'ਆਪ' ਆਗੂ ਭਗਵੰਤ ਮਾਨ : ਪੰਜਾਬ ਇਕਾਈ ਨੂੰ ਦਿੱਲੀ ਤੋਂ ਹੁਣ ਕੋਈ ਨਹੀਂ ਚਲਾ ਰਿਹਾ ਹੈ

ਭਗਵੰਤ ਮਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ

“ਪਾਰਟੀ ਲੋਕ ਸਭਾ ਚੋਣਾਂ ਦੌਰਾਨ ਬੇਰੁਜ਼ਗਾਰੀ, ਮਹਿੰਗਾਈ, ਕਿਸਾਨ ਖੁਦਕੁਸ਼ੀਆਂ ਦੇ ਨਾਲ- ਨਾਲ ਦਿੱਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਗਏ ਕੰਮਾਂ ਨੂੰ ਲੋਕਾਂ ਵਿੱਚ ਲੈ ਕੇ ਜਾਵੇਗੀ।”

ਇਹ ਵਿਚਾਰ ਆਮ ਆਦਮੀ ਪਾਰਟੀ ਆਗੂ ਭਗਵੰਤ ਮਾਨ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਦੌਰਾਨ ਕਹੇ।

ਇਸ ਦੌਰਾਨ ਮਾਨ ਨੇ ਪਾਰਟੀ ਦੀ ਬਰਨਾਲਾ ਰੈਲੀ ਬਾਰੇ ਅਤੇ ਉਨ੍ਹਾਂ ਦੀ ਪਾਰਟੀ ਦੀ ਆਗਾਮੀ ਲੋਕ ਸਭਾ ਚੋਣਾਂ ਬਾਰੇ ਸੰਭਾਵੀ ਰਣਨੀਤੀ ਸਣੇ ਹੋਰ ਕਈ ਮਸਲਿਆਂ ’ਤੇ ਗੱਲ ਬਾਤ ਕੀਤੀ। ਭਗਵੰਤ ਮਾਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਹਨ, ਪੇਸ਼ ਹੈ ਪੂਰੀ ਗੱਲਬਾਤ।

ਇਹ ਵੀ ਪੜ੍ਹੋ:

ਬੀਬੀਸੀ ਨਾਲ ਗੱਲਬਾਤ ਵਿੱਚ ਭਗਵੰਤ ਮਾਨ ਨੇ ਅੱਗੇ ਕਿਹਾ, “ਪੰਜਾਬ ਦੀ ਕੈਪਟਨ ਸਰਕਾਰ ਦੀ ਸੂਬੇ ਦੇ ਲੋਕਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਨੂੰ ਵੀ ਲੋਕਾਂ ਵਿੱਚ ਲੈ ਕੇ ਜਾਵਾਂਗੇ।’’

‘‘ਸੂਬੇ ਦੇ ਨੌਜਵਾਨਾਂ ਨੂੰ ਨਾ ਤਾਂ ਮੋਬਾਈਲ ਫ਼ੋਨ ਮਿਲੇ ਹਨ ਅਤੇ ਨਾ ਹੀ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਹੋਇਆ ਹੈ। ਰੁਜ਼ਗਾਰ ਪੱਖੋਂ ਵੀ ਨੌਜਵਾਨਾਂ ਦੇ ਹੱਥ ਕੁਝ ਨਹੀਂ ਪਿਆ, ਇਹ ਤਮਾਮ ਮੁੱਦੇ ਲੈ ਕੇ ਅਸੀਂ ਲੋਕਾਂ ਵਿੱਚ ਜਾਵਾਂਗੇ।”

ਮਜੀਠੀਆ ਤੋਂ ਕੇਜਰੀਵਾਲ ਦੀ ਮੁਆਫ਼ੀ ਅਜੇ ਵੀ ਬੁਝਾਰਤ

ਨਸ਼ੇ ਦੇ ਮੁੱਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਗਈ ਮੁਆਫ਼ੀ ਬਾਰੇ ਪੁੱਛੇ ਗਏ ਸਵਾਲ ਉੱਤੇ ਭਗਵੰਤ ਮਾਨ ਨੇ ਅਜੇ ਵੀ ਸਥਿਤੀ ਸਪਸ਼ਟ ਨਹੀਂ ਕੀਤੀ ਹੈ।

ਉਨ੍ਹਾਂ ਕਿਹਾ, “ਇਸ ਮੁੱਦੇ ’ਤੇ ਮਾਫੀ ਮੰਗਣਾ ਗ਼ਲਤ ਸੀ ਜਿਸ ਕਰ ਕੇ ਉਨ੍ਹਾਂ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਇਸ ਸਬੰਧੀ ਬਹੁਤ ਸਾਰੇ ਸਵਾਲ ਉੱਠੇ ਹਨ ਅਤੇ ਉੱਠ ਵੀ ਰਹੇ ਹਨ ਪਰ ਇੱਕ ਹਫ਼ਤੇ ਦੇ ਬਾਅਦ ਇਹਨਾਂ ਸਾਰੇ ਸਵਾਲਾਂ ਬਾਰੇ ਸਥਿਤੀ ਸਪਸ਼ਟ ਹੋ ਜਾਵੇਗੀ।”

ਭਗਵੰਤ ਮਾਨ ਦਾ ਪੂਰਾ ਇੰਟਰਵਿਊ ਦੇਖਣ ਲਈ ਹੇਠ ਦਿੱਤਾ ਵੀਡੀਓ ਕਲਿੱਕ ਕਰੋ

ਦਿੱਲੀ ਮਾਡਲ ਦਾ ਹੋਵੇਗਾ ਪ੍ਰਚਾਰ

ਭਗਵੰਤ ਮਾਨ ਦੇ ਦਿੱਲੀ ਸਰਾਕੀਰ ਦੀ ਸਿਫ਼ਤ ਕਰਦਿਆਂ ਕਿਹਾ, ‘‘ਜੇ ਮੋਦੀ ਗੁਜਰਾਤ ਮਾਡਲ ਦਾ ਪ੍ਰਚਾਰ ਕਰ ਸਕਦਾ ਹੈ, ਜੋ ਹੈ ਵੀ ਨਹੀਂ ਤਾਂ ਅਸੀਂ ਦਿੱਲੀ ਮਾਡਲ ਦਾ ਪ੍ਰਚਾਰ ਕਿਉਂ ਨਾ ਕਰੀਏ।’’

‘‘ਦਿੱਲੀ ਦੇ ਸਰਕਾਰੀ ਸਕੂਲਾਂ ਦਾ ਰਿਜ਼ਲਟ 89 ਫੀਸਦ ਰਹਿੰਦਾ ਹੈ ਤੇ ਨਿੱਜੀ ਸਕੂਲਾਂ ਦਾ 80 ਫੀਸਦ ਤਾਂ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦਾ। ਇੱਥੇ ਤਾਂ ਸਕੂਲ ਬੰਦ ਹੋ ਰਹੇ ਹਨ। ਸਰਦੀਆਂ ਖ਼ਤਮ ਹੋਣ ’ਤੇ ਹਨ ਤੇ ਹੁਣ ਬੱਚਿਆਂ ਲਈ ਸਰਦੀਆਂ ਦੀਆਂ ਵਰਦੀਆਂ ਲਈ ਟੈਂਡਰ ਪਾਏ ਜਾ ਰਹੇ ਹਨ।’’

‘‘ਦਿੱਲੀ ਵਿੱਚ ਸਿਹਤ ਸਹੂਲਤਾਂ ਮੁਫ਼ਤ ਹਨ ਪਰ ਪੰਜਾਬ ਵਿੱਚ ਤੁਹਾਨੂੰ ਐਕਸਰੇਅ ਮਸ਼ੀਨਾਂ ਵਿੱਚ ਆਲ੍ਹਣੇ ਨਜ਼ਰ ਆ ਜਾਣਗੇ।’’

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
'ਪੰਜਾਬ ਦੇ ਸਰਕਾਰੀ ਸਕੂਲ ਦਿੱਲੀ ਵਰਗੇ ਕਿਉਂ ਨਹੀਂ ਹੋ ਸਕਦੇ'- Video

ਇਹ ਵੀ ਪੜ੍ਹੋ:

ਬਰਨਾਲਾ ਰੈਲੀ ਦੌਰਾਨ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕੀਤਾ ਸੀ ਜਿਸ ਨੂੰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਸ ਦੀ ਬਹੁਤ ‘ਵੱਡੀ ਕੁਰਬਾਨੀ’ ਦੱਸਿਆ ਸੀ।

ਇਸ ‘ਕੁਰਬਾਨੀ’ ਦੀ ਸੋਸ਼ਲ ਮੀਡੀਆ ਉੱਤੇ ਅੱਜ ਕੱਲ੍ਹ ਕਾਫ਼ੀ ਚਰਚਾ ਵੀ ਹੋ ਰਹੀ ਹੈ। ਭਗਵੰਤ ਇਸ ਨੂੰ ਕੋਈ ਕੁਰਬਾਨੀ ਨਹੀਂ ਮੰਨਦੇ, ਉਨ੍ਹਾਂ ਕਿਹਾ, "ਸ਼ਰਾਬ ਛੱਡਣੀ ਮੇਰੀ ਲਈ ਕੋਈ ਕੁਰਬਾਨੀ ਨਹੀਂ ਹੈ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
Video- 'ਸ਼ਰਾਬ ਪੀਣਾ ਗਲਤੀ ਸੀ ਤੇ ਛੱਡਣਾ ਫਰਜ਼'

ਭਗਵੰਤ ਮਾਨ ਨੇ ਕਿਹਾ, “ਸ਼ਰਾਬ ਛੱਡਣਾ ਕੋਈ ਨਹੀਂ ਹੈ ਬਲਕਿ ਇੱਕ ਗ਼ਲਤੀ ਸੀ ਜਿਸ ਨੂੰ ਹੁਣ ਸੁਧਾਰ ਲਿਆ ਗਿਆ ਹੈ ਅਤੇ ਇਹ ਮੇਰਾ ਫ਼ਰਜ਼ ਵੀ ਸੀ।”

ਭਗਵੰਤ ਮਾਨ ਨੇ ਕਿਹਾ, “ਕਮੀਆਂ ਹਰ ਕਿਸੇ ਵਿੱਚ ਹੁੰਦੀਆਂ ਹਨ ਕੋਈ ਵੀ ਸੰਪੂਰਨ ਨਹੀਂ ਹੁੰਦਾ। ਸ਼ਰਾਬ ਦੇ ਮੁੱਦੇ ਬਾਰੇ ਹੋਰ ਪਾਰਟੀਆਂ ਮੇਰੇ ਅਤੇ ਪਾਰਟੀ ਉੱਤੇ ਸਵਾਲ ਚੁੱਕਦੀਆਂ ਰਹੀਆਂ ਹਨ ਇਸ ਕਰਕੇ ਕਾਫ਼ੀ ਨਾਮੋਸ਼ੀ ਹੁੰਦੀ ਸੀ ਇਸ ਲਈ ਇਹ ਮੇਰਾ ਫ਼ਰਜ਼ ਬਣਦਾ ਸੀ।”

ਬਰਨਾਲਾ ਰੈਲੀ ਵਿੱਚ ਆਪਣੀ ਸ਼ਰਾਬ ਦਾ ਮੁੱਦਾ ਭਾਰੂ ਰਹਿਣ ਬਾਰੇ ਉਹਾਂ ਕਿਹਾ ਕਿ ਰੈਲੀ ਵਿੱਚ ਪੰਜਾਬ ਦੇ ਮੁੱਦਿਆਂ ਦੀ ਵੀ ਗੱਲ ਹੋਈ ਪਰ ਮੀਡੀਆ ਨੇ ਸ਼ਰਾਬ ਦਾ ਮੁੱਦਾ ਜ਼ਿਆਦਾ ਉਛਾਲ ਦਿੱਤਾ।

Image copyright AAP
ਫੋਟੋ ਕੈਪਸ਼ਨ ਭਗਵੰਤ ਮਾਨ ਨੇ ਮੰਨਿਆ ਕਿ ਉਹ ਆਪਣੇ ਕਲਾਕਾਰੀ ਦੇ ਪੇਸ਼ੇ ਕਾਰਨ ਕਦੇ ਕਦਾਈਂ ਦਾਰੂ ਪੀਂਦੇ ਸੀ

ਆਮ ਆਦਮੀ ਪਾਰਟੀ ਤੋਂ ਲੋਕਾਂ ਦੀਆਂ ਉਮੀਦਾਂ

ਪਾਰਟੀ ਵਿਚਾਲੇ ਆਪਸੀ ਖਿੱਚੋਤਾਣ ਦੇ ਬਾਰੇ ਭਗਵੰਤ ਮਾਨ ਨੇ ਕਿਹਾ, “ਕਈ ਵਾਰ ਗੰਦ ਜ਼ਿਆਦਾ ਹੋਣ ਕਰ ਕੇ ਦੋ ਵਾਰ ਝਾੜੂ ਮਾਰਨਾ ਪੈਂਦਾ ਹੈ ਇਸ ਲਈ ਫਿਰ ਤੋਂ ਮਿਹਨਤ ਕਰ ਰਹੇ ਹਾਂ ਅਤੇ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰ ਰਹੇ ਹਾਂ।”

“ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਅਜੇ ਵੀ ਉਮੀਦਾਂ ਹਨ। ਖ਼ਾਸ ਤੌਰ ’ਤੇ ਪ੍ਰਵਾਸੀ ਭਾਰਤੀ ਇੱਕ ਉਮੀਦ ਭਰੀ ਨਜ਼ਰ ਨਾਲ ਆਮ ਆਦਮੀ ਪਾਰਟੀ ਵੱਲ ਦੇਖ ਰਹੇ ਸਨ।’’

"ਅਤੀਤ ਵਿਚ ਕੁਝ ਗ਼ਲਤੀਆਂ ਜ਼ਰੂਰ ਹੋਈਆਂ ਹਨ ਕਿਉਂਕਿ ਪਾਰਟੀ ਨਵੀਂ ਸੀ। ਹੁਣ ਸਭ ਕੁਝ ਠੀਕ ਹੈ ਅਤੇ ਨਵੇਂ ਜੋਸ਼ ਨਾਲ ਪਾਰਟੀ ਚੋਣ ਮੈਦਾਨ ਵਿਚ ਨਿੱਤਰ ਰਹੀ ਹੈ। ਇਹ ਵੀ ਤਾਂ ਦੇਖੋ ਪਾਰਟੀ ਨੇ ਪਹਿਲੀ ਵਾਰ ਵਿਧਾਨ ਪਾਰਟੀ ਚੋਣ ਲੜੀ ਅਤੇ ਵਿਰੋਧੀ ਧਿਰ ਦਾ ਰੁਤਬਾ ਹਾਸਲ ਕੀਤਾ।”

Image copyright Ravinder Singh Robin/BBC
ਫੋਟੋ ਕੈਪਸ਼ਨ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖੋਂ, ਡਾ. ਰਤਨ ਸਿੰਘ ਅਜਨਾਲਾ

ਹਮਖ਼ਿਆਲੀ ਪਾਰਟੀਆਂ ਨਾਲ ਸਾਂਝ ਦੀ ਹਿਮਾਇਤ

ਹਮ ਖ਼ਿਆਲੀਆਂ ਨਾਲ ਸਾਂਝ ਬਾਰੇ ਅਤੇ ਸੁਖਪਾਲ ਖਹਿਰਾ ਬਾਰੇ ਭਗਵੰਤ ਮਾਨ ਨੇ ਕਿਹਾ, “ਆਗਾਮੀ ਲੋਕ ਸਭਾ ਚੋਣਾਂ ਲਈ ਪਾਰਟੀ ਪੰਜਾਬ ਹਿਤੈਸ਼ੀ ਧਿਰਾਂ ਨਾਲ ਗੱਠਜੋੜ ਕਰਨ ਦੀ ਹਿਮਾਇਤੀ ਹੈ। ਟਕਸਾਲੀ ਅਕਾਲੀ ਆਗੂ ਅਤੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਲਈ ਦਰਵਾਜ਼ੇ ਖੁੱਲ੍ਹੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਜਾਰੀ ਹੈ।“

”ਅਨੁਸ਼ਾਸਨਹੀਣਤਾ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੋਈ ਪਰਿਵਾਰ ਵੀ ਤਾਂ ਹੀ ਤਰੱਕੀ ਕਰਦਾ ਹੈ ਜੇਕਰ ਉਸ ਵਿੱਚ ਅਨੁਸ਼ਾਸਨ ਹੋਵੇਗਾ। ਝਾੜੂ ਵਿੱਚੋਂ ਜੋ ਦੋ ਚਾਰ ਤੀਲ੍ਹੇ ਜੇਕਰ ਨਿਕਲਦੇ ਹਨ ਤਾਂ ਕੁਝ ਵੀ ਫ਼ਰਕ ਨਹੀਂ ਪੈਂਦਾ।”

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
Video: 'ਪੰਜਾਬ ਹਿਤੈਸ਼ੀ ਹਮਖ਼ਿਆਲੀਆਂ ਨਾਲ ਗੱਠਜੋੜ'

ਦਿੱਲੀ ਦੀ ਦਖ਼ਲਅੰਦਾਜ਼ੀ

ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਤੋਂ ਪਾਰਟੀ ਦੀ ਪੰਜਾਬ ਇਕਾਈ ਨੂੰ ਹੁਣ ਕੋਈ ਨਹੀਂ ਚਲਾ ਰਿਹਾ।

ਮਾਨ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਲਈ ਪਾਰਟੀ ਨੇ ਜੋ ਪੰਜ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਉਨ੍ਹਾਂ ਨਾਮਾਂ ਉੱਤੇ ਮੋਹਰ ਪੰਜਾਬ ਆਧਾਰਿਤ ਕੋਰ ਕਮੇਟੀ ਨੇ ਲਗਾਈ ਹੈ।

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਦਾ ਐਲਾਨ ਆਉਣ ਵਾਲੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)