ਜੱਸੀ ਸਿੱਧੂ ਕਤਲ ਕੇਸ : ਪੁਲਿਸ ਇੰਸਪੈਕਟਰ ਨੇ ਇੰਝ ਸੁਲਝਾਇਆ ਸੀ ਮਾਮਲਾ

ਜੱਸੀ ਸਿੱਧੂ ਕਤਲ ਕੇਸ Image copyright Sukhcharan Preet/BBC

ਜੱਸੀ ਸਿੱਧੂ ਕਤਲ ਕੇਸ ਵਿੱਚ ਜੱਸੀ ਦੀ ਮਾਤਾ ਮਲਕੀਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬੰਦੇਸ਼ਾ ਨੂੰ ਚਾਰ ਦਿਨ ਦੀ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਗਿਆ ਹੈ।

ਕੈਨੇਡਾ ਨੇ ਦੋਵਾਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਸੀ। ਦੋਵਾਂ ਨੂੰ ਸ਼ੁੱਕਰਵਾਰ ਨੂੰ ਸੰਗਰੂਰ ਪੁਲਿਸ ਵੱਲੋਂ ਮਲੇਰਕੋਟਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਮ੍ਰਿਤਕਾ ਜੱਸੀ ਸਿੱਧੂ ਦੀ ਮਾਂ ਅਤੇ ਮਾਮਾ ਉੱਤੇ ਜੱਸੀ ਦਾ ਅਣਖ਼ ਖਾਤਰ ਕਤਲ ਕਰਵਾਉਣ ਦਾ ਭਾਰਤ ਵਿੱਚ ਕੇਸ ਦਰਜ ਹੈ।

ਇਸ ਮਾਮਲੇ ਵਿੱਚ ਜੋਗਿੰਦਰ ਸਿੰਘ, ਅਨਿਲ ਕੁਮਾਰ ਅਤੇ ਅਸ਼ਵਿਨੀ ਕੁਮਾਰ ਨੂੰ ਪਹਿਲਾਂ ਹੀ ਸਜ਼ਾ ਹੋ ਚੁੱਕੀ ਹੈ।

ਮਿੱਠੂ ਨੇ ਕੀ ਕਿਹਾ

ਜੱਸੀ ਦੇ ਪਤੀ ਮਿੱਠੂ ਸਿੱਧੂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਸਜ਼ਾ ਇੰਨੀ ਵੱਡੀ ਮਿਲੇ ਕਿ ਉਨ੍ਹਾਂ ਨੂੰ ਅਹਿਸਾਸ ਹੋਵੇ ਕਿ ਕਿੰਨਾ ਵੱਡਾ ਜੁਰਮ ਕੀਤਾ ਹੈ ਤਾਂ ਕਿ ਕੋਈ ਹੋਰ ਇਹ ਗਲਤੀ ਮੁੜ ਨਾ ਕਰ ਸਕੇ।"

ਜੱਸੀ ਸਿੱਧੂ ਨੂੰ ਅੱਜ ਤੋਂ 19 ਸਾਲ ਪਹਿਲਾਂ ਅਣਖ ਖਾਤਰ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੇ ਦੋਸ਼ ਵਿੱਚ ਤਿੰਨ ਦੋਸ਼ੀ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ ਅਤੇ ਮੁੱਖ ਸਾਜ਼ਿਸ਼ ਕਰਤਾ ਗ੍ਰਿਫਤਾਰ ਹੋ ਚੁੱਕੇ ਹਨ।

ਮਿੱਠੂ ਸਿੱਧੂ ਨੇ ਅੱਗੇ ਕਿਹਾ, "ਪਿਆਰ ਵਿੱਚ ਅਮੀਰੀ-ਗਰੀਬੀ ਮਾਅਨੇ ਨਹੀਂ ਰੱਖਦੀ। ਪਿਆਰ ਰੱਬ ਦੀ ਦੇਣ ਹੈ। ਪਰਮਾਤਮਾ ਹੀ ਮਿਲਾਉਂਦਾ ਹੈ।"

Image copyright Sukhcharan Preet/BBC

ਇਹ ਵੀ ਪੜ੍ਹੋ:-

’ਫੋਨ ਕਾਲਸ ਦੇ ਆਧਾਰ ’ਤੇ ਪਹਿਲਾ ਕੇਸ ਦਰਜ ਹੋਇਆ’

ਕੋਰਟ ਦੇ ਬਾਹਰ ਅਮਰਗੜ੍ਹ ਦੇ ਡੀਐਸਪੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ, "ਅਦਾਲਤ ਨੇ ਦੋਵਾਂ ਨੂੰ ਚਾਰ ਦਿਨ ਦੀ ਪੁਲਿਸ ਰਿਮਾਂਡ ਦਿੱਤੀ ਹੈ। ਅਸੀਂ ਹੁਣ ਕੇਸ ਵਿੱਚ ਅੱਗੇ ਤਫਤੀਸ਼ ਕਰਾਂਗੇ ਅਤੇ ਸਬੂਤ ਅਦਾਲਤ 'ਚ ਰਖਾਂਗੇ।"

ਪੁਲਿਸ ਮੁਤਾਬਕ ਕਤਲ 8 ਜੂਨ, 2000 ਨੂੰ ਰਾਤ ਨੌ ਵਜੇ ਹੋਇਆ ਅਤੇ ਕੇਸ 9 ਜੂਨ ਨੂੰ ਦਰਜ ਕੀਤਾ ਗਿਆ। ਕਤਲ ਕੇਸ 13 ਮੁਲਜ਼ਮਾਂ ਖਿਲਾਫ ਦਰਜ ਕੀਤਾ ਗਿਆ ਸੀ।

ਬਠਿੰਡਾ ਵਿਖੇ ਐਸ ਪੀ ਡੀ ਦੇ ਅਹੁਦੇ ’ਤੇ ਤਾਇਨਾਤ ਪੰਜਾਬ ਪੁਲਿਸ ਦੇ ਅਧਿਕਾਰੀ ਸਵਰਨ ਸਿੰਘ ਖੰਨਾ ਉਸ ਸਮੇਂ ਸੰਗਰੂਰ ਜ਼ਿਲ੍ਹੇ ਦੇ ਥਾਣਾ ਧੂਰੀ ਵਿੱਚ ਤਾਇਨਾਤ ਸਨ।

ਜੱਸੀ ਕਤਲ ਕੇਸ ਦੀ ਘਟਨਾ ਭਾਵੇਂ ਅਮਰਗੜ ਥਾਣੇ ਅਧੀਨ ਵਪਾਰੀ ਸੀ ਪਰ ਇਸ ਕੇਸ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਸਵਰਨ ਸਿੰਘ ਖੰਨਾ ਨੂੰ ਦਿੱਤੀ ਗਈ ਸੀ।

ਗੱਲਬਾਤ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ, "ਸਾਲ 2000 ਵਿੱਚ ਅਜੇ ਕਾਲ ਡਿਟੇਲ ਨਾਲ ਟਰੇਸ ਕਰਨ ਦੀ ਸ਼ੁਰੂਆਤ ਹੀ ਹੋਈ ਸੀ। ਸਗੋਂ ਜੱਸੀ ਸਿੱਧੂ ਦਾ ਕੇਸ ਸਭ ਤੋਂ ਪਹਿਲਾ ਕੇਸ ਹੀ ਸੀ ਜਿਸ ਨੂੰ ਕਾਲ ਡਿਟੇਲਸ ਦੀ ਮਦਦ ਨਾਲ ਹੱਲ ਕੀਤਾ ਗਿਆ ਸੀ।''

Image copyright Sukhcharan preet/bbc

ਉਨ੍ਹਾਂ ਕਿਹਾ, ''ਸਾਲ 2000 ਵਿੱਚ ਮੈਂ ਐੱਸਐੱਚਓ ਸਦਰ ਧੂਰੀ ਲਗਿਆ ਹੋਇਆ ਸੀ। 9-10 ਦਿਨ ਤੱਕ ਕੇਸ ਟਰੇਸ ਨਹੀਂ ਹੋਇਆ। ਫਿਰ ਮੈਨੂੰ ਜਾਂਚ ਸੌਂਪੀ ਗਈ।''

ਉਨ੍ਹਾਂ ਦੱਸਿਆ, "ਇਸ ਕੇਸ ਦਾ ਪਹਿਲਾ ਸੁਰਾਗ ਜਸਵਿੰਦਰ ਮਿੱਠੂ ਦੇ ਫ਼ੋਨ ਰਾਹੀਂ ਮਿਲਿਆ ਸੀ।ਜੱਸੀ ਦਾ ਮਾਮਾ ਸੁਰਿੰਦਰ ਸਿੰਘ ਬਦੇਸ਼ਾ ਅਤੇ ਉਸਦੀ ਮਾਂ ਮਲਕੀਤ ਕੌਰ ਬਦੇਸ਼ਾਂ ਦੇ ਫ਼ੋਨ ਤੋਂ ਮਿੱਠੂ ਨੂੰ ਧਮਕੀਆਂ ਦਿੰਦੇ ਰਹੇ ਸਨ।’’

‘‘ਦੂਸਰਾ ਜੱਸੀ ਦੇ ਮਾਪਿਆਂ ਵੱਲੋਂ ਮਿੱਠੂ ਖ਼ਿਲਾਫ਼ ਲੁਧਿਆਣਾ ਅਦਾਲਤ ਵਿੱਚ ਇੱਕ ਕੇਸ ਫਾਈਲ ਕੀਤਾ ਗਿਆ ਸੀ। ਕੇਸ ਵਿੱਚ ਇਲਜ਼ਾਮ ਲਾਏ ਗਏ ਸਨ ਕਿ ਉਸ ਵੱਲੋਂ ਜੱਸੀ ਨਾਲ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਜ਼ਬਰਦਸਤੀ ਵਿਆਹ ਕਰਵਾ ਕੇ ਰੇਪ ਕੀਤਾ ਗਿਆ ਸੀ।’’

‘‘ਇਸ ਕੇਸ ਵਿੱਚ ਜੱਸੀ ਵੱਲੋਂ ਮਿੱਠੂ ਦੇ ਹੱਕ ਵਿੱਚ ਹਲਫ਼ਨਾਮਾ ਦਿੱਤਾ ਗਿਆ ਸੀ।ਇਸ ਵਿੱਚ ਜੱਸੀ ਨੇ ਆਪਣੇ ਮਾਮੇ ਅਤੇ ਮਾਂ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ।ਇਸ ਦੋ ਸੁਰਾਗ ਇਸ ਦਿਸ਼ਾ ਵਿੱਚ ਕੰਮ ਕਰਨ ਲਈ ਕਾਫ਼ੀ ਸਨ।’’

''ਉਸ ਦਾ ਨੰਬਰ ਟਰੇਸ ਹੋਣ ਤੋਂ ਬਾਅਦ ਸਾਨੂੰ ਕੁਝ ਹੋਰ ਅਣਪਛਾਤੇ ਨੰਬਰ ਮਿਲੇ ਤਾਂ ਇੱਕ ਚੇਨ ਬਣ ਗਈ। ਸਨ। ਇਨ੍ਹਾਂ ਵਿੱਚੋਂ ਇੱਕ ਨੰਬਰ ਜੋਗਿੰਦਰ ਸਿੰਘ ਦਾ ਸੀ ਜੋ ਕਿ ਲੁਧਿਆਣਾ ਪੁਲਿਸ ਵਿੱਚ ਸਬ ਇੰਸਪੈਕਟਰ ਸੀ ਅਤੇ ਇੱਕ ਅਨਿਲ ਕੁਮਾਰ ਨਾਮ ਦਾ ਵਿਅਕਤੀ ਸੀ।ਅਨਿਲ ਕੁਮਾਰ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਇਸ ਸਾਜ਼ਿਸ਼ ਦਾ ਖ਼ੁਲਾਸਾ ਹੋਇਆ।''

''ਸਾਰੇ ਦੋਸ਼ੀ ਇੱਕ-ਇੱਕ ਕਰ ਕੇ ਫੜ ਲਏ ਗਏ।''

ਇਹ ਵੀ ਪੜ੍ਹੋ:-

ਕਿਵੇਂ ਬਣੀ ਕਤਲ ਦੀ ਯੋਜਨਾ?

ਕਤਲ ਦੀ ਯੋਜਨਾ ਅਤੇ ਸੁਪਾਰੀ ਦਿੱਤੇ ਜਾਣ ਬਾਰੇ ਸਵਰਨ ਸਿੰਘ ਖੰਨਾ ਦੱਸਦੇ ਹਨ, "ਪੁਲਿਸ ਰਿਕਾਰਡ ਅਨੁਸਾਰ ਸੁਰਿੰਦਰ ਸਿੰਘ ਬਦੇਸ਼ਾ ਵੱਲੋਂ ਆਪਣੇ ਇੱਕ ਰਿਸ਼ਤੇਦਾਰ ਰਾਹੀਂ ਜੋਗਿੰਦਰ ਸਿੰਘ ਸਬ-ਇੰਸਪੈਕਟਰ ਨਾਲ 25 ਲੱਖ ਰੁਪਏ ਵਿੱਚ ਕਤਲ ਦੀ ਰਕਮ ਤੈਅ ਕੀਤੀ ਗਈ।''

‘‘ਜੋਗਿੰਦਰ ਸਿੰਘ ਨੇ ਅਨਿਲ ਕੁਮਾਰ ਅਤੇ ਉਸ ਦੇ ਸਾਥੀਆਂ ਨੂੰ ਅੱਗੇ ਸੁਪਾਰੀ ਦੇ ਦਿੱਤੀ ਸੀ।ਅਨਿਲ ਕੁਮਾਰ ਅਤੇ ਸਾਥੀਆਂ ਨੇ ਕਈ ਦਿਨਾਂ ਦੀ ਰੇਕੀ ਤੋਂ ਬਾਅਦ 8 ਜੂਨ ਸੰਨ 2000 ਨੂੰ ਮਿੱਠੂ ਦੇ ਨਾਨਕੇ ਪਿੰਡ ਨਰੀਕੇ ਕੋਲ ਦੋਹਾਂ ਨੂੰ ਘੇਰ ਲਿਆ।’’

‘‘ਦੋਸ਼ੀਆਂ ਨੇ ਜੱਸੀ ਦਾ ਗਲ਼ਾ ਵੱਢ ਦਿੱਤਾ ਅਤੇ ਉਸ ਦੀ ਲਾਸ਼ ਗੱਡੀ ਵਿੱਚ ਰੱਖ ਲਈ।ਮਿੱਠੂ ਉੱਤੇ ਵੀ ਕਿਰਪਾਨਾਂ ਦੇ ਵਾਰ ਕੀਤੇ ਗਏ ਅਤੇ ਉਸ ਨੂੰ ਮਰਿਆ ਹੋਇਆ ਸਮਝ ਕੇ ਉੱਥੇ ਹੀ ਸਿੱਟ ਗਏ ਜੋ ਕਿ ਕਿਸਮਤ ਨਾਲ ਬਚ ਗਿਆ।ਜੱਸੀ ਦੀ ਲਾਸ਼ ਬਾਅਦ ਵਿੱਚ ਸੰਗੂਆਲਾ ਫਾਰਮ ਕੋਲੋਂ ਬਰਾਮਦ ਕੀਤੀ ਗਈ ਸੀ।’’

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)