ਮੰਦਿਰ ਅੰਦਰ ਦਾਖ਼ਲ ਹੋਣ ਵਾਲੀ ਕਨਕਦੁਰਗਾ ਨੇ ਕਿਹਾ ਕੋਰਟ ਦਾ ਆਰਡਰ ਲੈ ਕੇ ਸਹੁਰੇ ਘਰ ਹੀ ਰਹਾਂਗੀ ਤੇ ਕਿਸੇ ਤੋਂ ਨਹੀਂ ਮੰਗਾਂਗੀ ਮਾਫ਼ੀ

ਕਨਕਦੁਰਗਾ Image copyright IMRAN QURESHI/BBC
ਫੋਟੋ ਕੈਪਸ਼ਨ ਕਨਕਦੁਰਗਾ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਰੱਬ ਉੱਤੇ ਭਰੋਸਾ ਹੈ, ਇਸ ਲਈ ਡਰ ਨਹੀਂ ਲਗਦਾ

ਕਨਕਦੁਰਗਾ, ਜਿਸ ਨੂੰ ਕੇਰਲ ਦੇ ਸਬਰੀਮਾਲਾ ਮੰਦਿਰ ਜਾਣ ਤੋਂ ਬਾਅਦ ਉਸਦੇ ਪਤੀ ਵੱਲੋਂ ਘਰੋਂ ਕੱਢ ਦਿੱਤਾ ਗਿਆ ਸੀ ਉਸ ਨੇ ਅਦਾਲਤ ਦੇ ਹੁਕਮਾਂ ਦੇ ਨਾਲ ਹੀ ਆਪਣੇ ਪਤੀ ਦੇ ਘਰ ਜਾਣ ਦਾ ਫ਼ੈਸਲਾ ਕੀਤਾ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਕਨਕਦੁਰਗਾ ਨੇ ਕਿਹਾ, ''ਮੈਂ ਮੰਦਿਰ ਵਿੱਚ ਦਾਖ਼ਲ ਹੋਣ ਲਈ ਨਾ ਤਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਤੋਂ ਮਾਫ਼ੀ ਮੰਗਾਂਗੀ ਅਤੇ ਨਾ ਹੀ ਕਿਸੇ ਹਿੰਦੂ ਸੰਗਠਨ ਤੋਂ। ਮੈਂ ਜੋ ਵੀ ਕੀਤਾ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਿਕ ਕੀਤਾ। ਮੈਂ ਕਿਸੇ ਦੇ ਨਾਲ ਕੋਈ ਅਨਿਆਂ ਨਹੀਂ ਕੀਤਾ। ਮੈਂ ਆਪਣੇ ਘਰ ਪਰਤਣ ਲਈ ਕਾਨੂੰਨ ਦਾ ਸਹਾਰਾ ਲਵਾਂਗੀ।''

ਕਨਕਦੁਰਗਾ ਇਸ ਵੇਲੇ ਸਰਕਾਰ ਵੱਲੋਂ ਔਰਤਾਂ ਲਈ ਸੰਕਟ ਦੀ ਘੜੀ ਵਿੱਚ ਰਹਿਣ ਲਈ ਬਣਾਏ ਗਏ ਰਹਿਣ ਬਸੇਰੇ ਵਿੱਚ ਰਹਿ ਰਹੀ ਹੈ।

ਕੇਰਲ ਦੇ ਮਾਲਾਪੁਰਮ ਜ਼ਿਲ੍ਹੇ ਦੀ ਰਹਿਣ ਵਾਲੀ ਕਨਕਦੁਰਗਾ ਨੂੰ ਸਬਰੀਮਾਲਾ ਮੰਦਿਰ ਜਾਣ ਤੋਂ ਬਾਅਦ ਉਸਦੇ ਪਤੀ ਵੱਲੋਂ ਘਰੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਹੁਣ ਉਸ ਨੂੰ ਘਰ ਆਉਣ ਦੀ ਇਜਾਜ਼ਤ ਨਹੀਂ ਹੈ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਸੱਸ ਵੱਲੋਂ ਕੀਤੀ ਗਈ ਸੀ ਕੁੱਟਮਾਰ

38 ਸਾਲਾ ਕਨਕਗੁਰਗਾ ਮੰਗਲਵਾਰ ਨੂੰ ਹਸਪਤਾਲ ਤੋਂ ਘਰ ਗਈ ਸੀ, ਜਿੱਥੇ ਉਹ ਆਪਣੀ ਸੱਸ ਵੱਲੋਂ ਕੁੱਟੇ ਜਾਣ ਕਾਰਨ ਦਾਖ਼ਲ ਹੋਈ ਸੀ। ਕਨਕਦੁਰਗਾ ਦੇ ਸਿਰ 'ਤੇ ਡੂੰਘੀ ਸੱਟ ਲੱਗੀ ਸੀ।

ਸਬਰੀਮਾਲਾ ਅੰਦਰ ਦਾਖ਼ਲ ਹੋ ਕੇ ਪਰਿਵਾਰ ਦਾ ਨਾਮ ਖਰਾਬ ਕਰਨ ਦਾ ਇਲਜ਼ਾਮ ਲਗਾਉਂਦਿਆਂ ਉਸਦੀ ਸੱਸ ਨੇ ਉਸ ਨੂੰ ਕੁੱਟਿਆ ਸੀ।

2 ਜਨਵਰੀ ਨੂੰ ਸਬਰੀਮਾਲਾ ਕਰਮਾ ਸਮਿਤੀ, ਭਾਜਪਾ ਸਮੇਤ ਕਈ ਹਿੰਦੂ ਸੰਗਠਨਾ ਦੇ ਪ੍ਰਦਰਸ਼ਨ ਤੋਂ ਡਰ ਕੇ ਕਨਕਦੁਰਗਾ ਅਤੇ ਬਿੰਦੂ ਅਮੀਨੀ ਮੰਦਿਰ ਵਿੱਚ ਦਾਖ਼ਲ ਹੋਣ ਤੋਂ ਬਾਅਦ ਲੁਕ ਗਈਆਂ ਸਨ।

ਪ੍ਰਦਰਸ਼ਨਕਾਰੀ ਨਹੀਂ ਚਾਹੁੰਦੇ ਸਨ ਕਿ ਮਾਹਵਾਰੀ ਦੀ ਉਮਰ ਵਾਲੀਆਂ ਔਰਤ ਮੰਦਿਰ ਵਿੱਚ ਦਾਖ਼ਲ ਹੋਣ। ਉਸ 'ਤੇ ਕਥਿਤ ਹਮਲਾ ਉਸ ਦਿਨ ਹੋਇਆ ਜਦੋਂ ਉਹ ਲੁਕ ਕੇ ਘਰ ਪਰਤੀ ਸੀ।

Image copyright IMRAN QURESHI/BBC
ਫੋਟੋ ਕੈਪਸ਼ਨ ਕਨਕਦੁਰਗਾ ਅਤੇ ਬਿੰਦੂ ਨੇ 2 ਜਨਵਰੀ ਨੂੰ ਕੀਤਾ ਸੀ ਮੰਦਿਰ ਵਿੱਚ ਪ੍ਰਵੇਸ਼

''ਮੇਰੇ ਪਤੀ ਮੈਨੂੰ ਘਰ ਅੰਦਰ ਆਉਣ ਦੀ ਮਨਾਹੀ ਤੋਂ ਬਾਅਦ ਮੈਂ ਸਰਕਾਰੀ ਸ਼ੈਲਟਰ ਵਿੱਚ ਗਈ। ਮੈਨੂੰ ਲਗਦਾ ਹੈ ਕਿ ਉਹ ਅਜਿਹੇ ਲੋਕਾਂ ਦੀਆਂ ਗੱਲਾਂ ਵਿੱਚ ਆ ਗਿਆ ਹੈ ਜਿਨ੍ਹਾਂ ਨੂੰ ਸਿਆਸੀ ਸਮਰਥਨ ਹੈ।''

ਕਨਕਦੁਰਗਾ ਦਾ ਕਹਿਣਾ ਹੈ ਕਿ ਉਸ ਨੇ ਮੰਦਿਰ ਜਾਣ ਦੀ ਇੱਛਾ ਆਪਣੇ ਪਰਿਵਾਰਕ ਮੈਂਬਰਾਂ ਸਾਹਮਣੇ ਜ਼ਾਹਰ ਕੀਤੀ ਸੀ ਪਰ ਉਨ੍ਹਾਂ ਨੇ ਉਸ ਨੂੰ ਉੱਥੇ ਜਾਣ ਤੋਂ ਮਨ੍ਹਾਂ ਕੀਤਾ ਸੀ।

ਉਨ੍ਹਾਂ ਅੱਗੇ ਕਿਹਾ, ''ਮੈਂ ਉਨ੍ਹਾਂ ਨੂੰ ਆਪਣੇ ਮੰਦਿਰ ਜਾਣ ਬਾਰੇ ਨਹੀਂ ਦੱਸਿਆ। ਜਿਸ ਦਿਨ ਮੈਂ ਮੰਦਿਰ ਗਈ ਉਨ੍ਹਾਂ ਨੇ ਮੈਨੂੰ ਘਰ ਵਾਪਿਸ ਆਉਣ ਲਈ ਕਿਹਾ। ਇੱਥੋਂ ਤੱਕ ਉਨ੍ਹਾਂ ਨੇ ਮੈਨੂੰ ਇਹ ਵੀ ਨਹੀਂ ਦੱਸਿਆ ਸੀ ਕਿ ਇਸ ਤੋਂ ਬਾਅਦ ਮੈਨੂੰ ਘਰ ਵਾਪਿਸ ਪਰਤਣ ਦੀ ਇਜਾਜ਼ਤ ਨਹੀਂ ਹੋਵੇਗੀ।''

ਇਹ ਵੀ ਪੜ੍ਹੋ:

Image copyright REHANA FATHIMA
ਫੋਟੋ ਕੈਪਸ਼ਨ ਪਿਛਲੇ ਮਹੀਨੇ ਕੇਰਲ ਦੇ ਸਬਰੀਮਲਾ ਮੰਦਿਰ ਵਿੱਚ ਦਾਖਲ ਹੋਣ ਦੀ ਅਸਫ਼ਲ ਕੋਸ਼ਿਸ਼ ਕਰਨ ਵਾਲੀ ਰੇਹਾਨਾ ਫਾਤਿਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸੁਪਰੀਮ ਕੋਰਟ ਦਾ ਫ਼ੈਸਲਾ

ਸਬਰੀਮਾਲਾ ਮੰਦਿਰ ਉੱਤੇ ਸੁਪਰੀਮ ਕੋਰਟ ਵੱਲੋਂ ਇਤਿਹਾਸਕ ਫ਼ੈਸਲਾ ਸੁਣਾਉਣ ਤੋਂ ਬਾਅਦ ਕਨਕਦੁਰਗਾ ਦਾ ਪਰਿਵਾਰ ਵੱਖ-ਵੱਖ ਵਿਚਾਰਾਂ ਨਾਲ ਵੰਡਿਆ ਗਿਆ ਹੈ।

28 ਸਤੰਬਰ ਨੂੰ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਔਰਤ ਦੇ ਮੌਲਿਕ ਅਧਿਕਾਰ ਭੇਦਭਾਵ ਵਾਲੀ ਰਵਾਇਤ ਤੋਂ ਕਿਤੇ ਵੱਧ ਮਹੱਤਵਪੂਰਨ ਹਨ ਅਤੇ 10 ਤੋਂ 50 ਸਾਲ ਦੀਆਂ ਔਰਤਾਂ ਮੰਦਿਰ ਵਿੱਚ ਦਾਖਲ ਹੋ ਸਕਣਗੀਆਂ।

ਦਰਅਸਲ ਮਾਹਵਾਰੀ ਦੀਆਂ ਉਮਰ ਵਾਲੀਆਂ ਔਰਤਾਂ ਨੂੰ ਸਬਰੀਮਾਲਾ ਮੰਦਿਰ ਦੇ ਅੰਦਰ ਦਾਖਲ ਹੋਣ ਤੋਂ ਰੋਕਣ ਦਾ ਤਰਕ ਇਹ ਕਹਿ ਕੇ ਦਿੱਤਾ ਜਾਂਦਾ ਹੈ ਕਿ ਸਵਾਮੀ ਅਯੱਪਾ ਕੁਵਾਰੇ ਹਨ, ਜੇਕਰ ਇਸ ਉਮਰ ਦੀਆਂ ਔਰਤਾਂ ਦਾਖਲ ਹੋਈਆਂ ਤਾਂ ਧਾਰਮਿਕ ਅਸਥਾਨ ਅਪਵਿੱਤਰ ਹੋ ਜਾਵੇਗਾ।

ਇਹ ਵੀ ਪੜ੍ਹੋ

Image copyright SABARIMALA.KERALA.GOV.IN
ਫੋਟੋ ਕੈਪਸ਼ਨ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਵੀ ਔਰਤਾਂ ਸਬਲੀਮਲਾ ਮੰਦਰ ਵਿੱਚ ਜਾਣ ਨੂੰ ਤਿਆਰ ਨਹੀਂ ਹਨ

ਕਨਕਦੁਰਗਾ ਦਾ ਕਹਿਣਾ ਹੈ, ''ਮੈਂ ਆਪਣੇ ਵੱਡੇ ਭਰਾ ਨੂੰ ਨਹੀਂ ਦੱਸਿਆ ਸੀ ਕਿ ਮੈਂ ਸਬਰੀਮਾਲਾ ਮੰਦਿਰ ਜਾ ਰਹੀ ਹਾਂ। ਮੇਰੇ ਵਾਪਿਸ ਪਰਤਣ 'ਤੇ ਉਸ ਨੇ ਬਾਕੀ ਪਰਿਵਾਰ ਦੀ ਤਰ੍ਹਾਂ ਮਾੜਾ ਵਿਹਾਰ ਨਹੀਂ ਕੀਤਾ। ਜਦੋਂ ਮੈਂ ਸਰਕਾਰੀ ਸ਼ੈਲਟਰ ਵਿੱਚ ਆ ਗਈ ਤਾਂ ਉਸ ਨੇ ਮੈਨੂੰ ਸਰਕਾਰੀ ਮਦਦ ਮੁਹੱਈਆ ਕਰਵਾਈ। ਉਹ ਹਰ ਰੋਜ਼ ਮੈਨੂੰ ਫ਼ੋਨ ਕਰਦਾ ਹੈ।''

ਉਸ ਨੇ ਮੀਡੀਆ ਰਿਪੋਰਟਾਂ ਤੋਂ ਸੁਣਿਆ ਹੈ ਕਿ ਉਸਦੇ ਛੋਟੇ ਭਰਾ ਨੇ ਇਸਦੇ ਲਈ ਭਾਜਪਾ ਤੋਂ ਮਾਫ਼ੀ ਮੰਗੀ ਹੈ।

ਕਨਕਦੁਰਗਾ ਦਾ ਕਹਿਣਾ ਹੈ, ''ਜੇ ਮੈਨੂੰ ਇਹ ਲੱਗੇ ਕਿ ਮੈਂ ਗ਼ਲਤੀ ਕੀਤੀ ਹੈ ਤਾਂ ਮਾਫ਼ੀ ਮੇਰੇ ਵੱਲੋਂ ਮੰਗੀ ਜਾਣੀ ਚਾਹੀਦੀ ਹੈ। ਮੇਰੇ ਭਰਾ ਨੂੰ ਇਸਦੇ ਲਈ ਮਾਫ਼ੀ ਮੰਗਣ ਦੀ ਕੋਈ ਲੋੜ ਨਹੀਂ ਹੈ। ਜੇਕਰ ਉਸ ਨੇ ਮਾਫ਼ੀ ਮੰਗੀ ਹੈ ਤਾਂ ਇਹ ਉਸਦੀ ਕਮੀ ਹੈ।''

ਉਸਦਾ ਕਹਿਣਾ ਹੈ, ''ਮੈਂ ਆਪਣੇ ਬੱਚੇ ਨੂੰ ਬਹੁਤ ਯਾਦ ਕਰਦੀ ਹਾਂ। 22 ਦਸੰਬਰ ਤੋਂ ਬਾਅਦ ( ਜਦੋਂ ਉਸ ਨੇ ਪਹਿਲੀ ਵਾਰ ਮੰਦਿਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ) ਮੈਂ ਆਪਣੇ ਬੱਚੇ ਨੂੰ ਨਹੀਂ ਵੇਖਿਆ। ਮੇਰੇ ਪਰਿਵਾਰ ਨੇ ਉਸ ਨੂੰ ਵੇਖਣ ਹੀ ਨਹੀਂ ਦਿੱਤਾ। 15 ਜਨਵਰੀ ਤੋਂ ਬਾਅਦ ਮੇਰੀ ਉਸਦੇ ਨਾਲ ਕਰੀਬ 10 ਮਿੰਟ ਫ਼ੋਨ 'ਤੇ ਗੱਲ ਹੋਈ ਹੈ। ਪਰ ਮੈਨੂੰ ਉਸ ਨੂੰ ਇਹ ਸਮਝਾਉਣ ਦਾ ਮੌਕਾ ਨਹੀਂ ਮਿਲਿਆ ਕਿ ਮੈਂ ਅਜਿਹਾ ਕਿਉਂ ਕੀਤਾ।''

ਕਨਕਦੁਰਗਾ ਦੇ ਦੋ ਜੁੜਵਾ ਮੁੰਡੇ ਹਨ, ਜਿਨ੍ਹਾਂ ਦੀ ਉਮਰ 12 ਸਾਲ ਹੈ।

ਇਹ ਵੀ ਪੜ੍ਹੋ:

Image copyright SABARIMALA.KERALA.GOV.IN
ਫੋਟੋ ਕੈਪਸ਼ਨ ਸੁਪਰੀਮ ਕੋਰਟ ਨੇ 28 ਸਤੰਬਰ ਨੂੰ ਕੇਰਲ ਦੇ ਸਬਰੀਮਲਾ ਮੰਦਰ ਵਿੱਚ ਔਰਤਾਂ ਦੇ ਦਾਖਲੇ ਦੀ ਇਜਾਜ਼ਤ ਦੇ ਦਿੱਤੀ ਹੈ

ਤਾਂ ਕੀ ਉਸ ਨੇ ਮੌਜੂਦਾ ਸੰਕਟ ਵਿੱਚੋਂ ਨਿਕਲਣ ਲਈ ਸਵਾਮੀ ਅਯੱਪਾ ਸਾਹਮਣੇ ਪ੍ਰਾਰਥਨਾ ਕੀਤੀ ਸੀ?

ਉਸਦਾ ਕਹਿਣਾ ਹੈ, ''ਮੈਂ ਬਿਲਕੁਲ ਵੀ ਉਸ ਤਰ੍ਹਾਂ ਦੀ ਸ਼ਖ਼ਸ ਨਹੀਂ ਹਾਂ ਜੋ ਆਪਣੇ ਨਿੱਜੀ ਫਾਇਦੇ ਲਈ ਅਪੀਲ ਕਰਨ ਲਈ ਮੰਦਿਰਾਂ ਵਿੱਚ ਜਾਵਾਂ। ਮੈਂ ਇਹ ਵੀ ਨਹੀਂ ਸੋਚਦੀ ਕਿ ਜੋ ਵੀ ਝੱਲ ਰਹੀ ਹਾਂ ਉਹ ਇੱਕ ਮੁਸ਼ਕਿਲ ਹੈ। ਮੈਂ ਸਵਾਮੀ ਅਯੱਪਾ ਨੂੰ ਵੀ ਇਹ ਗੁਹਾਰ ਨਹੀਂ ਲਗਾਈ ਕਿ ਉਹ ਇਨ੍ਹਾਂ ਮੁਸ਼ਕਿਲਾਂ ਵਿੱਚੋਂ ਨਿਕਲਣ ਲਈ ਮੇਰੀ ਮਦਦ ਕਰਨ।''

ਮੰਦਿਰ ਅੰਦਰ ਦਾਖ਼ਲ ਹੋਣ ਤੋਂ ਦੋ ਦਿਨ ਬਾਅਦ ਕਨਕਦੁਰਗਾ ਨੇ ਬੀਬੀਸੀ ਨੂੰ ਦਿੱਤੇ ਵੀਡੀਓ ਇੰਟਰਵਿਊ ਵਿੱਚ ਕਿਹਾ ਸੀ ''ਉਹ ਧਰਮ ਨੂੰ ਮੰਨਣ ਵਾਲੀ ਔਰਤ ਹੈ ਅਤੇ ਉਹ ਸੋਚਦੀ ਹੈ ਕਿ ਰੱਬ ਅੱਗੇ ਪ੍ਰਾਰਥਨਾ ਕਰਨ ਲਈ ਔਰਤ ਅਤੇ ਮਰਦ ਵਿੱਚ ਕਿਸੇ ਤਰ੍ਹਾਂ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ।''

ਕਨਕਦੁਰਗਾ ਨੂੰ ਹੁਣ ਆਪਣੇ ਨਾਲ ਹੋਈ ਘਰੇਲੂ ਹਿੰਸਾ ਅਤੇ ਘਰ ਵਿੱਚ ਜਾਣ ਦੀ ਇਜਾਜ਼ਤ ਨਾ ਮਿਲਣ 'ਤੇ ਮੈਜੀਸਟ੍ਰੇਟ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਦੀ ਉਡੀਕ ਹੈ ਜੋ ਕਿ ਅਗਲੇ ਹਫ਼ਤੇ ਹੋਣੀ ਹੈ।

ਇਹ ਵੀ ਪੜ੍ਹੋ-

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)