ਼ਾ ਦੇਣ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।

ਦਿੱਲੀ ਦੀ ਨੈਸ਼ਨਲ ਲਾਅ ਯੂਨੀਵਰਸਿਟੀ ਵੱਲੋਂ ਤਿਆਰ ਰਿਪੋਰਟ 'ਡੈੱਥ ਪੈਨਲਟੀ ਇੰਨ ਇੰਡੀਆ: ਐਨੁਅਲ ਸਟੈਟਿਸਟਿਕਸ ਰਿਪੋਰਟ 2018' ਵਿੱਚ ਇਹ ਖੁਲਾਸਾ ਹੋਇਆ ਹੈ।

ਪਿਛਲੇ ਸਾਲ ਸਭ ਤੋਂ ਵੱਧ 162 ਲੋਕਾਂ ਨੂੰ ਅਦਾਲਤਾਂ ਨੇ ਫਾਂਸੀ ਦੀ ਸਜ਼ਾ ਦਾ ਐਲਾਨ ਕੀਤਾ, ਜਦੋਂਕਿ ਸਾਲ 2017 ਵਿੱਚ ਇਹ ਅੰਕੜਾ 108 ਸੀ। ਇਸ ਦਾ ਕਾਰਨ ਰੇਪ ਸਬੰਧੀ ਕਾਨੰਨ ਵਿੱਚ ਸਖਤੀ ਹੋ ਸਕਦਾ ਹੈ।

ਪਿਛਲੇ ਸਾਲ ਅਗਸਤ ਵਿੱਚ ਸੰਸਦ ਨੇ ਸੋਧ ਕਰਕੇ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਦੇ ਨਾਲ ਰੇਪ ਕਰਨ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦੀ ਤਜਵੀਜ਼ ਰੱਖੀ ਹੈ।

ਆਸੀਆ ਬੀਬੀ ਦੀ ਪਟੀਸ਼ਨ ਉੱਤੇ ਸੁਣਵਾਈ 29 ਜਨਵਰੀ ਨੂੰ

ਪਾਕਿਸਤਾਨ ਦੇ ਅਖਬਾਰ ਡੌਨ ਮੁਤਾਬਕ ਆਸੀਆ ਬੀਬੀ ਦੀ ਰਿਹਾਈ ਦੇ ਮਾਮਲੇ ਵਿੱਚ ਪਟੀਸ਼ਨ ਉੱਤੇ ਸੁਪਰੀਮ ਕੋਰਟ ਵਿੱਚ 29 ਜਨਵਰੀ ਨੂੰ ਸੁਣਵਾਈ ਹੋਵੇਗੀ।

Image copyright Getty Images

30 ਅਕਤੂਬਰ, 2018 ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਸਾਈ ਮਹਿਲਾ ਆਸੀਆ ਬੀਬੀ ਨੂੰ ਈਸ਼ ਨਿੰਦਾ ਦੇ ਇੱਕ ਮਾਮਲੇ ਵਿੱਚ ਰਿਹਾਅ ਕਰ ਦਿੱਤਾ ਸੀ।

ਇਸ ਫੈਸਲੇ ਤੋਂ ਬਾਅਦ ਦੇਸ ਭਰ ਵਿੱਚ ਤਹਿਰੀਕ-ਏ-ਲਬਾਇਕ-ਪਾਕਿਸਤਾਨ ਵੱਲੋਂ ਤਿੰਨ ਦਿਨ ਤੱਕ ਮੁਜ਼ਾਹਰੇ ਕੀਤੇ ਗਏ।

7 ਨਵੰਬਰ, 2018 ਨੂੰ ਮੁਲਤਾਨ ਦੀ ਮਹਿਲਾ ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਆਸੀਆ ਬੀਬੀਸੀ ਨੂੰ ਇਸਲਾਮਾਬਾਦ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਸਖਤ ਸੁਰੱਖਿਆ ਹੇਠ ਕਿਸੇ ਅਣਪਛਾਤੀ ਥਾਂ ਤੇ ਲੈ ਗਏ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)