ਕ੍ਰਿਸ਼ਨਾ ਸੋਬਤੀ : ਮਿੱਤਰੋ ਮਰਜਾਣੀ ਜੋ ਹਮੇਸ਼ਾ ਜ਼ਿੰਦਾ ਰਹੇਗੀ..

ਕ੍ਰਿਸ਼ਨਾ ਸੋਬਤੀ Image copyright Facebook/Krishna Sobti

ਅੱਜ ਤੋਂ 15 ਸਾਲ ਪਹਿਲਾਂ ਮੈਂ ਨਵੀਂ-ਨਵੀਂ ਦਿੱਲੀ ਆਈ ਸੀ। ਮੈਨੂੰ ਆਪਣੀ ਅਖ਼ਬਾਰ ਲਈ ਕ੍ਰਿਸ਼ਨਾ ਸੋਬਤੀ ਜੀ ਦਾ ਇੰਟਰਵਿਊ ਕਰਨ ਦਾ ਮੌਕਾ ਮਿਲਿਆ। ਮੈਂ ਦਿੱਲੀ ਦੇ ਮਯੂਰ ਵਿਹਾਰ ਸਥਿਤ ਉਨ੍ਹਾਂ ਦੇ ਘਰ ਪੁੱਜੀ।

ਕ੍ਰਿਸ਼ਨਾ ਸੋਬਤੀ ਨੂੰ ਮਿਲਣ ਲਈ ਮੈਂ ਬਹੁਤ ਉਤਸਾਹਿਤ ਸੀ। ਕਾਰਨ ਸੀ ਕਿ ਦਿੱਲੀ ਜਾਣ ਤੋਂ ਪਹਿਲਾਂ ਮੈਂ ਲੰਬੇ ਸਮੇਂ ਤੱਕ ਪੰਜਾਬ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਦੀ ਜੀਵਨਸ਼ੈਲੀ ਅਤੇ ਲਿਖਣ ਬਾਰੇ ਖ਼ੂਬ ਸੁਣਿਆ ਸੀ। ਉਨ੍ਹਾਂ ਦਾ ਲਿਖਿਆ ਨਾਵਲ 'ਮਿਤਰੋ ਮਰਜਾਣੀ' ਪੜ੍ਹਨ ਤੋਂ ਬਾਅਦ ਤਾਂ ਉਨ੍ਹਾਂ ਨੂੰ ਮਿਲਣ ਦੀ ਬਹੁਤ ਹੀ ਇੱਛਾ ਸੀ।

ਮੈਂ ਅਤੇ ਮੇਰੀ ਦੋਸਤ ਡਰਾਇੰਗ ਰੂਮ ਵਿੱਚ ਬੈਠ ਕੇ ਉਨ੍ਹਾਂ ਦੀ ਉਡੀਕ ਕਰਨ ਲੱਗੇ। ਮੇਰੀ ਸਾਥਣ ਨੇ ਕਿਹਾ ਕਿ ਦੇਖੀਂ ਕ੍ਰਿਸ਼ਨਾ ਜੀ ਕਿਵੇਂ ਤਿਆਰ ਹੋ ਕੇ ਆਉਣਗੇ। ਉਹ ਘਰ ਵਿੱਚ ਵੀ ਹਰ ਕਿਸੇ ਨੂੰ ਚੰਗੀ ਤਰ੍ਹਾਂ ਤਿਆਰ ਹੋ ਕੇ ਮਿਲਦੇ ਸਨ। ਅਸੀਂ ਗੱਲ ਹੀ ਕਰ ਰਹੇ ਸੀ ਕਿ ਕ੍ਰਿਸ਼ਨਾ ਸੋਬਤੀ ਗਾੜ੍ਹੇ ਬੈਂਗਣੀ ਰੰਗ ਦੇ ਲਿਬਾਸ ਵਿੱਚ ਡਰਾਇੰਗ ਰੂਮ 'ਚ ਆਏ।

Image copyright Facebook/Shumita Didi Sandhu

ਮੈਂ ਉਨ੍ਹਾਂ ਦਾ ਇੰਟਰਵਿਊ ਕੀਤਾ। ਉਹ ਸੱਚਮੁੱਚ ਓਵੇਂ ਹੀ ਜ਼ਿੰਦਾਦਿਲ ਅਤੇ ਕੈਨਵਾਸ ਦੇ ਰੰਗ-ਬਿਰੰਗੇ ਰੰਗਾਂ ਵਾਂਗ ਖਿੜੀ ਹੋਈ ਸੀ ਜਿਵੇਂ ਕਿ ਉਨ੍ਹਾਂ ਦੇ ਕਿਰਦਾਰ ਅਤੇ ਉਨ੍ਹਾਂ ਦੇ ਲੇਖ ਮੈਂ ਪੜ੍ਹੇ ਸਨ।

ਸਿਰਫ਼ ਹਿੰਦੀ ਸਾਹਿਤ ਦਾ ਨਹੀਂ ਸਗੋਂ ਭਾਰਤੀ ਸਾਹਿਤ ਜਗਤ ਦਾ ਇਹ ਚਮਕਦਾ ਹੋਇਆ ਸਿਤਾਰਾ ਸਾਡੇ ਤੋਂ ਦੂਰ ਚਲਿਆ ਗਿਆ। ਦਿਨ ਦੀ ਸ਼ੁਰੂਆਤ ਇਸੇ ਖ਼ਬਰ ਨਾਲ ਹੋਈ ਤਾਂ ਅੱਖਾਂ ਸਾਹਮਣੇ ਸਭ ਤੈਰਨ ਲੱਗਾ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਕਈ ਪ੍ਰੋਗਰਾਮਾਂ ਵਿੱਚ ਉਨ੍ਹਾਂ ਨਾਲ ਮੁਲਾਕਾਤ ਹੁੰਦੀ ਰਹੀ। ਪੰਜਾਬੀ ਹੋਣ ਦੇ ਨਾਤੇ ਮੈਨੂੰ ਉਨ੍ਹਾਂ ਦੇ ਨਾਵਲ ਪੜ੍ਹਨ ਵਿੱਚ ਇਸ ਲਈ ਵੀ ਮਜ਼ਾ ਆਉਂਦਾ ਸੀ ਕਿਉਂਕਿ ਉਨ੍ਹਾਂ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਸਮਾਜ ਦਾ ਅਕਸ ਹੁੰਦਾ ਸੀ। ਉਨ੍ਹਾਂ ਨੂੰ ਪੜ੍ਹਨ ਨਾਲ ਇੰਝ ਲਗਦਾ ਸੀ ਜਿਵੇਂ ਅੱਖਾਂ ਸਾਹਮਣੇ ਕੋਈ ਫ਼ਿਲਮ ਚੱਲ ਰਹੀ ਹੋਵੇ।

ਉਨ੍ਹਾਂ ਦੇ ਜਾਣ ਨਾਲ ਸਾਹਿਤ ਜਗਤ ਵਿੱਚ ਇੱਕ ਅਜਿਹੀ ਆਵਾਜ਼ ਖਾਮੋਸ਼ ਹੋ ਗਈ ਹੈ ਜਿਹੜੀ ਇਨਸਾਫ਼ ਦੀ ਗੱਲ ਕਰਦੀ ਸੀ, ਔਰਤਾਂ ਦੇ ਹੱਕ ਦੀ ਗੱਲ ਕਰਦੀ ਸੀ, ਲੇਖਕਾਂ ਦੀ ਆਜ਼ਾਦੀ ਦੀ ਗੱਲ ਕਰਦੀ ਸੀ, ਅਸੂਲਾਂ ਨਾਲ ਸਮਝੌਤਾ ਨਹੀਂ ਕਰਦੀ ਸੀ।

ਰਾਜਕਮਲ ਪ੍ਰਕਾਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਮਹੇਸ਼ਵਰੀ ਨੇ ਬੀਬੀਸੀ ਨੂੰ ਦੱਸਿਆ, ''ਕ੍ਰਿਸ਼ਨਾ ਸੋਬਤੀ ਦਾ ਜਾਣਾ ਬਹੁਤ ਵੱਡਾ ਨੁਕਸਾਨ ਹੈ। ਕੁਝ ਸਮਾਂ ਪਹਿਲਾਂ ਮੈਂ ਜਦੋਂ ਉਨ੍ਹਾਂ ਨੂੰ ਮਿਲਿਆ ਤਾਂ ਉਹ ਆਪਣੀ ਸਿਹਤ ਦੀ ਬਜਾਏ ਇਸ ਨੂੰ ਲੈ ਕੇ ਹੀ ਚਿੰਤਤ ਸੀ ਕਿ ਮੈਂ ਇਹ ਨਹੀਂ ਲਿਖਿਆ, ਉਹ ਨਹੀਂ ਲਿਖਿਆ, ਇਹ ਲਿਖਣਾ ਰਹਿ ਗਿਆ। ਆਈਸੀਯੂ ਵਿੱਚ ਦਾਖ਼ਲ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਵੀ ਉਹ ਦੇਸ ਦੀ ਸਿਆਸਤ 'ਤੇ ਗੱਲ ਕਰ ਰਹੇ ਸਨ। ਉਹ ਅਦਾਲਤ 'ਤੇ ਇੱਕ ਨਾਵਲ ਲਿਖਣਾ ਚਾਹੁੰਦੇ ਸਨ। ਨਾਵਲ ਲਈ ਅਦਾਲਤ ਬਤੌਰ ਵਿਸ਼ਾ ਉਨ੍ਹਾਂ ਲਈ ਬਹੁਤ ਵੱਡਾ ਸੁਫ਼ਨਾ ਸੀ, ਜਿਹੜਾ ਪੂਰਾ ਨਹੀਂ ਹੋ ਸਕਿਆ।''

Image copyright Facebook/Om Thanvi

ਅਸ਼ੋਕ ਮਹੇਸ਼ਵਰੀ ਦੱਸਦੇ ਹਨ, ''ਉਹ ਲੇਖਕਾਂ ਦੀ ਆਜ਼ਾਦੀ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਸੀ। ਲੇਖਕਾਂ ਦੀ ਆਜ਼ਾਦੀ ਲਈ ਉਹ ਇੱਕ ਅੰਦੋਲਨਕਾਰੀ ਸੀ। ਇਸੇ ਮਹੀਨੇ ਜਨਵਰੀ ਵਿੱਚ ਕ੍ਰਿਸ਼ਨਾ ਸੋਬਤੀ ਦਾ ਨਾਵਲ ਚੰਨਾ ਆਇਆ। ਅੱਜ ਤੋਂ 60 ਸਾਲ ਪਹਿਲਾਂ ਉਨ੍ਹਾਂ ਨੇ ਇਸ ਨੂੰ ਲਿਖਿਆ ਸੀ। ਪਰ ਉਸ ਸਮੇਂ ਦੇ ਪ੍ਰਕਾਸ਼ਕ ਨੇ ਉਸ ਵਿੱਚ ਕ੍ਰਿਸ਼ਨਾ ਸੋਬਤੀ ਦੀ ਲਿਖੀ ਭਾਸ਼ਾ ਐਡਿਟ ਕਰ ਦਿੱਤੀ ਜਿਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਪ੍ਰਕਾਸ਼ਕ ਨੂੰ ਨਾਵਲ ਦੀ ਸਾਰੀ ਲਾਗਤ ਆਪਣੀ ਜੇਬ ਤੋਂ ਦਿੱਤੀ ਅਤੇ ਹੁਣ 60 ਸਾਲਾਂ ਬਾਅਦ ਉਨ੍ਹਾਂ ਦੀਆਂ ਸ਼ਰਤਾਂ 'ਤੇ ਚੰਨਾ ਨਾਵਲ ਛਾਪਿਆ ਗਿਆ ਹੈ।''

ਮਹੇਸ਼ਵਰੀ ਦੱਸਦੇ ਹਨ, ''ਕ੍ਰਿਸ਼ਨਾ ਸੋਬਤੀ ਦਾ ਕਹਿਣਾ ਸੀ ਕਿ ਇਸ ਵਿੱਚ ਉਨ੍ਹਾਂ ਦੀ 60 ਸਾਲ ਪੁਰਾਣੀ ਫੋਟੋ ਹੀ ਲੱਗੇਗੀ। ਬਹੁਤ ਮੁਸ਼ਕਿਲ ਨਾਲ ਉਹ ਫੋਟੋ ਲੱਭੀ ਗਈ। ਅਮ੍ਰਿਤਾ ਸ਼ੇਰਗਿੱਲ ਦੀ ਉਸ ਵੇਲੇ ਦੀ ਪੇਂਟਿੰਗ ਹੀ ਲਗਾਈ ਗਈ। ਕਹਿਣ ਦੇ ਮਾਅਨੇ ਕਿ ਉਨ੍ਹਾਂ ਲਈ ਲੇਖਕ ਦੀ ਆਜ਼ਾਦੀ ਸਭ ਤੋਂ ਉੱਪਰ ਸੀ।''

ਇਹ ਵੀ ਪੜ੍ਹੋ:

ਕਹਾਣੀਕਾਰ ਅਤੇ ਨਾਵਲਕਾਰ ਗੀਤਾਸ਼੍ਰੀ ਦਾ ਕਹਿਣਾ ਹੈ ਕਿ ਕ੍ਰਿਸ਼ਨਾ ਸੋਬਤੀ ਸਾਡੇ ਲਈ ਸਾਹਸ ਦਾ ਪ੍ਰਤੀਕ ਸੀ। ਉਹ ਨਿਡਰ ਸੀ, ਗ਼ੈਰਤਮੰਦ ਸੀ, ਆਪਣੀਆਂ ਰਚਨਾਵਾਂ 'ਤੇ ਸਟੈਂਡ ਲੈਣਾ ਜਾਣਦੀ ਸੀ। ਉਨ੍ਹਾਂ ਦੀ ਜ਼ਿੰਦਗੀ ਅਤੇ ਲਿਖਣਾ ਦੋਵੇਂ ਦੂਜਿਆਂ ਤੋਂ ਵੱਖ ਸਨ।

ਨਾਵਲਕਾਰ ਮਨੀਸ਼ਾ ਕੁਲਸ਼੍ਰੇਸ਼ਠ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਾਣਾ ਦੁਖਦ ਹੈ ਪਰ ਉਨ੍ਹਾਂ ਦਾ ਲਿਖਿਆ ਹਮੇਸ਼ਾ ਜ਼ਿੰਦਾ ਰਹੇਗਾ। ਉਹ ਬਿੰਦਾਸ ਤਰੀਕੇ ਨਾਲ ਸਿਆਸੀ ਸਟੈਂਡ ਵੀ ਲੈਂਦੀ ਸੀ। ਅਸਹਿਣਸ਼ੀਲਤਾ 'ਤੇ ਉਨ੍ਹਾਂ ਦੇ ਸਟੈਂਡ ਨੂੰ ਪੂਰੇ ਦੇਸ ਨੇ ਵੇਖਿਆ ਹੈ।

ਉਨ੍ਹਾਂ ਦਾ ਲਿਬਾਸ, ਉਨ੍ਹਾਂ ਦਾ ਲੇਖਨ ਉਨ੍ਹਾਂ ਦਾ ਕਿਰਦਾਰ ਸਭ ਜ਼ਿੰਦਾਦਿਲ ਰਹੇ। ਉਹ ਹਿੰਦੀ ਸਾਹਿਤ ਦੀ ਬਣੀ ਬਣਾਈ ਲਕੀਰ ਦੇ ਫਕੀਰ ਨਹੀਂ ਸਨ।

ਕਹਾਣੀਕਾਰ ਅਕਾਂਕਸ਼ਾ ਪਾਰੇ ਦੱਸਦੀ ਹੈ ਕਿ ਕ੍ਰਿਸ਼ਨਾ ਸੋਬਤੀ ਨਾਲ ਕਈ ਮੁਲਾਕਾਤਾਂ ਵਿੱਚ ਮੈਂ ਸਮਝਿਆ ਕਿ ਉਹ ਜਿੰਨੀ ਬੇਬਾਕੀ ਨਾਲ ਲਿਖਦੇ ਸਨ ਓਨੇ ਹੀ ਸਪੱਸ਼ਟਵਾਦੀ ਵੀ ਸਨ।

ਹਾਲ ਹੀ ਵਿੱਚ ਆਈ ਉਨ੍ਹਾਂ ਦੀ ਆਤਮਕਥਾ 'ਗੁਜਰਾਤ ਪਾਕਿਸਤਾਨ ਤੋਂ ਗੁਜਰਾਤ ਹਿੰਦੂਸਤਾਨ ਤੱਕ' ਵਿੱਚ ਉਹ ਜਿਸ ਰਵਾਨੀ ਨਾਲ ਦੋ ਸੰਸਕ੍ਰਿਤੀਆਂ, ਬਾਅਦ ਵਿੱਚ ਬਣ ਗਏ ਦੋ ਮੁਲਕਾਂ ਅਤੇ ਪਰਿਵਾਰ ਦਾ ਲੇਖਾ ਜੋਖਾ ਦਿੰਦੀ ਹੈ ਉਹ ਅਦਭੁੱਤ ਹੈ।

ਉਹ ਜਿਸ ਬੇਬਾਕੀ ਦੀ ਪ੍ਰਤੀਕ ਸੀ, ਉਸਦੇ ਲਈ ਉਨ੍ਹਾਂ ਨੂੰ ਸ਼ਬਦਾਂ ਦੀ ਲੋੜ ਨਹੀਂ ਹੁੰਦੀ ਸੀ। ਆਪਣੀਆਂ ਕਈ ਕਹਾਣੀਆਂ, ਨਾਵਲਾਂ ਦੇ ਕਈ ਅੰਸ਼ਾਂ ਵਿੱਚ ਉਹ ਮਾਹੌਲ ਨਾਲ ਦੱਸ ਦਿੰਦੀ ਸੀ ਕਿ ਉਨ੍ਹਾਂ ਦੀ ਨਾਇਕਾ ਕੀ ਚਾਹੁੰਦੀ ਹੈ। ਜਿਵੇਂ ਮਿਤਰੋ ਇੱਕ ਥਾਂ ਸਿਰਫ਼ ਠਹਾਕਾ ਲਗਾਉਂਦੀ ਹੈ। ਉਹ ਕੁਝ ਨਹੀਂ ਕਹਿੰਦੀ।

ਜਿਸ ਕਮਰੇ ਵਿੱਚ ਮਿਤਰੋ ਹੱਸ ਰਹੀ ਹੈ ਉੱਥੇ ਸਭ ਮੌਜੂਦ ਹਨ, ਕੋਈ ਕੁਝ ਨਹੀਂ ਬੋਲਦਾ। ਇੱਥੇ ਕੋਈ ਗੱਲਬਾਤ ਨਹੀਂ ਹੈ। ਪਰ ਉਨ੍ਹਾਂ ਦਾ ਹਾਸਾ ਹੀ ਦੱਸ ਦਿੰਦਾ ਹੈ ਕਿ ਮਿਤਰੋ ਕੋਈ ਸਾਧਾਰਣ ਇਸਤਰੀ ਨਹੀਂ ਅਤੇ ਇਸਦੀਆਂ ਇੱਛਾਵਾਂ 'ਤੇ ਉਨ੍ਹਾਂ ਦਾ ਪੂਰਾ ਕਾਬੂ ਹੈ।

ਇਹ ਵੀ ਪੜ੍ਹੋ:

ਅਜਿਹੀ ਕ੍ਰਿਸ਼ਨਾ ਸੋਬਤੀ ਨੂੰ ਆਖ਼ਰੀ ਵਿਦਾ ਕਹਿਣ ਦਾ ਨਾ ਮਨ ਕਰਦਾ ਹੈ ਨਾ ਦਿਲ ਇਸਦੀ ਇਜਾਜ਼ਤ ਦਿੰਦਾ ਹੈ। ਉਹ ਸਰੀਰਕ ਤੌਰ 'ਤੇ ਭਾਵੇਂ ਹੀ ਸਾਡੇ ਵਿੱਚ ਮੌਜੂਦ ਨਾ ਹੋਣ ਪਰ ਉਨ੍ਹਾਂ ਨੇ ਹਿੰਦੀ ਸਾਹਿਤ ਵਿੱਚ ਇਸਤਰੀ ਕਿਰਦਾਰਾਂ ਨੂੰ ਜਿਹੜੀ ਰਾਹ ਵਿਖਾਈ ਹੈ ਉਹ ਹਮੇਸ਼ਾ ਰੌਸ਼ਨ ਰਹੇਗੀ। ਅਲਵਿਦਾ 'ਏ ਲੜਕੀ'

ਸੋਸ਼ਲ ਮੀਡੀਆ 'ਤੇ ਵੀ ਕ੍ਰਿਸ਼ਨਾ ਸੋਬਤੀ ਨੂੰ ਯਾਦ ਕੀਤਾ ਗਿਆ। ਕਈ ਯੂਜ਼ਰਸ ਨੇ ਤਾਂ ਆਪਣੀ ਮਹਿਬੂਬ ਲੇਖਕਾ ਨੂੰ ਸਿਰਫ਼ 'ਮਿੱਤਰੋ ਮਰਜਾਣੀ' ਲਿਖ ਕੇ ਹੀ ਸ਼ਰਧਾਂਜਲੀ ਦਿੱਤੀ।

ਕਥਾਕਾਰ ਲਕਸ਼ਮੀ ਸ਼ਰਮਾ ਲਿਖਦੇ ਹਨ ਕਿ ਹਿੰਦੀ ਕਥਾ ਸਾਹਿਤ ਦੇ ਜਿਹੜੇ ਇਸਤਰੀ ਕਿਰਦਾਰ ਨੇ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਉਹ ਮਿਤਰੋ ਹੈ। ਤੁਹਾਡੇ ਲਈ ਸ਼ਰਧਾਂਜਲੀ ਲਿਖਣ ਦਾ ਮਨ ਨਹੀਂ ਹੋ ਰਿਹਾ।

ਕਵਿੱਤਰੀ ਸੁਮਨ ਕੇਸ਼ਰੀ ਲਿਖਦੀ ਹੈ ਕਿ ਵਿਰੋਧ ਜਤਾਉਣ ਲਈ ਜੋ ਵ੍ਹੀਲ ਚੇਅਰ 'ਤੇ ਆਏ ਅਤੇ ਬੇਖ਼ੌਫ਼ ਹੋ ਕੇ ਆਵਾਜ਼ ਚੁੱਕੇ... ਉਸਦਾ ਜਾਣਾ ਇੱਕ ਡੂੰਘਾ ਸਦਮਾ ਹੈ। ਪਰ ਏ ਲੜਕੀ ਦੀ ਮਾਂ ਤੂੰ ਮੇਰੇ ਦਿਲ ਵਿੱਚ ਅਤੇ ਸਾਡੇ ਦਿਲ ਵਿੱਚ ਸਾਹਸ ਦੇ ਜਿਹੜੇ ਬੀਜ ਬੋਏ ਹਨ, ਉਹ ਸਾਡੀ ਵਿਰੋਧੀ ਕਰਨ ਦੀ ਸ਼ਕਤੀ ਨੂੰ ਪੀੜ੍ਹੀ ਦਰ ਪੀੜ੍ਹੀ ਵਧਾਉਂਦਾ ਰਹੇਗਾ।

ਫੇਸਬੁੱਕ 'ਤੇ ਧੀਰੇਸ਼ ਸੈਣੀ ਲਿਖਦੇ ਹਨ ਕਿ ਕ੍ਰਿਸ਼ਨਾ ਸੋਬਤੀ- ਚਾਨਣ ਮੁਨਾਰਾ ਹੈ ਜੋ ਲਫੰਗਿਆਂ ਦਾ ਚੈਨ ਖੋਹੰਦੀ ਹੈ।

ਵਾਣੀ ਪ੍ਰਕਾਸ਼ਨ ਦੀ ਮੈਨੇਜਿੰਗ ਡਾਇਰੈਕਟਰ ਅਦਿਤੀ ਮਹੇਸ਼ਵਰੀ ਨੇ ਫੇਸਬੁੱਕ ਉੱਤੇ ਕ੍ਰਿਸ਼ਨਾ ਸੋਬਤੀ ਦੇ ਦੇਹਾਂਤ ਨੂੰ ਇੱਕ ਯੁੱਗ ਦਾ ਖਤਮ ਹੋਣਾ ਲਿਖਿਆ।

ਮੰਗਲੇਸ਼ ਡਬਰਾਲ ਲਿਖਦੇ ਹਨ ਕਿ- ਆਖ਼ਰੀ ਸਲਾਮ, ਕ੍ਰਿਸ਼ਨਾ ਸੋਬਤੀ। ਇੱਕ ਵੱਡੀ ਲੇਖਕ ਅਤੇ ਓਨੀ ਹੀ ਵੱਡੀ ਇਨਸਾਨ। ਹਿੰਦੀ ਦੀ ਪਹਿਲੀ ਨਾਰੀਵਾਦੀ। ਤੁਸੀਂ ਇੱਕ ਖੁੱਦਾਰੀ ਦੇ ਨਾਲ ਦੁਨੀਆਂ ਵਿੱਚ ਰਹੇ ਅਤੇ ਪੂਰੇ ਦਮਖਮ ਦੇ ਨਾਲ ਲਿਖਦੇ ਰਹੇ ਅਤੇ ਲੋਕਤੰਤਰ ਲਈ ਬਿਮਾਰੀ ਦੌਰਾਨ ਵੀ ਡਟੀ ਰਹੀ। ਤੀਜੀ ਦੁਨੀਆਂ ਦੇ ਸੱਚੇ ਲੇਖਕ ਨੂੰ ਅਜਿਹਾ ਹੀ ਹੋਣਾ ਚਾਹੀਦਾ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)