ਜੀਂਦ ਜ਼ਿਮਨੀ ਚੋਣ ਕਾਂਗਰਸ ਦੇ ਸੂਰਜੇਵਾਲਾ ਤੇ ਭਾਜਪਾ ਦੇ ਕ੍ਰਿਸ਼ਣ ਮਿੱਡਾ ਲਈ ਵਕਾਰ ਦਾ ਸਵਾਲ

ਹਰਿਆਣਾ ਵਿਧਾਨ ਸਭਾ ਉਪ ਚੋਣ Image copyright Sat singh/bbc
ਫੋਟੋ ਕੈਪਸ਼ਨ ਭਾਜਪਾ ਨੇ ਆਪਣੀ ਪਾਰਟੀ ਦੇ ਲੀਡਰਾਂ ਦੇ ਨਾਮ ਰੱਦ ਕਰਕੇ ਮਰਹੂਮ ਵਿਧਾਇਕ ਹਰੀ ਚੰਦ ਮਿੱਡਾ ਦੇ ਮੁੰਡੇ ਕ੍ਰਿਸ਼ਨ ਮਿੱਡਾ ਨੂੰ ਟਿਕਟ ਦਿੱਤੀ ਹੈ ਜੋ ਇਨੈਲੋ ਛੱਡ ਭਾਜਪਾ ਵਿੱਚ ਸ਼ਾਮਲ ਹੋਇਆ ਹੈ

ਆਮ ਤੌਰ 'ਤੇ ਪਾਰਟੀਆਂ ਜ਼ਿਮਨੀ ਚੋਣਾਂ ਨੂੰ ਵਧੇਰੇ ਗੰਭੀਰਤਾ ਨਾਲ ਨਹੀਂ ਲੈਂਦੀਆਂ ਹਨ ਕਿਉਂਕਿ ਵੋਟਰ ਮੌਜੂਦਾ ਸਰਕਾਰ ਦੇ ਉਮੀਦਵਾਰ ਨੂੰ ਤਰਜੀਹ ਦਿੰਦੇ ਹਨ।

ਪਰ ਸੋਮਵਾਰ ਨੂੰ ਹਰਿਆਣਾ ਦੇ ਜੀਂਦ ਵਿੱਚ ਹੋ ਰਹੀ ਜ਼ਿਮਨੀ ਚੋਣ ਦੋ ਮੁੱਖ ਮੰਤਰੀਆਂ ( ਮਨੋਹਰ ਲਾਲ ਖੱਟਰ ਅਤੇ ਅਰਵਿੰਦ ਕੇਜਰੀਵਾਲ) ਲਈ ਮਹੱਤਵਪੂਰਨ ਦਿਖਾਈ ਦੇ ਰਹੀ ਹੈ ਕਿਉਂਕਿ ਦੋਵਾਂ ਨੇ ਆਪੋ-ਆਪਣੇ ਉਮੀਦਵਾਰਾਂ ਲਈ ਖਾਸਾ ਚੋਣ ਪ੍ਰਚਾਰ ਕੀਤਾ ਹੈ।

ਇੱਥੋਂ ਤੱਕ ਕਿ ਇੱਕ ਕੌਮੀ ਪਾਰਟੀ ਵੱਲੋਂ ਆਪਣੇ ਕੌਮੀ ਪੱਧਰ ਦੇ ਲੀਡਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਦੋ ਵਾਰ ਇਨੈਲੋ ਦੇ ਵਿਧਾਇਕ ਰਹਿ ਚੁੱਕੇ ਹਰੀ ਚੰਦ ਮਿੱਡਾ ਦੇ ਦੇਹਾਂਤ ਤੋਂ ਬਾਅਦ ਜੀਂਦ ਵਿੱਚ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ। ਹਰੀ ਚੰਦ ਮਿੱਡਾ ਦੀ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਮੌਤ ਹੋਈ ਸੀ।

ਇਸ ਜ਼ਿਮਨੀ ਚੋਣ ਲਈ ਚਾਰ ਮੁੱਖ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਇਸ ਉਪ ਚੋਣ ਦਾ ਨਤੀਜਾ 31 ਜਨਵਰੀ ਨੂੰ ਆਵੇਗਾ।

ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਪੰਜ ਥਾਵਾਂ 'ਤੇ ਹਾਰਨ ਤੋਂ ਬਾਅਦ ਕਾਂਗਰਸ ਨੇ ਰਣਦੀਪ ਸਿੰਘ ਸੁਰਜੇਵਾਲਾ ਨੂੰ ਟਿਕਟ ਦੇ ਕੇ ਆਪਣਾ ਚੰਗਾ ਕਦਮ ਅੱਗੇ ਵਧਾਇਆ ਹੈ। ਰਣਦੀਪ ਸਿੰਘ ਸੁਰਜੇਵਾਲਾ ਕੌਮੀ ਸਿਆਸਤ ਵਿੱਚ ਸਰਗਰਮ ਹਨ।

ਇਹ ਵੀ ਪੜ੍ਹੋ:

ਭਾਜਪਾ ਨੇ ਪੰਜ ਥਾਵਾਂ 'ਤੇ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ।

ਭਾਜਪਾ ਨੇ ਆਪਣੀ ਪਾਰਟੀ ਦੇ ਲੀਡਰਾਂ ਦੇ ਨਾਮ ਰੱਦ ਕਰਕੇ ਮਰਹੂਮ ਵਿਧਾਇਕ ਹਰੀ ਚੰਦ ਮਿੱਡਾ ਦੇ ਮੁੰਡੇ ਕ੍ਰਿਸ਼ਨ ਮਿੱਡਾ ਨੂੰ ਟਿਕਟ ਦਿੱਤੀ ਹੈ ਜੋ ਇਨੈਲੋ ਛੱਡ ਭਾਜਪਾ ਵਿੱਚ ਸ਼ਾਮਲ ਹੋਇ ਹਨ।

ਇੱਕ ਮੁੱਖ ਪਾਰਟੀ ਇਨੈਲੋ ਲਈ ਇਹ ਇੱਕ ਬਹੁਤ ਵੱਡਾ ਝਟਕਾ ਹੈ ਜੋ ਆਪਣੇ ਮਰਹੂਮ ਵਿਧਾਇਕ ਹਰੀ ਚੰਦ ਮਿੱਡਾ ਦੇ ਨਾਮ 'ਤੇ ਵੋਟਾਂ ਲੈਮ ਦੀ ਯੋਜਨਾ ਬਣਾ ਰਹੇ ਸਨ।

Image copyright Sat singh/bbc
ਫੋਟੋ ਕੈਪਸ਼ਨ ਇੱਕ ਕੌਮੀ ਪਾਰਟੀ ਵੱਲੋਂ ਆਪਣੇ ਕੌਮੀ ਪੱਧਰ ਦੇ ਲੀਡਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ

ਆਪਣੇ ਉਮੀਦਵਾਰ ਦਾ ਨਾਂ ਐਲਾਨਣ ਵਿੱਚ ਪ੍ਰਮੁੱਖ ਸਿਆਸੀ ਪਾਰਟੀ ਇਨੈਲੋ ਸਭ ਤੋਂ ਪਿੱਛੇ ਸੀ ਜਿਸ ਨੇ ਉਮੇਦ ਰੇੜੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਜ਼ਿਲ੍ਹੇ ਵਿੱਚ ਜਾਟ ਗੋਤਰ 'ਚ ਇਸ ਜਾਟ ਲੀਡਰ ਦਾ ਕਾਫ਼ੀ ਅਸਰ ਹੈ।

ਨਵੀਂ ਪਾਰਟੀ ਜਨਨਾਇਕ ਜਨਤਾ ਪਾਰਟੀ ਦਾ ਇਹ ਸਿਆਸੀ ਟੈਸਟ ਹੈ ਜਿਹੜੀ ਕਿ ਪਿਛਲੇ ਮਹੀਨੇ ਹੀ ਬਣੀ ਹੈ। ਉਸ ਵੱਲੋਂ ਆਪਣਾ ਬਿਹਤਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਚੌਟਾਲਾ ਪਰਿਵਾਰ ਦੇ ਪੁੱਤਰ ਦਿਗਵਿਜੈ ਚੌਟਾਲਾ ਇਸ ਸੀਟ ਤੋਂ ਜ਼ਿਮਨੀ ਚੋਣ ਲੜ ਰਹੇ ਹਨ।

ਦੁਸ਼ਯੰਤ ਚੌਟਾਲਾ ਜਨਨਾਇਕ ਜਨਤਾ ਪਾਰਟੀ ਦੇ ਕੌਮੀ ਚੀਫ਼ ਹਨ। ਦੁਸ਼ਯੰਤ ਚੌਟਾਲਾ ਦਿਗਵਿਜੈ ਦੇ ਵੱਡੇ ਭਰਾ ਵੀ ਹਨ।

ਚੋਣ ਹਾਈ ਪ੍ਰੋਫਾਈਲ ਕਿਉਂ ਹੈ?

ਜੀਂਦ ਵਿੱਚ ਉਪ ਚੋਣਾਂ ਹੋਣ ਤੋਂ ਕੁਝ ਸਮਾਂ ਬਾਅਦ ਹੀ 2019 ਦੀਆਂ ਲੋਕ ਸਭਾ ਚੋਣਾਂ ਹੋਣਗੀਆਂ ਅਤੇ ਇਸੇ ਸਾਲ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਣਗੀਆਂ।

ਸਿਆਸੀ ਪਾਰਟੀਆਂ ਮੰਨਦੀਆਂ ਹਨ ਕਿ ਇਹ ਚੋਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਹੈ ਜਿਹੜਾ ਇਸ ਸਾਲ ਮੁਹਿੰਮ ਚਲਾਉਣ ਲਈ ਉਨ੍ਹਾਂ ਨੂੰ ਉਤਸ਼ਾਹਤ ਕਰੇਗਾ।

ਜੀਂਦ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ,''ਵਿਧਾਨ ਸਭਾ ਵਿੱਚ ਸਾਨੂੰ ਬਹੁਮਤ ਹੈ, ਇੱਕ ਸੀਟ ਸਾਡੀ ਪਾਰਟੀ ਨੂੰ ਬਣਾ ਜਾਂ ਤੋੜ ਨਹੀਂ ਸਕਦੀ ਪਰ ਇਹ ਸੀਟ ਭਾਜਪਾ ਲਈ ਖ਼ਾਸ ਹੈ ਕਿਉਂਕਿ ਇਹ ਦਰਸਾਉਂਦੀ ਹੈ ਕਿ ਜਨਤਾ ਕਿਸ ਨੂੰ ਚਾਹੁੰਦੀ ਹੈ।''

Image copyright Sat singh/bbc
ਫੋਟੋ ਕੈਪਸ਼ਨ ਨਵੀਂ-ਨਵੇਲੀ ਪਾਰਟੀ ਜਨਨਾਇਕ ਜਨਤਾ ਪਾਰਟੀ ਦਾ ਇਹ ਸਿਆਸੀ ਟੈਸਟ ਹੈ ਜਿਹੜੀ ਕਿ ਪਿਛਲੇ ਮਹੀਨੇ ਹੀ ਬਣੀ ਹੈ

ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਜਨਤਾ ਨੂੰ ਸੰਦੇਸ਼ ਦੇਣ ਲਈ ਚੋਣ ਮੈਦਾਨ ਵਿੱਚ ਉਤਾਰਿਆ ਹੈ ਕਾਂਗਰਸ ਮੌਜੂਦਾ ਵੇਲੇ ਹਰਿਆਣਾ ਵਿੱਚ ਮਹੱਤਵਪੂਰਨ ਪਾਰਟੀ ਹੈ ਤੇ ਜੀਂਦ ਉਪ ਚੋਣ ਇਹ ਸਾਬਿਤ ਕਰ ਦੇਵੇਗੀ।

ਹੁੱਡਾ ਨੇ ਕਿਹਾ,''ਸੁਰਜੇਵਾਲਾ ਜੀਂਦ ਲਈ ਸਭ ਤੋਂ ਬਿਹਤਰ ਦਾਅ ਸੀ ਅਤੇ ਬਾਕੀ ਉਮੀਦਵਾਰ ਉਨ੍ਹਾਂ ਦੇ ਕੱਦ ਦੇ ਬਰਾਬਰ ਰਹਿਣ ਵਿੱਚ ਅਸਫਲ ਰਹੇ।''

ਇਹ ਵੀ ਪੜ੍ਹੋ:

ਜਨਨਾਇਕ ਜਨਤਾ ਪਾਰਟੀ ਦੇ ਚੀਫ਼ ਦੁਸ਼ਯੰਤ ਚੌਟਾਲਾ ਲਈ ਪਾਰਟੀ ਬਣਾਉਣ ਤੋਂ ਬਾਅਦ ਇਹ ਪਹਿਲਾ ਸਿਆਸੀ ਟੈਸਟ ਹੈ ਅਤੇ ਉਨ੍ਹਾਂ ਲਈ ਇਹ ਸਾਬਿਤ ਕਰਨਾ ਜ਼ਰੂਰੀ ਹੈ ਕਿ ਉਨ੍ਹਾਂ ਨੇ ਇਨੈਲੋ ਤੋਂ ਵੱਖ ਹੋ ਕੇ ਕੋਈ ਗ਼ਲਤੀ ਨਹੀਂ ਕੀਤੀ।

ਇਨੈਲੋ ਪਿਛਲੇ 15 ਸਾਲਾਂ ਤੋਂ ਹਰਿਆਣਾ ਵਿੱਚ ਸੱਤਾ 'ਚ ਨਹੀਂ ਹੈ। ਇਨੈਲੋ ਸੁਪਰੀਮੋ ਓਪੀ ਚੌਟਾਲਾ ਦੇ ਜੇਲ੍ਹ ਜਾਣ ਨਾਲ ਇਨ੍ਹਾਂ ਨੂੰ ਪਹਿਲਾਂ ਹੀ ਝਟਕਾ ਲੱਗ ਚੁੱਕਿਆ ਹੈ।

ਸੱਤਾ ਵਿੱਚ ਆਉਣ ਲਈ ਬੇਤਾਬ ਇਨੈਲੋ ਇੱਕ ਵਾਰ ਮੁੜ ਉਸ ਸੀਟ 'ਤੇ ਜਿੱਤ ਹਾਸਲ ਕਰਨਾ ਚਾਹੁੰਦੀ ਹੈ ਜਿੱਥੋਂ ਉਹ ਪਹਿਲਾਂ ਹੀ ਦੋ ਵਾਰ ਜਿੱਤ ਚੁੱਕੀ ਹੈ।

ਜਾਟ ਫੈਕਟਰ

ਜੀਂਦ ਵਿੱਚ ਜਾਟ ਵੋਟਰਾਂ ਦਾ ਵੱਡਾ ਹਿੱਸਾ (28%) ਹੈ। ਉਸ ਤੋਂ ਬਾਅਦ ਬਾਣੀਆ ਅਤੇ ਪੰਜਾਬੀ ਵੋਟਾਂ ਹਨ ਜਿਨ੍ਹਾਂ ਨੇ ਪਿਛਲੀਆਂ ਚੋਣਾਂ ਵਿੱਚ ਇਨੈਲੋ ਦੇ ਹੱਕ 'ਚ ਵੋਟਾਂ ਪਾਈਆਂ ਸਨ।

ਹਰੀ ਚੰਦ ਮਿੱਡਾ ਪੰਜਾਬੀ ਲੀਡਰ ਸਨ ਜਿਹੜੇ ਸ਼ਹਿਰੀ ਅਤੇ ਪੇਂਡੂ ਦੋਵੇਂ ਵੋਟ ਹਾਸਲ ਕਰਨ ਵਿੱਚ ਕਾਮਯਾਬ ਰਹੇ ਸਨ।

ਜਾਟ ਵੋਟ ਉਸ ਵੇਲੇ ਉਲਝਣ ਦੀ ਸਥਿਤੀ ਵਿੱਚ ਸਨ ਕਿਉਂਕਿ ਤਿੰਨ ਵੱਡੀਆਂ ਪਾਰਟੀਆਂ (ਕਾਂਗਰਸ, ਭਾਜਪਾ ਅਤੇ ਜੇਜੇਪੀ) ਤਿੰਨਾਂ ਦੇ ਉਮੀਦਵਾਰ ਜਾਟ ਸਨ।

Image copyright Sat singh/bbc
ਫੋਟੋ ਕੈਪਸ਼ਨ ਹਾਲਾਂਕਿ, ਕੇਜਰੀਵਾਲ ਨੇ ਜਾਤ ਦੇ ਨਾਮ 'ਤੇ ਵੋਟ ਮੰਗਣ ਵਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ

ਭਾਜਪਾ ਨੇ ਗ਼ੈਰ-ਜਾਟ ਉਮੀਦਵਾਰ ਕ੍ਰਿਸ਼ਨ ਮਿੱਡਾ ਜੋ ਕਿ ਪੰਜਾਬੀ ਹਨ ਉਨ੍ਹਾਂ ਨੂੰ ਟਿਕਟ ਦਿੱਤਾ ਹੈ ਜਿਨ੍ਹਾਂ ਨੂੰ ਸੂਬੇ ਵਿੱਚ ਚੱਲ ਰਹੇ ਜਾਟ ਬਨਾਮ ਗ਼ੈਰ - ਜਾਟ ਫੈਕਟਰ ਦਾ ਲਾਭ ਮਿਲ ਸਕਦਾ ਹੈ।

ਹਾਲਾਂਕਿ ਭਾਜਪਾ ਦੇ ਬ਼ਾਗੀ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦੀ ਲੋਕਤੰਤਰ ਸੁਰਕਸ਼ਾ ਪਾਰਟੀ ਵੀ ਚੋਣ ਲੜ ਰਹੀ ਹੈ ਜੋ ਭਾਜਪਾ ਦੇ ਹੱਕ ਵਿੱਚ ਗ਼ੈਰ - ਜਾਟ ਵੋਟਰਾਂ ਨੂੰ ਖਰਾਬ ਕਰ ਸਕਦਾ ਹੈ। ਰਾਜ ਕੁਮਾਰ ਸੈਣੀ ਨੇ ਵਿਨੋਦ ਅਸਰੀ ਨੂੰ ਟਿਕਟ ਦਿੱਤੀ ਹੈ।

ਜ਼ਮੀਨੀ ਹਾਲਾਤ

ਕਾਂਗਰਸ ਉਮੀਦਵਾਰ ਰਣਦੀਪ ਸਿੰਘ ਸੁਰਜੇਵਾਲਾ (ਕੈਥਲ ਤੋਂ ਮੌਜੂਦਾ ਵਿਧਾਇਕ) ਵੋਟਰਾਂ ਨੂੰ ਲੁਭਾਉਣ ਲਈ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਕਿ ਜੇ ਲੋਕਾਂ ਵੱਲੋਂ ਉਨ੍ਹਾਂ ਨੂੰ ਚੁਣਿਆ ਜਾਂਦਾ ਹੈ ਤਾਂ ਉਹ ਲੋਕਾਂ ਦਾ ਭਰੋਸਾ ਨਹੀਂ ਤੋੜਨਗੇ।

ਚੋਣ ਪ੍ਰਚਾਰ ਲਈ ਕੈਥਲ ਤੋਂ ਉਨ੍ਹਾਂ ਦੇ ਸਮਰਥਕ ਜੀਂਦ ਪਹੁੰਚੇ ਸਨ ਕਿਉਂਕਿ ਉਹ ਪਹਿਲੀ ਵਾਰ ਜੀਂਦ ਤੋਂ ਲੜ ਰਹੇ ਸਨ।

Image copyright Sat singh/bbc

ਕੁਝ ਹੱਦ ਤੱਕ ਭਾਜਪਾ ਨੇ ਗ਼ੈਰ-ਜਾਟ ਵੋਟਰਾਂ ਵਿਚਾਲੇ ਪੰਜਾਬੀ ਚਿਹਰੇ ਨਾਲ ਆਪਣੀ ਮੁਹਿੰਮ ਚਲਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ ਪਰ ਭਾਜਪਾ ਬਾਣੀਆ ਭਾਈਚਾਰੇ ਵਿੱਚ ਮੁਸ਼ਕਿਲ ਦਾ ਸਾਹਮਣਾ ਕਰ ਰਿਹਾ ਹੈ।

ਇਹ ਵੀ ਪੜ੍ਹੋ:

ਭਾਜਪਾ ਆਪਣੇ ਸੋਸ਼ਲ ਇੰਜਨੀਅਰਿੰਗ ਫਾਰਮੂਲਾ 'ਤੇ ਭਰੋਸਾ ਜਤਾ ਰਿਹਾ ਹੈ ਕਿ ਉਹ ਉਸ ਨੂੰ ਵਰਤ ਕੇ ਆਖਰੀ ਮੌਕੇ 'ਤੇ ਗੈਰ-ਜਾਟ ਵੋਟਰਾਂ ਨੂੰ ਆਪਣੇ ਵਾਲੇ ਪਾਸੇ ਕਰ ਲੈਣਗੇ।

ਆਮ ਆਦਮੀ ਪਾਰਟੀ ਦਾ ਸਮਰਥਨ ਹਾਸਲ ਕਰਕੇ ਜੇਜੀਪੀ ਉਮੀਦਵਾਰ ਦਿਗਵਿਜੈ ਚੌਟਾਲਾ ਨੇ ਆਪਣੇ ਵਿਰੋਧੀਆਂ ਨੂੰ ਝਟਕਾ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਉਨ੍ਹਾਂ ਦੇ ਸਮਰਥਨ ਵਿੱਚ ਰੈਲੀ ਵੀ ਕੀਤੀ ਸੀ।

ਹਾਲਾਂਕਿ, ਕੇਜਰੀਵਾਲ ਨੇ ਜਾਤ ਦੇ ਨਾਮ 'ਤੇ ਵੋਟ ਮੰਗਣ ਵਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਪਰ ਉਨ੍ਹਾਂ ਦੀ ਮੌਜੂਦਗੀ ਬਾਣੀਆ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਲਈ ਸੀ। ਸ਼ਹਿਰੀ ਖੇਤਰ ਵਿੱਚ ਬਾਣੀਆ ਭਾਈਚਾਰੇ ਦੀ ਖਾਸੀ ਗਿਣਤੀ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)