ਪੰਜਾਬ 'ਚ ਕਾਨੂੰਨ ਨੂੰ ਛਿੱਕੇ ਟੰਗ ਵਿਆਹ ਵਾਲੇ ਦਿਨ ਲੜਕੀ ਨੂੰ ਅਗਵਾ ਕੀਤਾ ਫਿਰ ਛੱਡਿਆ

ਮੁਕਤਸਰ ਵਿੱਚ ਇੱਕ ਕੁੜੀ ਨੂੰ ਉਸ ਦੇ ਵਿਆਹ ਵਾਲੇ ਦਿਨ ਅਗਵਾਹ ਕਰ ਲਿਆ ਗਿਆ ਅਤੇ ਬਾਅਦ ਵਿੱਚ ਛੱਡ ਦਿੱਤਾ ਗਿਆ। ਘਟਨਾ ਉਸ ਵੇਲੇ ਵਾਪਰੀ ਜਦੋਂ ਕੁੜੀ ਮੇਕਅਪ ਕਰਵਾਉਣ ਜਾ ਰਹੀ ਸੀ। ਪੀੜਤ ਕੁੜੀ ਫਾਜ਼ਿਲਕਾ ਦੀ ਰਹਿਣ ਵਾਲੀ ਸੀ।
ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸ ਵਿੱਚ ਕੁਝ ਨੌਜਵਾਨ ਕੁੜੀ ਨੂੰ ਕਾਰ ਅੰਦਰ ਘੜੀਸ ਕੇ ਲਿਜਾਂਦੇ ਦਿਖ ਰਹੇ ਹਨ। ਬਾਅਦ ਵਿੱਚ ਅਗਵਾਹ ਕੁੜੀ ਫਿਰੋਜ਼ਪੁਰ ਤੋਂ ਬਰਾਮਦ ਹੋਈ।
ਮੁਕਤਸਰ ਦੇ ਐਸ. ਐਸ. ਪੀ ਮਨਜੀਤ ਸਿੰਘ ਢੇਸੀ ਅਨੁਸਾਰ, "ਪੁਲਿਸ ਦੀਆਂ ਕਈ ਟੀਮਾਂ ਨੇ ਫ਼ਾਜ਼ਿਲਕਾ ਵਿੱਚ ਕਈ ਥਾਂ ਰੇਡ ਕੀਤੀ। ਪੁਲਿਸ ਦੀ ਕਾਰਵਾਈ ਦੇਖ ਲੜਕੀ ਨੂੰ ਫਿਰੋਜ਼ਪੁਰ ਬਸ ਸਟੈਂਡ ਕੋਲ ਛੱਡ ਦਿੱਤਾ ਗਿਆ।"
ਪੁਲਿਸ ਮੁਤਾਬਕ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਦੋਵੇਂ ਮੁਕਤਸਰ ਤੋਂ ਹਨ।
ਐਸ. ਐਸ. ਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਇਸ ਵਾਰਦਾਤ ਵਿੱਚ ਕੁਲ ਸੱਤ ਮੁੰਡੇ ਸਨ ਜਿਨ੍ਹਾਂ ਵਿੱਚੋਂ ਦੋ ਦਾ ਨਾਮ ਪਹਿਲਾਂ ਹੀ ਕੇਸ ਵਿੱਚ ਪਾਇਆ ਗਿਆ ਸੀ ਅਤੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ ਅਤੇ ਇਲਾਕੇ ਦੀ ਰੇਕੀ ਕੀਤੀ।
ਮੁਕਤਸਰ ਦੇ ਐਸ. ਐਸ. ਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ, "ਸਥਾਨਕ ਥਾਣੇ ਦੇ ਐੱਸਐੱਚਓ ਨੂੰ ਇੱਕ ਲੜਕੀ ਦੇ ਅਗਵਾ ਕੀਤੇ ਜਾਣ ਦੀ ਇਤਲਾਹ ਮਿਲੀ। ਜਿਸ ਮਗਰੋਂ ਐਸਐੱਚਓ ਅਤੇ ਡੀਐਸਪੀ ਇਨਵੈਸਟੀਗੇਸ਼ਨ ਨੇ ਮੌਕੇ ਦਾ ਦੌਰਾ ਕੀਤਾ ਅਤੇ ਸੀਸੀਟੀਵੀ ਫੁਟੇਜ ਦੇਖੀ, ਕਿ ਕਿਵੇਂ ਲੜਕੇ ਉਸ ਨੂੰ ਬੰਦੂਕ ਦੀ ਨੋਕ 'ਤੇ ਗੱਡੀ ਵਿੱਚ ਬਿਠਾ ਕੇ ਉੱਥੋਂ ਲੈ ਕੇ ਗਏ।"
"ਇਸ ਤੋਂ ਬਾਅਦ ਲੜਕੀ ਨੂੰ ਟਰੇਸ ਕਰਨ ਲਈ ਅਸੀਂ ਵੱਖ-ਵੱਖ ਟੀਮਾਂ ਬਣਾਈਆਂ। ਇਹ ਇੱਕ ਸੰਗੀਨ ਮਾਮਲਾ ਸੀ ਕਿਉਂਕਿ ਲੜਕੀ ਦਾ ਵਿਆਹ ਵੀ ਉਸੇ ਦਿਨ ਸੀ ਜਿਸ ਦਿਨ ਉਸ ਨੂੰ ਅਗਵਾ ਕੀਤਾ ਗਿਆ ਸੀ। ਜਦੋਂ ਵਾਰਦਾਤ ਹੋਈ ਤਾਂ ਕੁੜੀ ਨਾਲ ਉਸ ਦੀ ਮਾਸੀ ਦੀ ਲੜਕੀ ਅਤੇ ਭਰਾ ਸੀ।"
"ਸੀਸੀਟੀਵੀ ਫੁਟੇਜ ਤੋਂ ਸਪਸ਼ਟ ਹੁੰਦਾ ਹੈ ਕਿ ਲੜਕੀ ਨੂੰ ਧੱਕੇ ਨਾਲ ਲਿਜਾਇਆ ਗਿਆ ਅਤੇ ਉਸ ਦੀ ਇਸ ਵਿੱਚ ਕਿਸੇ ਕਿਸਮ ਦੀ ਸਹਿਮਤੀ ਨਹੀਂ ਸੀ।"
ਇਹ ਵੀ ਪੜ੍ਹੋ:
- ਜੋ ਕਦੇ ਸੀ ਰਈਸਾਂ ਦਾ ਗੜ੍ਹ ਹੁਣ ਹੈ 'ਮੌਤ ਦਾ ਘਰ'
- ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾ
- ਜੱਸੀ ਸਿੱਧੂ ਕਤਲ ਕੇਸ: ਮਾਂ ਤੇ ਮਾਮੇ ਨੂੰ 4 ਦਿਨ ਦੀ ਪੁਲਿਸ ਹਿਰਾਸਤ
ਲੜਕੀ ਦਾ ਭਵਿੱਖ ਖ਼ਰਾਬ ਕਰਨਾ ਮਕਸਦ
ਐਸਐਸਪੀ ਢੇਸੀ ਨੇ ਜੁਰਮ ਦੇ ਮਕਸਦ ਬਾਰੇ ਦੱਸਿਆ, "ਲੜਕੀ ਨਾਲ ਪੁੱਛ-ਗਿੱਛ ਤੋਂ ਪਤਾ ਚੱਲਿਆ ਹੈ ਕਿ ਤਲਵਿੰਦਰ ਨਾਮ ਦਾ ਨੌਜਵਾਨ ਉਸ ਨੂੰ ਕਈ ਸਾਲਾਂ ਤੋਂ ਤੰਗ ਕਰ ਰਿਹਾ ਸੀ। ਲੜਕੀ ਦਾ ਭਵਿੱਖ ਖ਼ਰਾਬ ਕਰਨ ਲਈ ਉਹ ਉਸ ਨੂੰ ਚੁੱਕ ਕੇ ਲੈ ਗਿਆ।"
ਐਸਐਸਪੀ ਨੇ ਅੱਗੇ ਦੱਸਿਆ ਕਿ ਬਾਕੀ ਲੋਕ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ। ਇਸ ਦੇ ਨਾਲ ਹੀ ਵਾਰਦਾਤ ਵਿੱਚ 32 ਬੋਰ ਦੇ ਅਸਲ੍ਹਾ ਵੀ ਵਰਤਿਆ ਗਿਆ ਸੀ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)